ਸ਼੍ਰੀ ਦਸਮ ਗ੍ਰੰਥ

ਅੰਗ - 517


ਗਰਬ ਉਤੈ ਦਸ ਸੈ ਭੁਜ ਕੀਨੋ ॥

ਉਧਰ ਹਜ਼ਾਰ ਬਾਂਹਵਾਂ ਵਾਲੇ (ਸਹਸ੍ਰਬਾਹੂ) ਨੇ (ਮਨ ਵਿਚ) ਅਭਿਮਾਨ ਕੀਤਾ

ਮੈ ਬਰੁ ਮਹਾਰੁਦ੍ਰ ਤੇ ਲੀਨੋ ॥੨੧੮੪॥

ਕਿ ਮੈਂ ਮਹਾ ਰੁਦ੍ਰ ਪਾਸੋਂ ਵਰ ਲਿਆ ਹੋਇਆ ਹੈ ॥੨੧੮੪॥

ਸਵੈਯਾ ॥

ਸਵੈਯਾ:

ਗਾਲ ਬਜਾਇ ਭਲੀ ਬਿਧਿ ਸੋ ਅਰੁ ਤਾਲ ਸਭੋ ਸੰਗਿ ਹਾਥਨ ਦੀਨੋ ॥

ਚੰਗੀ ਤਰ੍ਹਾਂ ਗਲ੍ਹਾਂ ਨੂੰ ਵਜਾ ਕੇ (ਅਰਥਾਤ ਬਕਰੇ ਦੀ ਆਵਾਜ਼ ਕਢ ਕੇ) ਅਤੇ ਸਾਰਿਆਂ ਹੱਥਾਂ ਨੂੰ ਮਿਲਾ ਕੇ ਤਾਲ ਦਿੱਤਾ।

ਜੈਸੇ ਲਿਖੀ ਬਿਧਿ ਬੇਦ ਬਿਖੈ ਤਿਹ ਭੂਪ ਤਿਹੀ ਬਿਧਿ ਸੋ ਤਪੁ ਕੀਨੋ ॥

ਜਿਸ ਤਰ੍ਹਾਂ ਦੀ ਵਿਧੀ ਵੇਦਾਂ ਵਿਚ ਲਿਖੀ ਹੈ, ਰਾਜੇ ਨੇ ਉਸ ਵਿਧੀ ਨਾਲ ਤਪ ਕੀਤਾ।

ਜਗਿ ਕਰੇ ਸਭ ਹੀ ਬਿਧਿ ਪੂਰਬ ਕਉਨ ਬਿਧਾਨ ਬਿਨਾ ਨਹੀ ਹੀਨੋ ॥

ਸਾਰਿਆਂ ਯੱਗਾਂ ਨੂੰ ਵਿਧੀ ਪੂਰਵਕ ਕੀਤਾ ਅਤੇ ਕੋਈ ਵੀ ਬਿਧਾਨ ਤੋਂ ਬਿਨਾ ਨਹੀਂ ਕੀਤਾ, (ਜਿਸ ਕਰ ਕੇ ਕੋਈ ਵੀ) ਨਿਸਫਲ (ਨ ਹੋਇਆ)।

ਰੁਦ੍ਰ ਰਿਝਾਇ ਕਹਿਯੋ ਇਹ ਭਾਤਿ ਸੁ ਹੋ ਕੁਟਵਾਰ ਇਹੀ ਬਰੁ ਲੀਨੋ ॥੨੧੮੫॥

ਰੁਦ੍ਰ ਨੂੰ ਪ੍ਰਸ਼ਨ ਕਰ ਕੇ ਇਸ ਤਰ੍ਹਾਂ ਕਿਹਾ, 'ਹੋ ਕੁਟਵਾਰ' (ਤੁਸੀਂ ਮੇਰੇ ਕੋਤਵਾਲ ਬਣੋ) (ਰਾਜੇ ਨੇ) ਇਹੀ ਵਰ ਲਿਆ ॥੨੧੮੫॥

ਰੁਦ੍ਰ ਜਬੈ ਕੁਟਵਾਰ ਕਯੋ ਤਬ ਦੇਸਨਿ ਦੇਸਨ ਧਰਮ ਚਲਾਯੋ ॥

ਜਦ (ਰਾਜੇ ਨੇ) ਰੁਦ੍ਰ ਨੂੰ (ਆਪਣਾ) 'ਕੁਟਵਾਰ' ਕਰ ਲਿਆ, ਤਦ ਦੇਸ ਦੇਸਾਂਤਰਾਂ ਵਿਚ ਧਰਮ ਦਾ ਪ੍ਰਚਾਰ ਸ਼ੁਰੂ ਕਰ ਦਿੱਤਾ।

