ਸ਼੍ਰੀ ਦਸਮ ਗ੍ਰੰਥ

ਅੰਗ - 339


ਰਾਜਤ ਜਾਹਿ ਮ੍ਰਿਗੀ ਪਤਿ ਨੈਨ ਬਿਰਾਜਤ ਸੁੰਦਰ ਹੈ ਸਮ ਮਾਛੀ ॥

ਜਿਨ੍ਹਾਂ ਦੇ ਹਿਰਨਾਂ ਵਰਗੇ ਨੈਣ ਸੁਸ਼ੋਭਿਤ ਹਨ, ਜੋ ਸੁੰਦਰਤਾ ਵਿਚ ਮੱਛੀ (ਦੇ ਨੈਣਾਂ) ਵਰਗੇ ਸਜਦੇ ਹਨ।

ਸੋਭਿਤ ਹੈ ਬ੍ਰਿਜ ਮੰਡਲ ਮੈ ਜਨੁ ਖੇਲਬੇ ਕਾਜਿ ਨਟੀ ਇਹ ਕਾਛੀ ॥

ਬ੍ਰਜ ਮੰਡਲ ਵਿਚ ਇਸ ਤਰ੍ਹਾਂ ਸੋਭ ਰਹੀਆਂ ਹਨ ਮਾਨੋ ਖੇਡਣ ਲਈ ਨਟਣੀਆਂ ਨੇ ਹੀ ਇਹ ਭੇਖ ਧਾਰਿਆ ਹੋਵੇ।

ਦੇਖਨਿ ਹਾਰ ਕਿਧੌ ਭਗਵਾਨ ਦਿਖਾਵਤ ਭਾਵ ਹਮੈ ਹਿਯਾ ਆਛੀ ॥੪੫੩॥

ਉਸ ਵੇਲੇ ਦੇਖਣ ਵਾਲਾ ਭਗਵਾਨ ਹੈ ਅਤੇ (ਇਹ) ਸਾਨੂੰ ਹਿਰਦੇ ਦੇ ਚੰਗੇ ਭਾਵ ਵਿਖਾ ਰਹੀਆਂ ਹਨ ॥੪੫੩॥

ਸੋਹਤ ਹੈ ਸਭ ਗੋਪਿਨ ਕੇ ਕਬਿ ਸ੍ਯਾਮ ਕਹੈ ਦ੍ਰਿਗ ਅੰਜਨ ਆਜੇ ॥

ਕਵੀ ਸ਼ਿਆਮ ਕਹਿੰਦੇ ਹਨ, ਸਾਰੀਆਂ ਗੋਪੀਆਂ ਦੇ ਸੁਰਮਾ ਪਾਏ ਹੋਏ ਨੈਣ ਸ਼ੋਭਾ ਪਾ ਰਹੇ ਹਨ।

ਕਉਲਨ ਕੀ ਜਨੁ ਸੁਧਿ ਪ੍ਰਭਾ ਸਰ ਸੁੰਦਰ ਸਾਨ ਕੇ ਊਪਰਿ ਮਾਜੇ ॥

(ਉਨ੍ਹਾਂ ਨੇ) ਮਾਨੋ ਕਮਲ ਦੇ ਸੁੰਦਰ ਫੁਲਾਂ ਦੀ ਸੋਭਾ ਪ੍ਰਾਪਤ ਕੀਤੀ ਹੋਈ ਹੋਵੇ ਅਤੇ ਸਾਣ ਉਤੇ ਚੜ੍ਹੇ ਤੀਰਾਂ ਵਾਂਗ ਤਿਖੇ ਹੋਣ।

ਬੈਠਿ ਘਰੀ ਇਕ ਮੈ ਚਤੁਰਾਨਨ ਮੈਨ ਕੇ ਤਾਤ ਬਨੇ ਕਸਿ ਸਾਜੇ ॥

(ਇਸ ਤਰ੍ਹਾਂ ਲਗਦਾ ਹੈ) ਕਿ ਬ੍ਰਹਮਾ ਨੇ ਟਿਕ ਕੇ (ਇਨ੍ਹਾਂ ਦੀ ਦੇਹ) ਘੜੀ ਹੈ, ਜਿਵੇਂ ਕਾਮ ਦੇ ਬੱਚੇ ਹੀ ਕਸੇ ਹੋਏ ਹਨ।

