ਆਕਾਸ਼-ਵਾਸੀ ਡਾਕਣੀਆਂ, ਜੋਗਣਾਂ ਨਚ ਰਹੀਆਂ ਹਨ ॥੪੮॥
(ਭਿਆਨਕ ਯੁੱਧ ਕਾਰਨ) ਮਹਾ ਰੁਦਰ (ਸ਼ਿਵ) ਦੀ ਯੋਗ-ਸਮਾਧੀ ਭੰਗ ਹੋ ਜਾਣ ਨਾਲ (ਉਹ) ਜਾਗ ਪਿਆ ਹੈ;
ਬ੍ਰਹਮਾ ਦਾ ਧਿਆਨ ਉਚਕ ਗਿਆ ਹੈ, ਅਤੇ ਸਾਰੇ ਸਿੱਧ (ਆਪਣਿਆਂ ਠਿਕਾਣਿਆਂ ਤੋਂ) ਭਜ ਗਏ ਹਨ।
ਕਿੰਨਰ, ਯਕਸ਼, ਵਿਦਿਆਧਰ (ਆਦਿ ਦੇਵਤੇ) ਹਸ ਰਹੇ ਹਨ
ਅਤੇ ਮਾਤ ਲੋਕ ਦੀਆਂ ਸੁੰਦਰ ਯੁਵਤੀਆਂ, ਅਪੱਛਰਾਵਾਂ ਅਤੇ ਚਾਰਣਾਂ ਦੀਆਂ ਇਸਤਰੀਆਂ ਨਚ ਰਹੀਆਂ ਹਨ ॥੪੯॥
ਘੋਰ ਯੁੱਧ ਹੋਣ ਕਾਰਨ ਸੈਨਾ ਭਜਣ ਲਗੀ।
ਉਥੇ (ਉਦੋਂ) ਹੁਸੈਨੀ ਖ਼ਾਨ ਨੇ (ਯੁੱਧ) ਮੰਡਿਆ ਅਤੇ ਸੂਰਮਿਆਂ ਵਾਲੇ ਬੋਲ (ਉਚਾਰੇ-ਭਾਵ ਗਜਿਆ)।
ਉਧਰ ਬਹਾਦੁਰ ਜਸਵਾਰੀਆਂ ਨੇ ਧਾਵਾ ਬੋਲ ਦਿੱਤਾ।
(ਉਨ੍ਹਾਂ ਨੇ) ਸਾਰਿਆਂ ਸਵਾਰਾਂ ਨੂੰ ਕਪੜਿਆਂ ਵਾਂਗ ਵਿਉਂਤ ਦਿੱਤਾ (ਅਰਥਾਤ ਕਤਰ ਦਿੱਤਾ।)॥੫੦॥
ਉਥੇ ਇਕ ਹੁਸੈਨੀ ਖ਼ਾਨ ਹੀ ਡਟਿਆ ਖੜਾ ਰਿਹਾ,
ਮਾਨੋ ਰਣ-ਭੂਮੀ ਵਿਚ ਯੁੱਧ ਦਾ ਖੰਭਾ ਗਡਿਆ ਹੋਵੇ।
(ਉਹ) ਹਠੀਲਾ ਯੋਧਾ ਕ੍ਰੋਧਵਾਨ ਹੋ ਕੇ ਜਿਸ ਨੂੰ ਤੀਰ ਮਾਰਦਾ ਹੈ,
ਉਸ ਨੂੰ ਛੋਹ ਕੇ ਤੀਰ ਪਰਲੇ ਪਾਸੇ ਨਿਕਲ ਜਾਂਦਾ ਹੈ ॥੫੧॥
(ਉਸ) ਸੂਰਮੇ ਨੇ (ਆਪਣੇ ਉਤੇ ਸਾਰੇ) ਬਾਣ ਸਹਾਰੇ। (ਫਿਰ) ਸਾਰੇ (ਉਸ ਦੇ) ਨੇੜੇ ਆ ਪਹੁੰਚੇ
ਅਤੇ ਚੌਹਾਂ ਪਾਸਿਆਂ ਤੋਂ ਮਾਰੋ-ਮਾਰੋ ਬੋਲਣ ਲਗੇ।
(ਹੁਸੈਨੀ ਨੇ) ਚੰਗੀ ਤਰ੍ਹਾਂ ਅਸਤ੍ਰ ਅਤੇ ਸ਼ਸਤ੍ਰ ਚਲਾਏ,
(ਪਰ ਅੰਤ ਵਿਚ) ਹੁਸੈਨੀ ਖ਼ਾਨ ਡਿਗਿਆ ਅਤੇ ਬਹਿਸ਼ਤ ਨੂੰ ਚਲਿਆ ਗਿਆ ॥੫੨॥
ਦੋਹਰਾ:
ਜਦੋਂ ਹੁਸੈਨੀ ਮਾਰਿਆ ਗਿਆ, (ਤਾਂ ਪਠਾਣ) ਸੂਰਮਿਆਂ ਦੇ ਮਨ ਵਿਚ ਬਹੁਤ ਕ੍ਰੋਧ ਪੈਦਾ ਹੋਇਆ।
ਹੋਰ ਸਾਰੇ ਤਾਂ ਭਜ ਗਏ, (ਪਰ) ਕਟੋਚਾਂ (ਦੇ ਮਨ) ਵਿਚ ਬੁਹਤ ਜੋਸ਼ ਪੈਦਾ ਹੋਇਆ ॥੫੩॥
ਚੌਪਈ:
ਸਾਰੇ ਕਟੋਚੀਆਂ ਨੇ ਕ੍ਰੋਧਵਾਨ ਹੋ ਕੇ ਧਾਵਾ ਬੋਲਿਆ।
ਹਿੰਮਤ ਅਤੇ ਕਿੰਮਤ ਨੇ ਵੀ ਬਹੁਤ ਰੋਸ ਕੀਤਾ।
ਤਦ ਹਰੀ ਸਿੰਘ ਨੇ ਹਮਲਾ ਕਰ ਦਿੱਤਾ
ਅਤੇ ਚੁਣ ਚੁਣ ਕੇ ਘੋੜ-ਸਵਾਰਾਂ ਨੂੰ ਮਾਰ ਦਿੱਤਾ ॥੫੪॥
ਨਰਾਜ ਛੰਦ:
ਤਦੋਂ ਕਟੋਚਾਂ ਨੇ ਕ੍ਰੋਧਿਤ ਹੋ ਕੇ
ਅਤੇ ਸੰਭਲ ਕੇ (ਯੁੱਧ-ਭੂਮੀ ਵਿਚ) ਪੈਰ ਗਡ ਦਿੱਤੇ।
ਸਰਕ ਸਰਕ ਕਰਦੇ ਸ਼ਸਤ੍ਰ ਚਲਾਉਂਦੇ ਸਨ
ਅਤੇ ਮੂੰਹੋਂ 'ਮਾਰੋ-ਮਾਰੋ' ਬੋਲਦੇ ਸਨ ॥੫੫॥
ਤਦੋਂ (ਹੁਸੈਨੀ ਦੀ ਮੱਦਦ ਨੂੰ ਆਏ) ਚੰਦੇਲ ਰਾਜਪੂਤਾਂ ਨੂੰ (ਵੀ ਜੰਗ ਦਾ) ਚਾਉ ਚੜ੍ਹਿਆ।
ਗੁੱਸੇ ਵਿਚ ਆ ਕੇ ਸਭ ਨੇ ਧਾਵਾ ਬੋਲ ਦਿੱਤਾ।
ਜਿਤਨੇ ਵੀ (ਵਿਰੋਧੀਆਂ ਸਾਹਮਣੇ ਗਏ) ਮਾਰੇ ਗਏ।
ਉਥੇ ਉਹੀ ਬਚੇ (ਜੋ ਜੰਗ ਵਿਚੋਂ) ਖਿਸਕ ਗਏ ਸਨ ॥੫੬॥
ਦੋਹਰਾ:
ਸੱਤਾਂ ਸਵਾਰਾਂ ਸਹਿਤ ਸੰਗਤ ਰਾਇ ਵੀ ਮਾਰਿਆ ਗਿਆ।
ਦਰਸੋ (ਨਾਂ ਦੇ ਸਾਡੇ ਸੇਵਕ ਨੇ) ਜਦੋਂ ਉਨ੍ਹਾਂ ਦੇ ਜੂਝਣ ਦੀ (ਖ਼ਬਰ) ਸੁਣੀ (ਤਾਂ ਉਹ ਵੀ) ਬਹੁਤ ਲੜਦਾ ਹੋਇਆ ਮਾਰਿਆ ਗਿਆ ॥੫੭॥
ਉਥੇ ਹਿੰਮਤ ਨਾਂ ਦਾ ਸੂਰਮਾ ਵੀ ਰਣ-ਭੂਮੀ ਵਿਚ ਆ ਗਿਆ।
(ਉਸ ਨੇ) ਕਿਤਨਿਆਂ ਦੇ (ਆਪਣੇ) ਸ਼ਰੀਰ ਉਤੇ ਜਖ਼ਮ ਸਹੇ ਅਤੇ ਕਿਤਨਿਆਂ ਦੇ ਸ਼ਰੀਰ ਉਤੇ (ਆਪਣੇ ਸ਼ਸਤ੍ਰਾਂ) ਦੇ ਵਾਰ ਕੀਤੇ ॥੫੮॥
(ਉਸ ਦਾ) ਘੋੜਾ ਉਥੇ ਮਾਰਿਆ ਗਿਆ ਅਤੇ ਹਿੰਮਤ (ਆਪ) ਭਜ ਗਿਆ।
ਕ੍ਰਿਪਾਲ ਚੰਦ ਦੀ ਲੋਥ ਲੈਣ ਲਈ ਵੈਰੀ-ਰਾਜੇ (ਭੀਮ ਚੰਦ ਆਦਿ) ਕ੍ਰੋਧਵਾਨ ਹੋ ਗਏ ॥੫੯॥
ਰਸਾਵਲ ਛੰਦ:
ਸੂਰਮੇ ਵੈਰ (ਕੱਢਣ ਲਈ) ਲੜਾਈ ਵਿਰ ਰੁਝ ਗਏ
ਅਤੇ ਸ਼ਸਤ੍ਰਾਂ ਦੇ ਸਨਮੁਖ ਹੋ ਕੇ ਜੂਝਣ ਲਗੇ।
ਕ੍ਰਿਪਾ ਰਾਮ ਸੂਰਮਾ (ਅਜਿਹਾ) ਲੜਿਆ
ਕਿ ਸਾਰੀ ਸੈਨਾ ਭਜ ਗਈ ॥੬੦॥
(ਉਹ) ਵਡੀ ਸੈਨਾ ਨੂੰ ਲਿਤਾੜਦਾ ਹੈ
ਅਤੇ ਨਿਰਭੈ ਹੋ ਕੇ ਸ਼ਸਤ੍ਰ ਚਲਾਉਂਦਾ ਹੈ।