ਸ਼੍ਰੀ ਦਸਮ ਗ੍ਰੰਥ

ਅੰਗ - 306


ਆਇਸ ਪਾਇ ਕੈ ਨੰਦਹਿ ਕੋ ਸਭ ਗੋਪਨ ਜਾਇ ਭਲੇ ਰਥ ਸਾਜੇ ॥

ਨੰਦ ਦੀ ਆਗਿਆ ਪ੍ਰਾਪਤ ਕਰ ਕੇ ਗਵਾਲਿਆਂ ਨੇ ਚੰਗੀ ਤਰ੍ਹਾਂ ਰਥਾਂ ਨੂੰ ਸਜਾ ਲਿਆ।

ਬੈਠਿ ਸਭੈ ਤਿਨ ਪੈ ਤਿਰੀਆ ਸੰਗਿ ਗਾਵਤ ਜਾਤ ਬਜਾਵਤ ਬਾਜੇ ॥

ਉਨ੍ਹਾਂ ਉਤੇ ਆਪਣੀਆਂ ਇਸਤਰੀਆਂ ਨਾਲ ਬੈਠ ਕੇ ਸਾਰੇ (ਗਵਾਲੇ) ਵਾਜੇ ਵਜਾਉਂਦੇ ਅਤੇ ਗੀਤ ਗਾਉਂਦੇ (ਤੁਰ ਪਏ)।

ਹੇਮ ਕੋ ਦਾਨੁ ਕਰੈ ਜੁ ਦੋਊ ਹਰਿ ਗੋਦ ਲਏ ਜਸੁਦਾ ਇਮ ਰਾਜੈ ॥

ਸ੍ਰੀ ਕ੍ਰਿਸ਼ਨ ਨੂੰ ਗੋਦ ਲਏ ਹੋਇਆਂ ਜਸੋਧਾ ਇੰਜ ਸੋਭ ਰਹੀ ਸੀ (ਜਿਵੇਂ ਉਨ੍ਹਾਂ) ਦੋਹਾਂ ਨੇ ਸੋਨਾ ਦਾਨ ਕੀਤਾ ਹੋਇਆ ਸੀ।

ਕੈਧਉ ਸੈਲ ਸੁਤਾ ਗਿਰਿ ਭੀਤਰ ਊਚ ਮਨੋ ਮਨਿ ਨੀਲ ਬਿਰਾਜੈ ॥੧੫੩॥

(ਅਸਲ ਵਿਚ ਉਹ ਇੰਜ ਪ੍ਰਤੀਤ ਹੋ ਰਹੇ ਸਨ) ਮਾਨੋ ਪਾਰਬਤੀ ('ਸੈਲ ਸੁਤਾ') ਪਹਾੜ ਵਿਚ ਬੈਠੀ ਹੋਵੇ ਅਤੇ ਉਸ ਵਿਚ ਨੀਲ ਮਣੀ ਸ਼ੋਭਾ ਪਾ ਰਹੀ ਹੋਵੇ ॥੧੫੩॥

ਗੋਪ ਗਏ ਤਜਿ ਗੋਕੁਲ ਕੋ ਬ੍ਰਿਜ ਆਪਨੇ ਆਪਨੇ ਡੇਰਨ ਆਏ ॥

ਗੋਕੁਲ ਨੂੰ ਛਡ ਕੇ ਗਵਾਲੇ ਬ੍ਰਜ-ਭੂਮੀ ਵਿਚ ਆਪਣੇ ਆਪਣੇ ਡੇਰਿਆਂ ਵਿਚ ਆ ਗਏ।

ਡਾਰ ਦਈ ਲਸੀਆ ਅਰੁ ਅਛਤ ਬਾਹਰਿ ਭੀਤਰਿ ਧੂਪ ਜਗਾਏ ॥

ਕੱਚੀ ਲਸੀ ਅਤੇ ਚਾਵਲਾਂ ਦੇ ਛੱਟੇ ਦੇ ਕੇ ਅਤੇ ਘਰਾਂ ਦੇ ਅੰਦਰ ਬਾਹਰ ਧੂਪ ਜਗਾ ਕੇ (ਰਹਿਣ ਲਗੇ ਹਨ)।

