ਸ਼੍ਰੀ ਦਸਮ ਗ੍ਰੰਥ

ਅੰਗ - 1310


ਨਿਤਪ੍ਰਤਿ ਅਪਨੋ ਮੂੰਡ ਮੁੰਡਾਵੈ ॥੧੨॥

ਅਤੇ ਨਿੱਤ ਛਲਿਆ ਜਾਂਦਾ ॥੧੨॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਸਤਾਵਨ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੫੭॥੬੫੫੩॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੫੭ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੫੭॥੬੫੫੩॥ ਚਲਦਾ॥

ਚੌਪਈ ॥

ਚੌਪਈ:

ਸੁਨੁ ਭੂਪਤਿ ਇਕ ਕਥਾ ਨਵੀਨੀ ॥

ਹੇ ਰਾਜਨ! ਇਕ ਨਵੀਂ ਕਥਾ ਸੁਣੋ।

ਕਿਨਹੂੰ ਲਖੀ ਨ ਆਗੇ ਚੀਨੀ ॥

ਜਿਸ ਨੂੰ ਕਿਸੇ ਨੇ ਨਾ (ਪਹਿਲਾਂ) ਵੇਖਿਆ ਹੈ? ਅਤੇ ਨਾ ਅਗੇ ਜਾਣਿਆ ਹੈ।

ਸੁੰਦ੍ਰਾਵਤੀ ਨਗਰ ਇਕ ਸੋਹੈ ॥

ਇਕ ਸੁੰਦ੍ਰਵਾਤੀ ਨਾਂ ਦਾ ਨਗਰ ਸੀ।

ਸੁੰਦਰ ਸਿੰਘ ਰਾਜਾ ਤਹ ਕੋ ਹੈ ॥੧॥

ਉਥੋਂ ਦਾ ਰਾਜਾ ਸੁੰਦਰ ਸਿੰਘ ਸੀ ॥੧॥

ਸੁੰਦਰ ਦੇ ਰਾਜਾ ਕੀ ਨਾਰੀ ॥

ਸੁੰਦਰ ਦੇ (ਦੇਈ) ਰਾਜੇ ਦੀ ਇਸਤਰੀ ਸੀ।

ਆਪੁ ਜਨਕੁ ਜਗਦੀਸ ਸਵਾਰੀ ॥

ਮਾਨੋ ਉਸ ਨੂੰ ਆਪ ਜਗਦੀਸ਼ ਨੇ ਬਣਾਇਆ ਹੋਵੇ।

ਤਾ ਕੀ ਜਾਤ ਨ ਪ੍ਰਭਾ ਬਖਾਨੀ ॥

ਉਸ ਦੀ ਪ੍ਰਭਾ ਦਾ ਵਰਣਨ ਨਹੀਂ ਕੀਤਾ ਜਾ ਸਕਦਾ।

ਐਸੀ ਹੁਤੀ ਰਾਇ ਕੀ ਰਾਨੀ ॥੨॥

ਅਜਿਹੀ ਹੁੰਦੀ ਸੀ ਰਾਜੇ ਦੀ ਰਾਣੀ ॥੨॥

ਤਹਿਕ ਸਾਹ ਕੋ ਪੂਤ ਅਪਾਰਾ ॥

