ਸ਼੍ਰੀ ਦਸਮ ਗ੍ਰੰਥ

ਅੰਗ - 380


ਭਾਗਿ ਗਏ ਸੁ ਬਚੇ ਤਿਨ ਤੇ ਜੋਊ ਫੇਰਿ ਲਰੇ ਸੋਊ ਫੇਰਿ ਹੀ ਮਾਰੇ ॥

ਜੋ ਭਜ ਗਏ, ਉਹੀ ਉਨ੍ਹਾਂ ਕੋਲੋਂ ਬਚੇ ਅਤੇ ਜੋ ਫਿਰ ਲੜੇ ਹਨ, ਉਹ ਵੀ ਮਾਰੇ ਗਏ ਹਨ।

ਜੂਝਿ ਪਰੀ ਚਤੁਰੰਗ ਚਮੂੰ ਤਹ ਸ੍ਰਉਨਤ ਕੈ ਸੁ ਚਲੇ ਪਰਨਾਰੇ ॥

ਚਤੁਰੰਗਨੀ ਸੈਨਾ ਉਥੇ ਲੜ ਕੇ (ਮਰੀ) ਪਈ ਹੈ ਅਤੇ ਲਹੂ ਦੇ ਪਰਨਾਲੇ ਵਗ ਰਹੇ ਹਨ।

ਯੌ ਉਪਜੀ ਉਪਮਾ ਜੀਯ ਮੈ ਰਨ ਭੂਮਿ ਮਨੋ ਤਨ ਭੂਖਨ ਧਾਰੇ ॥੮੩੯॥

(ਉਸ ਦ੍ਰਿਸ਼ ਬਾਰੇ ਕਵੀ ਦੇ) ਮਨ ਵਿਚ ਇਸ ਤਰ੍ਹਾਂ ਦੀ ਉਪਮਾ ਪੈਦਾ ਹੋਈ, ਮਾਨੋ ਰਣ-ਭੂਮੀ ਨੇ (ਭਾਂਤ ਭਾਂਤ ਦੇ) ਗਹਿਣੇ ਪਾਏ ਹੋਣ ॥੮੩੯॥

ਜੁਧ ਕਰਿਯੋ ਅਤਿ ਕੋਪ ਦੁਹੂੰ ਰਿਪੁ ਬੀਰ ਕੇ ਬੀਰ ਘਨੇ ਹਨਿ ਦੀਨੇ ॥

ਬਹੁਤ ਕ੍ਰੋਧ ਕਰ ਕੇ ਦੋਹਾਂ ਭਰਾਵਾਂ ਨੇ ਯੁੱਧ ਕੀਤਾ ਅਤੇ ਸੂਰਵੀਰ ਵੈਰੀ ਦੇ ਬਹੁਤ ਸਾਰੇ ਸੂਰਮੇ ਮਾਰ ਦਿੱਤੇ।

ਹਾਨਿ ਬਿਖੈ ਜੋਊ ਜ੍ਵਾਨ ਹੁਤੇ ਸਜਿ ਆਏ ਹੁਤੇ ਜੋਊ ਸਾਜ ਨਵੀਨੇ ॥

ਜੋ (ਯੋਧੇ) ਉਮਰ ਵਿਚ ਜਵਾਨ ਸਨ ਅਤੇ ਜੋ ਨਵੇਂ ਨਵੇਂ ਸਾਜ ਲੈ ਕੇ ਆਏ ਸਨ,

ਸੋ ਝਟਿ ਭੂਮਿ ਗਿਰੇ ਰਨ ਕੀ ਤਿਹ ਠਉਰ ਬਿਖੈ ਅਤਿ ਸੁੰਦਰ ਚੀਨੇ ॥

ਉਹ ਤੁਰਤ ਹੀ ਰਣ-ਭੂਮੀ ਵਿਚ ਡਿਗ ਪਏ, ਜੋ ਬਹੁਤ ਸੋਹਣੇ ਲਗ ਰਹੇ ਸਨ।

ਯੌ ਉਪਮਾ ਉਪਜੀ ਜੀਯ ਮੈ ਰਨ ਭੂਮੀ ਕੋ ਮਾਨਹੁ ਭੂਖਨ ਦੀਨੇ ॥੮੪੦॥

(ਉਨ੍ਹਾਂ ਦੀ ਸੁੰਦਰਤਾ ਬਾਰੇ ਕਵੀ ਦੇ) ਮਨ ਵਿਚ ਇਸ ਤਰ੍ਹਾਂ ਦੀ ਉਪਮਾ ਪੈਦਾ ਹੋਈ, ਮਾਨੋ ਰਣ-ਭੂਮੀ ਨੂੰ ਗਹਿਣੇ ਦਿੱਤੇ ਜਾ ਰਹੇ ਹੋਣ ॥੮੪੦॥

