ਸ਼੍ਰੀ ਦਸਮ ਗ੍ਰੰਥ

ਅੰਗ - 906


ਊਚ ਨੀਚ ਰਾਜਾ ਪ੍ਰਜਾ ਜਿਯਤ ਨ ਰਹਸੀ ਕੋਇ ॥੪੪॥

ਜਾਂ ਰਾਜਾ ਪ੍ਰਜਾ ਜਾਂ ਉੱਚਾ ਨੀਵਾਂ ਕੋਈ ਹੋਵੇ, ਕੋਈ ਜੀਉਂਦਾ ਨਹੀਂ ਰਹਿੰਦਾ ॥੪੪॥

ਰਾਨੀ ਐਸੇ ਬਚਨ ਸੁਨਿ ਭੂਮਿ ਪਰੀ ਮੁਰਛਾਇ ॥

ਰਾਣੀ ਅਜਿਹੇ ਬੋਲ ਸੁਣ ਕੇ ਧਰਤੀ ਉਤੇ ਬੇਸੁਧ ਹੋ ਕੇ ਡਿਗ ਪਈ।

ਪੋਸਤਿਯਾ ਕੀ ਨੀਦ ਜ੍ਯੋਂ ਸੋਇ ਨ ਸੋਯੋ ਜਾਇ ॥੪੫॥

ਪੋਸਤੀ ਨੀਂਦਰ ਵਾਂਗ ਸੌਂਦੀ ਹੈ, ਪਰ ਸੁਤਾ ਨਹੀਂ ਜਾ ਸਕਦਾ ॥੪੫॥

ਜੋ ਉਪਜਿਯੋ ਸੋ ਬਿਨਸਿ ਹੈ ਜਗ ਰਹਿਬੋ ਦਿਨ ਚਾਰਿ ॥

ਜਗਤ ਵਿਚ ਚਾਰ ਦਿਨ ਦਾ ਰਹਿਣਾ ਹੈ, ਜੋ ਵੀ ਪੈਦਾ ਹੋਇਆ ਹੈ, ਉਸ ਨੇ ਨਸ਼ਟ ਹੋਣਾ ਹੈ।

ਸੁਤ ਬਨਿਤਾ ਦਾਸੀ ਕਹਾ ਦੇਖਹੁ ਤਤੁ ਬੀਚਾਰਿ ॥੪੬॥

ਪੁੱਤਰ, ਇਸਤਰੀ ਅਤੇ ਦਾਸੀ (ਕੌਣ ਹਨ? ਸਭ ਨੇ ਆਖ਼ਰ ਨਾਸ਼ ਹੋ ਜਾਣਾ ਹੈ) ਇਸ ਤੱਤ ਨੂੰ ਵਿਚਾਰ ਪੂਰਵਕ ਵੇਖ ਲਵੋ ॥੪੬॥

ਛੰਦ ॥

ਛੰਦ:

ਪਤਿ ਪੂਤਨ ਤੇ ਰਹੈ ਬਿਜੈ ਪੂਤਨ ਤੇ ਪੈਯੈ ॥

(ਰਾਣੀ ਕਹਿੰਦੀ ਹੈ) (ਜਗਤ ਵਿਚ) ਪੁੱਤਰਾਂ ਕਰ ਕੇ ਪਤ ਰਹਿੰਦੀ ਹੈ, ਪੁੱਤਰਾਂ ਦੁਆਰਾ (ਵੈਰੀ ਉਤੇ) ਜਿਤ ਪ੍ਰਾਪਤ ਹੁੰਦੀ ਹੈ।

