ਅਤੇ ਜੋਗ ਦੇ ਮਾਰਗ ਤੋਂ ਛਲ ਨਾਲ ਪਰਤਾ ਲਿਆ।
ਰਾਜਾ ਆਪਣੇ ਕਪੜੇ ਧਾਰਨ ਕਰ ਕੇ ਘਰ ਨੂੰ ਪਰਤਿਆ
ਅਤੇ ਫਿਰ ਆਪਣਾ ਰਾਜ ਕਰਨਾ ਸ਼ੁਰੂ ਕੀਤਾ ॥੯੭॥
ਦੋਹਰਾ:
ਅਜਿਹਾ ਚਰਿਤ੍ਰ ਖੇਡ ਕੇ ਰਾਣੀ ਨੇ ਜੀਉਂਦੇ ਜੀ ਜੋਗੀ ਨੂੰ ਧਰਤੀ ਵਿਚ ਗਡ ਕੇ ਮਾਰ ਦਿੱਤਾ
ਅਤੇ ਰਾਜੇ ਨੂੰ ਵਾਪਸ ਬੁਲਾ ਲਿਆ ॥੯੮॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੮੧ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੮੧॥੧੪੪੨॥ ਚਲਦਾ॥
ਚੌਪਈ:
ਜਦੋਂ ਇਨਸਾਫ਼-ਪਸੰਦ ਜਹਾਂਗੀਰ ਬਾਦਸ਼ਾਹ ਮਰ ਗਿਆ
ਤਾਂ ਸ਼ਾਹਜਹਾਨ ਬਾਦਸ਼ਾਹ ਬਣਿਆ।
(ਉਹ) ਦਰਿਆ ਖਾਂ ਉਤੇ ਬਹੁਤ ਨਾਰਾਜ਼ ਹੋਇਆ।
ਉਸ ਨੂੰ ਮਾਰਨਾ ਚਾਹਿਆ, (ਪਰ ਉਹ) ਹੱਥ ਨਾ ਆਇਆ ॥੧॥
ਦੋਹਰਾ:
ਬਾਦਸ਼ਾਹ ਉਸ ਨੂੰ ਮਾਰਨਾ ਚਾਹੁੰਦਾ ਸੀ, ਪਰ ਉਹ ਨਿੱਤ ਹੱਥ ਨਹੀਂ ਆਉਂਦਾ ਸੀ।
ਇਹ ਗੱਲ ਰਾਤ ਦਿਨ, ਸੌਂਦਿਆਂ ਜਾਗਦਿਆਂ ਉਸ ਦੇ ਚਿਤ ਵਿਚ ਬਣੀ ਰਹਿੰਦੀ ਸੀ ॥੨॥
ਸ਼ਾਹਜਹਾਨ ਪਲੰਘ ਤੇ ਸੁਤਿਆਂ ਸੁਤਿਆਂ ਬਰੜਾ ਉਠਦਾ ਸੀ
ਕਿ 'ਅਨੇਕ ਯਤਨ ਕਰ ਕੇ ਦਰਿਆ ਖਾਂ ਨੂੰ ਮਾਰ ਦਿਓ' ॥੩॥
ਚੌਪਈ:
(ਇਕ ਰਾਤ) ਸੁਤਿਆਂ ਹੋਇਆਂ ਸ਼ਾਹਜਹਾਨ ਬਰੜਾਇਆ
ਅਤੇ ਜਾਗਦੀ ਹੋਈ ਬੇਗਮ ਨੇ ਸੁਣ ਲਿਆ।
(ਉਸ ਨੇ) ਸੋਚਿਆ ਕਿ ਵੈਰੀ ਨੂੰ ਮਾਰ ਕੇ
ਪਤੀ ਦੇ ਦੁਖ ਅਤੇ ਸੰਤਾਪ ਨੂੰ ਦੂਰ ਕਰ ਦੇਣਾ ਚਾਹੀਦਾ ਹੈ ॥੪॥
ਬੇਗਮ ਨੇ ਕਿਹਾ:
(ਉਸ ਨੇ) ਪੈਰ ਟੁੰਬ ਕੇ ਬਾਦਸ਼ਾਹ ਨੂੰ ਜਗਾਇਆ