ਧਨੁ ਟੂਕਨ ਸੋ ਰਿਪੁ ਮਾਰਿ ਘਨੇ ਚਲ ਕੈ ਸੋਊ ਨੰਦ ਬਬਾ ਪਹਿ ਆਏ ॥

ਧਨੁਸ਼ ਦੇ ਟੋਟਿਆਂ ਨਾਲ ਬਹੁਤ ਸਾਰੇ ਵੈਰੀ ਮਾਰ ਕੇ ਉਹ (ਸ੍ਰੀ ਕ੍ਰਿਸ਼ਨ ਅਤੇ ਬਲਰਾਮ) ਚਲ ਕੇ ਪਿਤਾ ਨੰਦ ਪਾਸ ਆ ਗਏ।

ਆਵਤ ਹੀ ਸਭ ਪਾਇ ਲਗੇ ਅਤਿ ਆਨੰਦ ਸੋ ਤਿਹ ਕੰਠਿ ਲਗਾਏ ॥

ਆਉਂਦਿਆਂ ਹੀ ਸਾਰੇ ਪੈਰੀਂ ਪਏ ਅਤੇ (ਨੰਦ ਨੇ) ਆਨੰਦਿਤ ਹੋ ਕੇ ਦੋਹਾਂ ਨੂੰ ਗਲੇ ਨਾਲ ਲਾ ਲਿਆ।

ਗੇ ਥੇ ਕਹਾ ਪੁਰ ਦੇਖਨ ਕੋ ਬਚਨਾ ਉਨ ਪੈ ਇਹ ਭਾਤਿ ਸੁਨਾਏ ॥

(ਨੰਦ ਨੇ ਪੁਛਿਆ) ਕਿਥੇ ਗਏ ਸੌ? (ਮਥਰਾ) ਨਗਰ ਵੇਖਣ (ਗਏ ਸਾਂ) ਇਸ ਤਰ੍ਹਾਂ ਉਨ੍ਹਾਂ ਨੂੰ ਬਚਨ ਸੁਣਾ ਦਿੱਤੇ।

ਰੈਨ ਪਰੀ ਗ੍ਰਿਹ ਸੋਇ ਰਹੇ ਅਤਿ ਹੀ ਮਨ ਭੀਤਰ ਆਨੰਦ ਪਾਏ ॥੮੪੧॥

(ਜਦ) ਰਾਤ ਪਈ (ਤਾਂ) ਮਨ ਵਿਚ ਬਹੁਤ ਆਨੰਦ ਪ੍ਰਾਪਤ ਕਰ ਕੇ ਸੌਂ ਰਹੇ ॥੮੪੧॥

ਦੋਹਰਾ ॥

ਦੋਹਰਾ:

ਸੁਪਨ ਪਿਖਾ ਇਕ ਕੰਸ ਨੇ ਅਤੈ ਭਯਾਨਕ ਰੂਪ ॥

(ਉਸ ਰਾਤ ਨੂੰ) ਕੰਸ ਨੇ ਇਕ ਅਤਿ ਭਿਆਨਕ ਰੂਪ ਵਾਲਾ ਸੁਪਨਾ ਵੇਖਿਆ।

ਅਤਿ ਬਿਆਕੁਲ ਜੀਯ ਹੋਇ ਕੈ ਭ੍ਰਿਤ ਬੁਲਾਏ ਭੂਪਿ ॥੮੪੨॥

(ਫਲਸਰੂਪ) ਮਨ ਵਿਚ ਬਹੁਤ ਵਿਆਕੁਲ ਹੋ ਕੇ ਰਾਜੇ ਨੇ ਨੌਕਰਾਂ ਨੂੰ ਬੁਲਾ ਲਿਆ ॥੮੪੨॥

ਕੰਸ ਬਾਚ ਭ੍ਰਿਤਨ ਸੋ ॥

ਕੰਸ ਨੇ ਨੌਕਰਾਂ ਨੂੰ ਕਿਹਾ:

ਸਵੈਯਾ ॥

ਸਵੈਯਾ:

ਭ੍ਰਿਤ ਬੁਲਾਇ ਕੈ ਰਾਜੇ ਕਹੀ ਇਕ ਖੇਲਨ ਕੋ ਰੰਗ ਭੂਮਿ ਬਨਾਵਹੁ ॥

ਨੌਕਰਾਂ ਨੂੰ ਬੁਲਾ ਕੇ ਰਾਜੇ ਨੇ ਕਿਹਾ ਕਿ ਖੇਡਣ ਲਈ ਇਕ ਰੰਗ-ਭੂਮੀ ਬਣਾਓ।

ਗੋਪਨ ਕੋ ਇਕਠਾ ਰਖੀਏ ਹਮਰੇ ਸਬ ਹੀ ਦਲ ਕੋ ਸੁ ਬੁਲਾਵਹੁ ॥

ਗਵਾਲਿਆਂ ਨੂੰ ਇਕ ਥਾਂ ਉਤੇ ਬਿਠਾਉ ਅਤੇ ਮੇਰੀ ਵੀ ਸਾਰੀ ਸੈਨਾ ਨੂੰ ਬੁਲਾ ਲਵੋ।

ਕਾਰਜ ਸੀਘ੍ਰ ਕਰੋ ਸੁ ਇਹੈ ਹਮਰੇ ਇਕ ਪੈ ਗਨ ਕਉ ਤਿਸਿਟਾਵਹੁ ॥

ਇਹ ਕੰਮ ਜਲਦੀ ਕਰੋ ਅਤੇ ਇਕ (ਕ੍ਰਿਸ਼ਨ) ਉਤੇ ਮੇਰੇ ਬਹੁਤ ਸਾਰੇ ਸੂਰਮੇ ਖੜੇ ਕਰ ਦਿਓ।

ਖੇਲ ਬਿਖੈ ਤੁਮ ਮਲਨ ਠਾਢਿ ਕੈ ਆਪ ਸਬੈ ਕਸਿ ਕੈ ਕਟਿ ਆਵਹੁ ॥੮੪੩॥

ਖੇਡ (ਦੇ ਮੈਦਾਨ ਵਿਚ) ਤੁਸੀਂ ਪਹਿਲਵਾਨ ਖੜੇ ਕਰ ਕੇ ਆਪ ਸਾਰੇ ਕਮਰ-ਕਸੇ ਕਰ ਕੇ ਆਓ। (ਅਰਥਾਤ ਸ਼ਸਤ੍ਰ-ਬੱਧ ਹੋ ਕੇ ਆਓ) ॥੮੪੩॥