ਦਿਰਬੁ ਕਪੂਤਨ ਜਾਇ ਰਾਜ ਸਪੂਤਨੁ ਬਹੁਰੈਯੈ ॥

ਕੁਪੁੱਤਰਾਂ ਕਰ ਕੇ ਧਨ ਚਲਾ ਜਾਂਦਾ ਹੈ, ਸੁਪੁੱਤਰ ਖੋਏ ਹੋਏ ਰਾਜ ਨੂੰ ਪਰਤਾ ਲੈਂਦੇ ਹਨ।

ਪਿੰਡ ਪੁਤ੍ਰ ਹੀ ਦੇਹਿ ਪ੍ਰੀਤਿ ਪੂਤੋ ਉਪਜਾਵਹਿ ॥

ਪੁੱਤਰ ਹੀ (ਮਰਨ ਉਪਰੰਤ) ਪਿੰਡ ਦਿੰਦੇ ਹਨ ਅਤੇ ਪੁੱਤਰਾਂ ਨਾਲ ਹੀ ਪ੍ਰੀਤ ਪੈਦਾ ਹੁੰਦੀ ਹੈ।

ਬਹੁਤ ਦਿਨਨ ਕੋ ਬੈਰ ਗਯੋ ਪੂਤੈ ਬਹੁਰਾਵਹਿ ॥

ਬਹੁਤ ਦਿਨਾਂ ਦਾ (ਪੁਰਾਣਾ) ਵੈਰ ਪੁੱਤਰ ਹੀ ਚੁਕਾਉਂਦੇ ਹਨ।

ਜੋ ਪੂਤਨ ਕੌ ਛਾਡਿ ਨ੍ਰਿਪਤਿ ਤਪਸ੍ਯਾ ਕੋ ਜਾਵੈ ॥

ਜੋ ਰਾਜਾ ਪੁੱਤਰਾਂ ਨੂੰ ਛਡ ਕੇ ਤਪਸਿਆ ਕਰਨ ਲਈ ਜਾਂਦਾ ਹੈ,

ਪਰੈ ਨਰਕ ਸੋ ਜਾਇ ਅਧਿਕ ਤਨ ਮੈ ਦੁਖ ਪਾਵੈ ॥੪੭॥

ਉਹ ਨਰਕਾਂ ਵਿਚ ਪੈਂਦਾ ਹੈ ਅਤੇ ਸ਼ਰੀਰ ਵਿਚ ਬਹੁਤ ਦੁਖ ਪ੍ਰਾਪਤ ਕਰਦਾ ਹੈ ॥੪੭॥

ਨ ਕੋ ਹਮਾਰੋ ਪੂਤ ਨ ਕੋ ਹਮਰੀ ਕੋਈ ਨਾਰੀ ॥

(ਰਾਜਾ ਉੱਤਰ ਦਿੰਦਾ ਹੈ) ਨਾ ਸਾਡਾ ਕੋਈ ਪੁੱਤਰ ਹੈ ਅਤੇ ਨਾ ਹੀ ਕੋਈ ਇਸਤਰੀ ਹੈ।

ਨ ਕੋ ਹਮਾਰੋ ਪਿਤਾ ਨ ਕੋ ਹਮਰੀ ਮਹਤਾਰੀ ॥

ਨਾ ਹੀ ਸਾਡਾ ਕੋਈ ਪਿਤਾ ਹੈ ਅਤੇ ਨਾ ਹੀ ਕੋਈ ਮਾਤਾ ਹੈ।

ਨ ਕੋ ਹਮਰੀ ਭੈਨ ਨ ਕੋ ਹਮਰੋ ਕੋਈ ਭਾਈ ॥

ਨਾ ਕੋਈ ਸਾਡਾ ਭਰਾ ਹੈ ਅਤੇ ਨਾ ਹੀ ਕੋਈ ਭੈਣ ਹੈ।

