ਸ਼੍ਰੀ ਦਸਮ ਗ੍ਰੰਥ

ਅੰਗ - 313


ਤ੍ਰਾਸ ਬਡੋ ਅਹਿ ਕੇ ਰਿਪੁ ਕੋ ਕਰਿ ਭਾਗਿ ਸਰਾ ਮਧਿ ਆਇ ਛਪੇ ਥੇ ॥

(ਨਾਗ ਪਤਨੀਆਂ ਨੇ ਫਿਰ ਕਿਹਾ, ਹੇ ਪ੍ਰਭੂ! ਸਾਨੂੰ) ਗਰੁੜ ਦਾ ਬਹੁਤ ਡਰ ਰਹਿੰਦਾ ਹੈ, (ਇਸ ਲਈ) ਭਜ ਕੇ (ਅਸੀਂ ਇਸ) ਤਲਾ ਵਿਚ ਲੁਕ ਰਹੇ ਸਾਂ।

ਗਰਬੁ ਬਡੋ ਹਮਰੇ ਪਤਿ ਮੈ ਅਬ ਜਾਨਿ ਹਮੈ ਹਰਿ ਨਾਹਿ ਜਪੇ ਥੇ ॥

(ਪਰ) ਸਾਡੇ ਪਤੀ (ਦੇ ਮਨ) ਵਿਚ ਬਹੁਤ ਹੰਕਾਰ ਹੈ, (ਇਸ ਲਈ) ਹੁਣ ਆਪਣੇ ਆਪ ਨੂੰ (ਹੀ ਸਭ ਤੋਂ ਵੱਡਾ) ਜਾਣਦੇ ਸਨ। (ਇਸੇ ਲਈ) ਹੇ ਹਰੀ! (ਆਪ ਨੂੰ) ਜਾਣ ਨਹੀਂ ਸਕੇ ਸਨ।

ਹੇ ਜਗ ਕੇ ਪਤਿ ਹੇ ਕਰੁਨਾ ਨਿਧਿ ਤੈ ਦਸ ਰਾਵਨ ਸੀਸ ਕਪੇ ਥੇ ॥

ਹੇ ਜਗਤ ਦੇ ਸੁਆਮੀ! ਹੇ ਕ੍ਰਿਪਾ ਦੇ ਸਮੁੰਦਰ! ਤੁਸੀਂ (ਰਾਮ ਰੂਪ ਹੋ ਕੇ) ਰਾਵਣ ਦੇ ਦਸ ਸਿਰ ਵੱਢੇ ਸਨ।

ਮੂਰਖ ਬਾਤ ਜਨੀ ਨ ਕਛੂ ਪਰਵਾਰ ਸਨੈ ਹਮ ਇਉ ਹੀ ਖਪੇ ਥੇ ॥੨੧੬॥

(ਅਸੀਂ) ਪਰਿਵਾਰ (ਦੇ ਮੋਹ ਵਿਚ) ਖਚਿਤ ਹੋਏ ਸਾਂ (ਅਤੇ ਅਸੀਂ) ਮੂਰਖਾਂ (ਨੇ ਕੋਈ ਵੀ) ਗੱਲ ਨਹੀਂ ਜਾਣੀ ਸੀ, ਇਸ ਕਰ ਕੇ (ਹੁਣ) ਨਾਸ਼ ਨੂੰ ਪ੍ਰਾਪਤ ਹੋਏ ਹਾਂ ॥੨੧੬॥

ਕਾਨ੍ਰਹ ਬਾਚ ਕਾਲੀ ਸੋ ॥

ਕਾਨ੍ਹ ਨੇ ਕਾਲੀ ਪ੍ਰਤਿ ਕਿਹਾ:

ਸਵੈਯਾ ॥

ਸਵੈਯਾ:

ਬੋਲਿ ਉਠਿਓ ਤਬ ਇਉ ਹਰਿ ਜੀ ਅਬ ਛਾਡਤ ਹਉ ਤੁਮ ਦਛਨਿ ਜਈਯੋ ॥

ਉਸ ਵੇਲੇ ਸ੍ਰੀ ਕ੍ਰਿਸ਼ਨ ਜੀ ਕਹਿਣ ਲਗੇ, "ਹੁਣ ਮੈਂ ਤੈਨੂੰ ਛੱਡਦਾ ਹਾਂ, ਤੂੰ ਦੱਖਣ ਦਿਸ਼ਾ ਵਲ ਚਲਾ ਜਾ।