ਭ੍ਰਿਤ ਸਭੈ ਨ੍ਰਿਪ ਕੀ ਬਤੀਯਾ ਸੁਨ ਕੈ ਉਠ ਕੈ ਸੋਊ ਕਾਰਜ ਕੀਨੋ ॥

ਸਾਰੇ ਨੌਕਰ ਰਾਜੇ ਦੀ ਗੱਲ ਸੁਣ ਕੇ ਅਤੇ ਉਠ ਕੇ ਓਹੀ ਕੰਮ ਕਰਨ ਲਗੇ (ਜੋ ਰਾਜੇ ਨੇ ਕਹੇ ਸਨ)।

ਠਾਢਿ ਕੀਯੋ ਗਜ ਪਉਰ ਬਿਖੈ ਸੁ ਰਚਿਯੋ ਰੰਗ ਭੂਮਿ ਕੋ ਠਉਰ ਨਵੀਨੋ ॥

ਰੰਗ-ਭੂਮੀ ਦੀ ਨਵੀਂ ਥਾਂ ਬਣਾਈ ਅਤੇ ਦੁਆਰ ਉਤੇ (ਕੁਵਲੀਆ ਪੀੜ) ਹਾਥੀ ਖੜਾ ਕਰ ਦਿੱਤਾ।

ਮਲ ਜਹਾ ਰਿਪੁ ਬੀਰ ਘਨੇ ਪਿਖਿਏ ਰਿਪੁ ਆਵਤ ਜਾਹਿ ਪਸੀਨੋ ॥

ਜਿਥੇ ਵੈਰੀ ਦੇ ਬਹੁਤ ਸੂਰਮੇ (ਬੈਠੇ ਸਨ) ਉਥੇ ਦੋਵੇਂ ਪਹਿਲਵਾਨ (ਵੀ ਖੜੋਤੇ ਸਨ) ਜਿਨ੍ਹਾਂ ਨੂੰ ਵੇਖ ਕੇ ਵੈਰੀਆਂ ਨੂੰ ਪਸੀਨਾ ਆਉਣ ਲਗਦਾ ਹੈ।

ਐਸੀ ਬਨਾਇ ਕੈ ਠਉਰ ਸੋਊ ਹਰਿ ਕੇ ਗ੍ਰਿਹ ਮਾਨਸ ਭੇਜਿ ਸੁ ਦੀਨੋ ॥੮੪੪॥

ਇਸ ਤਰ੍ਹਾਂ 'ਸਥਾਨ' (ਰੰਗ-ਭੂਮੀ) ਬਣਾ ਕੇ ਕ੍ਰਿਸ਼ਨ ਨੂੰ ਬੁਲਾਉਣ ਲਈ ਉਸ ਦੇ ਘਰ ਬੰਦਾ ਭੇਜ ਦਿੱਤਾ ॥੮੪੪॥

ਨ੍ਰਿਪ ਸੇਵਕ ਲੈ ਇਨ ਸੰਗ ਚਲਿਯੋ ਚਲਿ ਕੈ ਨ੍ਰਿਪ ਕੰਸ ਕੇ ਪਉਰ ਪੈ ਆਯੋ ॥

ਇਨ੍ਹਾਂ ਨੂੰ ਲੈ ਕੇ ਰਾਜੇ ਦਾ ਨੌਕਰ ਚਲਿਆ ਅਤੇ ਚਲ ਕੇ ਰਾਜਾ ਕੰਸ ਦੇ ਦੁਆਰ ਉਤੇ ਆ ਗਿਆ।

ਐ ਕੈ ਕਹਿਯੋ ਨ੍ਰਿਪ ਕੋ ਘਰੁ ਹੈ ਤਿਹ ਤੇ ਸਭ ਗ੍ਵਾਰਨ ਸੀਸ ਝੁਕਾਯੋ ॥

ਆ ਕੇ ਕਿਹਾ, ਇਹ ਰਾਜੇ ਦਾ ਘਰ ਹੈ, ਇਸ ਕਰ ਕੇ ਸਾਰਿਆਂ ਗਵਾਲਿਆਂ ਨੇ ਸਿਰ ਝੁਕਾ ਦਿੱਤੇ।

ਆਗੇ ਪਿਖਿਯੋ ਗਜ ਮਤ ਮਹਾ ਕਹਿਯੋ ਦੂਰ ਕਰੋ ਗਜਵਾਨ ਰਿਸਾਯੋ ॥

ਅਗੇ ਜਾ ਕੇ ਬਹੁਤ ਵੱਡਾ ਮਸਤ ਹਾਥੀ ਵੇਖਿਆ ਅਤੇ (ਗਵਾਲਿਆਂ ਨੇ ਉਸ ਨੂੰ) ਪਰੇ ਕਰਨ ਲਈ ਕਿਹਾ, (ਪਰ) ਮਹਾਵਤ ਨੇ (ਹਾਥੀ ਨੂੰ) ਕ੍ਰੋਧਿਤ ਕਰ ਦਿੱਤਾ।

ਧਾਇ ਪਰਿਯੋ ਹਰਿ ਊਪਰਿ ਯੌ ਮਨੋ ਪੁਨ ਕੇ ਊਪਰਿ ਪਾਪ ਸਿਧਾਯੋ ॥੮੪੫॥

(ਉਹ ਹਾਥੀ) ਕ੍ਰਿਸ਼ਨ ਉਪਰ ਇਸ ਤਰ੍ਹਾਂ ਜਾ ਪਿਆ ਮਾਨੋ ਪੁੰਨ ਉਤੇ ਪਾਪ ਨੇ ਹਮਲਾ ਕਰ ਦਿੱਤਾ ਹੋਵੇ ॥੮੪੫॥

