ਅਤੇ ਬਹੁਤ ਸਾਰੇ ਸੁੰਦਰ ਅਤੇ ਨਾਮੀ ਸੂਰਮੇ ਮਾਰੇ ਗਏ ॥੧੦੮॥
ਸਿੰਧ, ਅਰਬ ਅਤੇ ਇਰਾਕ ਦੇਸ਼ਾਂ ਦੇ
ਹਵਾ ਵਾਂਗ ਚਲਣ ਵਾਲੇ ਘੋੜੇ (ਜੰਗ ਵਿਚ) ਮਾਰੇ ਗਏ ॥੧੦੯॥
ਬਹੁਤ ਸਾਰੇ ਸੁੰਦਰ, ਸ਼ੇਰਾਂ ਵਰਗੇ ਯੋਧੇ ਮਾਰੇ ਗਏ
ਜੋ ਯੁੱਧ ਦੇ ਸਮੇਂ ਬਹੁਤ ਦਲੇਰੀ ਵਿਖਾਉਂਦੇ ਸਨ ॥੧੧੦॥
ਦੋ ਕਾਲੇ ਬਦਲਾਂ ਵਰਗੇ ਸੂਰਮੇ ਗਜਦੇ ਹੋਏ ਆਏ।
(ਉਨ੍ਹਾਂ ਦੀਆਂ) ਲਹੂ ਦੀਆਂ ਬੂੰਦਾਂ ਮੱਛਲੀਆਂ ਤਕ ਅਤੇ ਤਲਵਾਰਾਂ ਦੀਆਂ ਚਮਕਾਂ ਚੰਦ੍ਰਮਾ ਤਕ ਪਹੁੰਚ ਗਈਆਂ ॥੧੧੧॥
ਯੁੱਧ ਵਿਚ ਯੋਧਿਆਂ ਦਾ ਖ਼ੂਬ ਰੌਲਾ ਮਚਿਆ
ਅਤੇ ਘੋੜਿਆਂ ਦੇ ਸੁਮਾਂ ਨਾਲ ਧਰਤੀ ਦੁਖੀ ਹੋ ਗਈ ॥੧੧੨॥
ਹਵਾ ਵਾਂਗ ਚਲਣ ਵਾਲੇ ਘੋੜਿਆਂ ਦੇ ਫੌਲਾਦੀ ਸੁੰਮਾਂ ਨਾਲ
ਧਰਤੀ ਚਿਤਰੇ ਦੀ ਪਿਠ ਵਾਂਗ ਚਿਤਕਬਰੀ ਹੋ ਗਈ ॥੧੧੩॥
ਸੰਸਾਰ ਦੇ ਦੀਵੇ ਨੇ ਸ਼ਰਾਬ (ਦਾ ਪਿਆਲਾ) ਪੀ ਲਿਆ
ਅਤੇ ਸਿਰ ਦਾ ਤਾਜ ਆਪਣੇ ਭਰਾ ਦੇ ਹਵਾਲੇ ਕਰ ਦਿੱਤਾ (ਭਾਵ-ਸੂਰਜ ਡੁਬ ਗਿਆ ਅਤੇ ਚੰਦ੍ਰਮਾ ਚੜ੍ਹ ਪਿਆ) ॥੧੧੪॥
ਚੌਥੇ ਦਿਨ ਸੂਰਜ ਤਪਿਆ
ਅਤੇ ਚਾਨਣ ਦੀਆਂ ਸੁਨਹਿਰੀ ਲਗ਼ਾਮਾਂ ਖਿਚ ਲਈਆਂ ॥੧੧੫॥
ਸੂਰਮਿਆਂ ਨੇ ਦੂਜੇ ਢੰਗ ਨਾਲ ਲਕ ਬੰਨ੍ਹ ਲਏ ਅਤੇ ਯਮਨ (ਦੇਸ਼ ਵਿਚ ਬਣੀਆਂ)