ਰੰਚਕ ਨ ਬਸੀਯੋ ਸਰ ਮੈ ਸਭ ਹੀ ਸੁਤ ਲੈ ਸੰਗ ਬਾਟਹਿ ਪਈਯੋ ॥

ਥੋੜੀ ਦੇਰ ਲਈ ਵੀ ਤਲਾ ਵਿਚ ਨਹੀਂ ਵਸਣਾ, ਸਾਰੇ ਪੁੱਤਰਾਂ ਨੂੰ ਨਾਲ ਲੈ ਕੇ ਰਾਹੇ ਪੈ ਜਾ।

ਸੀਘ੍ਰਤਾ ਐਸੀ ਕਰੋ ਤੁਮ ਹੂੰ ਤਿਰੀਆ ਲਈਯੋ ਅਰੁ ਨਾਮੁ ਸੁ ਲਈਯੋ ॥

ਤੂੰ ਇਤਨੀ ਛੇਤੀ ਕਰ, ਇਸਤਰੀਆਂ ਨੂੰ ਲੈ ਕੇ (ਤੁਰ ਜਾ)। (ਜੇ ਗਰੜ ਕੁਝ ਕਹੇ, ਤਾਂ ਮੇਰਾ) ਨਾਮ ਲੈਣਾ।"

ਛੋਡਿ ਦਯੋ ਹਰਿ ਨਾਗ ਬਡੋ ਥਕਿ ਜਾਇ ਕੈ ਮਧਿ ਬਰੇਤਨ ਪਈਯੋ ॥੨੧੭॥

(ਜਦ) ਸ੍ਰੀ ਕ੍ਰਿਸ਼ਨ ਨੇ ਵੱਡੇ ਨਾਗ ਨੂੰ ਛਡ ਦਿੱਤਾ (ਤਦ ਉਹ) ਥਕ ਕੇ ਜਾ ਕੇ ਬਰੇਤੀ ਵਿਚ ਪੈ ਗਿਆ ॥੨੧੭॥

ਕਬਿਯੋ ਬਾਚ ॥

ਕਵੀ ਨੇ ਕਿਹਾ:

ਸਵੈਯਾ ॥

ਸਵੈਯਾ:

ਹੇਰਿ ਬਡੋ ਹਰਿ ਭੈ ਵਹ ਪੰਨਗ ਪੈ ਅਪਨੇ ਗ੍ਰਿਹ ਕੋ ਉਠਿ ਭਾਗਾ ॥

ਉਹ ਸੱਪ ਸ੍ਰੀ ਕ੍ਰਿਸ਼ਨ ਦਾ ਬੜਾ ਡਰ ਮੰਨ ਕੇ, ਫਿਰ ਆਪਣੇ ਘਰ ਨੂੰ ਉਠ ਕੇ ਭਜ ਗਿਆ।

ਬਾਰੂ ਕੇ ਮਧਿ ਗਯੋ ਪਰ ਕੈ ਜਨ ਸੋਇ ਰਹਿਯੋ ਸੁਖ ਕੈ ਨਿਸਿ ਜਾਗਾ ॥

ਰੇਤ ਦੇ ਵਿਚ ਗਿਆ (ਤਾਂ ਉਸ) ਉਤੇ ਇਸ ਤਰ੍ਹਾਂ ਪੈ ਗਿਆ ਜਿਵੇਂ ਜਗਰਾਤਾ ਕਰਨ ਵਾਲਾ ਸੁਖ ਨਾਲ ਸੌਂ ਰਿਹਾ ਹੈ।

