ਉਨ੍ਹਾਂ ਸਾਰੀਆਂ ਨੂੰ ਇਸ ਥਾਂ ਤੇ ਬੁਲਾਓ
ਅਤੇ ਸੋਨਾ ਉਨ੍ਹਾਂ ਦੇ ਹੱਥ ਨਾਲ ਬਿਜਵਾਓ ॥੨੧॥
ਦੋਹਰਾ:
ਸਭ ਰਾਣੀਆਂ ਜਿਤਨੀਆਂ ਕੁ ਸਨ, ਮਨ ਵਿਚ ਠਠੰਬਰ ਗਈਆਂ।
ਇਸ ਵਿਚ ਕੋਈ ਚਰਿਤ੍ਰ ਹੈ, ਸੋਨਾ ਕਿਸੇ ਨੇ ਵੀ ਨਾ ਬੀਜਿਆ ॥੨੨॥
ਚੌਪਈ:
ਦਰਪ ਕਲਾ ਨੇ ਫਿਰ ਇਸ ਤਰ੍ਹਾਂ ਕਿਹਾ,
ਜੇ ਤੁਸੀਂ ਵਿਭਚਾਰੀ ਨਹੀਂ, ਤਾਂ ਬੀਜੋ।
ਇਸ ਲਈ ਤੁਸੀਂ ਆ ਕੇ ਸੋਨਾ ਬੀਜੋ
ਅਤੇ ਮੇਰੇ ਸਾਰਿਆਂ ਦੁਖਾਂ ਨੂੰ ਨਸ਼ਟ ਕਰ ਦਿਓ ॥੨੩॥
ਅੜਿਲ:
(ਸਾਰੇ) ਇਸਤਰੀ ਮਰਦ ਗੱਲ ਸੁਣ ਕੇ ਮੂੰਹ ਬੰਦ ਕਰ ਕੇ ਰਹਿ ਗਏ।
ਸੋਨਾ ਬੀਜਣ ਲਈ ਕੋਈ ਉਧਰ ਨੂੰ ਨਾ ਗਿਆ।
ਤਦ ਦਰਪ ਕਲਾ ਨੇ ਹੱਸ ਕੇ ਕਿਹਾ,
ਹੇ ਰਾਜਾ ਜੀ! ਆ ਕੇ ਮੇਰੀ ਗੱਲ ਸੁਣੋ ॥੨੪॥
ਜੇ ਕੋਈ ਰਾਜਾ ਇਸਤਰੀ ਪੁਰਸ਼ ਨੂੰ ਪਹਿਲਾਂ ਮਾਰਦਾ ਸੀ,
ਤਾਂ ਤਲਵਾਰ ਲੈ ਕੇ ਸਾਨੂੰ ਮਾਰ ਦਿਓ।
ਭ੍ਰਸ਼ਟ ਹੋਣ ਤੋਂ ਬਿਨਾ ਕੋਈ ਇਸ ਸੰਸਾਰ ਵਿਚ ਨਹੀਂ ਰਿਹਾ।
ਇਸ ਲਈ ਜੋ ਅਜ ਮੈਂ ਅਪਰਾਧ ਕੀਤਾ ਹੈ, ਉਸ ਨੂੰ ਮਾਫ਼ ਕਰ ਦਿਓ ॥੨੫॥
ਦੋਹਰਾ:
ਜਦ ਬਸੰਤ ਵੇਲੇ ਪੌਣ ਦਾ ਵੇਗ ਹੁੰਦਾ ਹੈ
ਤਾਂ ਵੱਡੇ ਨਿੱਕੇ ਬ੍ਰਿਛਾਂ ਵਿਚੋਂ ਕੰਬੇ ਬਿਨਾ ਕੋਈ ਵੀ ਨਹੀਂ ਰਹਿੰਦਾ ॥੨੬॥
ਰਾਜੇ ਨੇ ਉਸ ਤੋਂ ਇਸ ਪ੍ਰਕਾਰ ਦੇ ਬਚਨ ਸੁਣ ਕੇ (ਉਸ ਨੂੰ) ਨਿਹਾਲ ਕਰ ਦਿੱਤਾ
ਅਤੇ ਬਾਦਸ਼ਾਹ ਦੀ ਪੁੱਤਰੀ ਸ਼ਾਹ ਦੇ ਪੁੱਤਰ ਨੂੰ ਉਸੇ ਵੇਲੇ ਦੇ ਦਿੱਤੀ ॥੨੭॥