ਪਾਪ ਕੀ ਬਾਤ ਗਈ ਛਪ ਕੈ ਸਭ ਹੀ ਜਗ ਮੈ ਜਸੁ ਭੂਪਤਿ ਛਾਯੋ ॥

ਪਾਪ ਦੀ ਗੱਲ ਲੁਕ ਗਈ ਅਤੇ ਸਾਰੇ ਹੀ ਜਗਤ ਵਿਚ ਰਾਜੇ ਦਾ ਯਸ਼ ਪਸਰ ਗਿਆ।

ਸਤ੍ਰ ਤ੍ਰਿਸੂਲ ਕੈ ਬਸਿ ਭਏ ਅਰਿ ਅਉਰ ਕਿਹੂੰ ਨਹਿ ਸੀਸ ਉਠਾਯੋ ॥

(ਸਾਰੇ) ਵੈਰੀ ਤ੍ਰਿਸ਼ੂਲ ਦੇ ਵਸ ਹੋ ਗਏ ਅਤੇ ਹੋਰ ਕਿਸੇ (ਵੈਰੀ) ਨੇ ਸਿਰ ਨਹੀਂ ਚੁਕਿਆ।

ਲੋਗਨ ਤਉਨ ਸਮੈ ਜਗ ਮੈ ਕਬਿ ਸ੍ਯਾਮ ਭਨੈ ਅਤਿ ਹੀ ਸੁਖ ਪਾਯੋ ॥੨੧੮੬॥

ਕਵੀ ਸ਼ਿਆਮ ਕਹਿੰਦੇ ਹਨ, ਉਸ ਸਮੇਂ ਲੋਕਾਂ ਨੇ ਜਗਤ ਵਿਚ ਬਹੁਤ ਸੁਖ ਪ੍ਰਾਪਤ ਕੀਤਾ ॥੨੧੮੬॥

ਰੁਦ੍ਰ ਪ੍ਰਤਾਪ ਭਏ ਅਰਿ ਬਸਿ ਕਿਹੂੰ ਅਰਿ ਆਨ ਨ ਸੀਸ ਉਠਾਯੋ ॥

ਰੁਦ੍ਰ ਦੇ ਪ੍ਰਤਾਪ ਨਾਲ ਸਾਰੇ ਵੈਰੀ ਵਸ ਵਿਚ ਹੋ ਗਏ, ਹੋਰ ਕਿਸੇ ਵੈਰੀ ਨੇ ਸਿਰ ਨਾ ਉਠਾਇਆ।

ਕਰਿ ਲੈ ਕਬਿ ਸ੍ਯਾਮ ਭਨੈ ਅਤਿ ਹੀ ਇਹ ਪਾਇਨ ਊਪਰ ਸੀਸ ਝੁਕਾਯੋ ॥

ਕਵੀ ਸ਼ਿਆਮ ਕਹਿੰਦੇ ਹਲ, (ਵੱਡੇ ਵੱਡੇ ਰਾਜਿਆਂ ਨੇ) ਬਹੁਤ ਸਾਰਾ 'ਕਰ' ਭੇਟਾ ਕਰ ਕੇ ਪੈਰਾਂ ਉਤੇ ਸਿਰ ਝੁਕਾ ਦਿੱਤਾ ਹੈ।

ਭੂਪ ਨ ਰੰਚਕ ਬਾਤ ਲਈ ਇਹ ਪਉਰਖ ਮੇਰੋ ਈ ਹੈ ਲਖਿ ਪਾਯੋ ॥

ਰਾਜੇ ਨੇ ਇਹ ਗੱਲ ਜ਼ਰਾ ਜਿੰਨੀ ਵੀ ਨਾ ਸਮਝੀ (ਕਿ ਇਹ ਸ਼ਕਤੀ ਉਸ ਦੀ ਨਹੀਂ ਹੈ) ਸਗੋਂ ਉਸ ਨੇ ਸਾਰੀ ਸ਼ਕਤੀ ਨੂੰ ਆਪਣਾ ਹੀ ਸਮਝ ਲਿਆ।

