ਸ਼੍ਰੀ ਦਸਮ ਗ੍ਰੰਥ

ਅੰਗ - 393


ਸੰਗ ਨੰਦ ਕੇ ਅਉ ਉਨ ਗ੍ਵਾਰਨਿ ਕੇ ਚਰਚਾ ਕਰਿ ਗ੍ਯਾਨ ਕੀ ਫੇਰਿ ਫਿਰਿਯੋ ॥

ਨੰਦ ਅਤੇ ਉਨ੍ਹਾਂ ਗੋਪੀਆਂ ਨਾਲ ਗਿਆਨ ਦੀ ਚਰਚਾ ਕਰ ਕੇ ਹੀ ਫਿਰ ਪਰਤਿਆ ਹਾਂ।

ਤੁਮਰੋ ਮੁਖ ਭਾਨੁ ਨਿਹਾਰਤ ਹੀ ਤਮ ਸੋ ਦੁਖ ਥੋ ਸਭ ਦੂਰ ਕਰਿਯੋ ॥੯੫੭॥

ਤੁਹਾਡੇ ਮੁਖ ਰੂਪ ਸੂਰਜ ਨੂੰ ਵੇਖਦਿਆਂ ਹੀ ਦੁਖ ਰੂਪ ਜੋ ਹਨੇਰਾ ਸੀ, (ਉਹ) ਸਾਰਾ ਦੂਰ ਕਰ ਦਿੱਤਾ ਹੈ ॥੯੫੭॥

ਤੁਮਰੇ ਪਗ ਭੇਟਿ ਗਯੋ ਜਬ ਹੀ ਤਬ ਹੀ ਫੁਨਿ ਨੰਦ ਕੇ ਧਾਮਿ ਗਯੋ ॥

ਤੁਹਾਡੇ ਚਰਨ ਛੋਹ ਕੇ ਜਦੋਂ ਗਿਆ ਸਾਂ, ਤਦੋਂ ਹੀ ਫਿਰ ਨੰਦ ਦੇ ਘਰ ਗਿਆ।

ਤਿਹ ਕੋ ਕਰਿ ਕੈ ਹਰਿ ਗ੍ਯਾਨ ਪ੍ਰਬੋਧ ਉਠਿਯੋ ਚਲਿ ਗ੍ਵਾਰਨਿ ਪਾਸ ਅਯੋ ॥

ਉਸ ਨੂੰ ਹਰ ਤਰ੍ਹਾਂ ਨਾਲ ਗਿਆਨ ਦਾ ਉਪਦੇਸ਼ ਕਰ ਕੇ (ਅਤੇ ਉਥੋਂ) ਉਠ ਕੇ ਗੋਪੀਆਂ ਪਾਸ ਆ ਗਿਆ।

ਤੁਮਰੋ ਉਨ ਦੁਖ ਕਹਿਯੋ ਹਮ ਪੈ ਸੁਨਿ ਉਤਰ ਮੈ ਇਹ ਭਾਤਿ ਦਯੋ ॥

ਉਨ੍ਹਾਂ ਨੇ ਤੁਹਾਡੇ (ਵਿਯੋਗ ਦਾ) ਦੁਖ ਮੇਰੇ ਪਾਸ ਕਿਹਾ, (ਉਸ ਨੂੰ) ਸੁਣ ਕੇ ਮੈਂ ਇਸ ਢੰਗ ਨਾਲ ਉੱਤਰ ਦਿੱਤਾ।

ਬਲਿ ਸ੍ਯਾਮਹਿ ਸ੍ਯਾਮ ਸਦਾ ਜਪੀਯੋ ਸੁਨਿ ਨਾਮਹਿ ਪ੍ਰੇਮ ਘਨੋ ਬਢਯੋ ॥੯੫੮॥

ਹੇ ਬਲ੍ਹਿਓ! (ਤੁਸੀਂ) ਸਦਾ ਸ਼ਿਆਮ ਹੀ ਸ਼ਿਆਮ ਜਪਦੀਆਂ ਰਹੋ। (ਸ਼ਿਆਮ ਦਾ) ਨਾਮ ਸੁਣ ਕੇ (ਉਨ੍ਹਾਂ ਦਾ) ਪ੍ਰੇਮ ਬਹੁਤ ਵਧ ਗਿਆ ॥੯੫੮॥

