ਸ਼੍ਰੀ ਦਸਮ ਗ੍ਰੰਥ

ਅੰਗ - 340


ਸੋ ਬ੍ਰਿਜ ਭੂਮਿ ਬਿਖੈ ਰਸ ਕੈ ਹਿਤ ਖੇਲਤ ਹੈ ਫੁਨਿ ਗੋਪਿਨ ਸਾਥਾ ॥੪੬੪॥

ਓਹੀ ਫਿਰ ਬ੍ਰਜ-ਭੂਮੀ ਵਿਚ ਰਸ ਲੈਣ ਲਈ ਗੋਪੀਆਂ ਨਾਲ ਖੇਡ ਰਿਹਾ ਹੈ ॥੪੬੪॥

ਹਸਿ ਕੈ ਹਰਿ ਜੂ ਬ੍ਰਿਜ ਮੰਡਲ ਮੈ ਸੰਗ ਗੋਪਿਨ ਕੇ ਇਕ ਹੋਡ ਬਦੀ ॥

ਕ੍ਰਿਸ਼ਨ ਨੇ ਹਸ ਕੇ ਬ੍ਰਜ-ਮੰਡਲ ਵਿਚ ਗੋਪੀਆਂ ਨਾਲ ਇਕ ਸ਼ਰਤ ਲਗਾਈ

ਸਭ ਧਾਇ ਪਰੈ ਹਮਹੂੰ ਤੁਮਹੂੰ ਇਹ ਭਾਤਿ ਕਹਿਯੋ ਮਿਲਿ ਬੀਚ ਨਦੀ ॥

ਅਤੇ ਇਸ ਤਰ੍ਹਾਂ ਕਿਹਾ ਕਿ ਅਸੀਂ ਅਤੇ ਤੁਸੀਂ ਸਾਰੇ ਮਿਲ ਕੇ ਜਮਨਾ ਵਿਚ ਕੁੱਦ ਪਈਏ।

ਜਬ ਜਾਇ ਪਰੇ ਜਮੁਨਾ ਜਲ ਮੈ ਸੰਗ ਗੋਪਿਨ ਕੇ ਭਗਵਾਨ ਜਦੀ ॥

ਜਦੋਂ ਭਗਵਾਨ ਗੋਪੀਆਂ ਨਾਲ ਜਮਨਾ ਦੇ ਜਲ ਵਿਚ ਕੁੱਦ ਪਏ,

ਤਬ ਲੈ ਚੁਭਕੀ ਹਰਿ ਜੀ ਤ੍ਰਿਯ ਕੋ ਸੁ ਲਯੋ ਮੁਖ ਚੂਮ ਕਿਧੋ ਸੋ ਤਦੀ ॥੪੬੫॥

ਤਾਂ ਕਾਨ੍ਹ ਨੇ ਡੁਬਕੀ ਮਾਰ ਕੇ (ਇਕ) ਇਸਤਰੀ ਦਾ ਉਸ ਵੇਲੇ ਮੂੰਹ ਚੁੰਮ ਲਿਆ ॥੪੬੫॥

ਗੋਪੀ ਬਾਚ ਕਾਨ੍ਰਹ ਜੂ ਸੋ ॥

ਗੋਪੀਆਂ ਨੇ ਕਾਨ੍ਹ ਨੂੰ ਕਿਹਾ:

ਸਵੈਯਾ ॥

ਸਵੈਯਾ:

ਮਿਲ ਕੈ ਸਭ ਗ੍ਵਾਰਿਨ ਸੁੰਦਰ ਸ੍ਯਾਮ ਸੋ ਸ੍ਯਾਮ ਕਹੀ ਹਸਿ ਬਾਤ ਪ੍ਰਬੀਨਨ ॥

ਸ਼ਿਆਮ (ਕਵੀ) ਕਹਿੰਦੇ ਹਨ, ਸਾਰੀਆਂ ਸੁੰਦਰ ਗੋਪੀਆਂ ਨੇ ਮਿਲ ਕੇ ਕਾਨ੍ਹ ਨੂੰ ਬੜੀ ਪ੍ਰਬੀਨ ਗੱਲ ਕਹੀ।