ਉਥੇ ਇਹ ਸ਼ਾਹ ਦਾ ਅਪਾਰ (ਸੁੰਦਰਤਾ ਵਾਲਾ) ਪੁੱਤਰ ਸੀ,

ਕਨਕ ਅਵਟਿ ਸਾਚੇ ਜਨੁ ਢਾਰਾ ॥

ਮਾਨੋ ਸੋਨੇ ਨੂੰ ਪੰਘਾਰ ਕੇ ਸੰਚੇ ਵਿਚ ਢਾਲਿਆ ਗਿਆ ਹੋਵੇ।

ਨਿਰਖਿ ਨਾਕ ਜਿਹ ਸੂਆ ਰਿਸਾਨੋ ॥

ਉਸ ਦੇ ਨੱਕ ਨੂੰ ਵੇਖ ਕੇ ਤੋਤਾ ਗੁੱਸਾ ਕਰਦਾ ਸੀ।

ਕੰਜ ਜਾਨਿ ਦ੍ਰਿਗ ਭਵਰ ਭੁਲਾਨੋ ॥੩॥

ਨੇਤਰਾਂ ਨੂੰ ਕਮਲ (ਦੇ ਫੁਲ) ਸਮਝ ਕੇ ਭੌਰੇ ਭੁਲ ਜਾਂਦੇ ਸਨ ॥੩॥

ਕਟਿ ਕੇਹਰਿ ਲਖਿ ਅਧਿਕ ਰਿਸਾਵਤ ॥

ਕਮਰ ਨੂੰ ਵੇਖ ਕੇ ਸ਼ੇਰ ਕ੍ਰੋਧਿਤ ਹੁੰਦਾ ਸੀ

ਤਾ ਤੇ ਫਿਰਤ ਮ੍ਰਿਗਨ ਕਹ ਘਾਵਤ ॥

ਅਤੇ ਇਸੇ ਕਰ ਕੇ ਜੰਗਲੀ ਪਸ਼ੂਆਂ ('ਮ੍ਰਿਗਨ') ਨੂੰ ਮਾਰਦਾ ਫਿਰਦਾ ਸੀ।

ਸੁਨਿ ਬਾਨੀ ਕੋਕਿਲ ਕੁਕਰਈ ॥

ਬੋਲ ਸੁਣ ਕੇ ਕੋਇਲ ਕੁੜਦੀ ਸੀ

ਕ੍ਰੋਧ ਜਰਤ ਕਾਰੀ ਹ੍ਵੈ ਗਈ ॥੪॥

ਅਤੇ ਕ੍ਰੋਧ ਨਾਲ ਸੜ ਕੇ ਕਾਲੀ ਹੋ ਗਈ ਸੀ ॥੪॥

ਨੈਨ ਨਿਰਖਿ ਕਰਿ ਜਲਜ ਲਜਾਨਾ ॥

(ਉਸ ਦੇ) ਨੈਣਾਂ ਨੂੰ ਵੇਖ ਕੇ ਕਮਲ ਲਜਾਉਂਦੇ ਸਨ,

ਤਾ ਤੇ ਜਲ ਮਹਿ ਕਿਯਾ ਪਯਾਨਾ ॥

ਇਸੇ ਕਰ ਕੇ (ਉਨ੍ਹਾਂ ਨੇ) ਜਲ ਵਿਚ ਪ੍ਰਵੇਸ਼ ਕਰ ਲਿਆ ਸੀ।

ਅਲਕ ਹੇਰਿ ਨਾਗਿਨਿ ਰਿਸਿ ਭਰੀ ॥

(ਉਸ ਦੀਆਂ) ਜ਼ੁਲਫ਼ਾਂ ਨੂੰ ਵੇਖ ਕੇ ਨਾਗਣਾਂ ਰੋਹ ਨਾਲ ਭਰ ਕੇ

ਚਿਤ ਮਹਿ ਲਜਤ ਪਤਾਰਹਿ ਬਰੀ ॥੫॥

ਅਤੇ ਚਿਤ ਵਿਚ ਸ਼ਰਮਿੰਦੀਆਂ ਹੋ ਕੇ ਪਾਤਾਲ ਲੋਕ ਵਿਚ ਜਾ ਵੜੀਆਂ ਹਨ ॥੫॥

ਸੋ ਆਯੋ ਰਾਜਾ ਕੇ ਪਾਸਾ ॥

ਉਹ (ਸ਼ਾਹ-ਪੁੱਤਰ ਵਪਾਰ ਲਈ) ਰਾਜੇ ਕੋਲ ਆਇਆ।

