ਸ਼੍ਰੀ ਦਸਮ ਗ੍ਰੰਥ

ਅੰਗ - 218


ਕਹੂੰ ਬੀਨ ਬਾਜੈ ਕੋਊ ਬਾਸੁਰੀ ਮ੍ਰਿਦੰਗ ਸਾਜੈ ਦੇਖੇ ਕਾਮ ਲਾਜੈ ਰਹੇ ਭਿਛਕ ਅਘਾਇ ਕੈ ॥

ਕਿਤੇ ਬੀਨ ਵੱਜਦੀ ਹੈ ਕਿਤੇ ਬੰਸਰੀ ਨਾਲ ਮ੍ਰਿਦੰਗ ਸਜ ਰਹੀ ਹੈ। ਕਾਮ ਦੇਖ ਕੇ ਸ਼ਰਮਿੰਦਾ ਹੋ ਰਿਹਾ ਹੈ ਅਤੇ ਮੰਗਤੇ (ਪਦਾਰਥਾਂ ਨੂੰ ਪ੍ਰਾਪਤ ਕਰਕੇ) ਰਸ ਗਏ ਹਨ।

ਰੰਕ ਤੇ ਸੁ ਰਾਜਾ ਭਏ ਆਸਿਖ ਅਸੇਖ ਦਏ ਮਾਗਤ ਨ ਭਏ ਫੇਰ ਐਸੋ ਦਾਨ ਪਾਇ ਕੈ ॥੧੭੫॥

ਮੰਗਤੇ ਕੰਗਾਲ ਤੋਂ ਰਾਜੇ ਹੋ ਗਏ ਹਨ। ਬੇਸ਼ੁਮਾਰ ਅਸੀਸਾਂ ਦਿੰਦੇ ਹਨ, ਅਜਿਹਾ ਦਾਨ ਪ੍ਰਾਪਤ ਕਰਕੇ ਫਿਰ ਉਹ ਕਦੇ ਮੰਗਤੇ ਨਹੀਂ ਹੋ ਸਕਣਗੇ ॥੧੭੫॥

ਆਨ ਕੈ ਜਨਕ ਲੀਨੋ ਕੰਠ ਸੋ ਲਗਾਇ ਤਿਹੂੰ ਆਦਰ ਦੁਰੰਤ ਕੈ ਅਨੰਤ ਭਾਤਿ ਲਏ ਹੈਂ ॥

ਤਿੰਨਾਂ ਨੂੰ ਜਨਕ ਨੇ ਆ ਕੇ ਗਲ਼ ਨਾਲ ਲਾ ਲਿਆ, ਬੜਾ ਆਦਰ ਕਰਕੇ ਅਨੇਕ ਤਰ੍ਹਾਂ ਨਾਲ ਸੁਆਗਤ ਕੀਤਾ।

ਬੇਦ ਕੇ ਬਿਧਾਨ ਕੈ ਕੈ ਬਯਾਸ ਤੇ ਬਧਾਈ ਬੇਦ ਏਕ ਏਕ ਬਿਪ੍ਰ ਕਉ ਬਿਸੇਖ ਸ੍ਵਰਨ ਦਏ ਹੈਂ ॥

ਵੇਦ ਦੀ ਵਿਧੀ ਨਾਲ ਬਿਆਸ ਤੋਂ ਬੇਦੀ ਬਣਵਾਈ ਅਤੇ ਇਕ ਇਕ ਬ੍ਰਾਹਮਣ ਨੂੰ ਬਹੁਤ-ਬਹੁਤ ਮੋਹਰਾਂ ਦਿੱਤੀਆਂ।

ਰਾਜਕੁਆਰ ਸਭੈ ਪਹਿਰਾਇ ਸਿਰਪਾਇਨ ਤੇ ਮੋਤੀਮਾਨ ਕਰਕੇ ਬਰਖ ਮੇਘ ਗਏ ਹੈਂ ॥

ਰਾਜ-ਕੁਮਾਰਾਂ ਨੂੰ ਸਿਰ ਤੋਂ ਪੈਰਾਂ ਤੱਕ ਸਾਰੇ ਬਸਤ੍ਰ ਪਹਿਨਾਏ ਅਤੇ ਉਸ ਵੇਲੇ ਮੋਤੀਆਂ ਤੇ ਮਾਣਕਾਂ ਦਾ ਮੀਂਹ ਵਸ ਪਿਆ।