ਗਰਬ ਗਯੋ ਗਿਰ ਕੈ ਤਿਹ ਕੋ ਰਨ ਕੈ ਹਰਿ ਕੇ ਰਸ ਸੋ ਅਨੁਰਾਗਾ ॥

(ਕ੍ਰਿਸ਼ਨ ਨਾਲ) ਯੁੱਧ ਕਰ ਕੇ ਉਸ ਦੇ (ਮਨ ਵਿਚੋਂ) ਹੰਕਾਰ ਖ਼ਤਮ ਹੋ ਗਿਆ ਅਤੇ ਹਰਿ ਦੇ ਪ੍ਰੇਮ ਰਸ ਵਿਚ ਮਗਨ ਹੋ ਗਿਆ।

ਲੇਟ ਰਹਿਓ ਕਰ ਕੇ ਉਪਮਾ ਇਹ ਡਾਰਿ ਚਲੇ ਕਿਰਸਾਨ ਸੁਹਾਗਾ ॥੨੧੮॥

(ਕ੍ਰਿਸ਼ਨ ਦੀ) ਉਪਮਾ ਕਰ ਕੇ ਇਸ ਤਰ੍ਹਾਂ ਲੇਟ ਰਿਹਾ ਹੈ, (ਜਿਵੇਂ) ਕਿਸਾਨ (ਖੇਤ ਵਿਚ) ਸੁਹਾਗਾ ਸੁਟ ਕੇ (ਘਰ ਨੂੰ) ਤੁਰ ਜਾਂਦਾ ਹੈ ॥੨੧੮॥

ਸੁਧਿ ਭਈ ਜਬ ਹੀ ਉਹ ਕੋ ਤਬ ਹੀ ਉਠ ਕੈ ਹਰਿ ਪਾਇਨ ਲਾਗਿਓ ॥

ਜਦੋਂ ਉਸ ਨੂੰ ਹੋਸ਼ ਆਈ ਤਦੋਂ ਉਠ ਕੇ ਹਰਿ ਦੇ ਚਰਨਾਂ ਉਤੇ ਡਿਗ ਪਿਆ (ਅਤੇ ਕਹਿਣ ਲਗਾ)

ਪਉਢਿ ਰਹਿਓ ਥਕ ਕੈ ਸੁਨਿ ਮੋ ਪਤਿ ਪਾਇ ਲਗਿਓ ਜਬ ਹੀ ਫੁਨਿ ਜਾਗਿਓ ॥

ਹੇ ਮੇਰੇ ਸੁਆਮੀ! ਸੁਣੋ। (ਮੈਂ) ਥਕ ਕੇ ਲੇਟ ਗਿਆ ਸਾਂ, ਜਦੋਂ ਜਾਗਿਆ ਤਾਂ ਚਰਨਾਂ ਦੀ ਛੋਹ ਪ੍ਰਾਪਤ ਕਰਨ ਆ ਗਿਆ।

ਦੀ ਧਰਿ ਮੋਰਿ ਸੁ ਨੈਕੁ ਬਿਖੈ ਤੁਮ ਕਾਨ੍ਰਹ ਕਹੀ ਤਿਹ ਕੋ ਉਠਿ ਭਾਗਿਓ ॥

ਹੇ ਕ੍ਰਿਸ਼ਨ! (ਜੋ) ਥਾਂ ਤੁਸੀਂ ਮੈਨੂੰ ਦਿੱਤੀ ਹੈ, ਉਹ ਮੇਰੇ ਲਈ ਚੰਗੀ ਹੈ। (ਇਹ ਗੱਲ) ਕਹੀ ਅਤੇ ਉਧਰ ਨੂੰ ਹੀ ਉਠ ਕੇ ਭਜਿਆ। (ਕ੍ਰਿਸ਼ਨ ਨੇ ਕਿਹਾ)

ਦੇਖਿ ਲਤਾ ਤੁਮ ਕਉ ਨ ਬਧੈ ਮਮ ਬਾਹਨ ਮੋ ਰਸ ਮੋ ਅਨੁਰਾਗਿਓ ॥੨੧੯॥

ਤੇਰੇ ਸਿਰ ਉਤੇ ਮੇਰੇ ਪੈਰਾਂ ਦਾ (ਨਿਸ਼ਾਨ) ਵੇਖ ਕੇ, (ਗਰੁੜ) ਤੈਨੂੰ ਨਹੀਂ ਮਾਰੇਗਾ, ਕਿਉਂਕਿ ਮੇਰਾ ਵਾਹਨ (ਗਰੁੜ) ਮੇਰੇ ਪ੍ਰੇਮ ਰਸ ਵਿਚ ਪੂਰੀ ਤਰ੍ਹਾਂ ਭਰਿਆ ਹੋਇਆ ਹੈ ॥੨੧੯॥