ਮੋਹਤਿ ਹੈ ਮਨ ਜੋਗਨ ਕੇ ਫੁਨਿ ਜੋਗਨ ਕੇ ਗਨ ਬੀਚ ਕਲਾ ਜੇ ॥੪੫੪॥

(ਉਹ) ਜੋਗੀਆਂ ਦੇ ਮਨ ਨੂੰ ਮੋਹ ਰਹੇ ਹਨ ਅਤੇ ਫਿਰ ਜੋਗੀਆਂ ਦੀ ਮੰਡਲੀ ਦੀ ਕਲਾ (ਅਰਥਾਤ ਸ਼ਕਤੀ) ਬਣੇ ਹੋਏ ਹਨ ॥੪੫੪॥

ਠਾਢਿ ਹੈ ਕਾਨ੍ਰਹ ਸੋਊ ਮਹਿ ਗੋਪਿਨ ਜਾਹਿ ਕੋ ਅੰਤ ਮੁਨੀ ਨਹਿ ਬੂਝੇ ॥

ਉਹ ਕਾਨ੍ਹ ਗੋਪੀਆਂ ਵਿਚ ਖੜੋਤਾ ਹੈ ਜਿਸ ਦਾ ਅੰਤ ਮੁਨੀ ਵੀ ਨਹੀਂ ਬੁਝ ਸਕੇ।

ਕੋਟਿ ਕਰੈ ਉਪਮਾ ਬਹੁ ਬਰਖਨ ਨੈਨਨ ਸੋ ਤਉ ਨੈਕੁ ਨ ਸੂਝੇ ॥

(ਉਸ ਦੀ) ਕਰੋੜਾਂ ਵਿਅਕਤੀ ਬਹੁਤ ਵਰ੍ਹਿਆਂ ਤਕ ਉਪਮਾ ਕਰਦੇ ਰਹੇ ਹਨ, ਪਰ ਅੱਖਾਂ ਨਾਲ ਉਸ ਨੂੰ ਜ਼ਰਾ ਜਿੰਨਾ ਵੀ ਜਾਣ ਨਹੀਂ ਸਕੇ (ਅਰਥਾਤ ਵੇਖ ਨਹੀਂ ਸਕੇ)।

ਤਾਹੀ ਕੇ ਅੰਤਿ ਲਖੈਬੇ ਕੇ ਕਾਰਨ ਸੂਰ ਘਨੈ ਰਨ ਭੀਤਰ ਜੂਝੇ ॥

ਉਸ ਦੇ ਅੰਤ ਨੂੰ ਜਾਣਨ ਲਈ ਅਨੇਕਾਂ ਸੂਰਮੇ ਯੁੱਧ-ਭੂਮੀ ਵਿਚ ਸ਼ਹੀਦੀਆਂ ਪਾ ਗਏ।

ਸੋ ਬ੍ਰਿਜ ਭੂਮਿ ਬਿਖੈ ਭਗਵਾਨ ਤ੍ਰੀਆ ਗਨ ਮੈ ਰਸ ਬੈਨ ਅਰੂਝੇ ॥੪੫੫॥

ਓਹੀ ਭਗਵਾਨ ਬ੍ਰਜ-ਭੂਮੀ ਵਿਚ ਇਸਤਰੀਆਂ ਦੇ ਝੁੰਡ ਵਿਚ ਰਸ ਦੀਆਂ ਗੱਲਾਂ ਕਰਨ ਵਿਚ ਰੁਝੇ ਹੋਏ ਹਨ ॥੪੫੫॥