ਊਧਵ ਸੰਦੇਸ ਬਾਚ ॥

ਊਧਵ ਨੇ ਸੰਦੇਸ਼ ਕਿਹਾ:

ਸਵੈਯਾ ॥

ਸਵੈਯਾ:

ਗ੍ਵਾਰਨਿ ਮੋ ਸੰਗ ਐਸੇ ਕਹਿਯੋ ਹਮ ਓਰ ਤੇ ਸ੍ਯਾਮ ਕੇ ਪਾਇਨ ਪਈਯੈ ॥

ਗੋਪੀਆਂ ਨੇ ਮੇਰੇ ਕੋਲ ਇੰਜ ਕਿਹਾ ਕਿ ਸਾਡੇ ਵਲੋਂ ਸ੍ਰੀ ਕ੍ਰਿਸ਼ਨ ਦੇ ਚਰਨੀਂ ਪੈਣਾ।

ਯੌ ਕਹੀਯੋ ਪੁਰ ਬਾਸਿਨ ਕੋ ਤਜਿ ਕੈ ਬ੍ਰਿਜ ਬਾਸਿਨ ਕੋ ਸੁਖੁ ਦਈਯੈ ॥

(ਫਿਰ) ਇਸ ਤਰ੍ਹਾਂ ਕਹਿਣਾ ਕਿ ਸ਼ਹਿਰਨਾਂ ਨੂੰ ਛਡ ਕੇ ਬ੍ਰਜ-ਵਾਸਣਾਂ ਨੂੰ ਆ ਕੇ ਸੁਖ ਦਿਓ।

ਜਸੁਧਾ ਇਹ ਭਾਤਿ ਕਰੀ ਬਿਨਤੀ ਬਿਨਤੀ ਕਹੀਯੋ ਸੰਗਿ ਪੂਤ ਕਨ੍ਰਹ੍ਰਹਈਯੈ ॥

ਜਸੋਧਾ ਨੇ ਇਸ ਪ੍ਰਕਾਰ ਬੇਨਤੀ ਕੀਤੀ ਕਿ ਇਹ ਬੇਨਤੀ ਮੇਰੇ ਪੁੱਤਰ ਕ੍ਰਿਸ਼ਨ ਨੂੰ ਕਹਿ ਦੇਣਾ।

ਊਧਵ ਤਾ ਸੰਗ ਯੌ ਕਹੀਯੌ ਬਹੁਰੋ ਫਿਰਿ ਆਇ ਕੈ ਮਾਖਨ ਖਈਯੈ ॥੯੫੯॥

ਹੇ ਊਧਵ! ਉਸ ਪਾਸ ਇਸ ਤਰ੍ਹਾਂ ਕਹਿ ਦੇਣਾ ਕਿ ਫਿਰ (ਉਥੇ) ਆ ਕੇ ਮੱਖਣ ਖਾ ਲਵੋ ॥੯੫੯॥

ਅਉਰ ਕਹੀ ਬਿਨਤੀ ਤੁਮ ਪੈ ਸੁ ਸੁਨੋ ਅਰੁ ਅਉਰ ਨ ਬਾਤਨ ਡਾਰੋ ॥

ਤੁਹਾਡੇ ਪ੍ਰਤੀ ਇੱਕ ਹੋਰ ਬੇਨਤੀ ਵੀ ਕਹੀ, ਉਹ ਸੁਣੋ, ਹੋਰਨਾਂ ਗੱਲਾਂ ਨੂੰ ਸੁੱਟ ਦਿਉ।

ਸੇ ਕਹਾ ਜਸੁਧਾ ਤੁਮ ਕੋ ਹਮ ਕੋ ਅਤਿ ਹੀ ਬ੍ਰਿਜਨਾਥ ਪਿਆਰੋ ॥

