ਜਿਵੇਂ ਹੜ੍ਹ ਆਉਂਦਾ ਹੈ ਜਾਂ ਤੀਰ ਅਤੇ ਬੰਦੂਕ (ਦੀ ਗੋਲੀ) ਆਉਂਦੀ ਹੈ ॥੩੧॥
ਉਸ ਨੇ ਬਹੁਤ ਸਾਰੇ ਹਮਲੇ ਮਰਦਾਨਗੀ ਨਾਲ ਕੀਤੇ।
ਕੁਝ ਹੋਸ਼ਿਆਰੀ ਵਾਲੇ ਸਨ ਅਤੇ ਕੁਝ ਦੀਵਾਨਿਆਂ ਵਰਗੇ ਸਨ ॥੩੨॥
ਉਸ ਨੇ ਬਹੁਤ ਹਮਲੇ ਕੀਤੇ ਅਤੇ ਬਹੁਤ ਸਾਰੇ ਜ਼ਖ਼ਮ ਖਾਏ।
ਸਾਡੇ ਦੋ ਆਦਮੀ ਮਾਰ ਦਿੱਤੇ ਅਤੇ (ਆਪਣੀ) ਜਾਨ ਵੀ ਸਪੁਰਦ ਕਰ ਗਿਆ (ਅਰਥਾਤ ਮਰ ਗਿਆ) ॥੩੩॥
ਉਹ ਖ਼੍ਵਾਜਾ (ਜ਼ਫ਼ਰਬੇਗ) ਕਾਇਰ ਵਾਂਗ ਦੀਵਾਰ ਦੀ ਓਟ ਵਿਚ ਹੀ ਰਿਹਾ,
ਮੈਦਾਨ ਵਿਚ ਨਾ ਨਿਤਰਿਆ ਅਤੇ ਨਾ ਹੀ ਮਰਦਾਨਗੀ ਨਾਲ ਵਾਰ ਕੀਤਾ ॥੩੪॥
ਖੇਦ ਹੈ, ਜੇ ਮੈਂ ਉਸ ਕਾਇਰ ਦਾ ਮੂੰਹ ਵੇਖ ਲੈਂਦਾ,
ਤਾਂ ਮਜਬੂਰ ਹੋ ਕੇ ਇਕ ਤੀਰ ਬਖ਼ਸ਼ ਦਿੰਦਾ। (ਭਾਵ ਮਾਰ ਦਿੰਦਾ) ॥੩੫॥
ਅੰਤ ਵਿਚ ਤੀਰਾਂ ਅਤੇ ਬੰਦੂਕਾਂ ਦੇ ਬਹੁਤ ਸਾਰੇ ਜ਼ਖ਼ਮ ਖਾ ਕੇ
ਦੋਹਾਂ ਪਾਸਿਆਂ ਦੇ ਬਹੁਤ ਸਾਰੇ (ਸੈਨਿਕ) ਥੋੜੇ ਚਿਰ ਵਿਚ ਮਾਰੇ ਗਏ ॥੩੬॥
ਤੀਰਾਂ ਅਤੇ ਬੰਦੂਕਾਂ (ਦੀਆਂ ਗੋਲੀਆਂ) ਦੀ ਬਹੁਤ ਬਰਖਾ ਹੋਈ,
ਜਿਸ ਕਰ ਕੇ ਧਰਤੀ ਲਾਲਹ (ਪੋਸਤ) ਦੇ ਫੁਲ ਵਾਂਗ (ਲਾਲ) ਹੋ ਗਈ ॥੩੭॥
(ਯੁੱਧ-ਖੇਤਰ ਵਿਚ) ਸਿਰਾਂ ਅਤੇ ਪੈਰਾਂ ਦਾ ਅੰਬਾਰ ਲਗ ਗਿਆ
(ਮਾਨੋ) ਮੈਦਾਨ ਗੇਂਦਾਂ ਖੂੰਡੀਆਂ ਨਾਲ ਭਰ ਗਿਆ ਹੋਵੇ ॥੩੮॥
(ਜਦੋਂ) ਤੀਰਾਂ ਦੀ ਸਰਸਰਾਹਟ ਹੋਈ ਅਤੇ ਕਮਾਨਾਂ ਨੇ ਟੁਣਕਾਰ ਕੀਤੀ,