ਕਮਾਨਾਂ ਨੂੰ ਹੱਥ ਵਿਚ ਲੈ ਲਿਆ ਤੇ ਮੂੰਹਾਂ ਨੂੰ ਢਾਲਾਂ ਨਾਲ ਢਕ ਲਿਆ ॥੧੧੬॥
ਜਦ ਯੋਧੇ ਹੋਸ਼ ਅੰਦਰ ਆਏ ਤਾਂ ਜੰਗ ਕਰਨ ਲਈ ਜੋਸ਼ ਵਿਚ ਆ ਗਏ
ਅਤੇ ਰੋਹ ਵਿਚ ਆ ਕੇ ਚਿਤਰੇ ਵਾਂਗ ਯੁੱਧ ਕਰਨ ਲਗ ਗਏ ॥੧੧੭॥
ਚੌਥੇ ਦਿਨ (ਯੁੱਧ-ਭੂਮੀ ਵਿਚ) ਦਸ ਹਜ਼ਾਰ ਹਾਥੀ ਮਾਰੇ ਗਏ
ਅਤੇ ਨੀਲ ਦਰਿਆ ਦੀ ਚਾਲ ਚਲਣ ਵਾਲੇ ੧੨ ਹਜ਼ਾਰ ਘੋੜੇ ਮਾਰੇ ਗਏ ॥੧੧੮॥
(ਉਸ ਦਿਨ ਜੰਗ ਵਿਚ) ਤਿੰਨ ਲੱਖ ਸੂਰਮੇ ਮਾਰੇ ਗਏ
ਜੋ ਸ਼ੇਰਾਂ ਵਰਗੇ ਜਵਾਂ ਮਰਦ ਅਤੇ ਅਜ਼ਮਾਏ ਹੋਏ ਸਨ ॥੧੧੯॥
ਚਾਰ ਹਜ਼ਾਰ ਰਥ ਟੋਟੇ ਟੋਟੇ ਕਰ ਦਿੱਤੇ ਗਏ
ਅਤੇ ਸ਼ੇਰ ਵਰਗੇ ਸ਼ਕਤੀਸ਼ਾਲੀ ਅਤੇ ਪ੍ਰਬੀਨ ਯੋਧੇ ਵੀ ਜੰਗ ਵਿਚ ਮਾਰੇ ਗਏ ॥੧੨੦॥
(ਰਾਜ ਕੁਮਾਰੀ ਨੇ) ਚਾਰ ਤੀਰ ਚਲਾ ਕੇ (ਵੈਰੀ ਦੇ) ਚਾਰ ਘੋੜੇ ਮਾਰ ਦਿੱਤੇ
ਅਤੇ ਇਕ ਹੋਰ ਤੀਰ ਰਥਵਾਨ ਦੇ ਸਿਰ ਵਿਚ ਮਾਰ ਕੇ (ਉਸ ਨੂੰ) ਮਾਰ ਦਿੱਤਾ ॥੧੨੧॥
ਤੀਜੀ ਵਾਰ (ਰਾਜ ਕੁਮਾਰੀ ਨੇ) ਉਸ ਨੂੰ ਭਰਵਟਿਆਂ ਵਿਚਕਾਰ ਤੀਰ ਮਾਰਿਆ,
ਜਿਸ ਨਾਲ (ਸੁਭਟ ਸਿੰਘ) ਖ਼ਜ਼ਾਨੇ ਤੋਂ ਹਟਾਏ ਸੱਪ ਵਾਂਗ ਵਲ ਖਾਣ ਲਗਾ ॥੧੨੨॥
(ਰਾਜ ਕੁਮਾਰੀ ਨੇ) ਚੌਥਾ ਤੀਰ ਮਾਰਿਆ ਤਾਂ (ਸੁਭਟ ਸਿੰਘ ਨੂੰ) ਸੁਰਤ ਭੁਲ ਗਈ।
ਉਸ ਦਾ ਭਰਮ ਦੂਰ ਹੋ ਗਿਆ ਅਤੇ ਪ੍ਰਤਿਗਿਆ ਵੀ ਭੁਲ ਗਈ ॥੧੨੩॥