ਕੋਪ ਭਰੇ ਗਜ ਮਤ ਮਹਾ ਭਰ ਸੁੰਡਿ ਲਏ ਭਟ ਸੁੰਦਰ ਦੋਊ ॥

ਕ੍ਰੋਧ ਨਾਲ ਭਰੇ ਹੋਏ ਹਾਥੀ ਨੇ ਸੁੰਡ ਵਿਚ ਦੋਹਾਂ ਸੁੰਦਰ ਸੂਰਮਿਆਂ (ਕ੍ਰਿਸ਼ਨ ਅਤੇ ਬਲਰਾਮ) ਨੂੰ ਪਕੜ ਲਿਆ।

ਸੋ ਤਬ ਹੀ ਘਨ ਸੋ ਗਰਜਿਯੋ ਜਿਹ ਕੀ ਸਮ ਉਪਮ ਅਉਰ ਨ ਕੋਊ ॥

ਉਹ ਉਸ ਵੇਲੇ ਬਦਲ ਵਾਂਗ ਗਰਜਿਆ ਜਿਸ ਦੇ ਸਮਾਨ ਹੋਰ ਕੋਈ ਉਪਮਾ ਨਹੀਂ ਹੈ।

ਪੇਟ ਤਰੇ ਤਿਹ ਕੇ ਪਸਰੇ ਕਬਿ ਸ੍ਯਾਮ ਕਹੈ ਬਧੀਯਾ ਅਰਿ ਜੋਊ ॥

ਕਵੀ ਸ਼ਿਆਮ ਕਹਿੰਦੇ ਹਨ, ਵੈਰੀ ਨੂੰ ਜੋ ਮਾਰਨ ਵਾਲਾ (ਕ੍ਰਿਸ਼ਨ) ਹੈ, ਉਹ ਉਸ ਦੇ ਪੇਟ ਹੇਠਾਂ ਪਸਰ ਗਿਆ।

ਯੌ ਉਪਜੀ ਉਪਮਾ ਜੀਯ ਮੈ ਅਪਨੇ ਰਿਪੁ ਸੋ ਮਨੋ ਖੇਲਤ ਦੋਊ ॥੮੪੬॥

(ਇਸ ਦ੍ਰਿਸ਼ ਨੂੰ ਵੇਖ ਕੇ ਕਵੀ ਦੇ) ਮਨ ਵਿਚ ਇਸ ਤਰ੍ਹਾਂ ਦੀ ਉਪਮਾ ਪੈਦਾ ਹੋਈ, ਮਾਨੋ ਆਪਣੇ ਵੈਰੀ ਨਾਲ ਦੋਵੇਂ (ਭਰਾ) ਖੇਡ ਰਹੇ ਹੋਣ ॥੮੪੬॥