ਤਾ ਛਬਿ ਕੋ ਜਸੁ ਊਚ ਮਹਾ ਕਬਿ ਨੈ ਮੁਖ ਤੇ ਇਮ ਭਾਖਿ ਸੁਨਾਏ ॥

ਉਸ ਛਬ ਦੇ ਸ੍ਰੇਸ਼ਠ ਅਤੇ ਮਹਾਨ ਯਸ਼ ਨੂੰ ਕਵੀ ਨੇ (ਆਪਣੇ) ਮੁਖ ਤੋਂ ਇਸ ਤਰ੍ਹਾਂ ਕਹਿ ਕੇ ਸੁਣਾਇਆ ਹੈ

ਰਾਜ ਬਿਭੀਛਨ ਦੈ ਕਿਧੌ ਲੰਕ ਕੋ ਰਾਮ ਜੀ ਧਾਮ ਪਵਿਤ੍ਰ ਕਰਾਏ ॥੧੫੪॥

ਮਾਨੋ ਵਿਭੀਸ਼ਣ ਨੂੰ ਲੰਕਾ ਦਾ ਰਾਜ ਦੇ ਕੇ ਰਾਮ ਜੀ ਨੇ (ਵਾਪਸ ਪਰਤ ਕੇ) ਘਰ ਨੂੰ ਪਵਿਤਰ ਕੀਤਾ ਹੋਵੇ ॥੧੫੪॥

ਕਬਿਯੋ ਬਾਚ ਦੋਹਰਾ ॥

ਕਵੀ ਨੇ ਕਿਹਾ ਦੋਹਰਾ:

ਗੋਪ ਸਭੈ ਬ੍ਰਿਜ ਪੁਰ ਬਿਖੈ ਬੈਠੇ ਹਰਖ ਬਢਾਇ ॥

ਸਾਰੇ ਗਵਾਲੇ ਬ੍ਰਜ-ਭੂਮੀ ਵਿਚ ਖੁਸ਼ੀ ਖੁਸ਼ੀ ਵਸਣ ਲਗੇ।

ਅਬ ਮੈ ਲੀਲਾ ਕ੍ਰਿਸਨ ਕੀ ਮੁਖ ਤੇ ਕਹੋ ਸੁਨਾਇ ॥੧੫੫॥

ਹੁਣ ਮੈਂ ਸ੍ਰੀ ਕ੍ਰਿਸ਼ਨ ਦੀ ਲੀਲ੍ਹਾ ਨੂੰ ਮੁਖ ਤੋਂ ਕਹਿ ਕੇ ਸੁਣਾਉਂਦਾ ਹਾਂ ॥੧੫੫॥

ਸਵੈਯਾ ॥

ਸਵੈਯਾ:

ਸਾਤ ਬਿਤੀਤ ਭਏ ਜਬ ਸਾਲ ਲਗੇ ਤਬ ਕਾਨ੍ਰਹ ਚਰਾਵਨ ਗਊਆ ॥

ਜਦੋਂ ਸੱਤ ਸਾਲ ਬੀਤ ਗਏ ਤਾਂ ਕਾਨ੍ਹ ਗਊਆਂ ਚਰਾਉਣ ਲਗੇ।

ਪਾਤ ਬਜਾਵਤ ਔ ਮੁਰਲੀ ਮਿਲਿ ਗਾਵਤ ਗੀਤ ਸਭੈ ਲਰਕਊਆ ॥

ਸਾਰੇ ਬਾਲਕ ਪੱਤਰਾਂ (ਦੀਆਂ ਪੀਪਣੀਆਂ ਬਣਾ ਕੇ) ਵਜਾਉਂਦੇ ਹਨ ਅਤੇ ਮੁਰਲੀ ਨਾਲ ਗੀਤ ਗਾਉਂਦੇ ਹਨ।

ਗੋਪਨ ਲੈ ਗ੍ਰਿਹ ਆਵਤ ਧਾਵਤ ਤਾੜਤ ਹੈ ਸਭ ਕੋ ਮਨ ਭਊਆ ॥

(ਸ੍ਰੀ ਕ੍ਰਿਸ਼ਨ) ਗਵਾਲ ਬਾਲਕਾਂ ਨੂੰ ਘਰਾਂ ਵਿਚੋਂ ਲੈ ਕੇ ਭਜ ਆਉਂਦੇ ਹਨ ਅਤੇ ਮਨ ਮਰਜ਼ੀ ਅਨੁਸਾਰ ਸਾਰਿਆਂ ਨੂੰ ਤਾੜਦੇ ਹਨ।