ਰਾਜਤ ਜਾਹਿ ਮ੍ਰਿਗੀਪਤਿ ਸੇ ਦ੍ਰਿਗ ਛਾਜਤ ਚੰਚਲਤਾ ਸਮ ਮੀਨਨ ॥

ਜਿਸ ਦੀਆਂ ਅੱਖਾਂ ਹਿਰਨ ਵਾਂਗ ਸ਼ੋਭਦੀਆਂ ਹਨ ਅਤੇ (ਜਿਨ੍ਹਾਂ ਵਿਚ) ਮੱਛਲੀ ਵਰਗੀ ਚੰਚਲਤਾ ਛਾਈ ਹੋਈ ਹੈ;

ਕੰਚਨ ਸੇ ਤਨ ਕਉਲ ਮੁਖੀ ਰਸ ਆਤੁਰ ਹੈ ਕਹਿਯੋ ਰਛਕ ਦੀਨਨ ॥

(ਜਿਨ੍ਹਾਂ ਦੇ) ਸ਼ਰੀਰ ਸੋਨੇ ਵਰਗੇ (ਚਮਕੀਲੇ) ਅਤੇ ਕਮਲ ਦੇ ਫੁਲ ਵਰਗੇ ਕੋਮਲ ਮੁਖ ਹਨ (ਉਨ੍ਹਾਂ ਨੇ) ਕਾਮ ਰਸ ਵਿਚ ਆਤੁਰ ਹੋ ਕੇ ਕਿਹਾ, ਹੇ ਦੀਨਾਂ ਦੇ ਰਖਿਅਕ!

ਨੇਹੁ ਬਢਾਇ ਮਹਾ ਸੁਖੁ ਪਾਇ ਕਹਿਯੋ ਸਿਰਿ ਨਿਆਇ ਕੈ ਭਾਤਿ ਅਧੀਨਨ ॥੪੬੬॥

(ਫਿਰ) ਪ੍ਰੇਮ ਨੂੰ ਵਧਾ ਕੇ, ਬਹੁਤ ਸੁਖ ਪ੍ਰਾਪਤ ਕਰ ਕੇ ਅਤੇ ਸਿਰ ਨਿਵਾ ਕੇ ਅਧੀਨਾਂ ਦੇ ਸਮਾਨ (ਨਿਮਰਤਾ ਪੂਰਵਕ) ਕਿਹਾ ॥੪੬੬॥

ਅਤਿ ਹ੍ਵੈ ਰਿਝਵੰਤ ਕਹਿਓ ਗੁਪੀਆ ਜੁਗ ਤੀਸਰ ਮੈ ਪਤਿ ਭਯੋ ਜੁ ਕਪੀ ॥

ਬਹੁਤ ਹੀ ਰੀਝ ਕੇ ਗੋਪੀਆਂ ਨੇ ਕਿਹਾ, ਜੋ ਤ੍ਰੇਤਾ ਯੁਗ ਵਿਚ ਬੰਦਰਾਂ ਦਾ ਸੁਆਮੀ ਹੋਇਆ ਸੀ;

ਜਿਨਿ ਰਾਵਨ ਖੇਤਿ ਮਰਿਓ ਕੁਪ ਕੈ ਜਿਹ ਰੀਝਿ ਬਿਭੀਛਨ ਲੰਕ ਥਪੀ ॥

ਜਿਸ ਨੇ ਕ੍ਰੋਧਵਾਨ ਹੋ ਕੇ ਰਾਵਣ ਨੂੰ ਯੁੱਧ-ਭੂਮੀ ਵਿਚ ਮਾਰਿਆ ਸੀ ਅਤੇ ਜਿਸ ਨੇ ਪ੍ਰਸੰਨ ਹੋ ਕੇ ਵਿਭੀਸ਼ਣ ਨੂੰ ਲੰਕਾ (ਦਾ ਰਾਜ) ਸੌਂਪਿਆ ਸੀ;

ਜਿਹ ਕੀ ਜਗ ਬੀਚ ਪ੍ਰਸਿਧ ਕਲਾ ਕਬਿ ਸ੍ਯਾਮ ਕਹੈ ਕਛੁ ਨਾਹਿ ਛਪੀ ॥

ਕਵੀ ਸ਼ਿਆਮ ਕਹਿੰਦੇ ਹਨ, ਜਿਸ ਦੀ ਕਲਾ (ਸ਼ਕਤੀ ਦੀ ਵਾਰਤਾ) ਜਗਤ ਵਿਚ ਪ੍ਰਸਿੱਧ ਹੈ ਅਤੇ ਕਿਸੇ ਤੋਂ ਲੁਕੀ ਹੋਈ ਨਹੀਂ;