ਪਉਰਖ ਭਯੋ ਭੁਜਦੰਡਨ ਰੁਦ੍ਰ ਤੇ ਜੁਧ ਹੀ ਕੋ ਬਰੁ ਮਾਗਨ ਧਾਯੋ ॥੨੧੮੭॥

ਉਸ ਦੀਆਂ ਭੁਜਾਵਾਂ ਵਿਚ ਬਹੁਤ ਬਲ ਹੋ ਗਿਆ (ਤਾਂ) ਰੁਦ੍ਰ ਕੋਲੋਂ ਯੁੱਧ ਦਾ ਵਰ ਮੰਗਣ ਲਈ ਤੁਰ ਪਿਆ ॥੨੧੮੭॥

ਸੋਰਠਾ ॥

ਸੋਰਠਾ:

ਮੂਰਖ ਲਹਿਯੋ ਨ ਭੇਦੁ ਜੁਧੁ ਚਹਨਿ ਸਿਵ ਪੈ ਚਲਿਯੋ ॥

ਮੂਰਖ ਨੇ ਭੇਦ ਨਾ ਸਮਝਿਆ ਅਤੇ ਯੁੱਧ ਦੀ ਇੱਛਾ ਲੈ ਕੇ ਸ਼ਿਵ ਕੋਲ ਗਿਆ।

ਕਰਿ ਬਿਰਥਾ ਸਭ ਖੇਦਿ ਜਿਵ ਰਵਿ ਤਪ ਬਾਰੂ ਤਪੈ ॥੨੧੮੮॥

ਸਾਰੀ ਤਪਸਿਆ ('ਖੇਦ') ਨੂੰ ਵਿਅਰਥ ਕਰ (ਦਿੱਤਾ) ਜਿਵੇਂ ਸੂਰਜ ਦੇ ਤਪਿਆਂ ਰੇਤ ਵੀ ਤਪ ਜਾਂਦੀ ਹੈ ॥੨੧੮੮॥

ਸਵੈਯਾ ॥

ਸਵੈਯਾ:

ਸੀਸ ਨਿਵਾਇ ਕੈ ਪ੍ਰੇਮ ਬਢਾਇ ਕੈ ਯੌ ਨ੍ਰਿਪ ਰੁਦ੍ਰ ਸੋ ਬੈਨ ਸੁਨਾਵੈ ॥

ਰਾਜੇ ਨੇ ਸਿਰ ਨਿਵਾ ਕੇ ਅਤੇ ਪ੍ਰੇਮ ਨੂੰ ਵਧਾ ਕੇ, ਰੁਦ੍ਰ ਨੂੰ ਇਸ ਤਰ੍ਹਾਂ ਬਚਨ (ਕਹਿ) ਸੁਣਾਏ।

ਜਾਤ ਹੋ ਹਉ ਜਿਹ ਸਤ੍ਰ ਪੈ ਰੁਦ੍ਰ ਜੂ ਕੋਊ ਨ ਆਗੇ ਤੇ ਹਾਥ ਉਠਾਵੈ ॥

ਹੇ ਰੁਦ੍ਰ ਜੀ! ਮੈਂ ਜਿਸ ਵੈਰੀ ਉਤੇ (ਹੱਲਾ ਕਰ ਕੇ) ਜਾਂਦਾ ਹਾਂ, ਅਗੋਂ ਕੋਈ ਵੀ ਹੱਥ ਨਹੀਂ ਚੁਕਦਾ।

ਤਾ ਤੇ ਅਯੋਧਨ ਕਉ ਹਮਰੋ ਕਬਿ ਸ੍ਯਾਮ ਕਹੈ ਮਨੂਆ ਲਲਚਾਵੈ ॥

ਕਵੀ ਸ਼ਿਆਮ ਕਹਿੰਦੇ ਹਨ, ਇਸ ਲਈ ਯੁੱਧ ਕਰਨ ਲਈ ਮੇਰਾ ਮਨ ਬਹੁਤ ਲਲਚਾ ਰਿਹਾ ਹੈ।

ਚਾਹਤ ਹੋ ਤੁਮ ਤੇ ਬਰੁ ਆਜ ਕੋਊ ਹਮਰੇ ਸੰਗ ਜੂਝ ਮਚਾਵੈ ॥੨੧੮੯॥

ਅਜ ਮੈਂ ਤੁਹਾਡੇ ਤੋਂ ਇਹ ਵਰ ਚਾਹੁੰਦਾ ਹਾਂ ਕਿ ਕੋਈ ਮੇਰੇ ਨਾਲ ਯੁੱਧ ਮਚਾਵੇ ॥੨੧੮੯॥

ਰੁਦ੍ਰ ਬਾਚ ਨ੍ਰਿਪ ਸੋ ॥

ਰਾਜੇ ਨੇ ਰੁਦ੍ਰ ਨੂੰ ਕਿਹਾ:


Flag Counter