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਕਾਲੀ ਨਾਗ ਨਿਕਾਰਬੋ ਬਰਨਨੰ ॥

ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦੇ ਕ੍ਰਿਸ਼ਨਾਵਤਾਰ ਦੇ ਕਾਲੀ ਨਾਗ ਕੱਢਣ ਦੇ ਪ੍ਰਸੰਗ ਦੀ ਸਮਾਪਤੀ।

ਅਥ ਦਾਨ ਦੀਬੋ ॥

ਹੁਣ ਦਾਨ ਦੇਣ ਦਾ ਪ੍ਰਸੰਗ:

ਸਵੈਯਾ ॥

ਸਵੈਯਾ:

ਨਾਗਿ ਬਿਦਾ ਕਰਿ ਕੈ ਗਰੜਧ੍ਵਜ ਆਇ ਮਿਲਿਓ ਅਪੁਨੇ ਪਰਵਾਰੈ ॥

ਕਾਲੀ ਨਾਗ ਨੂੰ ਵਿਦਾ ਕਰ ਕੇ ਸ੍ਰੀ ਕ੍ਰਿਸ਼ਨ ਆਪਣੇ ਪਰਿਵਾਰ ਨੂੰ ਮਿਲੇ।

ਧਾਇ ਮਿਲਿਓ ਗਰੇ ਤਾਹਿ ਹਲੀ ਅਰੁ ਮਾਤ ਮਿਲੀ ਤਿਹ ਦੂਖ ਨਿਵਾਰੈ ॥

(ਕ੍ਰਿਸ਼ਨ ਨੂੰ) ਬਲਰਾਮ ਭਜ ਕੇ ਆ ਕੇ ਗਲੇ ਮਿਲਿਆ ਅਤੇ ਮਾਤਾ ਮਿਲੀ; ਉਸ ਦੇ ਦੁਖ ਦੂਰ ਹੋ ਗਏ।

ਸ੍ਰਿੰਗ ਧਰੇ ਹਰਿ ਧੇਨ ਹਜਾਰ ਤਬੈ ਤਿਹ ਕੇ ਸਿਰ ਊਪਰਿ ਵਾਰੈ ॥

ਸੋਨੇ ਵਾਲੇ ਸਿੰਗਾਂ ਵਾਲੀਆਂ ਹਜ਼ਾਰ ਗਊਆਂ, ਉਸ ਵੇਲੇ (ਮਾਤਾ ਨੇ) ਉਸ ਦੇ ਸਿਰ ਉਤੋਂ ਵਾਰ ਦਿੱਤੀਆਂ।

ਸ੍ਯਾਮ ਕਹੈ ਮਨ ਮੋਹ ਬਢਾਇ ਬਹੁ ਪੁੰਨ ਕੈ ਬਾਮਨ ਕੋ ਦੈ ਡਾਰੈ ॥੨੨੦॥

ਸ਼ਿਆਮ ਕਵੀ ਕਹਿੰਦੇ ਹਨ, (ਮਾਤਾ ਨੇ) ਮਨ ਵਿਚ ਬਹੁਤ ਮੋਹ ਵਧਾ ਕੇ ਬ੍ਰਾਹਮਣਾਂ ਨੂੰ ਬਹੁਤ ਪੁੰਨ ਦਾਨ ਕੀਤਾ ॥੨੨੦॥

