ਸ਼੍ਰੀ ਦਸਮ ਗ੍ਰੰਥ

ਅੰਗ - 268


ਖਰੇ ਤੋਹਿ ਦੁਆਰੇ ॥੬੪੪॥

ਅਤੇ (ਹੁਣ) ਤੁਹਾਡੇ ਦੁਆਰ ਉਤੇ ਖੜੋਤੇ ਹਨ ॥੬੪੪॥

ਚਲੋ ਬੇਗ ਸੀਤਾ ॥

ਹੇ ਸੀਤਾ ਮਾਤਾ ਜੀ! ਜਲਦੀ ਚਲੋ,

ਜਹਾ ਰਾਮ ਜੀਤਾ ॥

ਜਿਥੇ ਰਾਮ ਜੀ ਨੇ (ਯੁੱਧ) ਜਿੱਤਿਆ ਹੈ।

ਸਭੈ ਸਤ੍ਰੁ ਮਾਰੇ ॥

ਸਾਰੇ ਵੈਰੀ ਮਾਰੇ ਗਏ ਹਨ

ਭੂਅੰ ਭਾਰ ਉਤਾਰੇ ॥੬੪੫॥

ਅਤੇ ਧਰਤੀ ਦਾ ਭਾਰ ਉਤਾਰ ਦਿੱਤਾ ਹੈ ॥੬੪੫॥

ਚਲੀ ਮੋਦ ਕੈ ਕੈ ॥

(ਸੀਤਾ) ਪ੍ਰਸੰਨ ਹੋ ਕੇ ਤੁਰ ਪਈ।

ਹਨੂ ਸੰਗ ਲੈ ਕੈ ॥

ਹਨੂਮਾਨ (ਉਨ੍ਹਾਂ ਨੂੰ) ਨਾਲ ਲੈ ਕੇ (ਰਾਮ ਜੀ ਪਾਸ ਆਇਆ)।

ਸੀਆ ਰਾਮ ਦੇਖੇ ॥

ਸੀਤਾ ਨੇ ਰਾਮ ਜੀ ਨੂੰ ਵੇਖਿਆ

ਉਹੀ ਰੂਪ ਲੇਖੇ ॥੬੪੬॥

ਅਤੇ ਪਹਿਲੇ ਵਾਲੇ ਰੂਪ ਕਰਕੇ ਹੀ ਜਾਣਿਆ ॥੬੪੬॥

ਲਗੀ ਆਨ ਪਾਯੰ ॥

ਸੀਤਾ (ਸ੍ਰੀ ਰਾਮ) ਦੇ ਪੈਰੀਂ ਆ ਲਗੀ।

ਲਖੀ ਰਾਮ ਰਾਯੰ ॥

ਰਾਮ ਰਾਜੇ ਨੇ ਵੇਖ ਲਿਆ। (ਤਾਂ ਰਾਮ ਨੇ ਕਿਹਾ-)

ਕਹਯੋ ਕਉਲ ਨੈਨੀ ॥

ਹੇ ਕਮਲ ਵਰਗੀਆਂ ਅੱਖਾਂ ਵਾਲੀਏ!

ਬਿਧੁੰ ਬਾਕ ਬੈਨੀ ॥੬੪੭॥

ਹੇ ਕੋਇਲ ਦੀ ਸੁਰ ਵਰਗੇ ਬੋਲ ਬੋਲਣ ਵਾਲੀਏ! ਦੱਸੋ (ਤੁਹਾਡੀ ਪਵਿੱਤਰਤਾ ਦੀ ਪਰੀਖਿਆ ਕਿਸ ਤਰ੍ਹਾਂ ਹੋਵੇ) ॥੬੪੭॥