ਦੰਤੀ ਸ੍ਵੇਤ ਦੀਨੇ ਕੇਤੇ ਸਿੰਧਲੀ ਤੁਰੇ ਨਵੀਨੇ ਰਾਜਾ ਕੇ ਕੁਮਾਰ ਤੀਨੋ ਬਯਾਹ ਕੈ ਪਠਏ ਹੈਂ ॥੧੭੬॥

ਕਿੰਨੇ ਹੀ ਚਿੱਟੇ ਹਾਥੀ (ਦਾਨ) ਦਿੱਤੇ ਅਤੇ ਸਿੰਧ ਦੇਸ਼ ਦੇ ਕਿੰਨੇ ਹੀ ਨਵੇਂ ਘੋੜੇ (ਦਾਨ) ਦਿੱਤੇ । ਇਸ ਤਰ੍ਹਾਂ ਨਾਲ ਤਿੰਨਾਂ ਰਾਜ-ਕੁਮਾਰਾਂ ਨੂੰ ਵਿਆਹ ਕੇ ਭੇਜਿਆ ਗਿਆ ॥੧੭੬॥

ਦੋਧਕ ਛੰਦ ॥

ਦੋਧਕ ਛੰਦ

ਬਿਯਾਹ ਸੁਤਾ ਨ੍ਰਿਪ ਕੀ ਨ੍ਰਿਪਬਾਲੰ ॥

ਰਾਜ-ਕੁਮਾਰਾਂ ਨੇ ਰਾਜ-ਕੁਮਾਰੀਆਂ ਨੂੰ ਵਿਆਹ ਕੇ

ਮਾਗ ਬਿਦਾ ਮੁਖਿ ਲੀਨ ਉਤਾਲੰ ॥

ਮੂੰਹ ਨਾਲ ਛੇਤੀ ਹੀ ਵਿਦਾਇਗੀ ਮੰਗ ਲਈ।

ਸਾਜਨ ਬਾਜ ਚਲੇ ਗਜ ਸੰਜੁਤ ॥

ਹਾਥੀਆਂ ਸਮੇਤ ਘੋੜਿਆਂ ਨੂੰ ਸਜਾ ਕੇ

ਏਸਨਏਸ ਨਰੇਸਨ ਕੇ ਜੁਤ ॥੧੭੭॥

ਮਹਾਰਾਜਿਆਂ ਤੇ ਰਾਜਿਆਂ ਸਣੇ ਤੁਰ ਪਏ ॥੧੭੭॥

ਦਾਜ ਸੁਮਾਰ ਸਕੈ ਕਰ ਕਉਨੈ ॥

(ਰਾਜੇ ਜਨਕ ਨੇ ਜੋ) ਦਾਜ ਦਿੱਤਾ, ਉਸ ਦੀ ਗਿਣਤੀ (ਸੁਮਾਰ) ਕੋਣ ਕਰ ਸਕਦਾ ਹੈ?