ਕਾਨਰ ਕੇ ਨਿਕਟੈ ਜਬ ਹੀ ਸਭ ਹੀ ਗੁਪੀਆ ਮਿਲਿ ਸੁੰਦਰ ਗਈਯਾ ॥

ਜਦੋਂ ਸਾਰੀਆਂ ਸੁੰਦਰ ਗੋਪੀਆਂ ਮਿਲ ਕੇ ਕ੍ਰਿਸ਼ਨ ਦੇ ਕੋਲ ਗਈਆਂ।

ਸੋ ਹਰਿ ਮਧਿ ਸਸਾਨਨ ਪੇਖਿ ਸਭੈ ਫੁਨਿ ਕੰਦ੍ਰਪ ਬੇਖ ਬਨਈਆ ॥

ਉਸ ਵੇਲੇ ਕਾਨ੍ਹ ਦੇ ਚੰਦ੍ਰਮਾ ਵਰਗੇ ਮੁਖ ਨੂੰ ਵੇਖ ਕੇ ਫਿਰ ਸਾਰੀਆਂ ਕਾਮ ਦਾ ਰੂਪ ਹੀ ਬਣ ਗਈਆਂ।

ਲੈ ਮੁਰਲੀ ਅਪਨੇ ਕਰਿ ਕਾਨ੍ਰਹ ਕਿਧੌ ਅਤਿ ਹੀ ਹਿਤ ਸਾਥ ਬਜਈਯਾ ॥

ਆਪਣੇ ਹੱਥ ਵਿਚ ਮੁਰਲੀ ਨੂੰ ਲੈ ਕੇ ਕਾਨ੍ਹ ਨੇ ਬੜੇ ਹਿਤ ਨਾਲ ਵਜਾਇਆ,

ਘੰਟਕ ਹੇਰਕ ਜਿਉ ਪਿਖ ਕੈ ਮ੍ਰਿਗਨੀ ਮੁਹਿ ਜਾਤ ਸੁ ਹੈ ਠਹਰਈਯਾ ॥੪੫੬॥

ਜਿਵੇਂ ਘੰਡਾਹੇੜੇ ਨੂੰ ਸੁਣ ਕੇ ਹਿਰਨੀਆਂ ਮੋਹੀਆਂ ਜਾਂਦੀਆਂ ਹਨ, (ਉਵੇਂ ਹੀ) ਉਹ ਮਗਨ ਹੋ ਗਈਆਂ ਹਨ ॥੪੫੬॥

ਮਾਲਸਿਰੀ ਅਰੁ ਰਾਮਕਲੀ ਸੁਭ ਸਾਰੰਗ ਭਾਵਨ ਸਾਥ ਬਸਾਵੈ ॥

(ਕਾਨ੍ਹ) ਸ਼ੁਭ ਭਾਵ ਨਾਲ (ਮੁਰਲੀ ਵਿਚ) ਮਾਲਸਿਰੀ, ਰਾਮਕਲੀ ਅਤੇ ਸਾਰੰਗ ਰਾਗਾਂ ਨੂੰ ਵਜਾਉਂਦੇ ਹਨ।

ਜੈਤਸਿਰੀ ਅਰੁ ਸੁਧ ਮਲਾਰ ਬਿਲਾਵਲ ਕੀ ਧੁਨਿ ਕੂਕ ਸੁਨਾਵੈ ॥

ਜੈਤਸਿਰੀ ਅਤੇ ਸੁੱਧ ਮਲ੍ਹਾਰ ਤੇ ਬਿਲਾਵਲ ਰਾਗਾਂ ਦੀ ਸੁਰ ਨੂੰ ਉੱਚੀ ਆਵਾਜ਼ ਵਿਚ ਸੁਣਾਉਂਦੇ ਹਨ।

ਲੈ ਮੁਰਲੀ ਅਪੁਨੇ ਕਰਿ ਕਾਨ੍ਰਹ ਕਿਧੌ ਅਤਿ ਹੀ ਹਿਤ ਸਾਥ ਬਜਾਵੈ ॥

ਕਾਨ੍ਹ ਆਪਣੇ ਹੱਥ ਵਿਚ ਮੁਰਲੀ ਲੈ ਕੇ ਬਹੁਤ ਹਿਤ ਨਾਲ ਵਜਾਉਂਦੇ ਹਨ (ਜਿਸ ਦੀ ਸੁਰ ਨੂੰ ਸੁਣ ਕੇ)