ਲਾਲ ਮਨੀ ਅਰੁ ਨਾਗ ਬਡੇ ਨਗ ਦੇਤ ਜਵਾਹਰ ਤੀਛਨ ਘੋਰੇ ॥

ਲਾਲ ਮਣੀਆਂ ਅਤੇ ਵੱਡੇ ਵੱਡੇ ਨਗ ਤੇ ਜਵਾਹਰਾਤ ਅਤੇ ਵੱਡੇ ਹਾਥੀ ਅਤੇ ਤੇਜ਼ ਘੋੜੇ, ਨੀਲਮ,

ਪੁਹਕਰ ਅਉ ਬਿਰਜੇ ਚੁਨਿ ਕੈ ਜਰਬਾਫ ਦਿਵਾਵਤ ਹੈ ਦਿਜ ਜੋਰੇ ॥

ਫਰੋਜ਼ੇ ਤੇ ਮਾਣਕ, ਚੁਣ ਚੁਣ ਕੇ ਅਤੇ ਖ਼ੀਨਖ਼ਾਬ ਬ੍ਰਾਹਮਣਾਂ ਨੂੰ ਇੱਕਠੇ ਕਰ ਕੇ ਦਾਨ ਦਿਵਾਉਂਦੀ ਹੈ।

ਮੋਤਿਨਿ ਹਾਰ ਹੀਰੇ ਅਰੁ ਮਾਨਿਕ ਦੇਵਤ ਹੈ ਭਰਿ ਪਾਨਨ ਬੋਰੇ ॥

ਮੋਤੀਆਂ ਦੇ ਹਾਰ, ਹੀਰੇ ਤੇ ਮਾਣਕਾਂ ਦੇ ਬੁਕ ਭਰ ਭਰ ਕੇ ਦਿੰਦੀ ਹੈ।

ਕੰਚਨ ਰੋਕਿਨ ਕੇ ਗਹਨੇ ਗੜਿ ਦੇਤ ਕਹੈ ਸੁ ਬਚੇ ਸੁਤ ਮੋਰੇ ॥੨੨੧॥

ਖਾਲਸ ਸੋਨੇ ਦੇ ਗਹਿਣੇ ਘੜਵਾ ਕੇ (ਮਾਤਾ ਜਸੋਧਾ ਬ੍ਰਾਹਮਣਾਂ ਨੂੰ) ਦੇ ਕੇ ਕਹਿੰਦੀ ਹੈ ਕਿ (ਸ਼ੁਕਰ ਹੈ) ਮੇਰਾ ਪੁੱਤਰ (ਕਾਲੀ ਪਾਸੋਂ) ਬਚ ਗਿਆ ਹੈ ॥੨੨੧॥

ਅਥ ਦਾਵਾਨਲ ਕਥਨੰ ॥

ਹੁਣ ਦਾਵਾਨਲ ਦਾ ਕਥਨ

ਸਵੈਯਾ ॥

ਸਵੈਯਾ:

ਹੋਇ ਪ੍ਰਸੰਨਿ ਸਭੇ ਬ੍ਰਿਜ ਕੇ ਜਨ ਰੈਨ ਪਰੇ ਘਰ ਭੀਤਰਿ ਸੋਏ ॥

(ਕਾਲੀ ਨਾਗ ਦੇ ਜਾਣ ਨਾਲ) ਸਾਰੇ ਬ੍ਰਜ ਵਾਸੀ ਪ੍ਰਸੰਨ ਹੋ ਕੇ ਰਾਤ ਪੈਣ ਤੇ ਘਰੀਂ ਜਾ ਕੇ ਸੌਂ ਗਏ।

ਆਗ ਲਗੀ ਸੁ ਦਿਸਾ ਬਿਦਿਸਾ ਮਧਿ ਜਾਗ ਤਬੈ ਤਿਹ ਤੇ ਡਰਿ ਰੋਏ ॥

(ਸਵੇਰੇ) ਉਠ ਕੇ ਦਸਾਂ ਦਿਸ਼ਾਵਾਂ ਵਿਚ ਹੀ ਅੱਗ ਲਗੀ ਵੇਖੀ (ਤਾਂ ਬ੍ਰਜਵਾਸੀ) ਉਸ ਤੋਂ ਡਰ ਕੇ ਰੋਣ ਲਗੇ।

ਰਛ ਕਰੈ ਹਮਰੀ ਹਰਿ ਜੀ ਇਹ ਚਿਤਿ ਬਿਚਾਰਿ ਤਹਾ ਕਹੁ ਹੋਏ ॥

(ਫਿਰ) ਉਨ੍ਹਾਂ ਦੇ (ਮਨ ਵਿਚ) ਵਿਚਾਰ ਆਇਆ ਕਿ ਕ੍ਰਿਸ਼ਨ ਹੀ ਸਾਡੀ ਰਖਿਆ ਕਰੇਗਾ। (ਇਸ ਲਈ ਸਾਰੇ) ਕ੍ਰਿਸ਼ਨ ਕੋਲ ਗਏ।

