ਸ਼੍ਰੀ ਦਸਮ ਗ੍ਰੰਥ

ਅੰਗ - 992


ਤਨਿ ਤਨਿ ਵਹੈ ਬੈਰਿਯਨ ਮਾਰੇ ॥

ਅਤੇ ਫਿਰ ਉਹੀ ਖਿਚ ਖਿਚ ਕੇ ਵੈਰੀਆਂ ਨੂੰ ਮਾਰੇ।

ਜਾ ਕੇ ਅੰਗ ਘਾਇ ਦ੍ਰਿੜ ਲਾਗੇ ॥

ਜਿਸ ਨੂੰ ਉਹ ਚੰਗੀ ਤਰ੍ਹਾਂ ਲਗੇ,

ਗਿਰਿ ਪਰੇ ਬਹੁਰਿ ਨਹਿ ਜਾਗੇ ॥੨੮॥

ਉਹ ਡਿਗ ਪਏ ਅਤੇ ਮੁੜ ਕੇ ਸਚੇਤ ਨਾ ਹੋਏ ॥੨੮॥

ਭਾਤਿ ਭਾਤਿ ਸਭ ਸੁਭਟ ਸੰਘਾਰੇ ॥

ਵਖ ਵਖ ਢੰਗਾਂ ਨਾਲ ਵੈਰੀਆਂ ਨੂੰ ਮਾਰ ਦਿੱਤਾ।

ਜਿਯਤ ਬਚੇ ਰਨ ਤ੍ਯਾਗ ਪਧਾਰੇ ॥

ਜੋ ਜੀਉਂਦੇ ਬਚ ਗਏ, ਉਹ ਰਣਭੂਮੀ ਛਡ ਕੇ ਚਲੇ ਗਏ।

ਇੰਦ੍ਰ ਦਤ ਕੋ ਪ੍ਰਿਥਮ ਸੰਘਾਰਿਯੋ ॥

ਪਹਿਲਾਂ ਉਸ ਨੇ ਇੰਦ੍ਰ ਦੱਤ ਨੂੰ ਮਾਰਿਆ

ਉਗ੍ਰ ਦਤ ਕੋ ਬਹੁਰਿ ਨਿਹਾਰਿਯੋ ॥੨੯॥

ਅਤੇ ਫਿਰ ਉਗ੍ਰ ਦੱਤ ਵਲ ਵੇਖਿਆ ॥੨੯॥

ਦੋਹਰਾ ॥

ਦੋਹਰਾ:

ਉਗ੍ਰ ਦਤ ਕੋ ਜੀਤਿ ਰਨ ਜਿਯਤ ਬਿਲੋਕਿਯੋ ਜਾਇ ॥

(ਰਾਣੀ ਨੇ) ਜੰਗ ਜਿਤ ਕੇ ਫਿਰ ਉਗ੍ਰ ਦੱਤ ਨੂੰ ਜਾ ਕੇ ਜੀਉਂਦਿਆਂ ਵੇਖਿਆ।

ਅਤਿ ਰਾਨੀ ਹਰਖਤਿ ਭਈ ਰਾਜਾ ਲਿਯੋ ਉਠਾਇ ॥੩੦॥

ਰਾਣੀ ਬਹੁਤ ਖ਼ੁਸ਼ ਹੋਈ ਅਤੇ ਰਾਜੇ ਨੂੰ ਚੁਕ ਲਿਆ ॥੩੦॥

ਅੜਿਲ ॥

ਅੜਿਲ:

ਰਾਨੀ ਲਯੋ ਉਠਾਇ ਨ੍ਰਿਪਤਿ ਸੁਖ ਪਾਇ ਕੈ ॥

ਰਾਣੀ ਨੇ ਆਨੰਦਿਤ ਹੋ ਕੇ ਰਾਜੇ ਨੂੰ ਚੁਕ ਲਿਆ।

ਅਮਿਤ ਦਏ ਤਿਨ ਦਾਨ ਸਦਨ ਮੈ ਆਇ ਕੈ ॥

ਉਸ ਨੇ ਮਹੱਲ ਵਿਚ ਆ ਕੇ ਬੇਹਿਸਾਬਾ ਦਾਨ ਦਿੱਤਾ।

ਘਨੇ ਘਰਨ ਕੌ ਘਾਇ ਸਤ੍ਰੁ ਪਤਿ ਘਾਇਯੋ ॥

(ਵੈਰੀ ਦੇ) ਬਹੁਤਿਆਂ ਘਰਾਂ ਨੂੰ ਨਸ਼ਟ ਕਰ ਕੇ, (ਫਿਰ) ਵੈਰੀਆਂ ਦੇ ਨਾਇਕ ('ਸ਼ਤ੍ਰੁ-ਪਤਿ') ਨੂੰ ਮਾਰਿਆ।

ਹੋ ਰਾਜ ਕਿਯੋ ਪੁਨਿ ਆਨਿ ਹਰਖ ਉਪਜਾਇਯੋ ॥੩੧॥

ਫਿਰ ਖੁਸ਼ੀ ਖੁਸ਼ੀ ਆ ਕੇ ਰਾਜ ਕੀਤਾ ॥੩੧॥

ਰਾਜਾ ਬਾਚ ॥

ਰਾਜੇ ਨੇ ਕਿਹਾ:

ਦੋਹਰਾ ॥

ਦੋਹਰਾ:

ਧੰਨਿ ਰਾਨੀ ਤੈ ਜੀਤਿ ਰਨ ਹਮ ਕੋ ਲਯੋ ਉਬਾਰਿ ॥

ਹੇ ਰਾਨੀ! ਤੂੰ ਧੰਨ ਹੈ ਜਿਸ ਨੇ ਰਣ ਨੂੰ ਜਿਤ ਕੇ ਮੈਨੂੰ ਬਚਾ ਲਿਆ ਹੈ।

ਆਜ ਲਗੇ ਚੌਦਹ ਭਵਨ ਹੋਇ ਨ ਤੋ ਸੀ ਨਾਰਿ ॥੩੨॥

ਅਜ ਤਕ ਚੌਦਾਂ ਲੋਕਾਂ ਵਿਚ ਤੇਰੇ ਵਰਗੀ ਕੋਈ ਇਸਤਰੀ ਨਹੀਂ ਹੋਈ ਹੈ ॥੩੨॥

ਧੰਨ ਰਾਨੀ ਤੈ ਮਾਰਿ ਅਰਿ ਮਾਰਿ ਸਤ੍ਰੁ ਪਤਿ ਲੀਨ ॥

ਹੇ ਰਾਣੀ! ਤੂੰ ਧੰਨ ਹੈਂ, ਤੂੰ ਵੈਰੀ ਨੂੰ ਮਾਰ ਕੇ (ਫਿਰ) ਵੈਰੀ-ਨਾਇਕ ਨੂੰ ਵੀ ਮਾਰ ਦਿੱਤਾ।

ਰਨ ਤੇ ਲਯੋ ਉਚਾਇ ਮੁਹਿ ਨਯੋ ਜਨਮ ਜਨੁ ਦੀਨ ॥੩੩॥

ਤੂੰ ਮੈਨੂੰ ਰਣ ਵਿਚੋਂ ਚੁਕ ਕੇ ਮਾਨੋ ਨਵਾਂ ਜਨਮ ਦਿੱਤਾ ਹੋਵੇ ॥੩੩॥

ਚੌਪਈ ॥

ਚੌਪਈ:

ਸੁਨੁ ਰਾਨੀ ਤੈ ਮੋਹਿ ਜਿਯਾਰੋ ॥

ਹੇ ਰਾਣੀ! ਸੁਣ, ਤੂੰ ਮੈਨੂੰ ਜੀਵਨ-ਦਾਨ ਦਿੱਤਾ ਹੈ।

ਅਬ ਚੇਰੋ ਮੈ ਭਯੋ ਤਿਹਾਰੋ ॥

ਹੁਣ ਮੈਂ ਤੇਰਾ ਦਾਸ ਹੋ ਗਿਆ ਹਾਂ।

ਅਬ ਯੌ ਬਸੀ ਮੋਰ ਮਨ ਮਾਹੀ ॥

ਹੁਣ ਮੇਰੇ ਮਨ ਵਿਚ ਇਹ ਗੱਲ ਸਮਾ ਗਈ ਹੈ

ਤੋ ਸਮ ਔਰ ਤ੍ਰਿਯਾ ਕਹੂੰ ਨਾਹੀ ॥੩੪॥

ਕਿ ਤੇਰੇ ਵਰਗੀ ਹੋਰ ਕੋਈ ਇਸਤਰੀ ਨਹੀਂ ਹੈ ॥੩੪॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਅਠਾਈਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੨੮॥੨੫੨੩॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰਿਯਾ ਚਰਿਤ੍ਰ ਦੇ ਮੰਤ੍ਰੀ ਭੂਪ ਦੇ ਸੰਵਾਦ ਦੇ ੧੨੮ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੨੮॥੨੫੨੩॥ ਚਲਦਾ॥

ਦੋਹਰਾ ॥

ਦੋਹਰਾ:

ਰਾਵੀ ਨਦਿ ਊਪਰ ਬਸੈ ਨਾਰਿ ਸਾਹਿਬਾ ਨਾਮ ॥

ਰਾਵੀ ਨਦੀ ਦੇ ਕੰਢੇ ਸਾਹਿਬਾਂ ਨਾਂ ਦੀ ਇਕ ਇਸਤਰੀ ਵਸਦੀ ਸੀ,

ਮਿਰਜਾ ਕੇ ਸੰਗ ਦੋਸਤੀ ਕਰਤ ਆਠਹੂੰ ਜਾਮ ॥੧॥

ਜੋ ਮਿਰਜ਼ੇ ਨਾਲ ਅੱਠੇ ਪਹਿਰ ਪਿਆਰ ਪਾਲਦੀ ਸੀ ॥੧॥

ਚੌਪਈ ॥

ਚੌਪਈ:

ਤਾ ਕੋ ਦੂਲਹ ਬ੍ਯਾਹਨ ਆਯੋ ॥

ਉਸ (ਸਾਹਿਬਾਂ) ਦਾ ਦੂਲ੍ਹਾ ਉਸ ਨੂੰ ਵਿਆਹੁਣ ਲਈ ਆਇਆ।

ਯਹ ਮਿਰਜਾ ਚਿਤ ਚਿੰਤ ਬਢਾਯੋ ॥

ਇਸ ਨਾਲ ਮਿਰਜ਼ੇ ਦੇ ਚਿਤ ਵਿਚ ਚਿੰਤਾ ਵਧਣ ਲਗੀ।

ਯਾ ਕੋ ਜਤਨ ਕੌਨ ਸੋ ਕੀਜੈ ॥

ਇਸ ਲਈ ਕਿਹੜਾ ਯਤਨ ਕੀਤਾ ਜਾਏ

ਯਾ ਤੇ ਯਹ ਅਬਲਾ ਹਰਿ ਲੀਜੈ ॥੨॥

ਜਿਸ ਕਰ ਕੇ ਇਸ ਇਸਤਰੀ ਨੂੰ ਕਢ ਕੇ ਲੈ ਜਾਇਆ ਜਾਏ ॥੨॥

ਤ੍ਰਿਯ ਹੂੰ ਕੇ ਜਿਯ ਮੈ ਯੋ ਆਈ ॥

ਇਸਤਰੀ ਦੇ ਮਨ ਵਿਚ ਵੀ ਇਹ (ਗੱਲ) ਆਈ

ਪ੍ਯਾਰੋ ਮਿਤ੍ਰ ਨ ਛੋਰਿਯੋ ਜਾਈ ॥

ਕਿ ਪਿਆਰੇ ਮਿਤਰ ਨੂੰ ਛਡਿਆ ਨਹੀਂ ਜਾ ਸਕਦਾ।

ਯਾ ਕੌ ਬ੍ਯਾਹਿ ਕਹਾ ਮੈ ਕਰਿਹੌ ॥

ਇਸ (ਮੰਗੇਤਰ) ਨਾਲ ਵਿਆਹ ਕਰ ਕੇ ਮੈਂ ਕੀ ਕਰਾਂਗੀ,

ਯਾਹੀ ਸੋ ਜੀਹੌ ਕੈ ਮਰਿਹੌ ॥੩॥

(ਮੈਂ ਤਾਂ) ਮਿਰਜ਼ੇ ਨਾਲ ਹੀ ਜੀਆਂਗੀ ਅਤੇ ਮਰਾਂਗੀ ॥੩॥

ਮੀਤ ਭੋਗ ਤੁਮਰੇ ਮੈ ਰਸੀ ॥

(ਸਾਹਿਬਾਂ ਮਿਰਜ਼ੇ ਨੂੰ ਚਿੱਠੀ ਲਿਖਦੀ ਹੈ) ਹੇ ਮਿਤਰ! (ਮੈਂ) ਤੇਰੇ ਸੰਯੋਗ ਵਿਚ ਰਚ ਮਿਚ ਚੁਕੀ ਹਾਂ।

ਪਤਿ ਤ੍ਰਿਯ ਭਾਵ ਜਾਨਿ ਗ੍ਰਿਹ ਬਸੀ ॥

(ਮੈਂ) ਪਤੀ ਪਤਨੀ ਭਾਵ ਨਾਲ ਹੀ ਘਰ ਵਿਚ ਵਸੀ ਹੋਈ ਹਾਂ।

ਮੇਰੋ ਚਿਤ ਚੋਰਿ ਤੈ ਲੀਨੋ ॥

ਤੂੰ ਮੇਰਾ ਚਿਤ ਚੁਰਾ ਲਿਆ ਹੈ।

ਤਾ ਤੇ ਜਾਤ ਬ੍ਯਾਹ ਨਹਿ ਕੀਨੋ ॥੪॥

ਇਸ ਲਈ (ਮੈਂ ਕਿਸੇ ਹੋਰ ਨਾਲ) ਵਿਆਹ ਨਹੀਂ ਕਰ ਸਕਦੀ ॥੪॥

ਦੋਹਰਾ ॥

ਦੋਹਰਾ:

ਸਾਚ ਕਹਤ ਜਿਯ ਕੀ ਤੁਮੈ ਸੁਨਿਹੌ ਮੀਤ ਬਨਾਇ ॥

ਹੇ ਮੇਰੇ ਮਿਤਰ! (ਮੈਂ) ਤੈਨੂੰ ਆਪਣੇ ਮਨ ਦੀ ਸੱਚੀ ਗੱਲ ਕਹਿੰਦੀ ਹਾਂ, ਚੰਗੀ ਤਰ੍ਹਾਂ ਸੁਣ ਲਵੋ।

ਮੁਖ ਮਾਗੇ ਬਰੁ ਦੇਤ ਨਹਿ ਘੋਲ ਘੁਮਾਈ ਮਾਇ ॥੫॥

ਮੈਂ ਆਪਣੀ ਮਾਂ ਤੋਂ ਵਾਰਨੇ ਜਾਂਦੀ ਹਾਂ, ਪਰ ਉਹ ਮੈਨੂੰ ਮਨ ਚਾਹਿਆ ਵਰ ਨਹੀਂ ਦਿੰਦੀ ॥੫॥

ਚੌਪਈ ॥

ਚੌਪਈ:

ਅਬ ਮੁਹਿ ਮੀਤ ਕਹੋ ਕਾ ਕਰੌਂ ॥

ਹੇ ਮਿਤਰ! ਹੁਣ ਮੈਨੂੰ ਦਸੋ, ਕੀ ਕਰਾਂ।


Flag Counter