ਬੀਨ ਸਕੈ ਬਿਧਨਾ ਨਹੀ ਤਉਨੈ ॥

ਉਸ ਨੂੰ ਬ੍ਰਹਮਾ ਵੀ ਚੁਣ ਕੇ (ਇਕੱਤਰ) ਨਹੀਂ ਕਰ ਸਕਦਾ।

ਬੇਸਨ ਬੇਸਨ ਬਾਜ ਮਹਾ ਮਤ ॥

ਰੰਗਾਂ ਰੰਗ ਦੇ ਵੱਡੇ ਮਸਤ ਘੋੜੇ ਸਨ,

ਭੇਸਨ ਭੇਸ ਚਲੇ ਗਜ ਗਜਤ ॥੧੭੮॥

ਤਰ੍ਹਾਂ-ਤਰ੍ਹਾਂ ਦੇ ਹਾਥੀ ਚਿੰਘਾੜਦੇ ਹੋਏ ਚਲ ਰਹੇ ਸਨ ॥੧੭੮॥

ਬਾਜਤ ਨਾਦ ਨਫੀਰਨ ਕੇ ਗਨ ॥

ਸੰਖ ਤੇ ਨਫ਼ੀਰੀਆਂ ਦੇ ਸਮੂਹ ਵੱਜਦੇ ਸਨ,

ਗਾਜਤ ਸੂਰ ਪ੍ਰਮਾਥ ਮਹਾ ਮਨ ॥

ਮਹਾਨ ਕਠੋਰ ਸੂਰਮੇ ਗੱਜਦੇ ਸਨ।

ਅਉਧ ਪੁਰੀ ਨੀਅਰਾਨ ਰਹੀ ਜਬ ॥

ਜਦੋਂ ਬਰਾਤ ਅਯੁੱਧਿਆ ਦੇ ਨੇੜੇ ਆ ਗਈ ਤਾਂ

ਪ੍ਰਾਪਤ ਭਏ ਰਘੁਨੰਦ ਤਹੀ ਤਬ ॥੧੭੯॥

ਰਾਮ ਚੰਦਰ (ਉਨ੍ਹਾਂ ਦੇ) ਸੁਆਗਤ ਲਈ ਪਹੁੰਚ ਗਏ ॥੧੭੯॥

ਮਾਤਨ ਵਾਰਿ ਪੀਯੋ ਜਲ ਪਾਨੰ ॥

ਮਾਤਾਵਾਂ ਨੇ ਆਪਣੇ ਹੱਥਾਂ ਨਾਲ ਪੁੱਤਰ ਦੇ ਸਿਰ ਤੋਂ ਪਾਣੀ ਵਾਰ ਕੇ ਪੀਤਾ।

ਦੇਖ ਨਰੇਸ ਰਹੇ ਛਬਿ ਮਾਨੰ ॥

ਰਾਜਾ ਵੇਖ ਕੇ ਅਤਿ ਪ੍ਰਸੰਨ ਹੋ ਗਏ।

ਭੂਪ ਬਿਲੋਕਤ ਲਾਇ ਲਏ ਉਰ ॥

ਰਾਜੇ ਦਸ਼ਰਥ ਨੇ ਵੇਖ ਕੇ ਉਨ੍ਹਾਂ ਨੂੰ ਗਲ਼ ਨਾਲ ਲਾ ਲਿਆ

ਨਾਚਤ ਗਾਵਤ ਗੀਤ ਭਏ ਪੁਰਿ ॥੧੮੦॥

ਅਤੇ ਪੁਰ (ਵਾਸੀ) ਨੱਚਣ ਅਤੇ ਗੀਤ ਗਾਉਣ ਲੱਗੇ ॥੧੮੦॥

ਭੂਪਜ ਬਯਾਹ ਜਬੈ ਗ੍ਰਹ ਆਏ ॥

ਰਾਜ-ਕੁਮਾਰ ਵਿਆਹ ਕੇ ਜਦੋਂ ਘਰ ਆਏ

ਬਾਜਤ ਭਾਤਿ ਅਨੇਕ ਬਧਾਏ ॥

ਤਾਂ ਅਨੇਕ ਤਰ੍ਹਾਂ ਦੇ ਸਾਦੀਆਨੇ ਵੱਜਣ ਲੱਗੇ

ਤਾਤ ਬਸਿਸਟ ਸੁਮਿਤ੍ਰ ਬੁਲਾਏ ॥

ਪਿਤਾ ਨੇ ਵਸ਼ਿਸ਼ਟ ਅਤੇ ਵਿਸ਼ਵਾਮਿਤਰ ਨੂੰ ਬੁਲਾਇਆ

ਅਉਰ ਅਨੇਕ ਤਹਾ ਰਿਖਿ ਆਏ ॥੧੮੧॥

ਅਤੇ ਹੋਰ ਵੀ ਅਨੇਕਾਂ ਰਿਸ਼ੀ ਉਥੇ ਆ ਗਏ ॥੧੮੧॥

ਘੋਰ ਉਠੀ ਘਹਰਾਇ ਘਟਾ ਤਬ ॥

ਤਦੋਂ ਭਿਆਨਕ ਘਟਾ ਚੜ੍ਹ ਕੇ ਗਰਜਣ ਲੱਗੀ

ਚਾਰੋ ਦਿਸ ਦਿਗ ਦਾਹ ਲਖਿਯੋ ਸਭ ॥

ਅਤੇ ਚੋਹਾਂ ਪਾਸੇ ਭਿਆਨਕ ਅੱਗ ਲੱਗੀ ਹੋਈ ਸਭ ਨੇ ਵੇਖੀ।

ਮੰਤ੍ਰੀ ਮਿਤ੍ਰ ਸਭੈ ਅਕੁਲਾਨੇ ॥

ਸਾਰੇ ਮੰਤਰੀ ਅਤੇ ਮਿੱਤਰ ਵੇਖ ਕੇ ਘਬਰਾ ਗਏ