ਜਸ਼ੋਧਾ ਨੇ ਇਸ ਤਰ੍ਹਾਂ ਤੁਹਾਨੂੰ ਕਿਹਾ ਕਿ ਸਾਨੂੰ ਸ੍ਰੀ ਕ੍ਰਿਸ਼ਨ ਬਹੁਤ ਪਿਆਰੇ ਹਨ।

ਤਾ ਤੇ ਕਰੋ ਨ ਕਛੂ ਗਨਤੀ ਹਮਰੋ ਸੁ ਕਹਿਯੋ ਤੁਮ ਪ੍ਰੇਮ ਬਿਚਾਰੋ ॥

ਇਸ ਵਾਸਤੇ ਕੋਈ ਦੁਬਿਧਾ ਨਾ ਕਰੋ, ਸਾਡਾ ਤਾਂ (ਇਹੀ) ਕਹਿਣਾ ਹੈ ਕਿ ਤੁਸੀਂ ਸਾਡੇ ਪ੍ਰੇਮ ਨੂੰ ਵਿਚਾਰੋ।

ਤਾਹੀ ਤੇ ਬੇਗ ਤਜੋ ਮਥੁਰਾ ਉਠ ਕੈ ਅਬ ਹੀ ਬ੍ਰਿਜ ਪੂਤ ਪਧਾਰੋ ॥੯੬੦॥

ਇਸ ਕਰ ਕੇ ਜਲਦੀ ਹੀ ਮਥੁਰਾ ਨੂੰ ਤਿਆਗ ਦਿਓ ਅਤੇ ਹੇ ਪੁਤਰ! ਬ੍ਰਿਜ ਵੱਲ ਚੱਲ ਪਉ ॥੯੬੦॥

ਮਾਤ ਕਰੀ ਬਿਨਤੀ ਤੁਮ ਪੈ ਕਬਿ ਸ੍ਯਾਮ ਕਹੈ ਜੋਊ ਹੈ ਬ੍ਰਿਜਰਾਨੀ ॥

ਕਵੀ ਸ਼ਿਆਮ ਕਹਿੰਦੇ ਹਨ, ਮਾਤਾ ਨੇ ਤੁਹਾਡੇ ਪ੍ਰਤਿ ਬੇਨਤੀ ਕਰ ਭੇਜੀ ਹੈ ਜੋ ਬ੍ਰਜ ਪ੍ਰਦੇਸ਼ ਦੀ ਰਾਣੀ ਹੈ

ਤਾਹੀ ਕੋ ਪ੍ਰੇਮ ਘਨੋ ਤੁਮ ਸੋਂ ਹਮ ਆਪਨੇ ਜੀ ਮਹਿ ਪ੍ਰੀਤ ਪਛਾਨੀ ॥

ਇਸ ਦਾ ਤੁਹਾਡੇ ਪ੍ਰਤਿ ਬਹੁਤ ਪ੍ਰੇਮ ਹੈ। ਅਸੀਂ ਆਪਣੇ ਮਨ ਵਿੱਚ (ਉਸ ਦੀ) ਪ੍ਰੀਤ ਨੂੰ ਪਛਾਣ ਲਿਆ ਹੈ।

ਤਾ ਤੇ ਕਹਿਓ ਤਜਿ ਕੈ ਮਥੁਰਾ ਬ੍ਰਿਜ ਆਵਹੁ ਯਾ ਬਿਧਿ ਬਾਤ ਬਖਾਨੀ ॥

ਤਦੇ ਹੀ (ਉਸ ਨੇ) ਕਿਹਾ ਕਿ ਮਥੁਰਾ ਛੱਡ ਦਿਓ ਅਤੇ ਬ੍ਰਜ ਵਿੱਚ ਆ ਜਾਓ, ਇਸ ਤਰ੍ਹਾਂ ਦੀ ਗੱਲ ਉਸ ਨੇ ਕਹੀ ਹੈ।