ਅਤੇ ਤਿੰਨ ਵਾਰ ਪ੍ਰਨਾਮ ਕਰ ਕੇ ਸਿਰ ਨਿਵਾਇਆ।
ਜੋ ਤੁਸੀਂ ਕਿਹਾ ਹੈ ਉਹ ਮੈਂ ਸੋਚ ਲਿਆ ਹੈ
ਕਿ ਦਰਿਆ ਖਾਂ ਨੂੰ ਜਾਨੋ ਮਾਰਨਾ ਹੈ ॥੫॥
ਦੋਹਰਾ:
(ਸੂਝਵਾਨ) ਵੈਰੀ ਨੂੰ ਮਾਰਨਾ ਔਖਾ ਹੈ (ਕਿਉਂਕਿ) ਉਹ ਕਦੇ ਵੀ ਦਾਓ ਵਿਚ ਨਹੀਂ ਫਸਦਾ।
(ਪਰ) ਮੂਰਖ ਨੂੰ ਮਾਰਨਾ (ਕੀ ਔਖਾ ਹੈ) ਜਿਸ ਦਾ ਸੁਭਾ ਜਲਦੀ ਰੀਝ ਪੈਣ ਵਾਲਾ ਹੋਵੇ ॥੬॥
ਸੋਰਠਾ:
(ਬੇਗਮ ਨੇ) ਇਕ ਸਿਆਣੀ ਸਖੀ ਨੂੰ ਬੁਲਾਇਆ ਅਤੇ ਗੱਲ ਸਮਝਾ ਕੇ ਭੇਜਿਆ
ਕਿ ਕੋਈ ਚਰਿਤ੍ਰ ਕਰ ਕੇ ਦਰਿਆ ਖਾਂ ਨੂੰ ਬੁਲਾ ਲਿਆਓ ॥੭॥
ਚੌਪਈ:
ਸਿਆਣੀ ਸਖੀ ਸਾਰੀ (ਗੱਲ) ਸਮਝ ਗਈ
ਅਤੇ ਦਰਿਆ ਖਾਂ ਦੇ ਘਰ ਚਲੀ ਗਈ।
(ਉਸ ਨੂੰ) ਇਕਾਂਤ ਵਿਚ ਬੈਠ ਕੇ ਗੱਲ ਦਸੀ
ਕਿ ਤੇਰੇ ਘਰ ਵਿਚ (ਮੈਨੂੰ) ਬੇਗਮ ਨੇ ਭੇਜਿਆ ਹੈ ॥੮॥
ਦੋਹਰਾ:
ਤੁਹਾਡੇ ਰੂਪ ਨੂੰ ਵੇਖ ਕੇ ਬੇਗਮ ਲੁਭਾਇਮਾਨ ਹੋ ਗਈ ਹੈ।
ਤੁਹਾਨੂੰ ਮਿਲਣ ਲਈ ਮੈਨੂੰ ਭੇਜਿਆ ਹੈ ॥੯॥
ਹੇ ਹਜ਼ਰਤ! ਇਸਤਰੀ ਦਾ ਚਿਤ ਚੁਰਾ ਕੇ (ਤੁਸੀਂ) ਕਿਥੇ ਆਕੜੇ ਫਿਰਦੇ ਹੋ।
ਬੇਗਮ ਨੇ ਜਲਦੀ ਬੁਲਾਇਆ ਹੈ, ਦੇਗ ਵਿਚ ਬੈਠ ਕੇ (ਉਥੇ) ਚਲੋ ॥੧੦॥
ਜਿਥੇ ਅਨੇਕ ਚੋਬਦਾਰ, ਸ਼ਸਤ੍ਰਧਾਰੀ ਅੰਗ ਰਖਿਅਕ ਇਸਤਰੀਆਂ ('ਉਰਦਾ ਬੇਗਨੀ') ਅਤੇ ਖੋਜੇ (ਖੁਸਰੇ) ਮੌਜੂਦ ਹਨ,
ਜਿਥੇ ਨਾ ਪੰਛੀ ਫੜਕ ਸਕਦਾ ਹੈ ਅਤੇ ਨਾ ਹੀ ਕੋਈ ਮਨੁੱਖ ਪਹੁੰਚ ਸਕਦਾ ਹੈ ॥੧੧॥
ਚੌਪਈ:
ਜੋ ਕੋਈ ਉਥੇ ਨਜ਼ਰ ਪੈ ਜਾਂਦਾ ਹੈ,
ਤਾਂ ਬਾਦਸ਼ਾਹ ਉਸ ਦੇ ਟੋਟੇ ਟੋਟੇ ਕਰਵਾ ਦਿੰਦਾ ਹੈ।