ਪਉਨ ਚਲੈ ਨ ਰਹੈ ਜਮੁਨਾ ਥਿਰ ਮੋਹਿ ਰਹੈ ਧੁਨਿ ਜੋ ਸੁਨਿ ਪਾਵੈ ॥੪੫੭॥

ਪੌਣ ਚਲਣੋ ਰੁਕ ਜਾਂਦੀ ਹੈ ਅਤੇ ਜਮਨਾ (ਵਗਣਾ ਛਡ ਕੇ) ਸਥਿਰ ਹੋ ਜਾਂਦੀ ਹੈ, (ਹੋਰ ਕੋਈ ਵੀ) ਜੋ ਮੁਰਲੀ ਦੀ ਧੁਨ ਸੁਣ ਲੈਂਦਾ ਹੈ, (ਉਹ ਵੀ) ਮੋਹਿਤ ਹੋ ਜਾਂਦਾ ਹੈ ॥੪੫੭॥

ਸੁਨ ਕੇ ਮੁਰਲੀ ਧੁਨਿ ਕਾਨਰ ਕੀ ਸਭ ਗੋਪਿਨ ਕੀ ਸਭ ਸੁਧਿ ਛੁਟੀ ॥

ਕਾਨ੍ਹ ਦੀ ਮੁਰਲੀ ਦੀ ਧੁਨ ਸੁਣ ਕੇ ਸਾਰੀਆਂ ਗੋਪੀਆਂ ਦੀ ਸਾਰੀ ਹੋਸ਼ ਖਤਮ ਹੋ ਗਈ ਹੈ।

ਸਭ ਛਾਡਿ ਚਲੀ ਅਪਨੇ ਗ੍ਰਿਹ ਕਾਰਜ ਕਾਨ੍ਰਹ ਹੀ ਕੀ ਧੁਨਿ ਸਾਥ ਜੁਟੀ ॥

ਸਾਰੀਆਂ ਆਪਣੇ ਘਰਾਂ ਦੇ ਕੰਮਾਂ ਨੂੰ ਛਡ ਕੇ ਤੁਰ ਚਲੀਆਂ ਹਨ ਅਤੇ ਕਾਨ੍ਹ (ਦੀ ਮੁਰਲੀ) ਦੀ ਧੁਨ ਵਿਚ ਜੁੜ ਗਈਆਂ ਹਨ।

ਠਗਨੀ ਸੁਰ ਹੈ ਕਬਿ ਸ੍ਯਾਮ ਕਹੈ ਇਨ ਅੰਤਰ ਕੀ ਸਭ ਮਤਿ ਲੁਟੀ ॥

ਕਵੀ ਸ਼ਿਆਮ ਕਹਿੰਦੇ ਹਨ, (ਮੁਰਲੀ ਦੀ) ਸੁਰ ਨੇ ਠਗਣੀ ਹੋ ਕੇ ਇਨ੍ਹਾਂ (ਗੋਪੀਆਂ) ਦੇ ਅੰਦਰ ਦੀ ਮਤ ਲੁਟ ਲਈ ਹੈ।

ਮ੍ਰਿਗਨੀ ਸਮ ਹੈ ਚਲਤ ਯੌ ਇਨ ਕੇ ਮਗ ਲਾਜ ਕੀ ਬੇਲ ਤਰਾਕ ਤੁਟੀ ॥੪੫੮॥

ਹਿਰਨੀ ਵਾਂਗ ਹੋ ਕੇ, ਇਸ ਦੇ ਮਾਰਗ ਉਤੇ ਹੀ ਚਲ ਪਈਆਂ ਹਨ ਜਿਸ ਕਰ ਕੇ ਲਾਜ ਦੀ ਵੇਲ ਤੜਾਕ ਕਰ ਕੇ ਟੁਟ ਗਈ ਹੈ ॥੪੫੮॥