ਇਆਨੇ ਹੁਤੇ ਤਬ ਮਾਨਤ ਥੇ ਅਬ ਸਿਆਨੇ ਭਏ ਤਬ ਏਕ ਨ ਮਾਨੀ ॥੯੬੧॥

(ਜਦੋ) ਇਆਣੇ ਹੁੰਦੇ ਸੀ, ਉਦੋਂ (ਗੱਲ) ਮੰਨਦੇ ਸੋ। ਹੁਣ ਸਿਆਣੇ ਹੋ ਗਏ, ਇਸ ਲਈ ਇੱਕ (ਗੱਲ) ਵੀ ਨਹੀਂ ਮੰਨਦੇ ॥੯੬੧॥

ਤਾਹੀ ਤੇ ਸੰਗ ਕਹੋ ਤੁਮਰੇ ਤਜਿ ਕੈ ਮਥੁਰਾ ਬ੍ਰਿਜ ਕੋ ਅਬ ਅਈਯੈ ॥

ਤਦੇ ਤੁਹਾਨੂੰ ਕਹਿੰਦੀ ਹਾਂ ਕਿ ਮਥੁਰਾ ਛੱਡ ਕੇ ਹੁਣੇ ਬ੍ਰਜ ਵਿੱਵ ਆ ਜਾਓ।

ਮਾਨ ਕੈ ਸੀਖ ਕਹੋ ਹਮਰੀ ਤਿਹ ਠਉਰ ਨਹੀ ਪਲਵਾ ਠਹਰਈਯੈ ॥

ਮੇਰੀ ਕਹੀ ਸਿੱਖਿਆ ਨੂੰ ਮੰਨ ਕੇ ਉਸ ਸਥਾਨ ਤੇ ਇੱਕ ਪਲ ਲਈ ਵੀ ਨਾ ਠਹਿਰੋ।

ਯੋਂ ਕਹਿ ਗ੍ਵਾਰਨੀਯਾ ਹਮ ਸੋ ਸਭ ਹੀ ਬ੍ਰਿਜ ਬਾਸਿਨ ਕੋ ਸੁਖ ਦਈਯੈ ॥

ਇਸੇ ਤਰ੍ਹਾਂ ਗੋਪੀਆਂ ਨੇ ਮੈਨੂੰ ਕਿਹਾ ਹੈ ਕਿ (ਆ ਕੇ) ਸਾਰੀਆਂ ਗੋਪੀਆਂ ਨੂੰ ਸੁਖ ਦਓ।

ਸੋ ਸੁਧ ਭੂਲ ਗਈ ਤੁਮ ਕੋ ਹਮਰੇ ਜਿਹ ਅਉਸਰ ਪਾਇਨ ਪਈਯੈ ॥੯੬੨॥

ਤੁਹਾਨੂੰ ਉਹ ਗੱਲ ਭੁੱਲ ਗਈ ਹੈ ਜਦੋਂ ਤੁਸੀਂ ਸਾਡੇ ਪੈਰੀਂ ਪੈਂਦੇ ਸੀ ॥੯੬੨॥

ਤਾਹੀ ਤੇ ਤ੍ਯਾਗਿ ਰਹ੍ਯੋ ਮਥੁਰਾ ਕਬਿ ਸ੍ਯਾਮ ਕਹੈ ਬ੍ਰਿਜ ਮੈ ਫਿਰ ਆਵਹੁ ॥

ਕਵੀ ਸ਼ਿਆਮ ਕਹਿੰਦੇ ਹਨ ਤਦ ਹੀ (ਬ੍ਰਜ ਨੂੰ) ਛੱਡ ਕੇ ਮਥੁਰਾ ਜਾ ਰਹੇ ਹੋ, ਹੁਣ ਬ੍ਰਜ ਵਿੱਚ ਪਰਤ ਆਉ।

