ਸ਼੍ਰੀ ਦਸਮ ਗ੍ਰੰਥ

ਅੰਗ - 1255


ਤਿਹ ਦੇਵੈ ਚੰਡਾਰਹਿ ਕਰ ਮੈ ॥

ਉਸ ਨੂੰ ਚੰਡਾਲ ਦੇ ਹੱਥ ਵਿਚ ਦੇ ਦਿਓ।

ਤ੍ਰਿਪੁਰ ਮਤੀ ਕਹ ਗ੍ਰਿਹ ਨ ਬੁਲਾਵੈ ॥

ਤ੍ਰਿਪੁਰ ਮਤੀ ਨੂੰ (ਫਿਰ) ਘਰ ਨਾ ਬੁਲਾਇਆ ਜਾਏ

ਤਾ ਕੌ ਫੇਰਿ ਨ ਬਦਨ ਦਿਖਾਵੈ ॥੧੧॥

ਅਤੇ ਨਾ ਹੀ ਉਹ ਫਿਰ ਮੂੰਹ ਵਿਖਾਏ ॥੧੧॥

ਦੋਹਰਾ ॥

ਦੋਹਰਾ:

ਪ੍ਰਾਤ ਆਇ ਅਪਨੇ ਸਦਨ ਵਹੈ ਕ੍ਰਿਯਾ ਨ੍ਰਿਪ ਕੀਨ ॥

ਸਵੇਰ ਵੇਲੇ ਰਾਜਾ ਆਪਣੇ ਮਹੱਲ ਵਿਚ ਆਇਆ ਅਤੇ ਉਹੀ ਕ੍ਰਿਆ ਕੀਤੀ।

ਇਕ ਰਾਨੀ ਦਿਜਬਰ ਦਈ ਦੁਤਿਯ ਚੰਡਾਰਹਿ ਦੀਨ ॥੧੨॥

ਇਕ ਰਾਣੀ ਬ੍ਰਾਹਮਣ ਨੂੰ ਦੇ ਦਿੱਤੀ ਅਤੇ ਦੂਜੀ ਚੰਡਾਲ ਦੇ ਹਵਾਲੇ ਕਰ ਦਿੱਤੀ ॥੧੨॥

ਭੇਦ ਅਭੇਦ ਤ੍ਰਿਯਾਨ ਕੇ ਮੂਢ ਨ ਸਕਿਯੋ ਬਿਚਾਰਿ ॥

ਮੂਰਖ (ਰਾਜਾ) ਇਸਤਰੀ ਦੇ ਭੇਦ ਅਭੇਦ ਨੂੰ ਨਾ ਪਛਾਣ ਸਕਿਆ।

ਦਈ ਦੋਊ ਤ੍ਰਿਯ ਪੁੰਨ੍ਯ ਕਰਿ ਜਿਯ ਕੋ ਤ੍ਰਾਸ ਨਿਵਾਰ ॥੧੩॥

ਮਨ ਦਾ ਡਰ ਦੂਰ ਕਰ ਕੇ (ਉਸ ਨੇ) ਦੋਵੇਂ ਇਸਤਰੀਆਂ ਪੁੰਨ-ਦਾਨ ਕਰ ਦਿੱਤੀਆਂ ॥੧੩॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਪਾਚ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੦੫॥੫੮੬੪॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੦੫ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੦੫॥੫੮੬੪॥ ਚਲਦਾ॥

ਚੌਪਈ ॥

ਚੌਪਈ:

ਬਹੜਾਇਚਿ ਕੋ ਦੇਸ ਬਸਤ ਜਹ ॥

ਜਿਥੇ ਬਹੜਾਇਚ ਦੇਸ ਵਸਦਾ ਸੀ।

ਧੁੰਧ ਪਾਲ ਨ੍ਰਿਪ ਬਸਤ ਹੋਤ ਤਹ ॥

ਉਥੇ ਧੁੰਧ ਪਾਲ ਨਾਂ ਦਾ ਰਾਜਾ ਰਹਿੰਦਾ ਹੁੰਦਾ ਸੀ।

ਦੁੰਦਭ ਦੇ ਤਾ ਕੇ ਘਰ ਰਾਨੀ ॥

ਉਸ ਦੇ ਘਰ ਦੁੰਦਭ ਦੇ (ਦੇਈ) ਨਾਂ ਦੀ ਰਾਣੀ ਸੀ

ਜਾ ਕੀ ਸਮ ਸੁੰਦਰ ਨ ਸਕ੍ਰਾਨੀ ॥੧॥

ਜਿਸ ਵਰਗੀ ਸੁੰਦਰ ਇੰਦਰ ਦੀ ਪਤਨੀ ਵੀ ਨਹੀਂ ਸੀ ॥੧॥

ਤਹਿਕ ਸੁਲਛਨ ਰਾਇ ਬਖਨਿਯਤ ॥

ਉਥੇ ਇਕ ਸੁਲਛਨ ਰਾਇ ਨਾਂ ਦਾ

ਛਤ੍ਰੀ ਕੋ ਤਿਹ ਪੂਤ ਪ੍ਰਮਨਿਯਤ ॥

(ਕਿਸੇ) ਛਤ੍ਰੀ ਦਾ ਪੁੱਤਰ ਦਸਿਆ ਜਾਂਦਾ ਸੀ।

ਤਾ ਕੇ ਤਨ ਸੁੰਦਰਤਾ ਘਨੀ ॥

ਉਸ ਦਾ ਸ਼ਰੀਰ ਬਹੁਤ ਸੁੰਦਰ ਸੀ,

ਮੋਰ ਬਦਨ ਤੇ ਜਾਤਿ ਨ ਭਨੀ ॥੨॥

ਜਿਸ ਦਾ ਵਰਣਨ ਮੇਰੇ ਮੂੰਹ ਤੋਂ ਨਹੀਂ ਹੋ ਸਕਦਾ ॥੨॥

ਤਾ ਸੌ ਬਧੀ ਕੁਅਰਿ ਕੀ ਪ੍ਰੀਤਾ ॥

ਉਸ ਨਾਲ ਕੁਮਾਰੀ (ਰਾਣੀ) ਦੀ ਪ੍ਰੀਤ ਵੱਧ ਗਈ।

ਜੈਸੀ ਭਾਤਿ ਰਾਮ ਸੋ ਸੀਤਾ ॥

ਜਿਸ ਤਰ੍ਹਾਂ ਰਾਮ ਨਾਲ ਸੀਤਾ ਦੀ (ਪ੍ਰੀਤ) ਸੀ।

ਰੈਨਿ ਦਿਵਸ ਤਿਹ ਬੋਲਿ ਪਠਾਵੈ ॥

ਰਾਤ ਦਿਨ ਉਸ ਨੂੰ ਬੁਲਵਾ ਲੈਂਦੀ

ਸੰਕ ਤ੍ਯਾਗ ਤ੍ਰਿਯ ਭੋਗ ਮਚਾਵੈ ॥੩॥

ਅਤੇ ਨਿਸੰਗ ਹੋ ਕੇ ਉਸ ਨਾਲ ਕਾਮ-ਕੇਲ ਕਰਦੀ ॥੩॥

ਇਕ ਦਿਨ ਖਬਰਿ ਨ੍ਰਿਪਤਿ ਕਹ ਭਈ ॥

ਇਕ ਦਿਨ ਰਾਜੇ ਨੂੰ ਖ਼ਬਰ ਹੋ ਗਈ।

ਭੇਦੀ ਕਿਨਹਿ ਬ੍ਰਿਥਾ ਕਹਿ ਦਈ ॥

ਕਿਸੇ ਭੇਦੀ ਨੇ ਸਾਰੀ ਬਿਰਥਾ ਦਸ ਦਿੱਤੀ।

ਅਧਿਕ ਕੋਪ ਕਰਿ ਗਯੋ ਨ੍ਰਿਪਤਿ ਤਹ ॥

ਬਹੁਤ ਕ੍ਰੋਧ ਕਰ ਕੇ ਰਾਜਾ ਉਥੇ ਚਲਾ ਗਿਆ

ਭੋਗਤ ਹੁਤੀ ਜਾਰ ਕਹ ਤ੍ਰਿਯ ਜਹ ॥੪॥

ਜਿਥੇ ਯਾਰ ਨਾਲ ਰਾਣੀ ਭੋਗ ਕਰ ਰਹੀ ਸੀ ॥੪॥

ਰਾਨੀ ਭੇਦ ਪਾਇ ਅਸ ਕੀਯਾ ॥

ਰਾਣੀ ਨੇ ਪਤਾ ਲਗਣ ਤੇ ਇਸ ਤਰ੍ਹਾਂ ਕੀਤਾ।

ਬਾਧਿ ਔਧ ਸਿਹਜਾ ਤਰ ਲੀਯਾ ॥

(ਉਸ ਨੇ ਯਾਰ ਨੂੰ) ਪਲੰਘ ('ਸਿਹਜਾ') ਹੇਠਾਂ ਪੁਠਾ ਬੰਨ੍ਹ ਲਿਆ।

ਰਾਵ ਸਹਿਤ ਊਪਰਹਿ ਬਹਿਠੀ ॥

ਰਾਜੇ ਸਹਿਤ (ਉਹ ਪਲੰਘ) ਉਪਰ ਬੈਠ ਗਈ

ਭਾਤਿ ਭਾਤਿ ਤਨ ਹੋਇ ਇਕਠੀ ॥੫॥

ਅਤੇ ਭਾਂਤ ਭਾਂਤ ਦੀਆਂ ਗਲਵਕੜੀਆਂ ਪਾਣ ਲਗੀ ॥੫॥

ਰਤਿ ਮਾਨੀ ਨ੍ਰਿਪ ਸਾਥ ਬਨਾਈ ॥