ਕਾਨ੍ਰਹ ਕੋ ਰੂਪ ਨਿਹਾਰ ਰਹੀ ਤ੍ਰਿਯਾ ਸ੍ਯਾਮ ਕਹੈ ਕਬਿ ਹੋਇ ਇਕਾਠੀ ॥

ਸ਼ਿਆਮ ਕਵੀ ਕਹਿੰਦੇ ਹਨ, ਸਾਰੀਆਂ ਇਸਤਰੀਆਂ ਇਕੱਠੀਆਂ ਹੋ ਕੇ ਕਾਨ੍ਹ ਦੇ ਰੂਪ ਨੂੰ ਵੇਖ ਰਹੀਆਂ ਹਨ।

ਜਿਉ ਸੁਰ ਕੀ ਧੁਨਿ ਕੌ ਸੁਨ ਕੈ ਮ੍ਰਿਗਨੀ ਚਲਿ ਆਵਤ ਜਾਤ ਨ ਨਾਠੀ ॥

ਜਿਵੇਂ (ਬੰਸਰੀ ਦੀ) ਸੁਰ ਨੂੰ ਸੁਣ ਕੇ ਹਿਰਨੀਆਂ ਭਜੀਆਂ ਚਲੀਆਂ ਆਉਂਦੀਆਂ ਹਨ ਅਤੇ (ਫਿਰ) ਜਾਂਦੀਆਂ ਨਹੀਂ ਹਨ।

ਮੈਨ ਸੋ ਮਤ ਹ੍ਵੈ ਕੂਦਤ ਕਾਨ੍ਰਹ ਸੁ ਛੋਰਿ ਮਨੋ ਸਭ ਲਾਜ ਕੀ ਗਾਠੀ ॥

ਕਾਮ ਨਾਲ ਮਸਤ ਹੋ ਕੇ ਕਾਨ੍ਹ ਦੇ ਨਾਲ ਕੁੱਦਦੀਆਂ ਹਨ ਅਤੇ ਮਨ ਤੋਂ ਲਾਜ ਦੀ ਗੰਢ ਖੋਲ੍ਹ ਦਿੱਤੀ ਹੈ।

ਗੋਪਿਨ ਕੋ ਮਨੁ ਯੌ ਚੁਰਿ ਗਯੋ ਜਿਮ ਖੋਰਰ ਪਾਥਰ ਪੈ ਚਰਨਾਠੀ ॥੪੫੯॥

ਗੋਪੀਆਂ ਦੇ ਮਨ ਇਸ ਤਰ੍ਹਾਂ ਚੁਰਾ ਲਏ ਗਏ ਹਨ ਜਿਵੇਂ ਖੁਰਦਰੇ ਪੱਥਰ ਉਤੇ ਚੰਦਨ ਦੀ ਲਕੜੀ ਘਿਸ ਜਾਂਦੀ ਹੈ ॥੪੫੯॥

ਹਸਿ ਬਾਤ ਕਰੈ ਹਰਿ ਸੋ ਗੁਪੀਆ ਕਬਿ ਸ੍ਯਾਮ ਕਹੈ ਜਿਨ ਭਾਗ ਬਡੇ ॥

ਕਵੀ ਸ਼ਿਆਮ ਕਹਿੰਦੇ ਹਨ, ਜਿੰਨ੍ਹਾਂ ਗੋਪੀਆਂ ਦੇ ਭਾਗ ਵੱਡੇ ਹਨ (ਉਹ) ਕਾਨ੍ਹ ਨਾਲ ਹਸ ਕੇ ਗੱਲਾਂ ਕਰਦੀਆਂ ਹਨ।

ਮੋਹਿ ਸਭੈ ਪ੍ਰਗਟਿਯੋ ਇਨ ਕੋ ਪਿਖ ਕੈ ਹਰਿ ਪਾਪਨ ਜਾਲ ਲਡੇ ॥

ਪਾਪਾਂ ਦੇ ਪੁੰਜ ਨੂੰ ਸਾੜਨ ਵਾਲੇ ਕਾਨ੍ਹ ਨੂੰ ਵੇਖ ਕੇ ਇਨ੍ਹਾਂ (ਦੇ ਮਨ) ਵਿਚ ਮੋਹ ਪ੍ਰਗਟ ਹੋ ਗਿਆ ਹੈ।

