ਸ਼੍ਰੀ ਦਸਮ ਗ੍ਰੰਥ

ਅੰਗ - 163


ਚਤੁਰਥ ਭਨ ਧਾਤ ਸਿਤੰ ਰੁਕਮੰ ॥

ਅਤੇ ਚੌਥੀ ਧਾਤ ਚਿੱਟੇ ਰੰਗ ਦੀ ਚਾਂਦੀ ਕਹਿੰਦਾ ਹਾਂ।

ਬਹੁਰੋ ਕਥਿ ਤਾਬਰ ਕਲੀ ਪਿਤਰੰ ॥

ਫਿਰ ਤਾਂਬਾ, ਕਲੀ ਅਤੇ ਪਿਤਲ ਕਹਿੰਦਾ ਹਾਂ।

ਕਥਿ ਅਸਟਮ ਜਿਸਤੁ ਹੈ ਧਾਤ ਧਰੰ ॥੯॥

ਅੱਠਵੀਂ ਧਾਤ ਦਾ ਨਾਂ ਜਿਸਤ ਧਰਿਆ ਜਾਂਦਾ ਹੈ ॥੯॥

ਉਪਧਾਤ ਕਥਨੰ ॥

ਉਪਧਾਤ ਦਾ ਕਥਨ

ਤੋਟਕ ਛੰਦ ॥

ਤੋਟਕ ਛੰਦ:

ਸੁਰਮੰ ਸਿੰਗਰਫ ਹਰਤਾਲ ਗਣੰ ॥

ਸੁਰਮਾ, ਸ਼ਿੰਗਰਫ਼, ਹੜਤਾਲ (ਤਿੰਨ ਉਪਧਾਤਾਂ) ਗਿਣੀਆਂ ਜਾਂਦੀਆਂ ਹਨ

ਚਤੁਰਥ ਤਿਹ ਸਿੰਬਲਖਾਰ ਭਣੰ ॥

ਅਤੇ ਚੌਥੀ ਸਿੰਮਲਖਾਰ ਮੰਨੀ ਜਾਂਦੀ ਹੈ।

ਮ੍ਰਿਤ ਸੰਖ ਮਨਾਸਿਲ ਅਭ੍ਰਕਯੰ ॥

ਮੁਰਦਾ ਸੰਖ, ਮੁਨਸ਼ਿਲ, ਅਭ੍ਰਕ

ਭਨਿ ਅਸਟਮ ਲੋਣ ਰਸੰ ਲਵਣੰ ॥੧੦॥

ਅਤੇ ਅੱਠਵੀਂ ਖਾਰੇ ਰਸ ਵਾਲਾ ਲੂਣ ਕਹੀ ਜਾਂਦੀ ਹੈ ॥੧੦॥

ਦੋਹਰਾ ॥

ਦੋਹਰਾ:

ਧਾਤੁ ਉਪਧਾਤ ਜਥਾ ਸਕਤਿ ਸੋਹੂੰ ਕਹੀ ਬਨਾਇ ॥

(ਅੱਠ) ਧਾਤਾਂ ਅਤੇ (ਅੱਠ) ਉਪਧਾਤਾਂ ਸਮਰਥਾ ਅਨੁਸਾਰ ਕਹੀਆਂ ਹਨ।

ਖਾਨਨ ਮਹਿ ਭੀ ਹੋਤ ਹੈ ਕੋਈ ਕਹੂੰ ਕਮਾਇ ॥੧੧॥

ਇਹ ਖਾਣਾਂ ਵਿਚ ਹੀ ਹੁੰਦੀਆਂ ਹਨ, ਭਾਵੇਂ ਕੋਈ ਕਿਤੋਂ ਹੀ ਪ੍ਰਾਪਤ ਕਰ ਲਵੇ ॥੧੧॥

ਚੌਪਈ ॥

ਚੌਪਈ:

ਰਤਨ ਉਪਰਤਨ ਨਿਕਾਸੇ ਤਬਹੀ ॥

ਰਤਨ ਅਤੇ ਉਪਰਤਨ (ਜਦੋਂ) ਨਿਕਲੇ, ਤਦੋਂ ਹੀ

ਧਾਤ ਉਪਧਾਤ ਦਿਰਬ ਮੋ ਸਬ ਹੀ ॥

ਧਾਤਾਂ ਅਤੇ ਉਪਧਾਤਾਂ (ਆਦਿ) ਸਾਰੇ ਪਦਾਰਥ ਪੈਦਾ ਹੋਏ।

ਤਿਹ ਤਬ ਹੀ ਬਿਸਨਹਿ ਹਿਰ ਲਯੋ ॥

ਉਹ ਸਭ ਤਦੋਂ ਹੀ ਵਿਸ਼ਣੂ ਨੇ ਉਠਾ ਲਏ।

ਅਵਰਨਿ ਬਾਟ ਅਵਰ ਨਹਿ ਦਯੋ ॥੧੨॥

ਇਕਨਾਂ (ਦੇਵਤਿਆਂ) ਨੂੰ ਵੰਡ ਦਿੱਤੇ ਅਤੇ ਹੋਰਨਾਂ (ਦੈਤਾਂ) ਨੂੰ ਕੁਝ ਨਾ ਦਿੱਤਾ ॥੧੨॥

ਸਾਰੰਗ ਸਰ ਅਸਿ ਚਕ੍ਰ ਗਦਾ ਲੀਅ ॥

(ਸਾਰੰਗ) ਧਨੁਸ਼, ਬਾਣ, (ਨੰਦਗ) ਖੜਗ, (ਸੁਦਰਸ਼ਨ) ਚੱਕਰ ਅਤੇ ਗਦਾ (ਵਿਸ਼ਣੂ ਨੇ ਆਪ ਰਖ ਲਏ)

ਪਾਚਾਮਰ ਲੈ ਨਾਦ ਅਧਿਕ ਕੀਅ ॥

ਅਤੇ ਪੰਚਜਨ ਸੰਖ (ਆਪਣੇ) ਹੱਥ ਵਿਚ ਲੈ ਕੇ ਜ਼ੋਰ ਦਾ ਨਾਦ ਕੀਤਾ।

ਸੂਲ ਪਿਨਾਕ ਬਿਸਹ ਕਰਿ ਲੀਨਾ ॥

ਫਿਰ ਹਸ ਕੇ ਪਿਨਾਕ ਨਾਂ ਦਾ ਤ੍ਰਿਸ਼ੂਲ ਹੱਥ ਵਿਚ ਫੜ ਲਿਆ

ਸੋ ਲੈ ਮਹਾਦੇਵ ਕਉ ਦੀਨਾ ॥੧੩॥

ਜੋ ਮਹਾਦੇਵ ਨੂੰ ਦੇ ਦਿੱਤਾ ॥੧੩॥

ਭੁਜੰਗ ਪ੍ਰਯਾਤ ਛੰਦ ॥

ਭੁਜੰਗ ਪ੍ਰਯਾਤ ਛੰਦ:

ਦੀਯੋ ਇੰਦ੍ਰ ਐਰਾਵਤੰ ਬਾਜ ਸੂਰੰ ॥

ਇੰਦਰ ਨੂੰ ਐਰਾਵਤ ਹਾਥੀ ਅਤੇ ਸੂਰਜ ਨੂੰ ਉੱਚਸ੍ਰਵਾ ਘੋੜਾ ਦਿੱਤਾ।

ਉਠੇ ਦੀਹ ਦਾਨੋ ਜੁਧੰ ਲੋਹ ਪੂਰੰ ॥

(ਇਹ ਪੱਖਪਾਤ) ਵੇਖ ਕੇ ਦੈਂਤ ਸ਼ਸਤ੍ਰ ਲੈ ਕੇ ਯੁੱਧ ਲਈ ਉਠ ਖੜੋਤੇ।

ਅਨੀ ਦਾਨਵੀ ਦੇਖਿ ਉਠੀ ਅਪਾਰੰ ॥

(ਉਨ੍ਹਾਂ ਨੂੰ ਉਠਿਆ) ਵੇਖ ਕੇ ਦੈਂਤਾ ਦੀ ਅਪਾਰ ਫੌਜ ਵੀ ਉਠ ਖੜੋਤੀ।

ਤਬੈ ਬਿਸਨ ਜੂ ਚਿਤਿ ਕੀਨੀ ਬਿਚਾਰੰ ॥੧੪॥

ਤਦੋਂ ਵਿਸ਼ਣੂ ਨੇ ਚਿੱਤ ਵਿਚ ਵਿਚਾਰ ਕੀਤਾ ॥੧੪॥

ਅਥ ਨਰ ਨਾਰਾਇਣ ਅਵਤਾਰ ਕਥਨੰ ॥

ਹੁਣ ਨਰ ਨਾਰਾਇਣ ਅਵਤਾਰ ਦਾ ਕਥਨ

ਭੁਜੰਗ ਪ੍ਰਯਾਤ ਛੰਦ ॥

ਭੁਜੰਗ ਪ੍ਰਯਾਤ ਛੰਦ:

ਨਰੰ ਅਉਰ ਨਾਰਾਇਣੰ ਰੂਪ ਧਾਰੀ ॥

(ਵਿਸ਼ਣੂ) ਨਰ ਅਤੇ ਨਾਰਾਇਣ ਰੂਪ ਧਾਰ ਕੇ

ਭਯੋ ਸਾਮੁਹੇ ਸਸਤ੍ਰ ਅਸਤ੍ਰੰ ਸੰਭਾਰੀ ॥

ਅਤੇ ਅਸਤ੍ਰ-ਸ਼ਸਤ੍ਰ ਸੰਭਾਲ ਕੇ (ਦੈਂਤਾਂ ਦੀ ਸੈਨਾ ਦੇ) ਸਾਹਮਣੇ ਹੋਇਆ।

ਭਟੰ ਐਠਿ ਫੈਂਟੇ ਭੁਜੰ ਠੋਕਿ ਭੂਪੰ ॥

ਸੂਰਵੀਰਾਂ ਨੇ ਪਟਕੇ ਕਸ ਲਏ (ਕਮਰਕਸੇ ਕਰ ਲਏ) ਅਤੇ ਰਾਜਿਆਂ ਨੇ (ਆਪਣੀਆਂ) ਭੁਜਾਵਾਂ ਠੋਕ ਲਈਆਂ।

ਬਜੇ ਸੂਲ ਸੇਲੰ ਭਏ ਆਪ ਰੂਪੰ ॥੧੫॥

ਤ੍ਰਿਸ਼ੂਲ ਅਤੇ ਬਰਛੇ (ਆਪਸ ਵਿਚ) ਖੜਕਣ ਲਗੇ ਅਤੇ (ਸਾਰੇ ਸੈਨਿਕ) ਤਿਆਰ-ਬਰ-ਤਿਆਰ ('ਆਪ ਰੂਪੰ') ਹੋ ਗਏ ॥੧੫॥

ਪਰਿਯੋ ਆਪ ਮੋ ਲੋਹ ਕ੍ਰੋਹੰ ਅਪਾਰੰ ॥

ਬਹੁਤ ਕ੍ਰੋਧ ਨਾਲ ਆਪਸ ਵਿਚ ਸ਼ਸਤ੍ਰਾਂ ਨਾਲ ਯੁੱਧ ਹੋਇਆ।

ਧਰਿਯੋ ਐਸ ਕੈ ਬਿਸਨੁ ਤ੍ਰਿਤੀਆਵਤਾਰੰ ॥

ਇਸ ਮੌਕੇ ਵਿਸ਼ਣੂ ਨੇ ਤੀਜਾ ਅਵਤਾਰ ਧਾਰਿਆ।

ਨਰੰ ਏਕੁ ਨਾਰਾਇਣੰ ਦੁਐ ਸਰੂਪੰ ॥

ਇਕ ਨਰ ਅਤੇ ਦੂਜਾ ਨਾਰਾਇਣ ਰੂਪ ਸੀ।

ਦਿਪੈ ਜੋਤਿ ਸਉਦਰ ਜੁ ਧਾਰੇ ਅਨੂਪੰ ॥੧੬॥

(ਉਨ੍ਰਾਂ ਨੇ ਜੋ) ਅਨੂਪਮ ਸੌਂਦਰਯ ਧਾਰਨ ਕੀਤਾ ਹੋਇਆ ਸੀ, ਉਸ ਦੀ ਜੋਤਿ ਪ੍ਰਕਾਸ਼ਮਾਨ ਸੀ ॥੧੬॥

ਉਠੈ ਟੂਕ ਕੋਪੰ ਗੁਰਜੰ ਪ੍ਰਹਾਰੇ ॥

(ਸੂਰਮੇ) ਉਠ ਕੇ ਗੁਰਜਾਂ ਦੀ ਮਾਰ ਨਾਲ (ਸਿਰਾਂ ਦੇ ਲੋਹੇ ਦੇ) ਟੋਪਾਂ ਨੂੰ ਟੋਟੇ ਟੋਟੇ ਕਰ ਰਹੇ ਸਨ।