ਉਸ ਨੇ ਰਾਜੇ ਨਾਲ ਚੰਗੀ ਤਰ੍ਹਾਂ ਰਤੀ-ਕ੍ਰੀੜਾ ਕੀਤੀ।

ਮੂਰਖ ਕੰਤ ਬਾਤ ਨਹਿ ਪਾਈ ॥

ਮੂਰਖ ਪਤੀ ਗੱਲ ਨੂੰ ਸਮਝ ਨਾ ਸਕਿਆ।

ਰੀਝਿ ਰਹਾ ਅਬਲਾ ਕਹ ਭਜਿ ਕੈ ॥

(ਉਹ) ਰਾਣੀ ਨਾਲ ਭਿੰਨ ਭਿੰਨ ਪ੍ਰਕਾਰ ਦੇ ਆਸਣ ਸਜਾ ਕੇ

ਭਾਤਿ ਭਾਤਿ ਕੇ ਆਸਨ ਸਜਿ ਕੈ ॥੬॥

ਅਤੇ ਸੰਭੋਗ ਕਰ ਕੇ ਪ੍ਰਸੰਨ ਹੋ ਗਿਆ ॥੬॥

ਭੋਗ ਕਮਾਤ ਅਧਿਕ ਥਕਿ ਗਯੋ ॥

ਭੋਗ ਕਰ ਕੇ (ਜਦ) ਬਹੁਤ ਥਕ ਗਿਆ

ਸੋਵਤ ਸੇਜ ਤਿਸੀ ਪਰ ਭਯੋ ॥

ਤਾਂ ਉਸੇ ਸੇਜ ਉਤੇ ਸੌਂ ਗਿਆ।

ਜੌ ਨ੍ਰਿਚੇਸਟ ਤ੍ਰਿਯ ਪਿਯ ਲਖਿ ਪਾਯੋ ॥

ਜਦ ਰਾਣੀ ਨੇ ਰਾਜੇ ਨੂੰ ਬੇਸੁਧ (ਜਾਂ ਅਹਿਲ) ਵੇਖ ਲਿਆ

ਜਾਰਿ ਕਾਢਿ ਕਰਿ ਧਾਮ ਪਠਾਯੋ ॥੭॥

ਤਾਂ ਯਾਰ ਨੂੰ ਕਢ ਕੇ ਘਰ ਭੇਜ ਦਿੱਤਾ ॥੭॥

ਦੋਹਰਾ ॥

ਦੋਹਰਾ:

ਜਾਗਿ ਖੋਜਿ ਨ੍ਰਿਪ ਘਰ ਥਕਾ ਜਾਰ ਨ ਲਹਿਯੋ ਨਿਕਾਰਿ ॥

ਜਾਗ ਕੇ ਰਾਜਾ ਘਰ ਵਿਚ ਲਭ ਲਭ ਕੇ ਥਕ ਗਿਆ, ਪਰ ਯਾਰ ਨੂੰ (ਕਿਤੋਂ) ਕਢ ਨਾ ਸਕਿਆ।

ਭੇਦ ਦਿਯੋ ਜਿਹ ਜਾਨ ਤਿਹ ਝੂਠੋ ਹਨ੍ਯੋ ਗਵਾਰ ॥੮॥

ਜਿਸ ਨੇ ਭੇਦ ਦਿੱਤਾ ਸੀ, ਉਸ ਨੂੰ ਝੂਠਾ ਜਾਣ ਕੇ ਮੂਰਖ ਰਾਜੇ ਨੇ ਮਾਰ ਦਿੱਤਾ ॥੮॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਛੇ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੦੬॥੫੮੭੨॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੦੬ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੦੬॥੫੮੭੨॥ ਚਲਦਾ॥

ਚੌਪਈ ॥

ਚੌਪਈ:

ਭੈਰੋ ਪਾਲ ਸੁਨਾ ਇਕ ਰਾਜਾ ॥

ਭੈਰੋ ਪਾਲ ਨਾਂ ਦਾ ਇਕ ਰਾਜਾ ਸੁਣੀਂਦਾ ਸੀ।

ਰਾਜ ਪਾਟ ਤਾ ਹੀ ਕਹ ਛਾਜਾ ॥

ਉਸੇ ਨੂੰ ਹੀ ਰਾਜ-ਪਾਟ ਸਜਦਾ ਸੀ।

ਚਪਲਾ ਵਤੀ ਸੁਨੀ ਤਿਹ ਤ੍ਰਿਯ ਬਰ ॥

ਚਪਲਾ ਵਤੀ ਨਾਂ ਦੀ ਉਸ ਦੀ ਇਸਤਰੀ ਸੁਣੀਂਦੀ ਸੀ

ਹੁਤੀ ਪੰਡਿਤਾ ਸਕਲ ਹੁਨਰ ਕਰਿ ॥੧॥

ਜੋ ਸਾਰਿਆਂ ਹੁਨਰਾਂ ਵਿਚ ਨਿਪੁਣ ਸੀ ॥੧॥

ਅਦ੍ਰਪਾਲ ਇਕ ਨ੍ਰਿਪਤਿ ਪਰੋਸਾ ॥

ਪੜੋਸ ਤੇ ਇਕ ਅਦ੍ਰਪਾਲ ਨਾਂ ਦਾ ਰਾਜਾ ਸੀ


Flag Counter