ਕ੍ਰਿਸਨੰ ਤਨ ਮਧਿ ਬਧੂ ਬ੍ਰਿਜ ਕੀ ਮਨ ਹ੍ਵੈ ਕਰਿ ਆਤੁਰ ਅਤਿ ਗਡੇ ॥

ਬ੍ਰਜ ਦੀਆਂ ਇਸਤਰੀਆਂ ਦਾ ਮਨ ਅਤਿ ਆਤੁਰ ਹੋ ਕੇ ਕ੍ਰਿਸ਼ਨ ਦੇ ਸ਼ਰੀਰ ਵਿਚ ਗਡ ਗਿਆ ਹੈ।

ਸੋਊ ਸਤਿ ਕਿਧੋ ਮਨ ਜਾਹਿ ਗਡੇ ਸੁ ਅਧੰਨਿ ਜਿਨੋ ਮਨ ਹੈ ਅਗਡੇ ॥੪੬੦॥

ਜਿਨ੍ਹਾਂ ਦਾ ਮਨ (ਕਾਨ੍ਹ ਵਿਚ) ਗਡਿਆ ਗਿਆ ਹੈ ਉਨ੍ਹਾਂ ਦਾ (ਜੀਵਨ) ਸੱਚਾ ਹੈ ਅਤੇ ਜਿਨ੍ਹਾਂ ਦਾ ਮਨ ਨਹੀਂ ਗਡਿਆ, ਉਨ੍ਹਾਂ (ਦਾ ਜੀਵਨ) ਵਿਅਰਥ ਹੈ ॥੪੬੦॥

ਨੈਨ ਚੁਰਾਇ ਮਹਾ ਸੁਖ ਪਾਇ ਕਛੂ ਮੁਸਕਾਇ ਭਯੋ ਹਰਿ ਠਾਢੋ ॥

ਅੱਖਾਂ ਚੁਰਾ ਕੇ, ਬਹੁਤ ਸੁਖ ਪ੍ਰਾਪਤ ਕਰ ਕੇ ਅਤੇ ਕੁਝ ਮੁਸਕਰਾ ਕੇ ਕਾਨ੍ਹ ਖੜਾ ਹੋ ਗਿਆ ਹੈ।

ਮੋਹਿ ਰਹੀ ਬ੍ਰਿਜ ਬਾਮ ਸਭੈ ਅਤਿ ਹੀ ਤਿਨ ਕੈ ਮਨਿ ਆਨੰਦ ਬਾਢੋ ॥

ਸਾਰੀਆਂ ਬ੍ਰਜ ਦੀਆਂ ਇਸਤਰੀਆਂ ਮੋਹਿਤ ਹੋ ਰਹੀਆਂ ਹਨ ਜਿਨ੍ਹਾਂ ਦੇ ਮਨ ਵਿਚ ਆਨੰਦ ਵਧਿਆ ਹੋਇਆ ਹੈ।

ਜਾ ਭਗਵਾਨ ਕਿਧੋ ਸੀਯ ਜੀਤ ਕੈ ਮਾਰਿ ਡਰਿਯੋ ਰਿਪੁ ਰਾਵਨ ਗਾਢੋ ॥

ਜਿਸ ਭਗਵਾਨ ਨੇ ਸੀਤਾ ਨੂੰ ਜਿਤ ਕੇ ਰਾਵਣ ਵਰਗੇ ਤਕੜੇ ਵੈਰੀ ਨੂੰ ਮਾਰ ਸੁਟਿਆ ਸੀ,

ਤਾ ਭਗਵਾਨ ਕਿਧੋ ਮੁਖ ਤੇ ਮੁਕਤਾ ਨੁਕਤਾ ਸਮ ਅੰਮ੍ਰਿਤ ਕਾਢੋ ॥੪੬੧॥

ਓਹੀ ਭਗਵਾਨ ਮਾਨੋ ਆਪਣੇ ਮੂੰਹ ਤੋਂ ਮੋਤੀਆਂ ਜਿਹੀਆਂ ਉਕਤੀਆਂ ਨੂੰ ਅਤੇ ਅੰਮ੍ਰਿਤ ਵਰਗੇ (ਰਾਗਾਂ ਨੂੰ) ਕੱਢ ਰਿਹਾ ਹੈ ॥੪੬੧॥