ਜੁਟੇ ਜੰਗ ਕੋ ਜੰਗ ਜੋਧਾ ਜੁਝਾਰੇ ॥

ਜੰਗ ਦੇ ਜੁਝਾਰੂ ਯੋਧੇ ਯੁੱਧ ਵਿਚ ਜੁਟੇ ਹੋਏ ਸਨ।

ਉਡੀ ਧੂਰਿ ਪੂਰੰ ਛੁਹੀ ਐਨ ਗੈਨੰ ॥

(ਉਨ੍ਹਾਂ ਦੇ ਯੁੱਧ ਕਰਦਿਆਂ ਜੋ) ਧੂੜ ਉਡੀ, ਉਹ ਸਾਰੇ ਆਕਾਸ਼ ਵਿਚ ਛਾ ਗਈ।

ਡਿਗੇ ਦੇਵਤਾ ਦੈਤ ਕੰਪਿਯੋ ਤ੍ਰਿਨੈਨੰ ॥੧੭॥

ਦੇਵਤੇ ਅਤੇ ਦੈਂਤ (ਯੁੱਧ-ਭੂਮੀ ਵਿਚ) ਡਿਗਣ ਲਗੇ ਅਤੇ ਸ਼ਿਵ ਵੀ ਕੰਬਣ ਲਗਿਆ ॥੧੭॥

ਗਿਰੇ ਬੀਰ ਏਕੰ ਅਨੇਕੰ ਪ੍ਰਕਾਰੰ ॥

ਇਕ ਇਕ ਕਰਕੇ ਅਨੇਕ ਤਰ੍ਹਾਂ ਨਾਲ ਯੁੱਧ-ਵੀਰ ਡਿਗ ਰਹੇ ਸਨ।

ਸੁਭੈ ਜੰਗ ਮੋ ਜੰਗ ਜੋਧਾ ਜੁਝਾਰੰ ॥

ਜੁਝਾਰੂ ਯੋਧੇ ਜੰਗ ਵਿਚ ਜੁਟੇ ਹੋਏ ਸ਼ੋਭ ਰਹੇ ਸਨ।

ਪਰੀ ਤਛ ਮੁਛੰ ਸਭੈ ਅੰਗ ਭੰਗੰ ॥

(ਯੋਧਿਆਂ ਦੀਆਂ ਲਾਸ਼ਾਂ) ਵੱਢੀਆਂ ਟੁਕੀਆਂ ਅਤੇ ਅੰਗ-ਭੰਗ ਹੋਈਆਂ ਪਈਆਂ ਸਨ।

ਮਨੋ ਪਾਨ ਕੈ ਭੰਗ ਪੌਢੇ ਮਲੰਗੰ ॥੧੮॥

(ਇੰਜ ਪ੍ਰਤੀਤ ਹੋ ਰਿਹਾ ਸੀ) ਮਾਨੋ ਭੰਗ ਪੀ ਕੇ ਮਲੰਗ ਸੁਤੇ ਪਏ ਹੋਣ ॥੧੮॥

ਦਿਸਾ ਮਉ ਨ ਆਈ ਅਨੀ ਦੈਤ ਰਾਜੰ ॥

ਦੈਂਤ ਰਾਜੇ ਦੀ ਸੈਨਾ ਦਿਸਣ ਵਿਚ ਨਹੀਂ ਆਈ (ਅਰਥਾਤ ਭਜ ਗਈ)।

ਭਜੈ ਸਰਬ ਦੇਵੰ ਤਜੇ ਸਰਬ ਸਾਜੰ ॥

(ਉਧਰ) ਦੇਵਤੇ ਵੀ ਸਾਰਾ ਸਾਜ਼-ਸਾਮਾਨ ਛਡ ਕੇ ਭਜ ਗਏ।

ਗਿਰੇ ਸੰਜ ਪੁੰਜ ਸਿਰੰ ਬਾਹੁ ਬੀਰੰ ॥

(ਯੁੱਧ-ਭੂਮੀ ਵਿਚ ਬਹੁਤ ਸਾਰੇ) ਸੂਰਵੀਰਾਂ ਦੇ ਸਿਰ, ਬਾਹਾਂ ਅਤੇ ਕਵਚਾਂ ਦੇ ਝੁੰਡ ਡਿਗੇ ਪਏ ਸਨ।

ਸੁਭੈ ਬਾਨ ਜਿਉ ਚੇਤਿ ਪੁਹਪੰ ਕਰੀਰੰ ॥੧੯॥

ਬਾਣ (ਕਵਚਾਂ ਵਿਚ) ਇੰਜ ਸ਼ੋਭ ਰਹੇ ਸਨ ਜਿਵੇਂ ਚੇਤਰ ਦੇ ਮਹੀਨੇ ਵਿਚ ਕਰੀਰਾਂ ਨੂੰ ਫੁਲ ਲਗੇ ਹੁੰਦੇ ਹਨ ॥੧੯॥


Flag Counter