ਜਦ ਰਾਜ ਕੁਮਾਰੀ ਨੇ ਚੌਥਾ ਤੀਰ ਮਾਰਿਆ ਤਾਂ (ਸੁਭਟ ਸਿੰਘ ਦੀ)
ਸ਼ਾਹ ਰਾਗ ਉਤੇ ਵਜਿਆ ਅਤੇ ਉਹ ਧਰਤੀ ਉਤੇ ਡਿਗ ਪਿਆ ॥੧੨੪॥
(ਰਾਜ ਕੁਮਾਰੀ ਨੇ) ਸਮਝ ਲਿਆ ਕਿ ਇਹ ਆਦਮੀ ਅੱਧਮੋਇਆ ਹੋ ਗਿਆ ਹੈ
ਅਤੇ ਮਸਤ ਸ਼ੇਰ ਵਾਂਗ ਧਰਤੀ ਉਤੇ ਡਿਗ ਪਿਆ ਹੈ ॥੧੨੫॥
ਉਹ ਰਾਜ ਕੁਮਾਰੀ ਰਥ ਤੋਂ ਉਤਰ ਕੇ ਧਰਤੀ ਉਤੇ ਆਈ
ਅਤੇ ਪੁਤਲੀ ਵਾਂਗ ਚਲ ਪਈ ॥੧੨੬॥
ਉਸ ਨੇ ਇਕ ਹੱਥ ਵਿਚ ਪਾਣੀ ਦਾ ਪਿਆਲਾ ਲਿਆ
ਅਤੇ ਉਕਾਬ ਵਾਂਗ ਉਡ ਕੇ (ਭਾਵ ਪੂਰੀ ਤੇਜ਼ੀ ਨਾਲ) ਸ਼ਾਹ ਦੇ ਨੇੜੇ ਹੋ ਗਈ ॥੧੨੭॥
ਉਸ ਨੇ ਆ ਕੇ ਕਿਹਾ ਕਿ ਐ ਸ਼ੂਰਵੀਰ ਅਤੇ ਅਦਭੁਤ ਬਾਦਸ਼ਾਹ!
ਤੂੰ ਲਹੂ ਅਤੇ ਘਟੇ ਵਿਚ ਕਿਉਂ ਸੁਤਾ ਪਿਆ ਹੈਂ ॥੧੨੮॥
ਹੇ ਜਵਾਂ ਮਰਦ! ਮੈਂ ਉਹੀ ਤੇਰੀ ਜਾਨ ਤੋਂ ਪਿਆਰੀ ਹਾਂ
ਜੋ ਤੈਨੂੰ ਵੇਖਣ ਲਈ ਇਥੇ ਆਈ ਹਾਂ ॥੧੨੯॥
(ਸੁਭਟ ਸਿੰਘ ਨੇ) ਕਿਹਾ ਕਿ ਐ ਨੇਕ ਬਖ਼ਤ!
ਤੂੰ ਇਸ ਭਿਆਨਕ ਸਥਾਨ ਉਤੇ ਕਿਉਂ ਆਈ ਹੈਂ ॥੧੩੦॥
(ਮੈਂ ਇਸ ਲਈ ਆਈ ਹਾਂ ਕਿ) ਜੇ ਤੂੰ ਮਰ ਗਿਆ ਹੋਵੇਂ ਤਾਂ ਤੇਰੀ ਲੋਥ ਲੈ ਆਵਾਂ
ਅਤੇ ਜੇ ਜੀਉਂਦਾ ਹੈਂ ਤਾਂ ਪਰਮਾਤਮਾ ਦਾ ਧੰਨਵਾਦ ਕਰਾਂ ॥੧੩੧॥
ਉਸ (ਰਾਜ ਕੁਮਾਰੀ) ਦੇ ਬੋਲ (ਸੁਭਟ ਸਿੰਘ ਨੂੰ) ਚੰਗੇ ਲਗੇ ਅਤੇ ਕਹਿਣ ਲਗਿਆ,