ਕਾਨ੍ਰਹ ਜੂ ਬਾਚ ਗੋਪੀ ਪ੍ਰਤਿ ॥

ਕਾਨ੍ਹ ਜੀ ਨੇ ਗੋਪੀਆਂ ਨੂੰ ਕਿਹਾ:

ਸਵੈਯਾ ॥

ਸਵੈਯਾ:

ਆਜੁ ਭਯੋ ਝੜ ਹੈ ਜਮੁਨਾ ਤਟਿ ਖੇਲਨ ਕੀ ਅਬ ਘਾਤ ਬਣੀ ॥

ਜਮਨਾ ਦੇ ਕੰਢੇ ਬਦਲਵਾਈ ਬਣੀ ਹੋਈ ਹੈ, ਹੁਣ ਖੇਡਣ ਦਾ ਮੌਕਾ ਬਣ ਗਿਆ ਹੈ।

ਤਜ ਕੈ ਡਰ ਖੇਲ ਕਰੋ ਹਮ ਸੋ ਕਬਿ ਸ੍ਯਾਮ ਕਹਿਯੋ ਹਸਿ ਕਾਨ੍ਰਹ ਅਣੀ ॥

ਕਵੀ ਸ਼ਿਆਮ ਕਹਿੰਦੇ ਹਨ, ਕਾਨ੍ਹ ਨੇ ਹਸ ਕੇ ਕਿਹਾ, ਅੜੀਓ! (ਮਨ ਵਿਚੋਂ) ਡਰ ਨੂੰ ਕਢ ਕੇ ਮੇਰੇ ਨਾਲ ਖੇਡ ਕਰੋ।

ਜੋ ਸੁੰਦਰ ਹੈ ਤੁਮ ਮੈ ਸੋਊ ਖੇਲਹੁ ਖੇਲਹੁ ਨਾਹਿ ਜਣੀ ਰੁ ਕਣੀ ॥

ਜਿਹੜੀ ਤੁਹਾਡੇ ਵਿਚੋਂ ਸੁੰਦਰ ਹੈ, ਓਹੀ (ਮੇਰੇ ਨਾਲ) ਖੇਡੇ; ਮੈਂ ਜਣੀ ਖਣੀ ਨਾਲ ਨਹੀਂ ਖੇਡਦਾ।

ਇਹ ਭਾਤਿ ਕਹੈ ਹਸਿ ਕੈ ਰਸ ਬੋਲ ਕਿਧੋ ਹਰਤਾ ਜੋਊ ਮਾਨ ਫਣੀ ॥੪੬੨॥

ਜੋ ਸ਼ੇਸ਼ਨਾਗ ਦਾ ਅਭਿਮਾਨ ਨਸ਼ਟ ਕਰਨ ਵਾਲਾ ਹੈ, ਉਸ ਨੇ ਹਸ ਕੇ ਇਸ ਤਰ੍ਹਾਂ ਦੇ ਰਸ ਭਿੰਨੇ ਬੋਲ ਕਹੇ ॥੪੬੨॥

ਹਸਿ ਕੈ ਸੁ ਕਹੀ ਬਤੀਆ ਤਿਨ ਸੋ ਕਬਿ ਸ੍ਯਾਮ ਕਹੈ ਹਰਿ ਜੋ ਰਸ ਰਾਤੋ ॥

ਸ਼ਿਆਮ ਕਵੀ ਕਹਿੰਦੇ ਹਨ, ਜੋ ਕਾਨ੍ਹ ਰਸ ਵਿਚ ਰਸਿਆ ਹੋਇਆ ਹੈ, ਉਸ ਨੇ ਹਸ ਕੇ ਉਨ੍ਹਾਂ (ਗੋਪੀਆਂ) ਨੂੰ ਇਹ ਗੱਲਾਂ ਕਹੀਆਂ।