ਗ੍ਵਾਰਨਿ ਪ੍ਰੀਤ ਪਛਾਨ ਕਹ੍ਯੋ ਤਿਹ ਤੇ ਤਿਹ ਠਉਰ ਨ ਢੀਲ ਲਗਾਵਹੁ ॥

ਗੋਪੀਆਂ ਨੇ ਕਿਹਾ ਕਿ (ਸਾਡੀ) ਪ੍ਰੀਤ ਪਛਾਣ ਕੇ ਫਿਰ ਉਸ ਸਥਾਨ ਉੱਤੇ ਢਿੱਲ ਨਾ ਲਗਾਓ।

ਯੋਂ ਕਹਿ ਪਾਇਨ ਪੈ ਹਮਰੇ ਹਮ ਸੰਗ ਕਹ੍ਯੋ ਸੁ ਤਹਾ ਤੁਮ ਜਾਵਹੁ ॥

ਇਸ ਤਰ੍ਹਾਂ ਕਹਿ ਕੇ ਪੈਰੀਂ ਪੈ ਕੇ ਸਾਡੇ ਵਲੋਂ ਕਹਿਣਾ ਹੈ ਕਿ ਤੁਸੀਂ ਉੱਥੇ ਜਾਓ।

ਜਾਇ ਕੈ ਆਵਹੁ ਯੋਂ ਕਹੀਯੋ ਹਮ ਕੋ ਸੁਖ ਹੋ ਤੁਮ ਹੂੰ ਸੁਖ ਪਾਵਹੁ ॥੯੬੩॥

(ਉੱਥੇ) ਜਾ ਕੇ ਇਸ ਤਰ੍ਹਾਂ ਕਹਿਣਾ ਕਿ (ਬ੍ਰਜ ਵਿੱਚ) ਆ ਜਾਓ, ਸਾਨੂੰ ਸੁਖ ਦਿਓ ਅਤੇ ਤੁਸੀਂ ਵੀ ਸੁਖ ਪ੍ਰਾਪਤ ਕਰੋ ॥੯੬੩॥

