ਆਸਫ਼ ਖ਼ਾਨ ਨੂੰ (ਉਸ ਨੇ) ਹਿਰਦੇ ਤੋਂ ਭੁਲਾ ਦਿੱਤਾ ॥੧੨॥
(ਉਸ ਨੇ ਆਪਣੇ) ਮਨ ਵਿਚ ਵਿਚਾਰ ਕੀਤਾ ਕਿ ਕਿਸ ਢੰਗ ਨਾਲ ਪ੍ਰੀਤਮ ਨੂੰ ਪ੍ਰਾਪਤ ਕੀਤਾ ਜਾਏ।
ਅਤੇ ਆਸਫ਼ ਖ਼ਾਨ ਦੇ ਘਰ ਤੋਂ ਕਿਵੇਂ ਖਿਸਕਿਆ ਜਾਏ।
ਉਸ (ਮਿਤਰ) ਨਾਲ ਸਾਰੀ ਭੇਦ ਭਰੀ ਗੱਲ ਕਰ ਕੇ ਘਰੋਂ ਭੇਜ ਦਿੱਤਾ
ਅਤੇ 'ਸੂਲ ਸੂਲ' ਕਹਿ ਕੇ ਧਰਤੀ ਉਤੇ ਬੇਹੋਸ਼ ਹੋ ਕੇ ਡਿਗ ਪਈ ॥੧੩॥
'ਸੂਲ ਸੂਲ' ਕਹਿੰਦੀ ਹੋਈ ਡਿਗ ਪਈ ਮਾਨੋ ਮਰ ਗਈ ਹੋਵੇ।
ਉਸ ਨੂੰ (ਘਰ ਵਾਲਿਆਂ ਨੇ) ਸੰਦੂਕ ਵਿਚ ਪਾ ਕੇ ਧਰਤੀ ਵਿਚ ਗਡ ਦਿੱਤਾ।
ਸੱਜਨ ਆ ਕੇ ਉਥੋਂ ਕਢ ਕੇ ਲੈ ਗਿਆ
ਅਤੇ ਬਹੁਤ ਪ੍ਰਸੰਨਤਾ ਨਾਲ ਉਸ ਨੂੰ ਆਪਣੀ ਇਸਤਰੀ ਬਣਾ ਲਿਆ ॥੧੪॥
ਦੋਹਰਾ:
(ਉਸ ਇਸਤਰੀ ਦੇ ਚਰਿਤ੍ਰ ਦਾ) ਭੇਦ ਅਭੇਦ ਮੂਰਖ (ਆਸਫ਼ ਖ਼ਾਨ) ਕੁਝ ਨਾ ਪਛਾਣ ਸਕਿਆ।
ਇਹੀ ਸਮਝਿਆ ਕਿ ਪ੍ਰਾਣਾਂ ਨੂੰ ਛਡ ਕੇ ਬਹਿਸ਼ਤ (ਸਵਰਗ) ਵਿਚ ਚਲੀ ਗਈ ਹੈ ॥੧੫॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੨੨੦ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੨੦॥੪੨੧੮॥ ਚਲਦਾ॥
ਦੋਹਰਾ:
ਸੰਮਨ ਖ਼ਾਨ ਪਠਾਣ ਈਸਫ਼-ਜ਼ੈਯਾਂ ਦਾ ਮੁਖੀਆ ਸੀ।
ਪਠਾਣਾਂ ਦੇ ਕਬੀਲੇ ('ਤੁਮਨ') ਉਸ ਨੂੰ ਆ ਕੇ ਸੀਸ ਝੁਕਾਉਂਦੇ ਸਨ ॥੧॥
ਚੌਪਈ:
ਉਸ ਦੀ ਪਤਨੀ ਦਾ ਨਾਂ ਮ੍ਰਿਗਰਾਜ ਮਤੀ ਸੀ