ਭੂਪਤਿ ਸੋ ਇਹ ਭਾਤ ਬਖਾਨੇ ॥੧੮੨॥

ਅਤੇ ਰਾਜਾ ਦਸ਼ਰਥ ਨੂੰ ਇਸ ਤਰ੍ਹਾਂ ਕਹਿਣ ਲੱਗੇ ॥੧੮੨॥

ਹੋਤ ਉਤਪਾਤ ਬਡੇ ਸੁਣ ਰਾਜਨ ॥

ਹੇ ਰਾਜਨ! ਸੁਣੋ, ਵੱਡੇ-ਵੱਡੇ ਉਪਦ੍ਰਵ ਹੋ ਰਹੇ ਹਨ,

ਮੰਤ੍ਰ ਕਰੋ ਰਿਖ ਜੋਰ ਸਮਾਜਨ ॥

ਰਿਸ਼ੀ-ਸਮਾਜ ਨੂੰ ਇਕੱਠਾ ਕਰ ਕੇ ਇਸ ਗੱਲ ਦਾ ਵਿਚਾਰ ਕਰੋ।

ਬੋਲਹੁ ਬਿਪ ਬਿਲੰਬ ਨ ਕੀਜੈ ॥

ਦੇਰ ਨਾ ਕਰੋ ਅਤੇ ਬ੍ਰਾਹਮਣਾਂ ਨੂੰ ਸੱਦ ਲਵੋ,

ਹੈ ਕ੍ਰਿਤ ਜਗ ਅਰੰਭਨ ਕੀਜੈ ॥੧੮੩॥

ਅਸ਼੍ਵਮੇਧ ਯੱਗ ਸ਼ੁਰੂ ਕਰ ਦਿਓ ॥੧੮੩॥

ਆਇਸ ਰਾਜ ਦਯੋ ਤਤਕਾਲਹ ॥

ਰਾਜੇ ਨੇ ਤੁਰੰਤ ਹੁਕਮ ਦਿੱਤਾ।

ਮੰਤ੍ਰ ਸੁ ਮਿਤ੍ਰਹ ਬੁਧ ਬਿਸਾਲਹ ॥

ਵਿਸ਼ਾਲ ਬੁੱਧੀ ਵਾਲੇ ਮੰਤਰੀਆਂ ਅਤੇ ਮਿੱਤਰਾਂ (ਨੇ ਕਿਹਾ)-

ਹੈ ਕ੍ਰਿਤ ਜਗ ਅਰੰਭਨ ਕੀਜੈ ॥

ਅਸ਼੍ਵਮੇਧ ਯੱਗ ਛੇਤੀ ਆਰੰਭ ਕੀਤਾ ਜਾਏ,

ਆਇਸ ਬੇਗ ਨਰੇਸ ਕਰੀਜੈ ॥੧੮੪॥

(ਇਸ ਲਈ) ਹੇ ਰਾਜਨ! ਜਲਦੀ ਆਗਿਆ ਕੀਤਾ ਜਾਏ ॥੧੮੪॥

ਬੋਲਿ ਬਡੇ ਰਿਖ ਲੀਨ ਮਹਾ ਦਿਜ ॥

ਵੱਡੇ ਰਿਸ਼ੀ ਤੇ ਮਹਾਂ ਪੰਡਿਤ ਸੱਦ ਲਏ,

ਹੈ ਤਿਨ ਬੋਲ ਲਯੋ ਜੁਤ ਰਿਤਜ ॥

(ਉਨ੍ਹਾਂ ਨੇ) ਘੋੜੇ ਸਮੇਤ ਰਿਤਜ (ਯੱਗ ਕਰਾਉਣ ਵਾਲੇ ਪੰਡਿਤ ਬੁਲਾ ਲਏ।

ਪਾਵਕ ਕੁੰਡ ਖੁਦਿਯੋ ਤਿਹ ਅਉਸਰ ॥

ਅਗਨਿ ਕੁੰਡ ਉਸੇ ਵੇਲੇ ਪੁੱਟਿਆ ਗਿਆ।

ਗਾਡਿਯ ਖੰਭ ਤਹਾ ਧਰਮੰ ਧਰ ॥੧੮੫॥

ਉਥੇ ਹੀ ਧਰਤੀ ਵਿੱਚ 'ਧਰਮ ਖੰਭਾ' ਗੱਡ ਦਿੱਤਾ ਗਿਆ ॥੧੮੫॥

ਛੋਰਿ ਲਯੋ ਹਯਸਾਰਹ ਤੇ ਹਯ ॥

ਘੋੜ-ਸ਼ਾਲਾ (ਹਯ-ਸਾਰ) ਤੋਂ ਘੋੜਾ ਖੋਲ ਲਿਆ,

ਅਸਿਤ ਕਰਨ ਪ੍ਰਭਾਸਤ ਕੇਕਯ ॥

ਜਿਸ ਦੇ ਕਾਲੇ ਕੰਨ ਸਨ ਅਤੇ ਸਰੀਰ ਦੀ ਆਭਾ ਨੀਲੀ ਸੀ।

ਦੇਸਨ ਦੇਸ ਨਰੇਸ ਦਏ ਸੰਗਿ ॥

ਦੇਸ਼ਾਂ ਦੇਸ਼ਾਂ ਦੇ ਰਾਜੇ (ਉਸ ਦੇ) ਨਾਲ ਕਰ ਦਿੱਤੇ

ਸੁੰਦਰ ਸੂਰ ਸੁਰੰਗ ਸੁਭੈ ਅੰਗ ॥੧੮੬॥

ਜਿਹੜੇ ਸੁੰਦਰ ਸੂਰਮੇ ਸਨ ਅਤੇ ਸੁੰਦਰ ਅੰਗਾਂ ਨਾਲ ਸ਼ੋਭਦੇ ਸਨ ॥੧੮੬॥

ਸਮਾਨਕਾ ਛੰਦ ॥

ਸਮਾਨਕਾ ਛੰਦ


Flag Counter