ਨੈਨ ਮ੍ਰਿਗੀਪਤਿ ਸੇ ਤਿਹ ਕੇ ਇਮ ਚਾਲ ਚਲੈ ਜਿਮ ਗਈਯਰ ਮਾਤੋ ॥

ਉਸ ਦੇ ਨੈਣ ਹਿਰਨ ਵਰਗੇ ਹਨ ਅਤੇ ਚਾਲ ਇਸ ਤਰ੍ਹਾਂ ਚਲਦਾ ਹੈ ਜਿਵੇਂ ਮਸਤ ਹਾਥੀ (ਚਲਦਾ ਹੈ)।

ਦੇਖਤ ਮੂਰਤਿ ਕਾਨ੍ਰਹ ਕੀ ਗੋਪਿਨ ਭੂਲਿ ਗਈ ਗ੍ਰਿਹ ਕੀ ਸੁਧ ਸਾਤੋ ॥

ਕਾਨ੍ਹ ਦਾ ਰੂਪ ਵੇਖ ਕੇ ਗੋਪੀਆਂ ਨੂੰ ਘਰ ਦੀਆਂ ਸੱਤੇ ਸੁਧਾਂ ਭੁਲ ਗਈਆਂ ਹਨ।

ਚੀਰ ਗਏ ਉਡ ਕੈ ਤਨ ਕੈ ਅਰੁ ਟੂਟ ਗਯੋ ਨੈਨ ਤੇ ਲਾਜ ਕੋ ਨਾਤੋ ॥੪੬੩॥

(ਉਨ੍ਹਾਂ ਦੇ) ਸ਼ਰੀਰ ਦੇ ਬਸਤ੍ਰ ਉਡ ਗਏ ਹਨ ਅਤੇ ਨੈਣਾਂ ਨਾਲੋਂ ਲਾਜ ਦਾ ਨਾਤਾ ਟੁਟ ਗਿਆ ਹੈ ॥੪੬੩॥

ਕੁਪਿ ਕੈ ਮਧੁ ਕੈਟਭ ਤਾਨਿ ਮਰੇ ਮੁਰਿ ਦੈਤ ਮਰਿਯੋ ਅਪਨੇ ਜਿਨ ਹਾਥਾ ॥

ਜਿਸ ਨੇ ਕ੍ਰੋਧਵਾਨ ਹੋ ਕੇ ਮਧੁ ਅਤੇ ਕੈਟਭ ਨੂੰ ਮਾਰਿਆ ਸੀ ਅਤੇ ਆਪਣੇ ਹੱਥ ਨਾਲ ਜਿਸ ਨੇ ਮੁਰ ਦੈਂਤ ਨੂੰ ਮਾਰਿਆ ਸੀ।

ਜਾਹਿ ਬਿਭੀਛਨ ਰਾਜ ਦਯੋ ਰਿਸਿ ਰਾਵਨ ਕਾਟ ਦਏ ਜਿਹ ਮਾਥਾ ॥

ਜਿਸ ਨੇ ਵਿਭੀਸ਼ਣ ਨੂੰ (ਲੰਕਾ ਦਾ) ਰਾਜ ਦਿੱਤਾ ਸੀ ਅਤੇ ਜਿਸ ਨੇ ਕ੍ਰੋਧ ਕਰ ਕੇ ਰਾਵਣ ਦਾ ਸਿਰ ਕਟ ਦਿੱਤਾ ਸੀ।

ਸੋ ਤਿਹ ਕੀ ਤਿਹੂ ਲੋਗਨ ਮਧਿ ਕਹੈ ਕਬਿ ਸ੍ਯਾਮ ਚਲੇ ਜਸ ਗਾਥਾ ॥

ਕਵੀ ਸ਼ਿਆਮ ਕਹਿੰਦੇ ਹਨ, ਉਸ ਦੇ ਯਸ਼ ਦੀ ਗਾਥਾ ਤਿੰਨਾਂ ਲੋਕਾਂ ਵਿਚ ਚਲ ਰਹੀ ਹੈ।


Flag Counter