ਦੂਧ ਪਿਆਵਤ ਹੈ ਜਸੁਦਾ ਰਿਝ ਕੈ ਹਰਿ ਖੇਲ ਕਰੈ ਜੁ ਨਚਊਆ ॥੧੫੬॥

ਜਸੋਧਾ ਰੀਝ ਕੇ ਦੁੱਧ ਪਿਲਾਉਂਦੀ ਹੈ ਅਤੇ ਕ੍ਰਿਸ਼ਨ ਖੇਡਦੇ ਅਤੇ ਨਚਦੇ ਕੁਦੱਦੇ ਹਨ ॥੧੫੬॥

ਰੂਖ ਗਏ ਗਿਰ ਕੈ ਧਸਿ ਕੈ ਸੰਗਿ ਦੈਤ ਚਲਾਇ ਦਯੋ ਹਰਿ ਜੀ ਜੋ ॥

ਸ੍ਰੀ ਕ੍ਰਿਸ਼ਨ ਨੇ (ਕੰਸ ਵਲੋਂ ਵੱਛਾ ਬਣ ਕੇ ਆਏ ਦੈਂਤ ਨੂੰ ਪਿਛਲੀਆਂ ਟੰਗਾਂ ਤੋਂ ਫੜ ਕੇ) ਪਰੇ ਵਗਾ ਸੁਟਿਆ ਜਿਸ ਦੇ ਧਕੇ ਨਾਲ ਕਿਤਨੇ ਹੀ ਬ੍ਰਿਛ ਡਿਗ ਗਏ।

ਫੂਲ ਗਿਰੇ ਨਭ ਮੰਡਲ ਤੇ ਉਪਮਾ ਤਿਹ ਕੀ ਕਬਿ ਨੈ ਸੁ ਕਰੀ ਜੋ ॥

(ਉਸ ਸਮੇਂ) ਆਕਾਸ਼ ਮੰਡਲ ਤੋਂ ਫੁਲ ਡਿਗਣ ਲਗੇ, ਉਸ (ਦ੍ਰਿਸ਼ ਦੀ) ਉਪਮਾ ਕਵੀ ਨੇ ਜੋ ਕੀਤੀ ਹੈ,

ਧਨਿ ਹੀ ਧਨਿ ਭਯੋ ਤਿਹੂੰ ਲੋਕਨਿ ਭੂਮਿ ਕੋ ਭਾਰੁ ਅਬੈ ਘਟ ਕੀਜੋ ॥

(ਉਸ ਅਨੁਸਾਰ) ਤਿੰਨਾਂ ਲੋਕਾਂ ਵਿਚ ਧੰਨ ਧੰਨ ਹੋ ਰਹੀ ਹੈ ਕਿ (ਸ੍ਰੀ ਕ੍ਰਿਸ਼ਨ ਨੇ) ਹੁਣੇ ਹੀ ਧਰਤੀ ਦਾ ਭਾਰ ਘਟ ਕਰ ਦਿੱਤਾ ਹੈ।

ਸ੍ਯਾਮ ਕਥਾ ਸੁ ਕਹੀ ਇਸ ਕੀ ਚਿਤ ਦੈ ਕਬਿ ਪੈ ਇਹ ਕੋ ਜੁ ਸੁਨੀਜੋ ॥੧੫੭॥

ਸ਼ਿਆਮ ਕਵੀ ਨੇ ਇਸ ਦੀ ਜੋ ਕਥਾ ਕਹੀ ਹੈ, ਉਸ ਨੂੰ ਚਿੱਤ ਦੇ ਕੇ ਸੁਣੋ ॥੧੫੭॥

ਕਉਤਕਿ ਦੇਖਿ ਸਭੇ ਬ੍ਰਿਜ ਬਾਲਕ ਡੇਰਨ ਡੇਰਨ ਜਾਇ ਕਹੀ ਹੈ ॥

(ਵੱਛੇ ਦੇ ਮਾਰਨ) ਦੇ ਕੌਤਕ ਨੂੰ ਵੇਖ ਕੇ ਬ੍ਰਜ ਦੇ ਸਾਰਿਆਂ ਬਾਲਕਾਂ ਨੇ (ਇਹ ਗੱਲ) ਘਰ ਘਰ ਜਾ ਕੇ ਦਸੀ ਹੈ।