ਤਬ ਕੋਪੁ ਕਰਿਯੋ ਮਨ ਮੈ ਹਰਿ ਜੂ ਤਿਹ ਕੋ ਤਬ ਦਾਤ ਉਖਾਰਿ ਲਯੋ ਹੈ ॥

ਤਦ ਕ੍ਰਿਸ਼ਨ ਜੀ ਨੇ ਮਨ ਵਿਚ ਕ੍ਰੋਧ ਕੀਤਾ, ਉਸ ਦੇ ਉਸੇ ਵੇਲੇ ਦੰਦ ਉਖਾੜ ਲਏ।

ਏਕ ਦਈ ਗਜ ਸੂੰਡ ਬਿਖੈ ਕੁਪਿ ਦੂਸਰ ਸੀਸ ਕੇ ਬੀਚ ਦਯੋ ਹੈ ॥

ਇਕ ਹਾਥੀ ਦੇ ਸੁੰਡ ਵਿਚ ਦਿੱਤਾ ਅਤੇ ਦੂਜਾ ਸਿਰ ਵਿਚ ਮਾਰਿਆ ਹੈ।

ਚੋਟ ਲਗੀ ਸਿਰ ਬੀਚ ਘਨੀ ਧਰਨੀ ਪਰ ਸੋ ਮੁਰਝਾਇ ਪਯੋ ਹੈ ॥

(ਉਸ ਦੇ) ਸਿਰ ਵਿਚ ਭਾਰੀ ਸਟ ਵਜੀ ਅਤੇ ਉਹ ਧਰਤੀ ਉਤੇ ਮੂਰਛਿਤ ਹੋ ਕੇ ਡਿਗ ਪਿਆ।

ਸੋ ਮਰਿ ਗਯੋ ਰਿਪੁ ਕੇ ਬਧ ਕੋ ਮਥੁਰਾ ਹੂੰ ਕੋ ਆਗਮ ਆਜ ਭਯੋ ਹੈ ॥੮੪੭॥

(ਉਹ (ਹਾਥੀ) ਮਰ ਗਿਆ। (ਇੰਜ ਲਗਦਾ ਹੈ ਮਾਨੋ) ਵੈਰੀ ਨੂੰ ਮਾਰਨ ਦਾ ਅਜ ਮਥੁਰਾ ਵਿਚ ਆਗਮਨ ਹੋ ਗਿਆ ਹੋਵੇ ॥੮੪੭॥

ਇਤਿ ਸ੍ਰੀ ਦਸਮ ਸਿਕੰਧੇ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਗਜ ਬਧਹਿ ਧਯਾਇ ਸਮਾਪਤਮ ॥

ਇਥੇ ਸ੍ਰੀ ਦਸਮ ਸਕੰਧ ਦੇ ਬਚਿਤ੍ਰ ਨਾਟਕ ਗ੍ਰੰਥ ਦੇ ਕ੍ਰਿਸ਼ਨਾਵਤਾਰ ਦਾ ਗਜ ਨੂੰ ਮਾਰਨ ਦਾ ਅਧਿਆਇ ਸਮਾਪਤ।

ਅਥ ਚੰਡੂਰ ਮੁਸਟ ਜੁਧ ॥

ਹੁਣ ਚੰਡੂਰ ਅਤੇ ਮੁਸ਼ਟ ਦੇ ਯੁੱਧ ਦਾ ਕਥਨ:

ਸਵੈਯਾ ॥

ਸਵੈਯਾ:

ਕੰਧਿ ਧਰਿਯੋ ਗਜ ਦਾਤ ਉਖਾਰ ਕੈ ਬੀਚ ਗਏ ਰੰਗ ਭੂਮਿ ਕੇ ਦੋਊ ॥

ਹਾਥੀ ਦੇ ਦੰਦਾਂ ਨੂੰ ਉਖਾੜ ਕੇ ਮੋਢਿਆਂ ਉਤੇ ਧਰ ਲਿਆ ਅਤੇ ਦੋਵੇਂ ਭਰਾ ਅਖਾੜੇ ('ਰੰਗ-ਭੂਮੀ') ਵਿਚ ਚਲੇ ਗਏ।

ਬੀਰਨ ਬੀਰ ਬਡੋ ਈ ਪਿਖਿਯੋ ਬਲਵਾਨ ਲਖਿਯੋ ਇਨ ਮਲਨ ਸੋਊ ॥

ਯੋਧਿਆਂ ਨੇ (ਕ੍ਰਿਸ਼ਨ ਨੂੰ) ਵੱਡੇ ਯੋਧਿਆਂ ਦੇ ਰੂਪ ਵਿਚ ਵੇਖਿਆ ਅਤੇ ਪਹਿਲਵਾਨਾਂ ਨੇ ਵੀ ਇਸ ਨੂੰ (ਆਪਣੇ ਤੋਂ) ਬਲਵਾਨ ਜਾਣਿਆ।

ਸਾਧਨ ਦੇਖਿ ਲਖਿਯੋ ਕਰਤਾ ਜਗ ਯਾ ਸਮ ਦੂਸਰ ਅਉਰ ਨ ਕੋਊ ॥

ਸਾਧਾਂ ਨੇ ਵੇਖ ਕੇ (ਇਸ ਨੂੰ) ਜਗਤ ਦਾ ਕਰਤਾ ਸਮਝ ਲਿਆ ਅਤੇ (ਇਹ ਵੀ ਸਮਝ ਲਿਆ ਕਿ) ਇਸ ਵਰਗਾ ਹੋਰ ਕੋਈ ਦੂਜਾ ਨਹੀਂ ਹੈ।