ਤਿਹ ਸੰਗ ਕਰੈ ਰਸ ਕੀ ਚਰਚਾ ਜਿਨ ਹੂੰ ਤਿਰੀਯਾ ਫੁਨਿ ਚੰਡਿ ਜਪੀ ॥੪੬੭॥

ਉਸ ਨਾਲ (ਗੋਪੀਆਂ ਪ੍ਰੇਮ) ਰਸ ਦੀ ਗੱਲ ਕਰਦੀਆਂ ਹਨ ਅਤੇ ਜਿਸ ਨੂੰ ਪ੍ਰਾਪਤ ਕਰਨ ਲਈ ਇਸਤਰੀਆਂ ਨੇ ਚੰਡਿਕਾ ਦਾ ਜਾਪ ਕੀਤਾ ਸੀ ॥੪੬੭॥

ਜਉ ਰਸ ਬਾਤ ਕਹੀ ਗੁਪੀਆ ਤਬ ਹੀ ਹਰਿ ਜਵਾਬ ਦਯੋ ਤਿਨ ਸਾਫੀ ॥

ਜਦੋਂ ਗੋਪੀਆਂ ਨੇ ਰਸ ਭਿੰਨੀ ਗੱਲ ਕਹੀ, ਤਦੋਂ ਕ੍ਰਿਸ਼ਨ ਨੇ ਉਨ੍ਹਾਂ ਨੂੰ ਸਾਫ਼ ਜਵਾਬ ਦਿੱਤਾ

ਆਈ ਹੋ ਛੋਡਿ ਸਭੈ ਪਤਿ ਕੋ ਤੁਮ ਹੋਇ ਤੁਮੈ ਨ ਮਰੇ ਫੁਨਿ ਮਾਫੀ ॥

ਕਿ ਤੁਸੀਂ ਸਾਰੀਆਂ (ਆਪਣੇ) ਪਤੀਆਂ ਨੂੰ ਛਡ ਕੇ ਆਈਆਂ ਹੋ, (ਇਸ ਲਈ) ਮਰਨ ਪਿਛੋਂ ਵੀ ਤੁਹਾਨੂੰ ਮਾਫ਼ੀ ਨਹੀਂ ਮਿਲੇਗੀ।

ਹਉ ਤੁਮ ਸੋ ਨਹਿ ਹੇਤ ਕਰੋ ਤੁਮ ਕਾਹੇ ਕਉ ਬਾਮ ਕਰੋ ਰਸ ਲਾਫੀ ॥

ਮੈਂ ਤੁਹਾਡੇ ਨਾਲ ਪ੍ਰੇਮ ਨਹੀਂ ਕਰਦਾ, ਤੁਸੀਂ (ਪ੍ਰੇਮ) ਰਸ ਦੀਆਂ ਸ਼ੋਖੀ ਭਰੀਆਂ ਗੱਲਾਂ ਕਿਸ ਲਈ ਕਰਦੀਆਂ ਹੋ।

ਇਉ ਕਹਿ ਕੈ ਹਰਿ ਮੋਨ ਭਜੀ ਸੁ ਬਜਾਇ ਉਠਿਯੋ ਮੁਰਲੀ ਮਹਿ ਕਾਫੀ ॥੪੬੮॥

ਇਸ ਤਰ੍ਹਾਂ ਕਹਿ ਕੇ ਕ੍ਰਿਸ਼ਨ ਚੁਪ ਹੋ ਗਏ ਅਤੇ (ਫਿਰ) ਮੁਰਲੀ ਵਿਚ ਕਾਫ਼ੀ ਦੀ ਤਰਜ਼ ਵਜਾਉਣ ਲਗੇ ॥੪੬੮॥

ਕਾਨ੍ਰਹ ਬਾਚ ਗੋਪੀ ਸੋਂ ॥

ਕਾਨ੍ਹ ਨੇ ਗੋਪੀਆਂ ਨੂੰ ਕਿਹਾ:

ਸਵੈਯਾ ॥

ਸਵੈਯਾ:

ਸਭ ਸੁੰਦਰ ਗੋਪਿਨ ਸੋ ਕਬਿ ਸ੍ਯਾਮ ਦਯੋ ਹਰਿ ਕੈ ਹਰਿ ਜਵਾਬ ਜਬੈ ॥

ਕਵੀ ਸ਼ਿਆਮ ਕਹਿੰਦੇ ਹਨ, ਜਦੋਂ ਕ੍ਰਿਸ਼ਨ ਨੇ ਹਸ ਕੇ ਸਾਰੀਆਂ ਸੁੰਦਰ ਗੋਪੀਆਂ ਨੂੰ ਜਵਾਬ ਦਿੱਤਾ।

ਨ ਗਈ ਹਰਿ ਮਾਨ ਕਹਿਯੋ ਗ੍ਰਿਹ ਕੋ ਪ੍ਰਭ ਮੋਹਿ ਰਹੀ ਮੁਖਿ ਦੇਖ ਸਬੈ ॥

ਪਰ ਉਹ ਕ੍ਰਿਸ਼ਨ ਦਾ ਕਿਹਾ ਮੰਨ ਕੇ ਘਰਾਂ ਨੂੰ ਨਾ ਗਈਆਂ (ਕਿਉਂਕਿ) ਉਹ ਸਾਰੀਆਂ ਪ੍ਰਭੂ ਦਾ ਮੁਖ ਵੇਖ ਕੇ ਮੋਹੀਆਂ ਗਈਆਂ ਸਨ।

ਕ੍ਰਿਸਨੰ ਕਰਿ ਲੈ ਅਪਨੇ ਮੁਰਲੀ ਸੁ ਬਜਾਇ ਉਠਿਓ ਜੁਤ ਰਾਗ ਤਬੈ ॥

ਉਸ ਵੇਲੇ ਕ੍ਰਿਸ਼ਨ ਆਪਣੇ ਹੱਥ ਵਿਚ ਮੁਰਲੀ ਲੈ ਕੇ ਰਾਗ ਸਹਿਤ ਵਜਾਉਣ ਲਗਿਆ।

ਮਨੋ ਘਾਇਲ ਗੋਪਿਨ ਕੇ ਬ੍ਰਣ ਮੈ ਭਗਵਾਨ ਡਰਿਯੋ ਜਨੁ ਲੋਨ ਅਬੈ ॥੪੬੯॥

(ਇੰਜ ਪ੍ਰਤੀਤ ਹੋਣ ਲਗਾ) ਮਾਨੋ ਗੋਪੀਆਂ ਦੇ ਜ਼ਖ਼ਮਾਂ ਉਤੇ ਭਗਵਾਨ ਨੇ ਹੁਣੇ ਲੂਣ ਪਾ ਰਿਹਾ ਹੋਵੇ ॥੪੬੯॥

ਜਿਉ ਮ੍ਰਿਗ ਬੀਚ ਮ੍ਰਿਗੀ ਪਿਖੀਐ ਹਰਿ ਤਿਉ ਗਨ ਗ੍ਵਾਰਿਨ ਕੇ ਮਧਿ ਸੋਭੈ ॥

ਜਿਉਂ ਹਿਰਨੀਆਂ ਵਿਚ ਹਿਰਨ ਦਿਖਦਾ ਹੈ, ਤਿਉਂ ਹੀ ਕ੍ਰਿਸ਼ਨ ਗੋਪੀਆਂ ਦੇ ਝੁੰਡ ਵਿਚ ਸੋਭ ਰਿਹਾ ਹੈ।

ਦੇਖਿ ਜਿਸੈ ਰਿਪੁ ਰੀਝ ਰਹੈ ਕਬਿ ਸ੍ਯਾਮ ਨਹੀ ਮਨ ਭੀਤਰ ਛੋਭੈ ॥

ਕਵੀ ਸ਼ਿਆਮ (ਕਹਿੰਦੇ ਹਨ) ਜਿਸ ਨੂੰ ਵੇਖ ਕੇ ਵੈਰੀ ਵੀ ਰੀਝ ਜਾਂਦਾ ਹੈ ਅਤੇ ਮਨ ਵਿਚ ਗੁੱਸਾ ਨਹੀਂ ਕਰਦਾ।