ਦਾਨੋ ਕੀ ਬਾਤ ਸੁਨੀ ਜਸੁਦਾ ਗਰਿ ਆਨੰਦ ਕੇ ਮਧਿ ਬਾਤ ਡਹੀ ਹੈ ॥

(ਜਦੋਂ) ਜਸੋਧਾ ਨੇ ਦੈਂਤ ਰੂਪੀ ਵੱਛੇ ਦੀ ਗੱਲ ਸੁਣੀ (ਤਾਂ) ਖ਼ੁਸ਼ੀ ਨਾਲ ਉਸ ਦੇ ਗਲੇ ਵਿਚ ਹੀ ਗੱਲ ਰੁਕ ਗਈ ਹੈ।

ਤਾ ਛਬਿ ਕੀ ਅਤਿ ਹੀ ਉਪਮਾ ਕਬਿ ਨੇ ਮੁਖ ਤੇ ਸਰਤਾ ਜਿਉ ਕਹੀ ਹੈ ॥

ਉਸ ਦ੍ਰਿਸ਼ ਦੀ ਮਹਾਨ ਉਪਮਾ ਕਵੀ ਦੇ ਮੁਖ ਵਿਚੋਂ ਨਦੀ ਵਾਂਗ ਵਹਿ ਤੁਰੀ ਹੈ (ਅਰਥਾਤ ਕਹਿ ਦਿੱਤੀ ਹੈ)

ਫੈਲਿ ਪਰਿਯੋ ਸੁ ਦਸੋ ਦਿਸ ਕੌ ਗਨਤੀ ਮਨ ਕੀ ਇਹ ਮਧਿ ਬਹੀ ਹੈ ॥੧੫੮॥

ਜੋ ਦਸਾਂ ਦਿਸ਼ਾਵਾਂ ਵਿਚ ਪਸਰ ਗਈ ਹੈ ਅਤੇ ਮਨ ਦੀ ਸੋਚ ਉਸ ਵਿਚ ਰੁੜ੍ਹ ਗਈ ਹੈ (ਅਰਥਾਤ ਉਸ ਨੂੰ ਕਥਨ ਕਰਨਾ ਸਰਲ ਨਹੀਂ ਹੈ।) ॥੧੫੮॥

ਅਥ ਬਕੀ ਦੈਤ ਕੋ ਬਧ ਕਥਨੰ ॥

ਹੁਣ ਬਕੀ ਦੈਂਤ (ਬਕਾਸੁਰ) ਦੇ ਵਧ ਦਾ ਕਥਨ

ਸਵੈਯਾ ॥

ਸਵੈਯਾ:

ਦੈਤ ਹਨ੍ਯੋ ਸੁਨ ਕੈ ਨ੍ਰਿਪ ਸ੍ਰਉਨਨਿ ਬਾਤ ਕਹੀ ਬਕ ਕੋ ਸੁਨਿ ਲਈਯੈ ॥

ਦੈਂਤ (ਵੱਛੇ) ਦੇ ਮਾਰੇ ਜਾਣ ਦੀ (ਖ਼ਬਰ) ਰਾਜੇ ਨੇ ਕੰਨਾਂ ਨਾਲ ਸੁਣ ਕੇ ਬਕਾਸੁਰ ਨੂੰ ਜੋ ਗੱਲ ਕਹੀ, ਉਹ ਸੁਣ ਲਵੋ।