ਸੌਦਾ ਕੀ ਜਿਯ ਮੈ ਧਰਿ ਆਸਾ ॥

(ਉਸ ਨੇ) ਮਨ ਵਿਚ ਸੌਦਾ ਕਰਨ ਦੀ ਆਸ ਰਖੀ ਹੋਈ ਸੀ।

ਸੁੰਦਰਿ ਦੇ ਨਿਰਖਤ ਤਿਹ ਭਈ ॥

ਸੁੰਦਰ ਦੇਈ ਨੇ ਉਸ ਨੂੰ ਵੇਖਿਆ

ਸੁਧਿ ਬੁਧਿ ਤਜਿ ਬੌਰੀ ਹ੍ਵੈ ਗਈ ॥੬॥

ਤਾਂ ਸੁੱਧ ਬੁੱਧ ਨੂੰ ਛਡ ਕੇ ਦੀਵਾਨੀ ਹੋ ਗਈ ॥੬॥

ਪਠੈ ਸਹਚਰੀ ਤਾਹਿ ਬੁਲਾਵਾ ॥

ਸਹੇਲੀ ਨੂੰ ਭੇਜ ਕੇ ਉਸ ਨੂੰ ਬੁਲਾਇਆ

ਕਾਮ ਭੋਗ ਕਿਯ ਜਸ ਮਨ ਭਾਵਾ ॥

ਅਤੇ ਉਸ ਨਾਲ ਮਨ ਭਾਉਂਦੇ ਢੰਗ ਨਾਲ ਸੰਯੋਗ ਕੀਤਾ।

ਤਹ ਇਕ ਹੁਤੀ ਨ੍ਰਿਪਤਿ ਕੀ ਚੇਰੀ ॥

ਉਥੇ ਇਕ ਰਾਜੇ ਦੀ ਦਾਸੀ ਸੀ।

ਹੇਰਿ ਗਈ ਜਸ ਹੇਰਿ ਅਹੇਰੀ ॥੭॥

ਉਹ (ਇਹ ਸਭ ਕੁਝ) ਇਸ ਤਰ੍ਹਾਂ ਵੇਖ ਗਈ ਜਿਵੇਂ ਸ਼ਿਕਾਰੀ (ਸ਼ਿਕਾਰ ਨੂੰ) ਵੇਖਦਾ ਹੈ ॥੭॥

ਪਾਵ ਦਾਬਿ ਨ੍ਰਿਪ ਜਾਇ ਜਗਾਯੋ ॥

(ਉਸ ਨੇ) ਪੈਰ ਦਬਾ ਕੇ ਰਾਜੇ ਨੂੰ ਜਗਾ ਦਿੱਤਾ

ਧਾਮ ਤੋਰ ਤਸਕਰਿ ਇਕ ਆਯੋ ॥

(ਅਤੇ ਕਿਹਾ ਕਿ) ਤੁਹਾਡੇ ਘਰ ਇਕ ਚੋਰ ਆਇਆ ਹੈ।

ਰਾਨੀ ਕੇ ਸੰਗ ਕਰਤ ਬਿਲਾਸਾ ॥

(ਉਹ) ਰਾਣੀ ਨਾਲ ਵਿਲਾਸ ਕਰ ਰਿਹਾ ਹੈ।

ਚਲਿ ਦੇਖਹੁ ਤਿਹ ਭੂਪ ਤਮਾਸਾ ॥੮॥

ਹੇ ਰਾਜਨ! ਚਲ ਕੇ (ਆਪਣੀਆਂ ਅੱਖਾਂ ਨਾਲ ਸਾਰਾ) ਤਮਾਸ਼ਾ ਵੇਖ ਲਵੋ ॥੮॥

ਸੁਨਤ ਬਚਨ ਨ੍ਰਿਪ ਅਧਿਕ ਰਿਸਾਯੋ ॥

ਰਾਜਾ ਬਚਨ ਸੁਣ ਕੇ ਬਹੁਤ ਗੁੱਸੇ ਵਿਚ ਆਇਆ

ਖੜਗ ਹਾਥ ਲੈ ਤਹਾ ਸਿਧਾਯੋ ॥

ਅਤੇ ਤਲਵਾਰ ਹੱਥ ਵਿਚ ਪਕੜ ਕੇ ਉਥੇ ਪਹੁੰਚਿਆ।