ਦੇਖਿ ਜਿਸੈ ਮ੍ਰਿਗ ਧਾਵਤ ਆਵਤ ਚਿਤ ਕਰੈ ਨ ਹਮੈ ਫੁਨਿ ਕੋ ਭੈ ॥

ਜਿਸ ਨੂੰ ਵੇਖ ਕੇ ਹਿਰਨ ਭਜ ਕੇ ਆਉਂਦੇ ਹਨ ਅਤੇ ਫਿਰ ਚਿੱਤ ਵਿਚ ਕਿਸੇ ਤਰ੍ਹਾਂ ਦਾ ਭੈ ਨਹੀਂ ਕਰਦੇ,

ਸੋ ਬਨ ਬੀਚ ਬਿਰਾਜਤ ਕਾਨ੍ਰਹ ਜੋਊ ਪਿਖਵੈ ਤਿਹ ਕੋ ਮਨੁ ਲੋਭੈ ॥੪੭੦॥

ਉਹ ਕਾਨ੍ਹ ਬਨ ਵਿਚ ਵਿਰਾਜਦਾ ਹੈ। ਉਸ ਨੂੰ ਜੋ ਕੋਈ ਵੇਖਦਾ ਹੈ, (ਉਸੇ ਦਾ) ਮਨ ਲੁਭਾਇਮਾਨ ਹੋ ਜਾਂਦਾ ਹੈ ॥੪੭੦॥

ਗੋਪੀ ਬਾਚ ਕਾਨ੍ਰਹ ਜੂ ਸੋ ॥

ਗੋਪੀਆਂ ਨੇ ਕਾਨ੍ਹ ਜੀ ਨੂੰ ਕਿਹਾ:

ਸਵੈਯਾ ॥

ਸਵੈਯਾ:

ਸੋਊ ਗ੍ਵਾਰਿਨ ਬੋਲਿ ਉਠੀ ਹਰਿ ਸੋ ਬਚਨਾ ਜਿਨ ਕੇ ਸਮ ਸੁਧ ਅਮੀ ॥

ਓਹੀ ਗੋਪੀਆਂ ਕ੍ਰਿਸ਼ਨ ਨੂੰ ਕਹਿਣ ਲਗੀਆਂ, ਜਿਸ ਦੇ ਬੋਲ ਅੰਮ੍ਰਿਤ ਵਰਗੇ ਮਿਠੇ ਹਨ,

ਤਿਹ ਸਾਥ ਲਗੀ ਚਰਚਾ ਕਰਨੇ ਹਰਤਾ ਮਨ ਸਾਧਨ ਸੁਧਿ ਗਮੀ ॥

ਜੋ ਸਾਧਾਂ ਦੇ ਮਨ ਤੋਂ ਚਿੰਤਾ ਨੂੰ ਖ਼ਤਮ ਕਰਨ ਵਾਲਾ ਹੈ, ਉਸ ਨਾਲ (ਗੋਪੀਆਂ) ਚਰਚਾ ਕਰਨ ਲਗ ਪਈਆਂ ਹਨ

ਤਜ ਕੈ ਅਪੁਨੇ ਭਰਤਾ ਹਮਰੀ ਮਤਿ ਕਾਨ੍ਰਹ ਜੂ ਊਪਰਿ ਤੋਹਿ ਰਮੀ ॥

ਕਿ ਹੇ ਕਾਨ੍ਹ ਜੀ! ਆਪਣੇ ਪਤੀਆਂ ਨੂੰ ਛਡ ਕੇ, ਸਾਡੀ ਮਤ ਤੇਰੇ ਉਪਰ ਮੋਹਿਤ ਹੋ ਗਈ ਹੈ।

ਅਤਿ ਹੀ ਤਨ ਕਾਮ ਕਰਾ ਉਪਜੀ ਤੁਮ ਕੋ ਪਿਖਏ ਨਹਿ ਜਾਤ ਛਮੀ ॥੪੭੧॥

(ਸਾਡੇ) ਸ਼ਰੀਰ ਵਿਚ ਤੈਨੂੰ ਵੇਖ ਕੇ ਅਤਿ ਅਧਿਕ ਕਾਮ-ਕਲਾ ਪੈਦਾ ਹੋ ਗਈ ਹੈ, ਜੋ (ਸਾਡੇ ਤੋਂ) ਸ਼ਾਂਤ ਨਹੀਂ ਕੀਤੀ ਜਾ ਸਕਦੀ ॥੪੭੧॥