ਤਾਤ ਲਖਿਯੋ ਕਰ ਕੈ ਲਰਕਾ ਨ੍ਰਿਪ ਕੰਸ ਲਖਿਯੋ ਮਨ ਮੈ ਘਰਿ ਖੋਊ ॥੮੪੮॥

ਪਿਤਾ ਨੇ (ਇਸ ਨੂੰ) ਲੜਕਾ ਕਰ ਕੇ ਜਾਣਿਆ ਅਤੇ ਕੰਸ ਨੇ (ਆਪਣੇ) ਮਨ ਵਿਚ ਘਰ ਦਾ ਨਾਸ਼ਕ ਸਮਝਿਆ ॥੮੪੮॥

ਤਉ ਨ੍ਰਿਪ ਬੈਠਿ ਸਭਾ ਹੂੰ ਕੇ ਭੀਤਰ ਮਲਨ ਸੋ ਜਦੁਰਾਇ ਲਰਾਯੋ ॥

ਤਦ ਰਾਜੇ ਨੇ ਸਭਾ ਵਿਚ ਬੈਠ ਕੇ (ਆਪਣੇ) ਪਹਿਲਵਾਨਾਂ ਨਾਲ ਕ੍ਰਿਸ਼ਨ ਨੂੰ ਲੜਾ ਦਿੱਤਾ।

ਮੁਸਟ ਕੇ ਸਾਥ ਲਰਿਯੋ ਮੁਸਲੀ ਸੁ ਚੰਡੂਰ ਸੋ ਸ੍ਯਾਮ ਜੂ ਜੁਧੁ ਮਚਾਯੋ ॥

'ਮੁਸਟ' (ਨਾਂ ਵਾਲੇ ਪਹਿਲਵਾਨ) ਨਾਲ ਬਲਰਾਮ ਲੜਿਆ ਅਤੇ 'ਚੰਡੂਰ' (ਨਾਂ ਵਾਲੇ ਪਹਿਲਵਾਨ) ਨਾਲ ਕ੍ਰਿਸ਼ਨ ਨੇ ਯੁੱਧ ਮਚਾਇਆ।

ਭੂਮਿ ਪਰੇ ਰਨ ਕੀ ਗਿਰ ਸੋ ਹਰ ਜੂ ਮਨ ਭੀਤਰ ਕੋਪੁ ਬਢਾਯੋ ॥

ਜਦੋਂ ਕ੍ਰਿਸ਼ਨ ਨੇ ਮਨ ਵਿਚ ਕ੍ਰੋਧ ਵਧਾਇਆ ਤਾਂ ਉਹ (ਚੰਡੂਰ) ਰਣ-ਭੂਮੀ ਵਿਚ ਡਿਗ ਪਿਆ।

ਏਕ ਲਗੀ ਨ ਤਹਾ ਘਟਿਕਾ ਧਰਨੀ ਪਰ ਤਾ ਕਹੁ ਮਾਰਿ ਗਿਰਾਯੋ ॥੮੪੯॥

ਉਥੇ ਇਕ ਘੜੀ ਵੀ ਨਾ ਲਗੀ। (ਕ੍ਰਿਸ਼ਨ ਅਤੇ ਬਲਰਾਮ ਨੇ) ਉਨ੍ਹਾਂ ਨੂੰ ਮਾਰ ਕੇ ਧਰਤੀ ਉਤੇ ਡਿਗਾ ਦਿੱਤਾ ॥੮੪੯॥

ਇਤਿ ਸ੍ਰੀ ਦਸਮ ਸਿਕੰਧੇ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਚੰਡੂਰ ਮੁਸਟ ਮਲ ਬਧਹਿ ਧਯਾਇ ਸਮਾਪਤਮ ॥

ਇਥੇ ਦਸਮ ਸਕੰਧ ਦੇ ਬਚਿਤ੍ਰ ਨਾਟਕ ਗ੍ਰੰਥ ਦੇ ਕ੍ਰਿਸ਼ਨਵਤਾਰ ਦੇ ਚੰਡੂਰ ਮੁਸਟ ਪਹਿਲਵਾਨਾਂ ਦੇ ਬਧ ਦਾ ਅਧਿਆਇ ਸਮਾਪਤ।


Flag Counter