ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਹੁਣ ਬਚਿਤ੍ਰ ਨਾਟਕ ਗ੍ਰੰਥ ਲਿਖਦੇ ਹਾਂ:
ਪਾਤਸ਼ਾਹੀ ੧੦ ਦੇ ਸ੍ਰੀ ਮੁਖ ਤੋਂ
ਤੇਰੀ ਕ੍ਰਿਪਾ ਨਾਲ: ਦੋਹਰਾ:
(ਮੈਂ) ਸ੍ਰੀ ਖੜਗ ਨੂੰ ਹਿਤ-ਚਿਤ ਨਾਲ ਨਮਸਕਾਰ ਕਰਦਾ ਹਾਂ।
ਜੇ ਤੁਸੀਂ ਮੇਰੀ ਸਹਾਇਤਾ ਕਰੋ ਤਾਂ (ਮੈਂ) ਇਸ ਗ੍ਰੰਥ ਨੂੰ ਪੂਰਾ ਕਰ ਲਵਾਂਗਾ ॥੧॥
ਸ੍ਰੀ ਕਾਲ ਜੀ ਦੀ ਉਸਤਤ:
ਤ੍ਰਿਭੰਗੀ ਛੰਦ:
ਤਲਵਾਰ ਚੰਗੀ ਤਰ੍ਹਾਂ ਟੁਕੜੇ ਟੁਕੜੇ ਕਰਦੀ ਹੈ, ਦੁਸ਼ਟਾਂ ਦੇ ਦਲਾਂ ਨੂੰ ਨਸ਼ਟ ਕਰਦੀ ਹੈ, ਯੁੱਧ ਨੂੰ ਸੁਸਜਤਿ ਕਰਦੀ ਹੈ, (ਅਜਿਹੀ) ਬਲਵਾਨ ਹੈ।
ਇਹ ਅਖੰਡ ਤੇਜ ਵਾਲੀ ਭੁਜਦੰਡ ਹੈ, ਪ੍ਰਚੰਡ ਤੇਜ ਵਾਲੀ ਹੈ, ਅਤੇ ਸੂਰਜ ਦੀ ਸ਼ੋਭਾ ਦੀ ਜੋਤਿ ਨੂੰ ਫਿਕਿਆਂ ਕਰ ਦਿੰਦੀ ਹੈ।
(ਇਹ) ਸੰਤਾਂ ਨੂੰ ਸੁਖ ਦੇਣ ਵਾਲੀ, ਮਾੜੀ ਬੁੱਧੀ ਨੂੰ ਦਲਣ ਵਾਲੀ, ਪਾਪਾਂ ਦਾ ਨਾਸ਼ ਕਰਨ ਵਾਲੀ ਹੈ, (ਮੈਂ) ਇਸ ਦੀ ਸ਼ਰਨ ਵਿਚ ਹਾਂ।
ਹੇ ਜਗ ਦਾ ਕਾਰਨ ਸਰੂਪ! ਤੇਰੀ ਜੈ-ਜੈਕਾਰ ਹੋਵੇ, (ਕਿਉਂਕਿ ਤੂੰ) ਸ੍ਰਿਸ਼ਟੀ ਨੂੰ ਉਬਾਰਨ ਵਾਲੀ ਅਤੇ ਮੇਰੀ ਪਾਲਣਾ ਕਰਨ ਵਾਲੀ ਹੈਂ, (ਤਾਂ ਤੇ ਤੇਰੀ) ਹੇ ਤੇਗ! ਜੈ ਜੈ ਹੋਵੇ ॥੨॥
ਭੁਜੰਗ ਪ੍ਰਯਾਤ ਛੰਦ:
(ਹੇ ਪ੍ਰਭੂ! ਤੂੰ) ਸਦਾ ਇਕ-ਜੋਤਿ ਵਾਲਾ ਅਤੇ ਅਜਨਮੇ ਸਰੂਪ ਵਾਲਾ ਹੈਂ।
(ਤੂੰ) ਮਹਾਦੇਵਾਂ ਦਾ ਵੀ ਦੇਵ ਅਤੇ ਵੱਡਿਆਂ ਰਾਜਿਆਂ ਦਾ ਵੀ ਰਾਜਾ ਹੈਂ।
(ਤੂੰ) ਨਿਰਾਕਾਰ, ਨਿੱਤ, ਰੂਪ-ਰਹਿਤ ਅਤੇ ਨਿਰਵਾਣ ਸਰੂਪ ਹੈਂ।
(ਤੂੰ) ਸ਼ਕਤੀ ਦਾ ਕਾਰਨ ਰੂਪ ਹੈਂ, (ਹੇ) ਖੜਗਧਾਰੀ! (ਤੈਨੂੰ) ਨਮਸਕਾਰ ਹੈ ॥੩॥
(ਹੇ ਪ੍ਰਭੂ! ਤੂੰ) ਨਿਰਾਕਾਰ, ਨਿਰ-ਵਿਕਾਰ, ਸਦੀਵੀ ਅਤੇ ਨਿਰਾਲਾ ਹੈਂ।
(ਤੂੰ) ਖ਼ਾਸ ਤੌਰ ਤੇ ਨਾ ਬੁੱਢਾ ਹੈਂ, ਨਾ ਜਵਾਨ ਹੈਂ ਅਤੇ ਨਾ ਹੀ ਬਾਲਕ ਹੈਂ।
(ਤੂੰ) ਨਾ ਕੰਗਾਲ ਹੈਂ, ਨਾ ਰਾਜਾ ਹੈਂ, (ਤੇਰਾ) ਨਾ ਰੂਪ ਹੈ ਅਤੇ ਨਾ ਹੀ ਰੇਖ ਹੈ।
(ਤੇਰਾ) ਨਾ (ਕੋਈ) ਰੰਗ ਹੈ, ਨਾ ਸਨੇਹ ('ਰਾਗੰ') ਹੈ, ਨਾ ਪਾਰ ਹੈ ਅਤੇ ਨਾ ਹੀ ਭੇਖ ਹੈ ॥੪॥
(ਹੇ ਪ੍ਰਭੂ! ਤੇਰਾ) ਨਾ ਰੂਪ ਹੈ, ਨਾ ਰੇਖ ਹੈ, ਨਾ ਰੰਗ ਹੈ ਅਤੇ ਨਾ ਹੀ ਸਨੇਹ ('ਰਾਗੰ') ਹੈ;
ਨਾ ਨਾਮ ਹੈ, ਨਾ ਠਿਕਾਣਾ ਹੈ, (ਬਸ) ਜਗਣ ਵਾਲੀ (ਤੂੰ) ਮਹਾ ਜੋਤਿ ਹੈਂ।
ਨਾ (ਤੇਰੇ ਵਿਚ) ਦ੍ਵੈਸ਼ ਹੈ, ਨਾ ਭੇਖ ਹੈ, (ਤੂੰ) ਆਕਾਰ ਤੋਂ ਬਿਨਾ ਸਦੀਵੀ ਰੂਪ ਵਾਲਾ ਹੈਂ।
(ਤੂੰ) ਮਹਾ ਯੋਗ ਦਾ ਵੀ ਯੋਗ ਅਤੇ ਪਰਮ ਪਵਿੱਤਰ ਹੈਂ ॥੫॥