ਤਾ ਤੇ ਕਹਯੋ ਤਜਿ ਕੈ ਮਥੁਰਾ ਫਿਰ ਕੈ ਬ੍ਰਿਜ ਬਾਸਿਨ ਕੋ ਸੁਖ ਦੀਜੈ ॥

ਇਸ ਲਈ ਕਿਹਾ ਹੈ ਕਿ ਮਥੁਰਾ ਛੱਡ ਕੇ ਫਿਰ ਬ੍ਰਜ ਆ ਜਾਓ ਅਤੇ ਬ੍ਰਜ ਵਾਸਣਾ ਨੂੰ ਸੁਖ ਦਿਓ।

ਆਵਹੁ ਫੇਰਿ ਕਹ੍ਯੋ ਬ੍ਰਿਜ ਮੈ ਇਹ ਕਾਮ ਕੀਏ ਤੁਮਰੋ ਨਹੀ ਛੀਜੈ ॥

ਕਹਿਣਾ ਕਿ ਫਿਰ ਬ੍ਰਜ ਵਿੱਚ ਆਓ (ਕਿਉਂਕਿ) ਇਹ ਕੰਮ ਕਰਨ ਨਾਲ ਤੁਹਾਡਾ ਕੁੱਝ ਨਹੀਂ ਘਟਣਾ।

ਆਇ ਕ੍ਰਿਪਾਲ ਦਿਖਾਵਹੁ ਰੂਪ ਕਹ੍ਯੋ ਜਿਹ ਦੇਖਤ ਹੀ ਮਨ ਜੀਜੈ ॥

ਕਹਿਣਾ ਕਿ ਹੇ ਕ੍ਰਿਪਾਲੂ! ਆ ਕੇ ਆਪਣਾ ਰੂਪ ਵਿਖਾਓ, ਜਿਸ ਨੂੰ ਵੇਖ ਕੇ ਮਨ ਜੀ ਪੈਂਦਾ ਹੈ।

ਕੁੰਜ ਗਲੀਨ ਮੈ ਫੇਰ ਕਹ੍ਯੋ ਹਮਰੇ ਅਧਰਾਨਨ ਕੋ ਰਸ ਲੀਜੈ ॥੯੬੪॥

ਫਿਰ ਕਹਿਣਾ ਕਿ ਕੁੰਜ ਗਲੀਆਂ ਵਿੱਚ ਆ ਕੇ ਸਾਡੇ ਮੁੱਖ ਅਤੇ ਹੋਠਾਂ ਦਾ ਰਸ ਲਓ ॥੯੬੪॥

ਸ੍ਯਾਮ ਕਹ੍ਯੋ ਸੰਗ ਹੈ ਤੁਮਰੇ ਜੁ ਹੁਤੀ ਤੁਮ ਕੋ ਬ੍ਰਿਜ ਬੀਚ ਪ੍ਯਾਰੀ ॥

ਕਹਿਣਾ ਕਿ ਹੇ ਕ੍ਰਿਸ਼ਨ! ਜੋ ਤੁਹਾਡੇ ਨਾਲ (ਤੁਹਾਡੀਆਂ) ਪਿਆਰੀਆਂ ਬ੍ਰਜ ਵਿੱਚ ਰਹਿੰਦੀਆਂ ਸਨ।

ਕਾਨ੍ਰਹ ਰਚੇ ਪੁਰ ਬਾਸਿਨ ਸੋਂ ਕਬਹੂੰ ਨ ਹੀਏ ਬ੍ਰਿਜ ਨਾਰਿ ਚਿਤਾਰੀ ॥

ਕ੍ਰਿਸ਼ਨ ਤਾਂ ਸ਼ਹਿਰਨਾਂ ਵਿੱਚ ਰਚ ਮਿਚ ਗਏ ਹਨ ਅਤੇ ਬ੍ਰਜ ਦੀਆਂ ਇਸਤਰੀਆਂ ਨੂੰ ਕਦੇ ਵੀ ਮਨ ਵਿੱਚ ਯਾਦ ਨਹੀਂ ਕੀਤਾ।

ਪੰਥ ਨਿਹਾਰਤ ਨੈਨਨ ਕੀ ਕਬਿ ਸ੍ਯਾਮ ਕਹੈ ਪੁਤਰੀ ਦੋਊ ਹਾਰੀ ॥

ਕਵੀ ਸ਼ਿਆਮ ਕਹਿੰਦੇ ਹਨ ਕਿ (ਕ੍ਰਿਸ਼ਨ) ਦਾ ਰਸਤਾ ਵੇਖਦਿਆਂ ਵੇਖਦਿਆਂ (ਗੋਪੀਆਂ ਦੀਆਂ) ਅੱਖਾਂ ਦੀਆਂ ਦੋਵੇਂ ਪੁਤਲੀਆਂ ਥਕ ਗਈਆਂ ਹਨ।

ਊਧਵ ਸ੍ਯਾਮ ਸੋ ਯੋਂ ਕਹੀਯੋ ਤੁਮਰੇ ਬਿਨ ਭੀ ਸਭ ਗ੍ਵਾਰਿ ਬਿਚਾਰੀ ॥੯੬੫॥

ਹੇ ਊਧਵ! ਕ੍ਰਿਸ਼ਨ ਨੂੰ ਇਸ ਤਰ੍ਹਾਂ ਕਹਿਣਾ ਕਿ ਤੁਹਾਡੇ ਬਿਨਾਂ ਸਾਰੀਆਂ ਗੋਪੀਆਂ ਵਿਚਾਰੀਆਂ ਰੋ ਰਹੀਆਂ ਹਨ ॥੯੬੫॥

