ਸ਼੍ਰੀ ਦਸਮ ਗ੍ਰੰਥ

ਅੰਗ - 41


ਕਰੰ ਬਾਮ ਚਾਪਿਯੰ ਕ੍ਰਿਪਾਣੰ ਕਰਾਲੰ ॥

(ਜਿਸ ਦੇ) ਖਬੇ ਹੱਥ ਵਿਚ ਧਨੁਸ਼ (ਅਤੇ ਸਜੇ ਹੱਥ ਵਿਚ) ਭਿਆਨਕ ਤਲਵਾਰ ਹੈ।

ਮਹਾ ਤੇਜ ਤੇਜੰ ਬਿਰਾਜੈ ਬਿਸਾਲੰ ॥

ਤੇਜਾਂ ਦਾ ਵੀ ਮਹਾ ਤੇਜ ਹੋ ਕੇ ਵਿਸ਼ਾਲ ਰੂਪ ਵਿਚ ਬਿਰਾਜਮਾਨ ਹੈ।

ਮਹਾ ਦਾੜ ਦਾੜੰ ਸੁ ਸੋਹੰ ਅਪਾਰੰ ॥

(ਉਹ) ਦਾੜ੍ਹਾਂ ਦਾ ਵੀ ਮਹਾ ਦਾੜ੍ਹ (ਆਪਣੇ) ਅਪਾਰ ਰੂਪ ਵਿਚ ਸੁਭਾਇਮਾਨ ਹੈ

ਜਿਨੈ ਚਰਬੀਯੰ ਜੀਵ ਜਗ੍ਰਯੰ ਹਜਾਰੰ ॥੧੮॥

ਜਿਸ ਨੇ ਯੱਗਾਂ (ਜਾਂ ਜਗਤ) ਦੇ ਹਜ਼ਾਰਾਂ ਜੀਵਾਂ ਨੂੰ ਚਬ ਲਿਆ ਹੈ ॥੧੮॥

ਡਮਾ ਡੰਡ ਡਉਰੂ ਸਿਤਾਸੇਤ ਛਤ੍ਰੰ ॥

(ਮਹਾ ਕਾਲ ਦਾ) ਡਉਰੂ ਡੰਮ ਡੰਮ ਕਰ ਕੇ ਵਜਦਾ ਹੈ, ਅਤੇ (ਉਸ ਦਾ) ਕਾਲੇ ਅਤੇ ਚਿੱਟੇ ਰੰਗ ਦਾ ਛਤ੍ਰ ਹੈ।

ਹਾਹਾ ਹੂਹ ਹਾਸੰ ਝਮਾ ਝਮ ਅਤ੍ਰੰ ॥

(ਉਹ) ਹਾਹਾ-ਹੂਹੂ ਕਰ ਕੇ ਹਸ ਰਿਹਾ ਹੈ ਅਤੇ (ਉਸਦੇ) ਅਸਤ੍ਰ ਚਮਕ ਰਹੇ ਹਨ।

ਮਹਾ ਘੋਰ ਸਬਦੰ ਬਜੇ ਸੰਖ ਐਸੰ ॥

ਮਹਾ ਘੋਰ ਧੁੰਨ ਨਾਲ ਸੰਖ ਅਜਿਹੇ ਵਜਦੇ ਹਨ

ਪ੍ਰਲੈ ਕਾਲ ਕੇ ਕਾਲ ਕੀ ਜ੍ਵਾਲ ਜੈਸੰ ॥੧੯॥

ਜਿਵੇਂ ਪਰਲੋ ਦੀ ਮ੍ਰਿਤੂ ਦੀ ਜਵਾਲਾ ਭੜਕ ਰਹੀ ਹੋਵੇ ॥੧੯॥

ਰਸਾਵਲ ਛੰਦ ॥

ਰਸਾਵਲ ਛੰਦ:

ਘਣੰ ਘੰਟ ਬਾਜੰ ॥

ਘਨਘੋਰ ਆਵਾਜ਼ ਨਾਲ ਘੰਟੇ ਵਜਦੇ ਹਨ

ਧੁਣੰ ਮੇਘ ਲਾਜੰ ॥

(ਜਿਨ੍ਹਾਂ ਦੀ) ਧੁੰਨ ਸੁਣ ਕੇ ਬਦਲ ਸ਼ਰਮਿੰਦੇ ਹੁੰਦੇ ਹਨ

ਭਯੋ ਸਦ ਏਵੰ ॥

ਅਜਿਹਾ ਸ਼ਬਦ ਹੁੰਦਾ ਹੈ,

ਹੜਿਯੋ ਨੀਰ ਧੇਵੰ ॥੨੦॥

ਮਾਨੋ ਸਮੁੰਦਰ ਵਿਚ ਬਾੜ੍ਹ ਆ ਗਈ ਹੋਵੇ ॥੨੦॥

ਘੁਰੰ ਘੁੰਘਰੇਯੰ ॥

ਘੁੰਘਰੂਆਂ ਦੀ ਆਵਾਜ਼ ਆ ਰਹੀ ਹੈ,

ਧੁਣੰ ਨੇਵਰੇਯੰ ॥

ਝਾਂਝਰਾਂ ਦਾ ਸ਼ਬਦ ਹੋ ਰਿਹਾ ਹੈ।

ਮਹਾ ਨਾਦ ਨਾਦੰ ॥

ਅਜਿਹੇ ਨਾਦਾਂ ਵਿਚ (ਉਸ ਦੇ) ਮਹਾ ਨਾਦ ਦਾ-

ਸੁਰੰ ਨਿਰ ਬਿਖਾਦੰ ॥੨੧॥

ਸਵਰ ਦੁਖ-ਕਲੇਸ਼ ਤੋਂ ਮੁਕਤ ਕਰਦਾ ਹੋਇਆ (ਚੜ੍ਹਦੀ ਕਲਾ ਵਿਚ ਰਖਦਾ ਹੈ) ॥੨੧॥

ਸਿਰੰ ਮਾਲ ਰਾਜੰ ॥

(ਉਸ ਦੇ) ਸਿਰ ਤੇ ਮਾਲਾ ਸ਼ੁਭਾਇਮਾਨ ਹੈ

ਲਖੇ ਰੁਦ੍ਰ ਲਾਜੰ ॥

ਜਿਸ ਨੂੰ ਵੇਖ ਕੇ ਰੁਦਰ ਵੀ ਸ਼ਰਮਿੰਦਾ ਹੁੰਦਾ ਹੈ।

ਸੁਭੇ ਚਾਰ ਚਿਤ੍ਰੰ ॥

(ਇਸ ਤਰ੍ਹਾਂ ਉਸ ਦੀ) ਸੁੰਦਰ ਮੂਰਤ ਸੋਭਦੀ ਹੈ

ਪਰਮੰ ਪਵਿਤ੍ਰੰ ॥੨੨॥

ਜੋ ਬਹੁਤ ਪਵਿੱਤਰ ਹੈ ॥੨੨॥

ਮਹਾ ਗਰਜ ਗਰਜੰ ॥

(ਉਸ ਦੀ) ਮਹਾਨ ਗਰਜ ਨੂੰ ਸੁਣ ਕੇ

ਸੁਣੇ ਦੂਤ ਲਰਜੰ ॥

ਯਮ-ਦੂਤ ਕੰਬਣ ਲਗ ਜਾਂਦੇ ਹਨ।

ਸ੍ਰਵੰ ਸ੍ਰੋਣ ਸੋਹੰ ॥

(ਉਸ ਦੇ ਗੱਲੇ ਵਿਚ ਪਈ ਨਰ-ਮੁੰਡ-ਮਾਲਾ ਵਿਚੋਂ) ਚੋਂਦਾ ਹੋਇਆ ਲਹੂ (ਇਤਨਾ) ਸੋਭ ਰਿਹਾ ਹੈ

ਮਹਾ ਮਾਨ ਮੋਹੰ ॥੨੩॥

ਕਿ ਮਹਾਮਾਨ ਵਾਲਿਆਂ ਨੂੰ ਵੀ ਮੋਹ ਲੈਂਦਾ ਹੈ ॥੨੩॥

ਭੁਜੰਗ ਪ੍ਰਯਾਤ ਛੰਦ ॥

ਭੁਜੰਗ ਪ੍ਰਯਾਤ ਛੰਦ:

ਸ੍ਰਿਜੇ ਸੇਤਜੰ ਜੇਰਜੰ ਉਤਭੁਜੇਵੰ ॥

(ਉਸ ਨੇ) ਸੇਤਜ, ਜੇਰਜ ਅਤੇ ਉਤਭੁਜ ਦੀ ਸਿਰਜਨਾ ਕੀਤੀ ਹੈ।

ਰਚੇ ਅੰਡਜੰ ਖੰਡ ਬ੍ਰਹਮੰਡ ਏਵੰ ॥

ਇਸੇ ਤਰ੍ਹਾਂ ਅੰਡਜ ਤੋਂ ਖੰਡਾਂ ਬ੍ਰਹਿਮੰਡਾਂ ਦੀ ਰਚਨਾ ਕੀਤੀ ਹੈ।

ਦਿਸਾ ਬਿਦਿਸਾਯੰ ਜਿਮੀ ਆਸਮਾਣੰ ॥

(ਉਸ ਨੇ ਹੀ) ਦਿਸ਼ਾ, ਵਿਦਿਸ਼ਾ, ਜ਼ਮੀਨ ਅਤੇ ਆਸਮਾਨ (ਬਣਾਏ ਹਨ)

ਚਤੁਰ ਬੇਦ ਕਥ੍ਯੰ ਕੁਰਾਣੰ ਪੁਰਾਣੰ ॥੨੪॥

ਅਤੇ ਚਾਰ ਵੇਦਾਂ, ਕੁਰਾਨ ਅਤੇ ਪੁਰਾਣਾਂ ਦਾ ਕਥਨ ਕੀਤਾ ਹੈ ॥੨੪॥

ਰਚੇ ਰੈਣ ਦਿਵਸੰ ਥਪੇ ਸੂਰ ਚੰਦ੍ਰੰ ॥

(ਉਸ ਨੇ) ਦਿਨ ਰਾਤ ਦੀ ਰਚਨਾ ਕੀਤੀ ਅਤੇ ਸੂਰਜ ਤੇ ਚੰਦ੍ਰਮਾ ਨੂੰ ਸਥਾਪਿਤ ਕੀਤਾ ਹੈ।

ਠਟੇ ਦਈਵ ਦਾਨੋ ਰਚੇ ਬੀਰ ਬਿੰਦ੍ਰੰ ॥

ਦੇਵਤਿਆਂ ਅਤੇ ਦੈਂਤਾਂ ਨੂੰ ਬਣਾਇਆ ਅਤੇ ਬਹੁਤ ਵੱਡੇ ਵੀਰ ਸੂਰਮੇ ਪੈਦਾ ਕੀਤੇ ਹਨ।

ਕਰੀ ਲੋਹ ਕਲਮੰ ਲਿਖ੍ਯੋ ਲੇਖ ਮਾਥੰ ॥

ਲੋਹ-ਕਲਮ (ਤਕਦੀਰ ਦੀ ਤਖ਼ਤੀ) ਬਣਾਈ ਅਤੇ (ਸਭ ਦੇ) ਮੱਥੇ ਉਤੇ ਲੇਖ ਲਿਖਿਆ

ਸਬੈ ਜੇਰ ਕੀਨੇ ਬਲੀ ਕਾਲ ਹਾਥੰ ॥੨੫॥

ਅਤੇ ਕਾਲ ਦੇ ਬਲਵਾਨ ਹੱਥ ਨੇ ਸਭ ਨੂੰ ਅਧੀਨ ਕੀਤਾ ਹੈ ॥੨੫॥

ਕਈ ਮੇਟਿ ਡਾਰੇ ਉਸਾਰੇ ਬਨਾਏ ॥

(ਉਸ ਨੇ) ਕਈ ਮਿਟਾ ਦਿੱਤੇ ਅਤੇ ਫਿਰ ਉਸਾਰ ਕੇ ਬਣਾ ਦਿੱਤੇ।

ਉਪਾਰੇ ਗੜੇ ਫੇਰਿ ਮੇਟੇ ਉਪਾਏ ॥

(ਇਸ ਤਰ੍ਹਾਂ ਸ੍ਰਿਸ਼ਟੀ ਨੂੰ) ਉਖਾੜਿਆ, ਬਣਾਇਆ, ਫਿਰ ਮੇਟਿਆ ਅਤੇ ਪੈਦਾ ਕੀਤਾ।

ਕ੍ਰਿਆ ਕਾਲ ਜੂ ਕੀ ਕਿਨੂ ਨ ਪਛਾਨੀ ॥

ਕਾਲ ਜੀ ਦੀ ਕ੍ਰਿਆ (ਕਾਰਵਾਈ) ਨੂੰ ਕਿਸੇ ਨਹੀਂ ਪਛਾਣਿਆ।