ਧਸੋ ਅਗ ਮਧੰ ॥

(ਤੂੰ) ਅੱਗ ਵਿੱਚ ਵੜ ਜਾ,

ਤਬੈ ਹੋਇ ਸੁਧੰ ॥

ਤਦੇ ਸ਼ੁੱਧ ਹੋਵੇਂਗੀ।

ਲਈ ਮਾਨ ਸੀਸੰ ॥

ਸੀਤਾ ਨੇ (ਇਹ ਆਗਿਆ) ਸਿਰ ਮੱਥੇ ਮੰਨ ਲਈ।

ਰਚਯੋ ਪਾਵਕੀਸੰ ॥੬੪੮॥

(ਉਸੇ ਵੇਲੇ) ਅੱਗ ਦਾ ਅੰਗੀਠਾ ਰਚਿਆ ਗਿਆ ॥੬੪੮॥

ਗਈ ਪੈਠ ਐਸੇ ॥

(ਅਗਨੀ ਦੇ ਲਟ-ਲਟ ਬਲਣ 'ਤੇ ਸੀਤਾ ਉਸ ਵਿੱਚ) ਇਸ ਤਰ੍ਹਾਂ ਪ੍ਰਵੇਸ਼ ਕਰ ਗਈ

ਘਨੰ ਬਿਜ ਜੈਸੇ ॥

ਜਿਵੇਂ ਬੱਦਲ ਵਿੱਚ ਬਿਜਲੀ (ਲੁਕ ਜਾਂਦੀ ਹੈ),

ਸ੍ਰੁਤੰ ਜੇਮ ਗੀਤਾ ॥

ਜਿਵੇਂ ਵੇਦਾਂ ਨਾਲ ਗੀਤਾ ਮਿਲੀ ਹੋਈ ਹੈ,

ਮਿਲੀ ਤੇਮ ਸੀਤਾ ॥੬੪੯॥

ਤਿਵੇਂ ਸ਼ੁੱਧ ਸਰੂਪ-ਸੀਤਾ (ਅਗਨੀ ਦੇ ਅੰਦਰ) ਸਮਾ ਗਈ ॥੬੪੯॥

ਧਸੀ ਜਾਇ ਕੈ ਕੈ ॥

ਧਾਈ ਕਰਕੇ (ਸੀਤਾ ਅੱਗ ਵਿੱਚ) ਜਾ ਦਾਖ਼ਲ ਹੋਈ।

ਕਢੀ ਕੁੰਦਨ ਹ੍ਵੈ ਕੈ ॥

(ਅਗਨੀ ਦੇਵਤਾ ਨੇ ਉਸ ਨੂੰ ਸੋਨੇ) (ਵਾਂਗ ਨਿਖਾਰ ਕੇ) ਬਾਹਰ ਕੱਢਿਆ।

ਗਰੈ ਰਾਮ ਲਾਈ ॥

ਰਾਮ ਨੇ (ਉਸ ਨੂੰ) ਆਪਣੇ ਗਲ ਨਾਲ ਲਾ ਲਿਆ।

ਕਬੰ ਕ੍ਰਿਤ ਗਾਈ ॥੬੫੦॥

(ਅਜਿਹੇ ਪਵਿੱਤਰ ਆਚਰਨ ਕਰਕੇ ਹੀ) ਕਵੀਆਂ ਨੇ (ਸੀਤਾ ਜੀ ਦਾ) ਯਸ਼ ਗਾਇਆ ਹੈ ॥੬੫੦॥

ਸਭੋ ਸਾਧ ਮਾਨੀ ॥

ਸਾਰੇ ਸਾਧੂ (ਵਿਅਕਤੀਆਂ ਨੇ ਇਸ ਅਗਨੀ ਪ੍ਰੀਖਿਆ ਨੂੰ) ਮੰਨ ਲਿਆ

ਤਿਹੂ ਲੋਗ ਜਾਨੀ ॥

ਅਤੇ ਤਿੰਨਾਂ ਲੋਕਾਂ ਵਿੱਚ (ਇਹ ਗੱਲ) ਜਾਣੀ ਗਈ।

ਬਜੇ ਜੀਤ ਬਾਜੇ ॥

(ਜਦੋਂ) ਜਿੱਤ ਦੇ ਵਾਜੇ ਵੱਜਣ ਲਗੇ,

ਤਬੈ ਰਾਮ ਗਾਜੇ ॥੬੫੧॥

ਤਦੋਂ ਰਾਮ ਗੱਜਣ ਲੱਗੇ ॥੬੫੧॥

ਲਈ ਜੀਤ ਸੀਤਾ ॥

ਇਸ ਤਰ੍ਹਾਂ ਸੀਤਾ ਜਿੱਤ ਲਈ,

ਮਹਾ ਸੁਭ੍ਰ ਗੀਤਾ ॥

ਜੋ ਮਹਾਨ ਯਸ਼ ਵਾਲੀ ਹੈ।

ਸਭੈ ਦੇਵ ਹਰਖੇ ॥

ਸਾਰੇ ਦੇਵਤੇ ਆਨੰਦਿਤ ਹੋਏ

ਨਭੰ ਪੁਹਪ ਬਰਖੇ ॥੬੫੨॥

ਅਤੇ ਆਕਾਸ਼ ਤੋਂ ਫੁੱਲਾਂ ਦੀ ਵਰਖਾ ਕਰਨ ਲੱਗੇ ॥੬੫੨॥

ਇਤਿ ਸ੍ਰੀ ਬਚਿਤ੍ਰ ਨਾਟਕੇ ਰਾਮਵਤਾਰ ਬਭੀਛਨ ਕੋ ਲੰਕਾ ਕੋ ਰਾਜ ਦੀਬੋ ਮਦੋਦਰੀ ਸਮੋਧ ਕੀਬੋ ਸੀਤਾ ਮਿਲਬੋ ਧਯਾਇ ਸਮਾਪਤੰ ॥੧੮॥

ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦੇ ਰਾਮਾਵਤਾਰ ਦੇ ਵਿਭੀਸ਼ਣ ਨੂੰ ਲੰਕਾ ਦਾ ਰਾਜ ਦੇਣ, ਮੰਦੋਦਰੀ ਨੂੰ ਸਮਿਅਕ ਗਿਆਨ ਕਰਨ ਅਤੇ ਸੀਤਾ ਦੇ ਮਿਲਣ ਦੇ ਅਧਿਆਇ ਦੀ ਸਮਾਪਤੀ ॥੧੮॥

ਅਥ ਅਉਧਪੁਰੀ ਕੋ ਚਲਬੋ ਕਥਨੰ ॥

ਹੁਣ ਅਯੁਧਿਆ ਨੂੰ ਚਲਣ ਦਾ ਕਥਨ

ਰਸਾਵਲ ਛੰਦ ॥

ਰਸਾਵਲ ਛੰਦ

ਤਬੈ ਪੁਹਪੁ ਪੈ ਕੈ ॥

ਤਦੋਂ ਰਾਮ ਯੁੱਧ ਜਿੱਤ ਕੇ

ਚੜੇ ਜੁਧ ਜੈ ਕੈ ॥

ਪੁਸ਼ਪਕ ਬਿਮਾਨ ਉਤੇ ਚੜ੍ਹੇ,

ਸਭੈ ਸੂਰ ਗਾਜੈ ॥

ਸਾਰੇ ਸੂਰਮੇ ਗੱਜਣ ਲਗੇ

ਜਯੰ ਗੀਤ ਬਾਜੇ ॥੬੫੩॥

ਅਤੇ ਜਿੱਤ ਦੇ ਗੀਤਾਂ ਦੀਆਂ ਧੁੰਨਾਂ ਵਜਣ ਲਗੀਆਂ ॥੬੫੩॥

ਚਲੇ ਮੋਦ ਹ੍ਵੈ ਕੈ ॥

ਬੜੇ ਪ੍ਰਸੰਨ ਹੋ ਕੇ

ਕਪੀ ਬਾਹਨ ਲੈ ਕੈ ॥

ਅਤੇ ਬੰਦਰਾਂ ਦੀ ਸੈਨਾ ਨੂੰ ਨਾਲ ਲੈ ਕੇ

ਪੁਰੀ ਅਉਧ ਪੇਖੀ ॥

(ਰਾਮ ਜੀ ਨੇ ਆ ਕੇ) ਅਯੁੱਧਿਆ ਪੁਰੀ ਵੇਖੀ

ਸ੍ਰੁਤੰ ਸੁਰਗ ਲੇਖੀ ॥੬੫੪॥

(ਜੋ) ਸੁਅਰਗ ਵਰਗੀ ਸੁਣੀ ਜਾਂਦੀ ਹੈ ॥੬੫੪॥

ਮਕਰਾ ਛੰਦ ॥

ਮਕਰਾ ਛੰਦ

ਸੀਅ ਲੈ ਸੀਏਸ ਆਏ ॥

ਸੀਤਾ ਦੇ ਸੁਆਮੀ (ਰਾਮ ਚੰਦਰ) ਸੀਤਾ ਨੂੰ ਲੈ ਕੇ ਆਏ ਹਨ,

ਮੰਗਲ ਸੁ ਚਾਰ ਗਾਏ ॥

(ਉਥੇ) ਸ਼ੁਭ ਮੰਗਲਾਚਾਰ ਗਾਏ ਜਾ ਰਹੇ ਹਨ।

ਆਨੰਦ ਹੀਏ ਬਢਾਏ ॥

(ਸਭਨਾਂ ਨੇ) ਦਿਲਾਂ ਵਿੱਚ ਆਨੰਦ ਵਧਾਇਆ ਹੋਇਆ ਹੈ


Flag Counter