ਅਉਰ ਕਹੀ ਤੁਮ ਸੌ ਹਰਿ ਜੂ ਬ੍ਰਿਖਭਾਨ ਸੁਤਾ ਤੁਮ ਕੋ ਜੋਊ ਪ੍ਯਾਰੀ ॥

ਹੇ ਸ੍ਰੀ ਕ੍ਰਿਸ਼ਨ! ਹੋਰ ਤੁਹਾਨੂੰ ਜੋ ਬਹੁਤ ਪਿਆਰੀ ਰਾਧਾ ਹੈ, (ਉਸ ਨੇ) ਤੁਹਾਥੇ ਪ੍ਰਤਿ ਇਸ ਤਰ੍ਹਾਂ ਕਿਹਾ ਹੈ।

ਜਾ ਦਿਨ ਤੇ ਬ੍ਰਿਜ ਤ੍ਯਾਗ ਗਏ ਦਿਨ ਤਾ ਕੀ ਨਹੀ ਹਮਹੂ ਹੈ ਸੰਭਾਰੀ ॥

ਜਿਸ ਦਿਨ ਦੇ ਬ੍ਰਜ ਨੂੰ ਛੱਡ ਕੇ ਗਏ ਹੋ, ਉਸ ਦਿਨ ਤੋਂ ਹੀ ਸਾਨੂੰ ਕੋਈ ਸੁਰਤ ਸੰਭਾਲ ਨਹੀਂ ਰਹੀ ਹੈ।

ਆਵਹੁ ਤ੍ਯਾਗਿ ਅਬੈ ਮਥੁਰਾ ਤੁਮਰੇ ਬਿਨ ਗੀ ਅਬ ਹੋਇ ਬਿਚਾਰੀ ॥

ਹੁਣੇ ਹੈ ਮਥੁਰਾ ਨੂੰ ਤਿਆਗ ਕੇ ਆ ਜਾਓ, ਤੁਹਾਡੇ ਬਿਨਾਂ (ਅਸੀਂ) ਵਿਚਾਰੀਆਂ ਹੋ ਗਈਆਂ ਹਾਂ।

ਮੈ ਤੁਮ ਸਿਉ ਹਰਿ ਮਾਨ ਕਰ੍ਯੋ ਤਜ ਆਵਹੁ ਮਾਨ ਅਬੈ ਹਮ ਹਾਰੀ ॥੯੬੬॥

ਹੇ ਕ੍ਰਿਸ਼ਨ ਮੈਂ ਤੁਹਾਡੇ ਨਾਲ 'ਮਾਨ' (ਰੋਸਾ) ਕੀਤਾ ਸੀ, ਹੁਣ ਤੁਸੀਂ ਮਾਣ ਛੱਡ ਕੇ ਜਲਦੀ ਆ ਜਾਓ, ਮੈਂ ਹਾਰ ਗਈ ਹਾਂ ॥੯੬੬॥