ਅੜਿਲ:
ਇਸ ਤਰ੍ਹਾਂ ਦੇ ਚਰਿਤ੍ਰ ਨਾਲ ਨੌਜਵਾਨ ਇਸਤਰੀ ਨੇ ਸਭ ਨੂੰ ਛਲ ਲਿਆ।
ਰਾਜੇ ਦੇ ਘਰ ਦਸ ਮਹੀਨੇ ਕੇਲ-ਕ੍ਰੀੜਾ ਕਰਦੀ ਰਹੀ।
ਫਿਰ ਸਭ ਨੂੰ ਅਜਿਹਾ ਚਰਿਤ੍ਰ ਵਿਖਾ ਕੇ,
ਸੁਖ ਪੂਰਵਕ ਮਨ ਭਾਉਂਦਾ ਮਿਤਰ ਪ੍ਰਾਪਤ ਕਰ ਲਿਆ ॥੨੮॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੧੫੪ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੫੪॥੩੦੭੯॥ ਚਲਦਾ॥
ਚੌਪਈ:
ਸ਼ਾਹਜਹਾਨ ਦੀ ਇਕ ਸੁੰਦਰ ਇਸਤਰੀ ਸੀ।
ਉਸ ਦਾ ਨਾਮ ਪ੍ਰਾਨਮਤੀ ਕਿਹਾ ਜਾਂਦਾ ਸੀ।
ਉਸ ਨੇ ਸ਼ਾਹ ਦਾ (ਇਕ) ਪੁੱਤਰ ਵੇਖਿਆ,
ਤਦ ਹੀ ਕਾਮ ਨੇ ਉਸ ਨੂੰ ਘੇਰ ਲਿਆ ॥੧॥
ਅੜਿਲ:
(ਉਸ ਨੇ) ਦਾਸੀ ਭੇਜ ਕੇ ਉਸ ਨੂੰ ਬੁਲਾ ਲਿਆ
ਅਤੇ ਪ੍ਰਸੰਨਤਾ ਸਹਿਤ (ਉਸ ਨਾਲ) ਲਿਪਟ ਲਿਪਟ ਕੇ ਰਤੀ-ਕ੍ਰੀੜਾ ਕੀਤੀ।
ਕੇਲ ਕਰਦਿਆਂ ਦੋਹਾਂ ਨੇ ਹੱਸ ਕੇ ਕਿਹਾ
ਕਿ (ਅਸੀਂ) ਚੌਰਾਸੀ ਆਸਣ ਕਰ ਕੇ ਸੁਖ ਪ੍ਰਾਪਤ ਕੀਤਾ ਹੈ ॥੨॥
ਦੋਹਰਾ:
ਉਸ ਨਾਲ ਬਹੁਤ ਦਿਨਾਂ ਤਕ ਰਮਣ ਕਰ ਕੇ ਫਿਰ ਇਸ ਤਰ੍ਹਾਂ (ਮਨ ਵਿਚ) ਕਿਹਾ
ਕਿ ਇਸ ਨੂੰ ਮਾਰ ਦੇਈਏ, ਮਤਾਂ ਕੋਈ ਜਾਣ ਨਾ ਜਾਏ ॥੩॥
ਚੌਪਈ:
ਪ੍ਰਾਨਮਤੀ ਨੇ ਸਖੀ ਨੂੰ ਆਗਿਆ ਦਿੱਤੀ
ਅਤੇ ਉਹ ਉਸ ਨੂੰ ਮਾਰਨ ਲਈ ਲੈ ਗਈ।
(ਪਹਿਲਾਂ) ਸਖੀ ਨੇ ਆਪ ਉਸ ਨਾਲ ਭੋਗ ਕੀਤਾ
ਅਤੇ ਫਿਰ ਉਸ ਨੂੰ ਇਸ ਤਰ੍ਹਾਂ ਕਿਹਾ ॥੪॥