ਤਾਂ ਸਾਰਾ ਜਹਾਨ ਹਾ-ਹੂ ਨਾਲ ਭਰ ਗਿਆ (ਅਰਥਾਤ ਰੌਲਾ ਮਚ ਗਿਆ) ॥੩੯॥
ਫਿਰ ਤੀਰਾਂ ਦੇ ਮਾਰੂ ਰੌਲੇ ਨੇ
ਬਹਾਦਰ ਸੂਰਮਿਆਂ ਦੀ ਹੋਸ਼ ਖ਼ਤਮ ਕਰ ਦਿੱਤੀ ॥੪੦॥
ਆਖ਼ਿਰ ਜੰਗ ਵਿਚ ਮਰਦਾਨਗੀ ਵੀ ਕੀ ਕਰ ਸਕਦੀ ਹੈ
ਜੇ ਚਾਲੀ ਆਦਮੀਆਂ ਉਤੇ ਬੇਸ਼ੁਮਾਰ (ਫ਼ੌਜ) ਟੁਟ ਪਈ ਹੋਵੇ ॥੪੧॥
(ਜਦ) ਸੰਸਾਰ ਦਾ ਦੀਪਕ (ਸੂਰਜ) ਪਰਦੇ ਵਿਚ ਆ ਗਿਆ (ਭਾਵ ਡੁਬ ਗਿਆ)
(ਤਦ) ਰਾਤ ਦਾ ਸੁਆਮੀ (ਚੰਦ੍ਰਮਾ) ਬਹੁਤ ਪ੍ਰਕਾਸ਼ ਨਾਲ ਨਿਕਲ ਆਇਆ ॥੪੨॥
ਹਰ ਉਹ ਆਦਮੀ ਜੋ ਕੁਰਾਨ ਦੀ ਕਸਮ ਖਾਂਦਾ ਹੈ,
ਪਰਮਾਤਮਾ ਉਸ ਦਾ ਪਥ-ਪ੍ਰਦਰਸ਼ਨ ਕਰਦਾ ਹੈ ॥੪੩॥
ਉਸ ਦਾ ਨਾ ਵਾਲ ਵਿੰਗਾ ਹੁੰਦਾ ਹੈ ਅਤੇ ਨਾ ਸ਼ਰੀਰ ਦੁਖ ਪਾਉਂਦਾ ਹੈ।
(ਪਰਮਾਤਮਾ) ਵੈਰੀ ਨੂੰ ਮਾਰ ਕੇ ਉਸ ਨੂੰ ਖ਼ੁਦ ਬਾਹਰ ਲੈ ਆਉਂਦਾ ਹੈ ॥੪੪॥
ਮੈਂ ਨਹੀਂ ਸਾਂ ਜਾਣਦਾ ਕਿ ਇਹ ਆਦਮੀ (ਔਰੰਗਜ਼ੇਬ ਬਾਦਸ਼ਾਹ) ਇਕਰਾਰ ਤੋੜਨ ਵਾਲਾ,
ਦੌਲਤ ਦਾ ਪੁਜਾਰੀ ਅਤੇ ਈਮਾਨ ਨੂੰ ਪਰੇ ਸੁਟਣ ਵਾਲਾ ਹੈ ॥੪੫॥
ਇਹ ਨਾ ਧਰਮ ਦੀ ਪਾਲਨਾ ਕਰਦਾ ਹੈ, ਨਾ ਧਰਮ ਦੇ ਵਿਧਾਨ ਨੂੰ ਮੰਨਦਾ ਹੈ,
(ਇਸ ਨੂੰ) ਨਾ ਪ੍ਰਭੂ ਦੀ ਕੋਈ ਪਛਾਣ ਹੈ ਅਤੇ ਨਾ ਹੀ ਮੁਹੰਮਦ ਤੇ ਯਕੀਨ ਹੈ ॥੪੬॥
ਹਰ ਉਹ ਆਦਮ ਨੂੰ ਈਮਾਨ ਦੀ ਪਾਲਨਾ ਕਰਦਾ ਹੈ,