ਤ੍ਯਾਗ ਗਏ ਹਮ ਕੋ ਕਿਹ ਹੇਤ ਤੇ ਬਾਤ ਕਛੂ ਤੁਮਰੀ ਨ ਬਿਗਾਰੀ ॥

ਕਿਸ ਕਰ ਕੇ ਸਾਨੂੰ ਤਿਆਗ ਗਏ ਹੋ, (ਅਸੀਂ) ਤੁਹਾਡੀ ਕੋਈ ਗੱਲ ਵਿਗਾੜੀ ਤਾਂ ਨਹੀਂ ਹੈ।

ਪਾਇਨ ਮੋ ਪਰ ਕੈ ਸੁਨੀਯੈ ਪ੍ਰਭ ਏ ਬਤੀਯਾ ਇਹ ਭਾਤਿ ਉਚਾਰੀ ॥

ਹੇ ਸ੍ਰੀ ਕ੍ਰਿਸ਼ਨ! ਸੁਣੋ, ਪੈਰਾਂ ਉਤੇ ਪੈ ਕੇ (ਉਸ ਨੇ) ਇਹ ਗੱਲ ਇਸ ਤਰ੍ਹਾਂ ਕਹੀ ਹੈ।

ਆਪ ਰਚੇ ਪੁਰ ਬਾਸਿਨ ਸੋ ਮਨ ਤੇ ਸਬ ਹੀ ਬ੍ਰਿਜਨਾਰ ਬਿਸਾਰੀ ॥

ਆਪ ਤਾਂ ਸ਼ਹਿਰਨਾਂ ਨਾਲ ਰਚ ਮਿਚ ਗਏ ਹੋ ਅਤੇ ਬ੍ਰਜ ਦੀਆਂ ਸਾਰੀਆਂ ਨਾਰੀਆਂ ਨੂੰ ਮਨ ਤੋਂ ਭੁਲਾ ਦਿੱਤਾ ਹੈ।

ਮਾਨ ਕਰਿਯੋ ਤੁਮ ਸੋ ਘਟ ਕਾਮ ਕਰਿਯੋ ਅਬ ਸ੍ਯਾਮ ਹਹਾ ਹਮ ਹਾਰੀ ॥੯੬੭॥

ਤੇਰੇ ਨਾਲ ਮਾਣ ਕੀਤਾ ਸੀ, ਉਹ ਮਾੜਾ ਕੰਮ ਕੀਤਾ ਸੀ। ਹਾਇ ਸ਼ਿਆਮ! ਹੁਣ ਮੈਂ ਹਾਰ ਗਈ ਹਾਂ ॥੯੬੭॥

ਅਉਰ ਕਰੀ ਤੁਮ ਸੋ ਬਿਨਤੀ ਸੋਊ ਸ੍ਯਾਮ ਕਹੈ ਚਿਤ ਦੈ ਸੁਨਿ ਲੀਜੈ ॥

(ਕਵੀ) ਸ਼ਿਆਮ ਕਹਿੰਦੇ ਹਨ, ਤੁਹਾਡੇ ਪ੍ਰਤਿ ਇਕ ਹੋਰ ਬੇਨਤੀ ਵੀ ਕੀਤੀ ਹੈ, ਉਸ ਨੂੰ ਧਿਆਨ ਨਾਲ ਸੁਣ ਲਵੋ।

ਖੇਲਤ ਥੀ ਤੁਮ ਸੋ ਬਨ ਮੈ ਤਿਹ ਅਉਸਰ ਕੀ ਕਬਹੂੰ ਸੁਧਿ ਕੀਜੈ ॥

ਬਨ ਵਿਚ ਤੁਹਾਡੇ ਨਾਲ ਖੇਡਦੀ ਸਾਂ, ਉਸ ਅਵਸਰ ਨੂੰ ਕਦੀ ਯਾਦ ਕਰੋ।

ਗਾਵਤ ਥੀ ਤੁਮ ਪੈ ਮਿਲ ਕੈ ਜਿਹ ਕੀ ਸੁਰ ਤੇ ਕਛੁ ਤਾਨ ਨ ਛੀਜੈ ॥

ਤੁਹਾਡੇ ਨਾਲ ਮਿਲ ਕੇ ਗਾਉਂਦੀ ਸਾਂ ਜਿਸ ਦੀ ਸੁਰ ਤੋਂ ਕੋਈ ਤਾਨ ਟੁਟਦੀ ਨਹੀਂ ਸੀ।

ਤਾ ਕੋ ਕਹਿਯੋ ਤਿਹ ਕੀ ਸੁਧਿ ਕੈ ਬਹੁਰੋ ਬ੍ਰਿਜ ਬਾਸਿਨ ਕੋ ਸੁਖ ਦੀਜੈ ॥੯੬੮॥

ਉਸ ਦਾ ਕਹਿਣਾ ਹੈ ਕਿ ਕਦੇ ਤਾਂ ਉਸ ਦੀ ਖ਼ਬਰ ਲਵੋ ਅਤੇ ਫਿਰ (ਆ ਕੇ) ਬ੍ਰਜ-ਵਾਸਣਾਂ ਨੂੰ ਸੁਖ ਦਿਓ ॥੯੬੮॥


Flag Counter