ਹੋਇ ਤਯਾਰ ਅਬੈ ਤੁਮ ਤੋ ਤਜਿ ਕੈ ਮਥੁਰਾ ਬ੍ਰਿਜ ਮੰਡਲਿ ਜਈਯੈ ॥

ਤੁਸੀਂ ਹੁਣੇ ਤਿਆਰ ਹੋ ਕੇ ਅਤੇ ਮਥੁਰਾ ਨੂੰ ਛਡ ਕੇ ਬ੍ਰਜ-ਭੂਮੀ ਨੂੰ ਜਾਓ।

ਕੈ ਤਸਲੀਮ ਚਲਿਯੋ ਤਹ ਕੌ ਚਬਿ ਡਾਰਤ ਹੋ ਮੁਸਲੀਧਰ ਭਈਯੈ ॥

ਉਹ ਰਾਜੇ ਨੂੰ ਪ੍ਰਣਾਮ ਕਰ ਕੇ ਚਲ ਪਿਆ (ਅਤੇ ਕਹਿਣ ਲਗਿਆ) ਕਿ ਮੈਂ ਬਲਭਦਰ ਦੇ ਭਰਾ (ਸ੍ਰੀ ਕ੍ਰਿਸ਼ਨ) ਨੂੰ ਚਬ ਸੁਟਾਂਗਾ।

ਕੰਸ ਕਹੀ ਹਸਿ ਕੈ ਉਹਿ ਕੋ ਸੁਨਿ ਰੇ ਉਹਿ ਕੋ ਛਲ ਸੋ ਹਨਿ ਦਈਯੈ ॥੧੫੯॥

ਕੰਸ ਨੇ ਉਸ ਨੂੰ ਹਸ ਕੇ ਕਿਹਾ, ਸੁਣ, ਉਸ ਨੂੰ ਛਲ ਨਾਲ ਹੀ ਮਾਰ ਦੇਈਂ ॥੧੫੯॥

ਪ੍ਰਾਤ ਭਏ ਬਛਰੇ ਸੰਗ ਲੈ ਕਰਿ ਬੀਚ ਗਏ ਬਨ ਕੈ ਗਿਰਧਾਰੀ ॥

ਦਿਨ ਚੜ੍ਹਨ ਤੇ ਵੱਛਿਆਂ ਨੂੰ ਨਾਲ ਲੈ ਕੇ ਸ੍ਰੀ ਕ੍ਰਿਸ਼ਨ ਬਨ ਨੂੰ ਚਲੇ ਗਏ।

ਫੇਰਿ ਗਏ ਜਮੁਨਾ ਤਟਿ ਪੈ ਬਛਰੇ ਜਲ ਸੁਧ ਅਚੈ ਨਹਿ ਖਾਰੀ ॥

ਫਿਰ ਜਮਨਾ ਦੇ ਕੰਢੇ ਉਤੇ ਚਲੇ ਗਏ (ਕਿਉਂਕਿ) ਵੱਛੇ ਸਵੱਛ ਪਾਣੀ ਪੀਂਦੇ ਹਨ, ਖਾਰਾ ਨਹੀਂ ਪੀਂਦੇ।

ਆਇ ਗਯੋ ਉਤ ਦੈਤ ਬਕਾਸੁਰ ਦੇਖਨ ਮਹਿਾਂ ਭਯਾਨਕ ਭਾਰੀ ॥

ਉਧਰੋਂ ਬਕਾਸੁਰ ਦੈਂਤ ਆ ਗਿਆ, ਜੋ ਵੇਖਣ ਵਿਚ ਬਹੁਤ ਭਿਆਨਕ ਸੀ।

ਲੀਲ ਲਏ ਸਭ ਹ੍ਵੈ ਬਗੁਲਾ ਫਿਰਿ ਛੋਰਿ ਗਏ ਹਰਿ ਜੋਰ ਗਜਾਰੀ ॥੧੬੦॥

ਉਹ ਬਗਲਾ ਬਣ ਕੇ ਸਾਰਿਆਂ (ਵੱਛਿਆਂ) ਨੂੰ ਨਿਗਲ ਗਿਆ, ਫਿਰ ਹਿੰਮਤ ਕਰਨ ਵਾਲੇ ਸ੍ਰੀ ਕ੍ਰਿਸ਼ਨ (ਉਸ ਦੇ) ਨੇੜੇ ('ਛੋਰਿ') ਗਏ ॥੧੬੦॥

ਦੋਹਰਾ ॥

ਦੋਹਰਾ:

ਅਗਨਿ ਰੂਪ ਤਬ ਕ੍ਰਿਸਨ ਧਰਿ ਕੰਠਿ ਦਯੋ ਤਿਹ ਜਾਲ ॥

ਤਦ ਸ੍ਰੀ ਕ੍ਰਿਸ਼ਨ ਨੇ ਅਗਨੀ ਦਾ ਰੂਪ ਧਾਰ ਕੇ ਉਸ ਦੇ (ਮੂੰਹ ਵਿਚ ਪ੍ਰਵੇਸ਼ ਕੀਤਾ ਅਤੇ) ਗੱਲਾ ਸਾੜ ਦਿੱਤਾ।

ਗਹਿ ਸੁ ਮੁਕਤਿ ਠਾਨਤ ਭਯੋ ਉਗਲ ਡਰਿਯੋ ਤਤਕਾਲ ॥੧੬੧॥

(ਪਹਿਲਾਂ ਉਸ ਨੇ ਸ੍ਰੀ ਕ੍ਰਿਸ਼ਨ ਨੂੰ) ਫੜ ਲਿਆ, ਫਿਰ ਮੁਕਤ ਕਰ ਦਿੱਤਾ ਅਤੇ ਉਸ ਨੂੰ ਤੁਰਤ ਉਗਲ ਦਿੱਤਾ ॥੧੬੧॥

ਸਵੈਯਾ ॥

ਸਵੈਯਾ:

ਚੋਟ ਕਰੀ ਉਨ ਜੋ ਇਹ ਪੈ ਇਨ ਤੇ ਬਲ ਕੈ ਉਹਿ ਚੋਚ ਗਹੀ ਹੈ ॥

ਉਸ (ਬਾਕਸੁਰ) ਨੇ ਸ੍ਰੀ ਕ੍ਰਿਸ਼ਨ ਉਤੇ ਸਟ ਮਾਰੀ ਤਾਂ ਇਨ੍ਹਾਂ ਨੇ ਜ਼ੋਰ ਨਾਲ ਉਸ ਦੀ ਚੁੰਜ ਫੜ ਲਈ।

ਚੀਰ ਦਈ ਬਲ ਕੈ ਤਨ ਕੋ ਸਰਤਾ ਇਕ ਸ੍ਰਉਨਤ ਸਾਥ ਬਹੀ ਹੈ ॥

(ਫਿਰ) ਬਲ-ਪੂਰਵਕ (ਉਸ ਦਾ) ਸ਼ਰੀਰ ਚੀਰ ਦਿੱਤਾ, ਤਾਂ ਝਟ ਹੀ ਲਹੂ ਦੀ ਇਕ ਨਦੀ ਵਗਣ ਲਗ ਗਈ।

ਅਉਰ ਕਹਾ ਉਪਮਾ ਤਿਹ ਕੀ ਸੁ ਕਹੀ ਜੁ ਕਛੁ ਮਨ ਮਧਿ ਲਹੀ ਹੈ ॥

ਉਸ ਦੀ ਹੋਰ ਉਪਮਾ ਕੀ ਕਹਾਂ, ਉਹੀ ਕਹੀ ਹੈ ਜੋ ਮਨ ਵਿਚ ਆਈ ਹੈ।

ਜੋਤਿ ਰਲੀ ਤਿਹ ਮੈ ਇਮ ਜਿਉ ਦਿਨ ਮੈ ਦੁਤਿ ਦੀਪ ਸਮਾਇ ਰਹੀ ਹੈ ॥੧੬੨॥

ਉਸ (ਦੈਂਤ) ਦੀ ਜੋਤਿ ਉਨ੍ਹਾਂ (ਸ੍ਰੀ ਕ੍ਰਿਸ਼ਨ) ਵਿਚ ਇਸ ਤਰ੍ਹਾਂ ਮਿਲ ਗਈ ਹੈ ਜਿਵੇਂ ਦਿਨ (ਦੇ ਪ੍ਰਕਾਸ਼) ਵਿਚ ਦੀਵੇ ਦੀ ਰੌਸ਼ਨੀ ਸਮਾਈ ਰਹਿੰਦੀ ਹੈ ॥੧੬੨॥

ਕਬਿਤੁ ॥

ਕਬਿੱਤ:

ਜਬੈ ਦੈਤ ਆਯੋ ਮਹਾ ਮੁਖਿ ਚਵਰਾਯੋ ਜਬ ਜਾਨਿ ਹਰਿ ਪਾਯੋ ਮਨ ਕੀਨੋ ਵਾ ਕੇ ਨਾਸ ਕੋ ॥

ਜਦੋਂ ਦੈਂਤ (ਬਕਾਸੁਰ) ਆਇਆ ਅਤੇ ਜਦੋਂ ਉਸ ਨੇ ਆਪਣਾ ਮੂੰਹ ਬਹੁਤ ਫੈਲਾ ਲਿਆ, ਤਦ ਸ੍ਰੀ ਕ੍ਰਿਸ਼ਨ ਨੇ (ਉਸ ਦੀ ਵਾਸਤਵਿਕਤਾ ਨੂੰ) ਜਾਣ ਲਿਆ ਅਤੇ ਉਸ ਦੇ ਵਿਨਾਸ਼ ਲਈ ਮਨ ਵਿਚ (ਵਿਚਾਰ ਕੀਤਾ)।

ਸਿੰਧ ਸੁਤਾ ਪਤਿ ਨੈ ਉਖਾਰ ਡਾਰੀ ਚੋਚ ਵਾ ਕੀ ਬਲੀ ਮਾਰ ਡਾਰਿਯੋ ਮਹਾਬਲੀ ਨਾਮ ਜਾਸ ਕੋ ॥

ਲੱਛਮੀ ਦੇ ਪਤੀ ਵਿਸ਼ਣੂ (ਅਰਥਾਤ ਕ੍ਰਿਸ਼ਨ) ਨੇ ਉਸ ਦੀ ਚੁੰਜ ਉਖਾੜ ਦਿੱਤੀ ਅਤੇ ਜਿਸ ਦਾ ਨਾਮ ਮਹਾਬਲੀ ਹੈ (ਉਸ ਕ੍ਰਿਸ਼ਨ ਨੇ) ਬਲਵਾਨ ਦੈਂਤ ਨੂੰ ਮਾਰ ਦਿੱਤਾ।

ਭੂਮਿ ਗਿਰ ਪਰਿਯੋ ਹ੍ਵੈ ਦੁਟੂਕ ਮਹਾ ਮੁਖਿ ਵਾ ਕੋ ਤਾਕੀ ਛਬਿ ਕਹਿਬੇ ਕੋ ਭਯੋ ਮਨ ਦਾਸ ਕੋ ॥

ਉਸ ਦੇ ਵੱਡੇ ਆਕਾਰ ਵਾਲਾ ਮੂੰਹ ਦੋ ਟੁਕੜੇ ਹੋ ਕੇ ਧਰਤੀ ਉਤੇ ਡਿਗ ਪਿਆ। ਉਸ (ਦ੍ਰਿਸ਼) ਦੀ ਛਬ ਕਹਿਣ ਲਈ ਦਾਸ ਦਾ ਮਨ ਤਿਆਰ ਹੋਇਆ ਹੈ।

ਖੇਲਬੇ ਕੇ ਕਾਜ ਬਨ ਬੀਚ ਗਏ ਬਾਲਕ ਜਿਉ ਲੈ ਕੈ ਕਰ ਮਧਿ ਚੀਰ ਡਾਰੈ ਲਾਬੇ ਘਾਸ ਕੋ ॥੧੬੩॥

ਜਿਵੇਂ ਖੇਡਣ ਲਈ ਬਾਲਕ ਬਨ ਵਿਚ ਜਾ ਕੇ ਖੇਡ ਖੇਡ ਵਿਚ ਹੀ ਲੰਬੇ ਲੰਬੇ ਘਾਹ ਨੂੰ ਚੀਰ ਸੁਟਦੇ ਹਨ ॥੧੬੩॥

ਇਤਿ ਬਕਾਸੁਰ ਦੈਤ ਬਧਹਿ ॥

ਇਥੇ ਬਕਾਸੁਰ ਦੈਂਤ ਦੇ ਬੱਧ ਦਾ ਵਰਣਨ ਸਮਾਪਤ।


Flag Counter