ਸ਼੍ਰੀ ਦਸਮ ਗ੍ਰੰਥ

ਅੰਗ - 978


ਸੇਸ ਅਲਿਕੇਸ ਸਭੈ ਬਿਲਖਾਏ ॥

ਸ਼ੇਸ਼ਨਾਗ ਅਤੇ ਕੁਬੇਰ ('ਅਲਿਕੇਸ') ਸਭ ਬਹੁਤ ਦੁਖੀ ਹੋਏ

ਬਿਸਨ ਆਦਿ ਪੁਰ ਜੀਤਿ ਬਤਾਏ ॥੬॥

ਅਤੇ ਵਿਸ਼ਣੂ ਆਦਿ ਦੀ ਪੁਰੀ ਨੂੰ ਵੀ ਜਿਤ ਕੇ ਦਸ ਦਿੱਤਾ ॥੬॥

ਦੋਹਰਾ ॥

ਦੋਹਰਾ:

ਸੇਸ ਜਲੇਸ ਸੁਰੇਸ ਸਭ ਪੁਰੀ ਬਸਾਏ ਆਨਿ ॥

ਸ਼ੇਸ਼ਨਾਗ, ਵਰੁਣ, ਇੰਦਰ ਆਦਿ ਸਭ ਨੂੰ (ਆਪਣੀ) ਪੁਰੀ ਵਿਚ ਵਸਾ ਲਿਆ।

ਮਹਾ ਰੁਦ੍ਰ ਕੀ ਬਾਲ ਲਖਿ ਰੀਝਿਯੋ ਅਸੁਰ ਨਿਦਾਨ ॥੭॥

ਉਹ ਮੂਰਖ ਸ਼ਿਵ ਜੀ ਦੀ ਇਸਤਰੀ ਨੂੰ ਵੇਖ ਕੇ ਮੋਹਿਤ ਹੋ ਗਿਆ ॥੭॥

ਚੌਪਈ ॥

ਚੌਪਈ:

ਤ੍ਰਿਯ ਕੋ ਰੂਪ ਨਿਰਖਿ ਲਲਚਾਯੋ ॥

ਇਸਤਰੀ ਦਾ ਰੂਪ ਵੇਖ ਕੇ (ਜਲੰਧਰ) ਲਲਚਾ ਗਿਆ

ਚਤੁਰ ਦੂਤ ਤਿਹ ਤੀਰ ਪਠਾਯੋ ॥

ਅਤੇ ਉਸ ਕੋਲ (ਇਕ) ਚਾਲਾਕ ਦੂਤ ਨੂੰ ਭੇਜਿਆ (ਅਤੇ ਸੁਨੇਹਾ ਘਲਿਆ)।

ਮੋ ਕਹ ਰੁਦ੍ਰ ਪਾਰਬਤੀ ਦੀਜੈ ॥

ਹੇ ਰੁਦ੍ਰ! ਮੈਨੂੰ ਪਾਰਬਤੀ ਦੇ ਦਿਓ,

ਨਾਤਰ ਮੀਚ ਮੂੰਡ ਪਰ ਲੀਜੈ ॥੮॥

ਨਹੀਂ ਤਾਂ ਮੌਤ ਨੂੰ ਸਿਰ ਉਤੇ ਆਇਆ ਸਮਝੋ ॥੮॥

ਮਹਾ ਰੁਦ੍ਰ ਬਾਚ ॥

ਮਹਾ ਰੁਦ੍ਰ ਨੇ ਕਿਹਾ:

ਦੋਹਰਾ ॥

ਦੋਹਰਾ:

ਦੁਹਿਤਾ ਭਗਨੀ ਦੀਜਿਯਤ ਬੇਦ ਬਿਧਾਨ ਬਨਾਇ ॥

ਧੀ ਅਤੇ ਭੈਣ ਵੇਦ ਦੇ ਵਿਧਾਨ ਅਨੁਸਾਰ ਦਿੱਤੀਆਂ ਜਾਂਦੀਆਂ ਹਨ।

ਅਬ ਲੌ ਕਿਸੂੰ ਨ ਤ੍ਰਿਯ ਦਈ ਸੁਨੁ ਅਸੁਰਨ ਕੇ ਰਾਇ ॥੯॥

ਪਰ ਹੇ ਦੈਂਤਾਂ ਦੇ ਰਾਜੇ! ਸੁਣੋ, ਹੁਣ ਤਕ ਕਿਸੇ ਨੇ ਇਸਤਰੀ ਨਹੀਂ ਦਿੱਤੀ ॥੯॥

ਚੌਪਈ ॥

ਚੌਪਈ:

ਕੋਪ੍ਰਯੋ ਅਸੁਰੇਸਰ ਹੰਕਾਰੀ ॥

ਉਹ ਹੰਕਾਰੀ ਦੈਂਤ-ਰਾਜ ਕ੍ਰੋਧਿਤ ਹੋ ਗਿਆ

ਸੈਨਾ ਜੋਰਿ ਦਾਨਵਨ ਭਾਰੀ ॥

ਅਤੇ ਦੈਂਤਾਂ ਦੀ ਬਹੁਤ ਸਾਰੀ ਸੈਨਾ ਇਕੱਠੀ ਕਰ ਲਈ।

ਸੁੰਭ ਨਿਸੁੰਭ ਬੁਲਾਏ ਤਬ ਹੀ ॥

ਸੁੰਭ, ਨਿਸੁੰਭ,

ਰਕਤ ਬੀਜ ਜ੍ਵਾਲਾਛਨ ਸਭ ਹੀ ॥੧੦॥

ਰਕਤਬੀਜ, ਜ੍ਵਾਲਾਛ ਵਰਗੇ ਸਾਰੇ ਦੈਂਤਾਂ ਨੂੰ ਉਸ ਵੇਲੇ ਬੁਲਾ ਲਿਆ ॥੧੦॥

ਭੁਜੰਗ ਛੰਦ ॥

ਭੁਜੰਗ ਛੰਦ:

ਮਹਾ ਕੋਪ ਕੈ ਕੈ ਹਠੀ ਦੈਤ ਗਾਜੈ ॥

ਹਠੀ ਦੈਂਤ ਬਹੁਤ ਗੁੱਸਾ ਕਰ ਕੇ ਗਜੇ

ਉਠੇ ਬਾਧਿ ਬਾਨਾਨ ਬਾਕੇ ਬਿਰਾਜੈ ॥

ਅਤੇ ਸੁੰਦਰ ਬਾਣੇ ਧਾਰ ਕੇ ਸਜ ਗਏ।

ਲਏ ਸੂਲ ਸੈਥੀਨ ਆਛੇ ਸੁਹਾਵੈ ॥

(ਉਨ੍ਹਾਂ ਦੇ ਹੱਥਾਂ ਵਿਚ) ਤ੍ਰਿਸ਼ੂਲ ਅਤੇ ਬਰਛੇ ਸ਼ੋਭ ਰਹੇ ਸਨ।

ਬਿਯੋ ਕੌਨ ਜੋਧਾ ਜੋ ਤਾ ਕੋ ਦਬਾਵੈ ॥੧੧॥

ਦੂਜਾ ਹੋਰ ਕਿਹੜਾ ਯੋਧਾ ਹੈ ਜੋ ਉਨ੍ਹਾਂ ਨੂੰ ਦਬਾਵੇ ॥੧੧॥

ਇਤੈ ਰੁਦ੍ਰ ਕੋਪਿਯੋ ਸੁ ਡੌਰੂ ਬਜਾਯੋ ॥

ਇਧਰੋਂ ਰੁਦ੍ਰ ਕ੍ਰੋਧਿਤ ਹੋਇਆ ਅਤੇ ਡੌਰੂ ਵਜਾਇਆ।

ਉਤੈ ਬਾਧ ਗਾੜੀ ਅਨੀ ਇੰਦਰ ਆਯੋ ॥

ਉਧਰੋਂ ਇੰਦਰ ਵੀ ਬਹੁਤ ਵੱਡੀ ਸੈਨਾ ਲੈ ਕੇ ਆ ਗਿਆ।

ਲਏ ਸੂਰ ਸਾਥੀ ਘਨੀ ਚੰਦ੍ਰ ਆਛੇ ॥

ਸੂਰਜ ਅਤੇ ਚੰਦ੍ਰਮਾ ਨੇ ਵੀ ਬਹੁਤ ਸਾਰੇ ਸਾਥੀ ਲੈ ਲਏ

ਸਭੈ ਸੂਲ ਸੈਥੀ ਲਏ ਕਾਛ ਕਾਛੇ ॥੧੨॥

ਅਤੇ ਸਭ ਨੇ ਤ੍ਰਿਸ਼ੂਲ ਅਤੇ ਬਰਛੇ ਚੰਗੀ ਤਰ੍ਹਾਂ ਧਾਰਨ ਕਰ ਲਏ ॥੧੨॥

ਹਠੀ ਕੋਪ ਕੈ ਕੈ ਮਹਾ ਦੈਤ ਢੂਕੇ ॥

ਬਹੁਤ ਕ੍ਰੋਧ ਕਰ ਕੇ ਹਠੀਲੇ ਦੈਂਤ ਆਣ ਢੁਕੇ ਸਨ

ਚਲੇ ਭਾਤਿ ਐਸੀ ਸੁ ਮਾਨੋ ਭਭੂਕੇ ॥

ਅਤੇ ਇਸ ਤਰ੍ਹਾਂ ਚਲਦੇ ਸਨ ਮਾਨੋ ਭਾਂਬੜ ਹੋਣ।

ਗ੍ਰੁਜੈ ਹਾਥ ਲੀਨੇ ਗ੍ਰਜੇ ਬੀਰ ਭਾਰੇ ॥

(ਉਨ੍ਹਾਂ ਨੇ) ਹੱਥ ਵਿਚ ਗੁਰਜ ਲਏ ਹੋਏ ਸਨ ਅਤੇ ਵੱਡੇ ਸੂਰਮੇ ਗੱਜ ਰਹੇ ਸਨ।

ਟਰੈ ਨਾਹਿ ਟਾਰੇ ਨਹੀ ਜਾਤ ਮਾਰੇ ॥੧੩॥

ਨਾ ਉਹ (ਯੁੱਧ-ਭੂਮੀ ਵਿਚੋਂ) ਹਟਾਏ ਜਾ ਸਕਦੇ ਸਨ ਅਤੇ ਨਾ ਹੀ ਮਾਰੇ ਜਾ ਸਕਦੇ ਸਨ ॥੧੩॥

ਹਠੇ ਦੇਵ ਬਾਕੀ ਅਨੀ ਸਾਥ ਲੈ ਕੈ ॥

ਹਠੀ ਦੇਵਤੇ ਬਹੁਤ ਤਕੜੀ ਸੈਨਾ ਨਾਲ ਲੈ ਕੇ

ਮਹਾ ਰੁਦ੍ਰ ਕੋ ਜੁਧ ਕੈ ਅਗ੍ਰ ਕੈ ਕੈ ॥

ਮਹਾ ਰੁਦ੍ਰ ਵਲੋਂ ਯੁੱਧ ਕਰਨ ਲਈ ਅਗੋਂ ਆ ਪਹੁੰਚੇ।

ਲਏ ਬਿਸਨ ਜੋਧਾ ਸੁ ਐਸ ਬਿਰਾਜੈ ॥