ਘਨਿਯੋ ਪੈ ਬਿਹੈ ਹੈ ਘਨਿਯੋ ਪੈ ਬਿਹਾਨੀ ॥੨੬॥

ਬਹੁਤਿਆਂ ਉਤੇ ਬੀਤ ਚੁਕੀ ਹੈ ਅਤੇ ਬਹੁਤਿਆਂ ਉਤੇ ਬੀਤੀ ਹੈ ॥੨੬॥

ਕਿਤੇ ਕ੍ਰਿਸਨ ਸੇ ਕੀਟ ਕੋਟੈ ਬਨਾਏ ॥

(ਉਸ ਨੇ) ਕਿਤਨੇ ਹੀ ਕ੍ਰਿਸ਼ਨ ਵਰਗੇ ਕਰੋੜਾਂ ਬਣਾਏ,

ਕਿਤੇ ਰਾਮ ਸੇ ਮੇਟਿ ਡਾਰੇ ਉਪਾਏ ॥

ਕਿਤਨੇ ਹੀ ਰਾਮ ਵਰਗੇ ਪੈਦਾ ਕੀਤੇ ਅਤੇ ਮਿਟਾ ਦਿੱਤੇ,

ਮਹਾਦੀਨ ਕੇਤੇ ਪ੍ਰਿਥੀ ਮਾਝਿ ਹੂਏ ॥

ਕਿਤਨੇ ਹੀ ਮੁਹੰਮਦ (ਮਹਾਦੀਨ) ਧਰਤੀ ਉਤੇ ਹੋਏ,

ਸਮੈ ਆਪਨੀ ਆਪਨੀ ਅੰਤਿ ਮੂਏ ॥੨੭॥

ਸਾਰੇ ਹੀ ਆਪਣੇ ਆਪਣੇ ਸਮੇਂ (ਵਿਚ ਹੋ ਕੇ) ਅੰਤ ਵਿਚ ਸਮਾ ਗਏ ॥੨੭॥

ਜਿਤੇ ਅਉਲੀਆ ਅੰਬੀਆ ਹੋਇ ਬੀਤੇ ॥

ਜਿਤਨੇ ਵੀ ਧਰਮ-ਆਗੂ ਅਥਵਾ ਪੈਗ਼ੰਬਰ ਹੋ ਚੁਕੇ ਹਨ,

ਤਿਤ੍ਰਯੋ ਕਾਲ ਜੀਤਾ ਨ ਤੇ ਕਾਲ ਜੀਤੇ ॥

ਉਨ੍ਹਾਂ (ਸਭ ਨੂੰ) ਕਾਲ ਨੇ ਜਿਤਿਆ ਹੈ ਪਰ ਉਹ ਕਾਲ ਨੂੰ ਨਹੀਂ ਜਿਤ ਸਕੇ।

ਜਿਤੇ ਰਾਮ ਸੇ ਕ੍ਰਿਸਨ ਹੁਇ ਬਿਸਨੁ ਆਏ ॥

ਜਿਤਨੇ ਵੀ ਵਿਸ਼ਣੂ ਦੇ (ਅਵਤਾਰ ਰੂਪ ਵਿਚ) ਕ੍ਰਿਸ਼ਨ ਅਤੇ ਰਾਮ ਵਰਗੇ ਆਏ,

ਤਿਤ੍ਰਯੋ ਕਾਲ ਖਾਪਿਓ ਨ ਤੇ ਕਾਲ ਘਾਏ ॥੨੮॥

ਉਨ੍ਹਾਂ ਸਭ ਨੂੰ ਕਾਲ ਨੇ ਖਪਾ ਦਿੱਤਾ, ਪਰ ਉਹ ਕਾਲ ਦਾ ਨਾਸ਼ ਨਹੀਂ ਕਰ ਸਕੇ ॥੨੮॥

ਜਿਤੇ ਇੰਦ੍ਰ ਸੇ ਚੰਦ੍ਰ ਸੇ ਹੋਤ ਆਏ ॥

ਜਿਤਨੇ ਵੀ ਇੰਦਰ ਅਤੇ ਚੰਦ੍ਰਮਾ ਵਰਗੇ ਹੋਏ,

ਤਿਤ੍ਰਯੋ ਕਾਲ ਖਾਪਾ ਨ ਤੇ ਕਾਲਿ ਘਾਏ ॥

ਉਨ੍ਹਾਂ ਸਭ ਨੂੰ ਕਾਲ ਨੇ ਖਪਾ ਦਿੱਤਾ, ਪਰ ਕਾਲ ਨੂੰ ਨਾ ਖ਼ਤਮ ਕਰ ਸਕੇ।


Flag Counter