ਕਬਿਯੋ ਬਾਚ ॥

ਕਵੀ ਨੇ ਕਿਹਾ:

ਸਵੈਯਾ ॥

ਸਵੈਯਾ:

ਭਗਵਾਨਿ ਲਖੀ ਅਪੁਨੇ ਮਨ ਮੈ ਇਹ ਗ੍ਵਾਰਨਿ ਮੋ ਪਿਖਿ ਮੈਨ ਭਰੀ ॥

(ਜਦ) ਕ੍ਰਿਸ਼ਨ ਨੇ ਆਪਣੇ ਮਨ ਵਿਚ ਜਾਣ ਲਿਆ ਕਿ ਇਹ ਗੋਪੀਆਂ ਮੈਨੂੰ ਵੇਖ ਕੇ ਕਾਮ ਭਾਵ ਨਾਲ ਭਰ ਗਈਆਂ ਹਨ,

ਤਬ ਹੀ ਤਜਿ ਸੰਕ ਸਭੈ ਮਨ ਕੀ ਤਿਨ ਕੇ ਸੰਗਿ ਮਾਨੁਖ ਕੇਲ ਕਰੀ ॥

ਤਦ ਹੀ (ਕ੍ਰਿਸ਼ਨ ਨੇ) ਮਨ ਦੇ ਸਾਰੇ ਸੰਗ ਸੰਕੋਚ ਨੂੰ ਛਡ ਕੇ ਉਨ੍ਹਾਂ ਨਾਲ ਮਨੁੱਖੀ ਕ੍ਰੀੜਾ ਕੀਤੀ (ਅਰਥਾਤ ਸੰਯੋਗ ਕੀਤਾ)।

ਹਰਿ ਜੀ ਕਰਿ ਖੇਲ ਕਿਧੌ ਇਨ ਸੋ ਜਨੁ ਕਾਮ ਜਰੀ ਇਹ ਕੀਨ ਜਰੀ ॥

ਕ੍ਰਿਸ਼ਨ ਨੇ (ਇਨ੍ਹਾਂ ਨਾਲ) ਕਾਮ ਕ੍ਰੀੜਾ ਕਰ ਕੇ ਮਾਨੋ ਕਾਮ ਦੀਆਂ ਸੜੀਆਂ ਹੋਈਆਂ ਨੂੰ ਸ਼ਾਂਤ ਕੀਤਾ ਹੋਵੇ।

ਕਬਿ ਸ੍ਯਾਮ ਕਹੈ ਪਿਖਵੋ ਤੁਮ ਕੌਤੁਕ ਕਾਨ੍ਰਹ ਹਰਿਯੋ ਕਿ ਹਰੀ ਸੁ ਹਰੀ ॥੪੭੨॥

ਕਵੀ ਸ਼ਿਆਮ ਕਹਿੰਦੇ ਹਨ, ਤੁਸੀਂ ਕੌਤਕ ਵੇਖੋ ਕਿ ਕਾਨ੍ਹ ਨੇ (ਗੋਪੀਆਂ ਨੂੰ) ਹਰ ਲਿਆ ਹੈ (ਜਾਂ ਉਨ੍ਹਾਂ ਨੇ) ਕ੍ਰਿਸ਼ਨ ਨੂੰ ਹਰ ਲਿਆ ਹੈ ॥੪੭੨॥

ਜੋ ਜੁਗ ਤੀਸਰ ਮੂਰਤਿ ਰਾਮ ਧਰੀ ਜਿਹ ਅਉਰ ਕਰਿਯੋ ਅਤਿ ਸੀਲਾ ॥

ਜਿਸ ਨੇ ਤ੍ਰੇਤਾ ਯੁਗ ਵਿਚ ਰਾਮ ਦਾ ਸਰੂਪ ਧਾਰਿਆ ਸੀ ਅਤੇ ਸ੍ਰੇਸ਼ਠ ਆਚਾਰ ਕੀਤਾ ਸੀ;