ਵਿਸ਼ਣੂ ਵੀ ਯੋਧਿਆਂ ਨੂੰ ਨਾਲ ਲੈ ਕੇ ਇਸ ਤਰ੍ਹਾਂ ਸਜ ਰਹੇ ਸਨ

ਲਖੇ ਦੇਵ ਕੰਨ੍ਯਾਨ ਕੋ ਦਰਪੁ ਭਾਜੈ ॥੧੪॥

ਕਿ ਉਨ੍ਹਾਂ ਨੂੰ ਵੇਖ ਕੇ ਦੇਵ-ਕੰਨਿਆਵਾਂ ਦਾ ਹੰਕਾਰ ਵੀ ਖ਼ਤਮ ਹੋ ਰਿਹਾ ਸੀ ॥੧੪॥

ਇਤੈ ਦੈਤ ਬਾਕੇ ਉਤੇ ਦੇਵ ਸੋਹੈਂ ॥

ਇਧਰ ਬਾਂਕੇ ਦੈਂਤ ਹਨ ਅਤੇ ਉਧਰ ਦੇਵਤੇ ਸ਼ੋਭ ਰਹੇ ਹਨ,

ਦਿਤ੍ਰਯਾਦਿਤ ਜੂ ਜਾਨ ਕੋ ਮਾਨ ਮੋਹੈਂ ॥

ਮਾਨੋ ਦਿਤੀ ਅਤੇ ਅਦਿਤੀ ਦੇ ਮਨ ਨੂੰ ਮੋਹ ਰਹੇ ਹੋਣ।

ਬਜੈ ਸਾਰ ਗਾੜੋ ਨਹੀ ਭਾਜ ਜਾਵੈ ॥

(ਦੋਹਾਂ ਪਾਸਿਓਂ) ਬਹੁਤ ਲੋਹਾ ਵਜ ਰਿਹਾ ਹੈ ਅਤੇ (ਕੋਈ ਵੀ) ਭਜ ਕੇ ਨਹੀਂ ਜਾ ਰਿਹਾ।

ਦੁਹੂੰ ਓਰ ਤੇ ਖਿੰਗ ਖਤ੍ਰੀ ਨਚਾਵੈ ॥੧੫॥

ਦੋਹਾਂ ਪਾਸਿਆਂ ਤੋਂ ਛਤ੍ਰੀ ਘੋੜੇ ਨਚਾ ਰਹੇ ਹਨ ॥੧੫॥

ਪਰਿਯੋ ਲੋਹ ਗਾੜੋ ਤਹਾ ਭਾਤਿ ਐਸੀ ॥

ਉਥੇ ਲੋਹਾ ਬਹੁਤ ਜ਼ੋਰ ਨਾਲ ਇਸ ਤਰ੍ਹਾਂ ਵਜ ਰਿਹਾ ਸੀ,

ਮਨੋ ਕ੍ਵਾਰ ਕੇ ਮੇਘ ਕੀ ਬ੍ਰਿਸਟਿ ਜੈਸੀ ॥

ਮਾਨੋ ਅਸੂ ਦੇ ਮਹੀਨੇ ਦੀ ਬਰਖਾ ਵਰਗਾ ਹੋਵੇ।

ਹਠਿਯੋ ਹਾਥ ਮੈ ਸੂਲ ਕੋ ਸੂਲ ਲੈ ਕੈ ॥

ਹਠੀ ਸ਼ਿਵ ਹੱਥ ਵਿਚ ਚੰਗੀ ਤਰ੍ਹਾਂ ਤ੍ਰਿਸ਼ੂਲ ਨੂੰ ਲੈ ਕੇ

ਤਿਸੀ ਛੇਤ੍ਰ ਛਤ੍ਰੀਨ ਕੋ ਛਿਪ੍ਰ ਛੈ ਕੈ ॥੧੬॥

ਉਸ ਖੇਤਰ ਵਿਚ ਜਲਦੀ ਨਾਲ ਸੂਰਮਿਆਂ ਨੂੰ ਮਾਰਨ ਉਤੇ ਤੁਲਿਆ ਹੋਇਆ ਹੈ ॥੧੬॥

ਬਜਿਯੋ ਰਾਗ ਮਾਰੂ ਤਿਸੀ ਖੇਤ ਭਾਰੋ ॥

ਉਸ ਰਣ-ਖੇਤਰ ਵਿਚ ਮਾਰੂ ਰਾਗ ਵਜਿਆ ਹੈ।

ਕਿਸੀ ਕਾਜ ਜੋ ਥੋ ਨ ਸੋਊ ਪਧਾਰੋ ॥

ਜਿਹੜੇ ਕਿਸੇ ਕੰਮ ਦੇ ਨਹੀਂ ਸਨ, ਉਹੀ (ਉਥੋਂ) ਭਜੇ ਸਨ।

ਲਰੇ ਬਾਲ ਔ ਬ੍ਰਿਧ ਜੂ ਆ ਰਿਸੈ ਕੈ ॥

ਬਾਲਕ ਅਤੇ ਬਿਰਧ ਸਾਰੇ ਗੁੱਸੇ ਵਿਚ ਆ ਕੇ ਲੜ ਰਹੇ ਹਨ

ਗਏ ਪਾਕ ਸਾਹੀਦ ਯਾਕੀਨ ਹ੍ਵੈ ਕੈ ॥੧੭॥

ਅਤੇ ਨਿਸਚੇ ਹੀ ਪਵਿਤ੍ਰ ਸ਼ਹੀਦ ਹੋ ਕੇ ਗਏ ਹਨ ॥੧੭॥


Flag Counter