ਉਹ ਆਪਣੇ ਇਕਰਾਰ ਤੋਂ ਅਗੇ ਪਿਛੇ ਨਹੀਂ ਹੁੰਦਾ ॥੪੭॥
ਇਸ ਮਰਦ (ਔਰੰਗਜ਼ੇਬ ਬਾਦਸ਼ਾਹ) ਦਾ ਜ਼ਰਾ ਜਿੰਨਾ ਵੀ ਵਿਸ਼ਵਾਸ਼ ਨਹੀਂ ਹੈ
ਜੋ ਕੁਰਾਨ ਦੀ ਕਸਮ ਖਾਂਦਾ ਹੈ ਅਤੇ ਪਰਮਾਤਮਾ ਨੂੰ ਇਕ ਮੰਨਦਾ ਹੈ ॥੪੮॥
ਜੇ ਉਹ ਹੁਣ ਕੁਰਾਨ ਦੀਆਂ ਸੌ ਕਸਮਾਂ ਖਾ ਲਏ
ਤਾਂ ਵੀ ਮੈਂ (ਉਸ ਉਤੇ) ਰਤਾ ਜਿੰਨਾ ਯਕੀਨ ਨਹੀਂ ਕਰ ਸਕਦਾ ॥੪੯॥
ਜੇ ਤੇਰਾ (ਕੁਰਾਨ ਉਤੇ) ਯਕੀਨ ਹੁੰਦਾ
ਤਾਂ ਲਕ ਬੰਨ੍ਹ ਕੇ ਸਾਹਮਣੇ ਆ ਜਾਂਦਾ ॥੫੦॥
ਤੇਰੇ ਸਿਰ ਉਤੇ ਕਸਮ ਨੂੰ ਪੂਰਾ ਕਰਨ ਦਾ ਫ਼ਰਜ਼ ਬਣਦਾ ਹੈ।
(ਕਿਉਂਕਿ ਤੂੰ) ਖ਼ੁਦਾ ਦੇ ਕਲਾਮ (ਭਾਵ ਕੁਰਾਨ) ਦੀ ਕਸਮ ਚੁਕੀ ਸੀ ॥੫੧॥
ਹੇ ਹਜ਼ਰਤ (ਬਾਦਸ਼ਾਹ)! ਜੇ (ਤੂੰ) ਮੇਰੇ ਸਾਹਮਣੇ ਖੜੋਤਾ ਹੁੰਦਾ,
ਤਾਂ ਦਿਲੋ-ਜਾਨ ਨਾਲ ਸਾਰੇ ਕੰਮ ਦਾ ਪਤਾ ਲਗ ਜਾਂਦਾ ॥੫੨॥
(ਹੁਣ) ਤੇਰਾ ਫ਼ਰਜ਼ ਬਣਦਾ ਹੈ (ਕਿ ਤੂੰ) ਕੰਮ ਨੂੰ ਪੂਰਾ ਕਰ
ਅਤੇ ਆਪਣੇ ਲਿਖੇ ਅਨੁਸਾਰ ਵਿਚਾਰ ਕਰ ॥੫੩॥
(ਤੇਰੇ ਪਾਸ) ਲਿਖੇ ਹੋਇਆ (ਪੱਤਰ) ਪਹੁੰਚੇਗਾ ਅਤੇ ਜ਼ਬਾਨੀ ਵੀ ਕਿਹਾ ਜਾਏਗਾ। (ਅਰਥਾਂਤਰ-ਤੇਰਾ ਲਿਖਿਆ ਹੋਇਆ ਪੱਤਰ ਅਤੇ ਜ਼ਬਾਨੀ ਸੁਨੇਹਾ ਪਹੁੰਚਿਆ ਹੈ)।
ਚਾਹੀਦਾ ਹੈ ਕਿ ਇਹ ਕੰਮ ਸੁਖ ਪੂਰਵਕ ਸਿਰੇ ਚੜ੍ਹ ਜਾਏ ॥੫੪॥
ਇਨਸਾਨ ਉਹ ਹੋਣਾ ਚਾਹੀਦਾ ਹੈ ਜੋ ਬਚਨ ਦਾ ਪੱਕਾ ਹੋਵੇ।