ਜਬ ਅਬਲਾ ਪਤਿ ਕੀ ਸੁਧਿ ਪਾਈ ॥

ਜਦ ਰਾਣੀ ਨੂੰ ਪਤੀ ਦੇ ਆਣ ਦਾ ਪਤਾ ਲਗਾ

ਅਧਿਕ ਧੂੰਮ ਤਹ ਦਿਯਾ ਜਗਾਈ ॥੯॥

(ਤਦ) ਉਸ ਨੇ ਬਹੁਤ ਅਧਿਕ ਧੂੰਆਂ ਧੁਖਾ ਦਿੱਤਾ ॥੯॥

ਸਭ ਕੇ ਨੈਨ ਧੂਮ੍ਰ ਸੌ ਭਰੇ ॥

ਸਾਰਿਆਂ ਦੀਆਂ ਅੱਖਾਂ ਧੂੰਏਂ ਨਾਲ ਭਰ ਗਈਆਂ

ਅਸੁਆ ਟੂਟਿ ਬਦਨ ਪਰ ਪਰੇ ॥

ਅਤੇ ਹੰਝੂ ਨਿਕਲ ਕੇ ਮੂੰਹ ਉਤੇ ਪੈਣ ਲਗੇ।

ਜਬ ਰਾਨੀ ਇਹ ਘਾਤ ਪਛਾਨੀ ॥

ਜਦ ਰਾਣੀ ਨੇ ਇਹ ਮੌਕਾ ਵੇਖਿਆ,

ਮਿਤ੍ਰ ਲੰਘਾਇ ਹਿਯੇ ਹਰਖਾਨੀ ॥੧੦॥

(ਤਦ) ਮਿਤਰ ਨੂੰ (ਉਥੋਂ) ਲੰਘਾ ਕੇ (ਭਾਵ ਕਢ ਕੇ) ਮਨ ਵਿਚ ਪ੍ਰਸੰਨ ਹੋ ਗਈ ॥੧੦॥

ਆਗੇ ਸੌ ਕਰਿ ਕਾਢਾ ਜਾਰਾ ॥

ਉਸ ਨੇ (ਸਭ ਦੇ) ਅਗੋਂ (ਸਾਹਮਣਿਓਂ) ਯਾਰ ਨੂੰ ਕਢ ਦਿੱਤਾ

ਧੂਮ੍ਰ ਭਰੇ ਦ੍ਰਿਗ ਨ੍ਰਿਪਨ ਨਿਹਾਰਾ ॥

ਅਤੇ ਧੂੰਏਂ ਨਾਲ ਭਰੀਆਂ ਹੋਈਆਂ ਅੱਖਾਂ ਨਾਲ ਰਾਜੇ ਨੇ ਵੇਖਿਆ।

ਪੌਛ ਨੇਤ੍ਰ ਜਬ ਹੀ ਗਯੋ ਤਹਾ ॥

ਰਾਜਾ ਜਦ ਅੱਖਾਂ ਪੂੰਝ ਕੇ ਉਥੇ ਗਿਆ,

ਕੋਊ ਨ ਪੁਰਖ ਨਿਹਾਰਾ ਉਹਾ ॥੧੧॥

ਤਾਂ ਉਥੇ ਕੋਈ ਵੀ ਪੁਰਸ਼ ਨਾ ਵੇਖਿਆ ॥੧੧॥

ਉਲਟਿ ਤਿਸੀ ਚੇਰੀ ਕਹ ਘਾਯੋ ॥

(ਰਾਜੇ ਨੇ ਗੁੱਸੇ ਵਿਚ ਆ ਕੇ) ਉਲਟਾ ਉਸ ਦਾਸੀ ਨੂੰ ਹੀ ਮਾਰ ਦਿੱਤਾ

ਇਹ ਰਾਨੀ ਕਹ ਦੋਸ ਲਗਾਯੋ ॥

(ਅਤੇ ਕਿਹਾ) ਇਸ ਨੇ ਰਾਣੀ ਉਤੇ ਝੂਠਾ ਦੋਸ਼ ਲਗਾਇਆ ਹੈ।

ਮੂਰਖ ਭੂਪ ਨ ਭੇਦ ਬਿਚਾਰਾ ॥

ਮੂਰਖ ਰਾਜੇ ਨੇ ਭੇਦ ਨਾ ਸਮਝਿਆ