ਨ ਕੋ ਹਮਾਰੋ ਦੇਸ ਨ ਹੌ ਕਾਹੂ ਕੌ ਰਾਈ ॥

ਨਾ ਹੀ ਸਾਡਾ ਕੋਈ ਦੇਸ਼ ਹੈ ਅਤੇ ਨਾ ਹੀ ਮੈਂ ਕਿਸੇ ਦਾ ਰਾਜਾ ਹਾਂ।

ਬ੍ਰਿਥਾ ਜਗਤ ਮੈ ਆਇ ਜੋਗ ਬਿਨੁ ਜਨਮੁ ਗਵਾਯੋ ॥

ਜੋਗ ਤੋਂ ਬਿਨਾ ਮੈਂ ਵਿਅਰਥ ਵਿਚ ਜਗਤ ਵਿਚ ਆ ਕੇ ਜਨਮ ਗੰਵਾਇਆ ਹੈ।

ਤਜ੍ਯੋ ਰਾਜ ਅਰੁ ਪਾਟ ਯਹੈ ਜਿਯਰੇ ਮੁਹਿ ਭਾਯੋ ॥੪੮॥

ਰਾਜ ਅਤੇ ਸ਼ਾਹੀ ਠਾਠ ਬਾਠ ਨੂੰ ਛਡਣਾ ਹੀ ਮੇਰੇ ਮਨ ਨੂੰ ਭਾਉਂਦਾ ਹੈ ॥੪੮॥

ਜਨਨਿ ਜਠਰ ਮਹਿ ਆਇ ਪੁਰਖ ਬਹੁਤੋ ਦੁਖੁ ਪਾਵਹਿ ॥

ਮਾਤਾ ਦੇ ਗਰਭ ਵਿਚ ਆ ਕੇ ਪੁਰਸ਼ ਬਹੁਤ ਦੁਖ ਪਾਂਦਾ ਹੈ।

ਮੂਤ੍ਰ ਧਾਮ ਕੌ ਪਾਇ ਕਹਤ ਹਮ ਭੋਗ ਕਮਾਵਹਿ ॥

ਇਸਤਰੀ ਦੀ ਯੋਨੀ ਨੂੰ ਪ੍ਰਾਪਤ ਕਰ ਕੇ ਕਹਿੰਦਾ ਹੈ ਕਿ ਮੈਂ ਭੋਗ (ਦਾ ਸੁਖ) ਪ੍ਰਾਪਤ ਕਰ ਰਿਹਾ ਹਾਂ।

ਥੂਕ ਤ੍ਰਿਯਾ ਕੌ ਚਾਟਿ ਕਹਤ ਅਧਰਾਮ੍ਰਿਤ ਪਾਯੋ ॥

ਇਸਤਰੀ ਦੀ ਥੁਕ ਚਟ ਕੇ ਕਹਿੰਦਾ ਹੈ ਕਿ (ਮੈਂ) ਹੋਠਾਂ ਦਾ ਅੰਮ੍ਰਿਤ ਪ੍ਰਾਪਤ ਕੀਤਾ ਹੈ।

ਬ੍ਰਿਥਾ ਜਗਤ ਮੈ ਜਨਮੁ ਬਿਨਾ ਜਗਦੀਸ ਗਵਾਯੋ ॥੪੯॥

ਜਗਦੀਸ਼ (ਦੇ ਭਜਨ ਤੋਂ) ਬਿਨਾ ਵਿਅਰਥ ਵਿਚ ਜਗਤ ਅੰਦਰ ਜਨਮ ਗੰਵਾਇਆ ਹੈ ॥੪੯॥

ਰਾਨੀ ਬਾਚ ॥

ਰਾਣੀ ਨੇ ਕਿਹਾ:

ਰਿਖਿ ਯਾਹੀ ਤੇ ਭਏ ਨ੍ਰਿਪਤਿ ਯਾਹੀ ਉਪਜਾਏ ॥

ਇਸੇ ਤੋਂ ਰਿਸ਼ੀ ਅਤੇ ਰਾਜੇ ਪੈਦਾ ਹੋਏ ਹਨ।

ਬ੍ਰਯਾਸਾਦਿਕ ਸਭ ਚਤੁਰ ਇਹੀ ਮਾਰਗ ਹ੍ਵੈ ਆਏ ॥

ਬਿਆਸ ਆਦਿ ਸੂਝਵਾਨ ਇਸੇ ਮਾਰਗ ਤੋਂ ਆਏ ਹਨ।

ਪਰਸੇ ਯਾ ਕੇ ਬਿਨਾ ਕਹੋ ਜਗ ਮੈ ਕੋ ਆਯੋ ॥

ਇਸ ਨੂੰ ਛੋਹੇ ਬਿਨਾ ਦਸੋ, ਜਗਤ ਵਿਚ ਕੌਣ ਆਇਆ ਹੈ।

ਪ੍ਰਥਮ ਐਤ ਭਵ ਪਾਇ ਬਹੁਰਿ ਪਰਮੇਸ੍ਵਰ ਪਾਯੋ ॥੫੦॥

ਪਹਿਲਾਂ ਇਸ ਰਸਤੇ ਤੋਂ ਜਨਮ ਪ੍ਰਾਪਤ ਕਰ ਕੇ ਫਿਰ ਪਰਮੇਸ਼੍ਵਰ ਨੂੰ ਪਾਈਦਾ ਹੈ ॥੫੦॥

ਦੋਹਰਾ ॥

ਦੋਹਰਾ:

ਅਤਿ ਚਾਤੁਰਿ ਰਾਨੀ ਸੁਮਤਿ ਬਾਤੈ ਕਹੀ ਅਨੇਕ ॥

ਅਤਿ ਸੂਝਵਾਨ ਅਤੇ ਬੁੱਧੀਮਾਨ ਰਾਣੀ ਨੇ ਅਨੇਕ ਗੱਲਾਂ ਕਹੀਆਂ।

ਰੋਗੀ ਕੇ ਪਥ ਜ੍ਯੋ ਨ੍ਰਿਪਤਿ ਮਾਨਤ ਭਯੋ ਨ ਏਕ ॥੫੧॥

ਪਰ ਰੋਗ ਦੇ ਪਥ (ਪਰਹੇਜ਼) ਵਾਂਗ, ਰਾਜੇ ਨੇ ਇਕ (ਗੱਲ) ਵੀ ਨਹੀਂ ਮੰਨੀ ॥੫੧॥

ਰਾਜਾ ਬਾਚ ॥

ਰਾਜੇ ਨੇ ਕਿਹਾ

ਛੰਦ ॥

ਛੰਦ:

ਪੁਨਿ ਰਾਜੈ ਯੌ ਕਹੀ ਬਚਨ ਸੁਨ ਮੇਰੋ ਰਾਨੀ ॥

ਫਿਰ ਰਾਜੇ ਨੇ ਇਸ ਤਰ੍ਹਾਂ ਕਿਹਾ, ਹੇ ਰਾਣੀ! ਮੇਰੇ ਬਚਨ ਸੁਣ।

ਬ੍ਰਹਮ ਗ੍ਯਾਨ ਕੀ ਬਾਤ ਕਛੂ ਤੈ ਨੈਕੁ ਨ ਜਾਨੀ ॥

ਤੂੰ ਬ੍ਰਹਮ ਗਿਆਨ ਦੀ ਗੱਲ ਜ਼ਰਾ ਜਿੰਨੀ ਵੀ ਨਹੀਂ ਸਮਝੀ।

ਕਹਾ ਬਾਪੁਰੀ ਤ੍ਰਿਯਾ ਨੇਹ ਜਾ ਸੌ ਅਤਿ ਕਰਿ ਹੈ ॥

ਇਹ ਇਸਤਰੀ ਵਿਚਾਰੀ ਕੀ ਹੈ ਜਿਸ ਨਾਲ ਬਹੁਤ ਪ੍ਰੇਮ ਕੀਤਾ ਜਾਏ।

ਮਹਾ ਮੂਤ੍ਰ ਕੋ ਧਾਮ ਬਿਹਸਿ ਆਗੇ ਤਿਹ ਧਰਿ ਹੈ ॥੫੨॥

ਇਹ ਪ੍ਰਸੰਨ ਹੋ ਕੇ ਮਹਾ ਮੂਤਰ ਦਾ ਧਾਮ (ਯੋਨੀ) ਅਗੇ ਧਰ ਦਿੰਦੀ ਹੈ ॥੫੨॥

ਦੋਹਰਾ ॥

ਦੋਹਰਾ:

ਪੁਨਿ ਰਾਜੈ ਐਸੇ ਕਹਿਯੋ ਸੁਨੁ ਹੋ ਰਾਜ ਕੁਮਾਰਿ ॥

(ਰਾਣੀ ਨੇ) ਰਾਜੇ ਨੂੰ ਫਿਰ ਕਿਹਾ, ਹੇ ਰਾਜ ਕੁਮਾਰ! ਸੁਣ।

ਜੋ ਜੋਗੀ ਤੁਮ ਸੌ ਕਹਿਯੋ ਸੋ ਮੁਹਿ ਕਹੌ ਸੁਧਾਰਿ ॥੫੩॥

ਜੋਗੀ ਨੇ ਜੋ ਤੈਨੂੰ ਕਿਹਾ ਸੀ, ਉਹ ਮੈਨੂੰ ਚੰਗੀ ਤਰ੍ਹਾਂ ਦਸ ॥੫੩॥

ਚੌਪਈ ॥

ਚੌਪਈ:

ਦੁਤਿਯ ਬਚਨ ਜੋਗੀ ਜੋ ਕਹਿਯੋ ॥

ਜੋਗੀ ਨੇ ਜੋ ਦੂਜੀ ਗੱਲ ਕਹੀ ਸੀ,

ਸੋ ਮੈ ਹ੍ਰਿਦੈ ਬੀਚ ਦ੍ਰਿੜ ਗਹਿਯੋ ॥

ਉਹ ਮੈਂ ਹਿਰਦੇ ਵਿਚ ਦ੍ਰਿੜ੍ਹ ਕਰ ਲਈ ਹੈ।

ਜੋ ਤੁਮ ਕਹੌ ਸੁ ਬਚਨ ਬਖਾਨੋ ॥

ਜੇ ਤੁਸੀਂ ਕਹੋ (ਤਾਂ) ਉਹ ਗੱਲ ਕਹਿੰਦੀ ਹਾਂ।

ਤੁਮ ਜੋ ਸਾਚੁ ਜਾਨਿ ਜਿਯ ਮਾਨੋ ॥੫੪॥

ਜੋ ਤੁਸੀਂ ਮਨ ਵਿਚ ਸਚ ਕਰ ਕੇ ਮੰਨਣਾ ॥੫੪॥

ਮੰਦਰ ਏਕ ਉਜਾਰ ਉਸਰਿਯਹੁ ॥

ਉਜਾੜ ਵਿਚ ਇਕ ਮੰਦਿਰ (ਭਵਨ) ਬਣਵਾਓ

ਬੈਠੇ ਤਹਾ ਤਪਸ੍ਯਾ ਕਰਿਯਹੁ ॥

ਅਤੇ ਉਸ ਵਿਚ ਬੈਠ ਕੇ ਤਪਸਿਆ ਕਰੋ।

ਹੌ ਤਹ ਔਰ ਮੂਰਤਿ ਧਰ ਐਹੋ ॥

ਉਥੇ (ਮੈਂ) ਹੋਰ ਰੂਪ ਧਾਰਨ ਕਰ ਕੇ ਆਵਾਂਗਾ

ਬ੍ਰਹਮ ਗ੍ਯਾਨ ਨ੍ਰਿਪ ਕੋ ਸਮੁਝੈਹੋ ॥੫੫॥

ਅਤੇ ਰਾਜੇ ਨੂੰ ਬ੍ਰਹਮ ਗਿਆਨ ਸਮਝਾਵਾਂਗਾ ॥੫੫॥


Flag Counter