ਸਤ੍ਰਨ ਕੋ ਸੁ ਸੰਘਾਰਿ ਕਹੈ ਪ੍ਰਤਿਪਾਰਕ ਸਾਧਨ ਕੋ ਹਰਿ ਹੀਲਾ ॥

ਜੋ ਵੈਰੀਆਂ ਦਾ ਸੰਘਾਰਕ ਹੈ ਅਤੇ ਹਰ ਤਰੀਕੇ ਨਾਲ ਸਾਧਾਂ ਦੀ ਪ੍ਰਤਿਪਾਲਣਾ ਕਰਦਾ ਹੈ;

ਦਵਾਪਰ ਮੋ ਸੋਊ ਕਾਨ੍ਰਹ ਭਯੋ ਮਰੀਯਾ ਅਰਿ ਕੋ ਧਰੀਯਾ ਪਟ ਪੀਲਾ ॥

ਦੁਆਪੁਰ ਯੁਗ ਵਿਚ ਓਹੀ ਕਾਨ੍ਹ ਰੂਪ ਵਿਚ ਪ੍ਰਗਟ ਹੋਇਆ ਹੈ ਅਤੇ ਜਿਸ ਨੇ ਵੈਰੀਆਂ ਨੂੰ ਮਾਰਿਆ ਹੈ ਅਤੇ ਪੀਲੇ ਬਸਤ੍ਰ ਧਾਰਨ ਕੀਤੇ ਹੋਏ ਹਨ।

ਸੋ ਹਰਿ ਭੂਮਿ ਬਿਖੈ ਬ੍ਰਿਜ ਕੀ ਹਸਿ ਗੋਪਿਨ ਸਾਥ ਕਰੈ ਰਸ ਲੀਲਾ ॥੪੭੩॥

ਓਹੀ ਕ੍ਰਿਸ਼ਨ ਬ੍ਰਜ-ਭੂਮੀ ਵਿਚ ਹਸ ਹਸ ਕੇ ਗੋਪੀਆਂ ਨਾਲ ਰਸ-ਲੀਲਾ (ਕਾਮ-ਕ੍ਰੀੜਾ) ਕਰ ਰਿਹਾ ਹੈ ॥੪੭੩॥

ਮਾਲਸਿਰੀ ਅਰੁ ਰਾਮਕਲੀ ਸੁਭ ਸਾਰੰਗ ਭਾਵਨ ਸਾਥ ਬਜਾਵੈ ॥

ਮਾਲਸਿਰੀ ਅਤੇ ਰਾਮਕਲੀ ਅਤੇ ਸ਼ੁਭ ਸਾਰੰਗ (ਰਾਗਾਂ ਨੂੰ) ਇੱਛਾ ਅਨੁਸਾਰ (ਮੁਰਲੀ ਵਿਚ) ਵਜਾਉਂਦਾ ਹੈ।

ਜੈਤਸਿਰੀ ਅਰੁ ਸੁਧ ਮਲ੍ਰਹਾਰ ਬਿਲਾਵਲ ਕੀ ਧੁਨਿ ਕੂਕਿ ਸੁਨਾਵੈ ॥

ਜੈਤਸਰੀ ਅਤੇ ਸ਼ੁੱਧ ਮਲ੍ਹਾਰ ਅਤੇ ਬਿਲਾਵਲ ਦੀ ਧੁਨ ਨੂੰ ਉੱਚੀ ਸੁਰ ਨਾਲ ਸੁਣਾਉਂਦਾ ਹੈ।

ਲੈ ਮੁਰਲੀ ਅਪੁਨੇ ਕਰਿ ਕਾਨ੍ਰਹ ਕਿਧੋ ਅਤਿ ਭਾਵਨ ਸਾਥ ਬਜਾਵੈ ॥

ਮੁਰਲੀ ਨੂੰ ਆਪਣੇ ਹੱਥ ਵਿਚ ਲੈ ਕੇ ਕਾਨ੍ਹ (ਆਪਣੇ ਮਨ ਦੀ) ਮੌਜ ਨਾਲ ਵਜਾਉਂਦਾ ਹੈ।