ਦ੍ਰਿਗ ਬਾਤ ਕਹੀ ਕਰੁਨਾ ਨਿਧਿ ਮੀਚ ਲਯੋ ਇਤਨੈ ਸੁ ਤਊ ਦੁਖ ਖੋਏ ॥੨੨੨॥

(ਤਦ) ਕ੍ਰਿਪਾ ਦੇ ਸਾਗਰ ਕ੍ਰਿਸ਼ਨ ਨੇ (ਉਨ੍ਹਾਂ ਨੂੰ ਇਹ) ਗੱਲ ਕਹੀ, (ਕਿ) ਅੱਖਾਂ ਮੀਟ ਲਵੋ, ਤਾਂ ਇਤਨੇ ਚਿਰ ਵਿਚ (ਉਨ੍ਹਾਂ ਦੇ) ਦੁਖ ਦੂਰ ਹੋ ਗਏ ॥੨੨੨॥

ਮੀਚ ਲਏ ਦ੍ਰਿਗ ਜਉ ਸਭ ਹੀ ਨਰ ਪਾਨ ਕਰਿਯੋ ਹਰਿ ਜੀ ਹਰਿਦੌ ਤਉ ॥

ਜਦ ਸਾਰਿਆਂ ਨੇ ਅੱਖਾਂ ਮੀਟ ਲਈਆਂ, ਤਦ ਸ੍ਰੀ ਕ੍ਰਿਸ਼ਨ ਨੇ ਦਾਵਾਗਨੀ ਨੂੰ ਪੀ ਲਿਆ।

ਦੋਖ ਮਿਟਾਇ ਦਯੋ ਪੁਰ ਕੋ ਸਭ ਹੀ ਜਨ ਕੇ ਮਨ ਕੋ ਹਨਿ ਦਯੋ ਭਉ ॥

ਸ਼ਹਿਰ ਦਾ ਸਾਰਾ ਕਸ਼ਟ ਦੂਰ ਕਰ ਦਿੱਤਾ ਅਤੇ ਸੇਵਕਾਂ ਦੇ ਮਨ ਦਾ ਡਰ ਨਸ਼ਟ ਕਰ ਦਿੱਤਾ।

ਚਿੰਤ ਕਛੂ ਨਹਿ ਹੈ ਤਿਹ ਕੋ ਜਿਨ ਕੋ ਕਰੁਨਾਨਿਧਿ ਦੂਰ ਕਰੈ ਖਉ ॥

ਉਨ੍ਹਾਂ ਨੂੰ ਕੁਝ ਵੀ ਚਿੰਤਾ ਨਹੀਂ ਹੈ, ਕ੍ਰਿਪਾ ਦਾ ਸਾਗਰ ਜਿਨ੍ਹਾਂ ਦਾ ਦੁਖ ਦੂਰ ਕਰਨ ਵਾਲਾ ਹੈ।

ਦੂਰ ਕਰੀ ਤਪਤਾ ਤਿਹ ਕੀ ਜਨੁ ਡਾਰ ਦਯੋ ਜਲ ਕੋ ਛਲ ਕੈ ਰਉ ॥੨੨੩॥

ਉਨ੍ਹਾਂ ਦੀ ਤਪਨ ਦੂਰ ਕਰ ਦਿੱਤੀ ਹੈ, ਮਾਨੋ ਜਲ ਦਾ ਛੱਟਾ ਦੇ ਦਿੱਤਾ ਹੋਵੇ ॥੨੨੩॥

ਕਬਿਤੁ ॥

ਕਬਿੱਤ:

ਆਖੈ ਮਿਟਵਾਇ ਮਹਾ ਬਪੁ ਕੋ ਬਢਾਇ ਅਤਿ ਸੁਖ ਮਨਿ ਪਾਇ ਆਗਿ ਖਾਇ ਗਯੋ ਸਾਵਰਾ ॥

ਸਾਵਲੇ ਕ੍ਰਿਸ਼ਨ ਨੇ (ਲੋਕਾਂ ਪਾਸੋਂ) ਅੱਖਾਂ ਬੰਦ ਕਰਵਾ ਕੇ ਆਪਣੇ ਸ਼ਰੀਰ ਨੂੰ ਵੱਡਾ ਬਣਾ ਕੇ ਅਤੇ ਮਨ ਮਨ ਵਿਚ ਸੁਖ ਪਾ ਕੇ (ਅਗਨੀ ਨੂੰ) ਖਾ ਲਿਆ ਹੈ।

ਲੋਕਨ ਕੀ ਰਛਨ ਕੇ ਕਾਜ ਕਰੁਨਾ ਕੇ ਨਿਧਿ ਮਹਾ ਛਲ ਕਰਿ ਕੈ ਬਚਾਇ ਲਯੋ ਗਾਵਰਾ ॥

ਕਿਰਪਾ ਦੇ ਸਾਗਰ ਨੇ ਲੋਕਾਂ ਦੀ ਰਖਿਆ ਕਰਨ ਲਈ ਵੱਡਾ ਭਾਰਾ ਛਲ ਬਣਾ ਕੇ, ਆਪਣੇ ਸ਼ਹਿਰ ਨੂੰ ਬਚਾ ਲਿਆ ਹੈ।

ਕਹੈ ਕਬਿ ਸ੍ਯਾਮ ਤਿਨ ਕਾਮ ਕਰਿਓ ਦੁਖੁ ਕਰਿ ਤਾ ਕੋ ਫੁਨਿ ਫੈਲ ਰਹਿਓ ਦਸੋ ਦਿਸ ਨਾਵਰਾ ॥

ਸ਼ਿਆਮ ਕਵੀ ਕਹਿੰਦੇ ਹਨ, ਉਸ ਨੇ ਮਹਾਨ ਕਠਿਨ ਕੰਮ ਨੂੰ ਕੀਤਾ ਹੈ, ਜਿਸ ਕਰ ਕੇ ਉਸ ਦਾ ਯਸ਼ ਦਸਾਂ ਦਿਸ਼ਾਵਾਂ ਵਿਚ ਪਸਰ ਰਿਹਾ ਹੈ।

ਦਿਸਟਿ ਬਚਾਇ ਸਾਥ ਦਾਤਨ ਚਬਾਇ ਸੋ ਤੋ ਗਯੋ ਹੈ ਪਚਾਇ ਜੈਸੇ ਖੇਲੇ ਸਾਗ ਬਾਵਰਾ ॥੨੨੪॥

(ਲੋਕਾਂ ਦੀ) ਨਜ਼ਰ ਤੋਂ ਬਚਾ ਕੇ, ਦੰਦਾਂ ਨਾਲ 'ਦਾਵਾਨਲ' (ਅਸੁਰ) ਨੂੰ ਚਬਾ ਗਿਆ ਹੈ ਅਤੇ ਇੰਜ ਪਚਾ ਗਿਆ ਹੈ ਜਿਸ ਤਰ੍ਹਾਂ ਸ੍ਵਾਂਗੀ ਸ੍ਵਾਂਗ ਖੇਡਦਾ ਹੈ ॥੨੨੪॥

ਇਤਿ ਸ੍ਰੀ ਕ੍ਰਿਸਨਾਵਤਾਰੇ ਦਾਵਾਨਲ ਤੇ ਬਚੈਬੋ ਬਰਨਨੰ ॥

ਇਥੇ ਸ੍ਰੀ ਕ੍ਰਿਸ਼ਨਾਵਤਾਰ ਦਾ ਦਾਵਾਨਲ ਤੋਂ ਬਚਾਉਣ ਦਾ ਪ੍ਰਸੰਗ ਸਮਾਪਤ।

ਅਥ ਗੋਪਿਨ ਸੋ ਹੋਲੀ ਖੇਲਬੋ ॥

ਹੁਣ ਗਵਾਲ ਬਾਲਕਾਂ ਨਾਲ ਹੋਲੀ ਖੇਡਣ ਦਾ ਪ੍ਰਸੰਗ:


Flag Counter