ਜੋ ਸਦਾ ਰਾਜੇ ਦੇ ਹਿਰਦੇ ਵਿਚ ਵਸੀ ਰਹਿੰਦੀ ਸੀ।
ਉਸ ਦਾ ਸ਼ਰੀਰ ਬਹੁਤ ਹੀ ਸੁੰਦਰ ਸੀ।
ਉਸ ਦੀ ਖ਼ੂਬਸੂਰਤੀ ਨੂੰ ਵੇਖ ਕੇ ਕਾਮ ਦੇਵ ('ਪਸੁਪਤਿ ਰਿਪੁ') ਵੀ ਸ਼ਰਮਿੰਦਾ ਹੁੰਦਾ ਸੀ ॥੨॥
ਦੋਹਰਾ:
ਉਥੇ ਸ਼ਾਦੀ ਖ਼ਾਨ ਨਾਂ ਦਾ ਇਕ ਪਠਾਣ ਦਾ ਪੁੱਤਰ ਸੀ।
ਉਸ ਦੀ ਅਤਿ ਅਧਿਕ ਸੁੰਦਰਤਾ ਦੀ ਚਮਕ ਨੂੰ ਇੰਦਰ ਵੀ ਵੇਖਦਾ ਰਹਿੰਦਾ ਸੀ ॥੩॥
ਅੜਿਲ:
ਉਸ ਰਾਣੀ ਨੇ ਉਸ ਨੂੰ (ਇਕ ਦਿਨ) ਘਰ ਬੁਲਾ ਲਿਆ।
ਉਸ ਨਾਲ ਲਿਪਟ ਲਿਪਟ ਕੇ ਸੁਖ ਪੂਰਵਕ ਰਮਣ ਕਰਨ ਲਗੀ।
ਤਦ ਲੋਕਾਂ ਨੇ ਰਾਜੇ ਨੂੰ ਜਾ ਕੇ ਕਿਹਾ।
ਰਾਜਾ ਹੱਥ ਵਿਚ ਤਲਵਾਰ ਲੈ ਉਥੇ ਆ ਪਹੁੰਚਿਆ ॥੪॥
ਰਾਜੇ ਦੇ ਹੱਥ ਵਿਚ ਤਲਵਾਰ ਵੇਖ ਕੇ ਇਸਤਰੀ ਬਹੁਤ ਡਰ ਗਈ
ਅਤੇ ਆਪਣੇ ਮਨ ਵਿਚ ਇਹ ਸੋਚਿਆ।
(ਫਿਰ ਉਸ ਨੇ) ਹੱਥ ਵਿਚ ਤਲਵਾਰ ਪਕੜ ਕੇ ਮਿਤਰ ਨੂੰ ਮਾਰ ਦਿੱਤਾ
ਅਤੇ ਟੋਟੇ ਟੋਟੇ ਕਰ ਕੇ ਦੇਗ ਵਿਚ ਪਾ ਦਿੱਤਾ ॥੫॥
ਦੇਗ ਵਿਚ ਪਾ ਕੇ ਉਸ ਦੇ ਹੇਠਾਂ ਅੱਗ ਬਾਲ ਦਿੱਤੀ।
ਫਿਰ (ਉਸ ਦੇ) ਸਾਰੇ ਮਾਸ ਨੂੰ ਪਕਾ ਕੇ ਖਾ ਗਈ।
ਸਾਰਾ ਮਹੱਲ (ਬਿਨਾ ਕਿਸੈ ਗ਼ੈਰ ਦੇ) ਵੇਖ ਕੇ ਰਾਜਾ ਹੈਰਾਨ ਹੋਇਆ
ਅਤੇ ਭੇਦ ਦਸਣ ਵਾਲੇ ਨੂੰ ਮਾਰ ਦਿੱਤਾ ਕਿਉਂਕਿ ਉਸ ਨੇ ਮੈਨੂੰ ਝੂਠ ਕਿਹਾ ਸੀ ॥੬॥
ਦੋਹਰਾ:
ਪਹਿਲਾਂ ਭੋਗ ਕਰ ਕੇ (ਫਿਰ ਯਾਰ ਨੂੰ) ਖਾ ਗਈ ਅਤੇ ਭੇਦ ਦਸਣ ਵਾਲੇ ਨੂੰ ਮਰਵਾ ਦਿੱਤਾ।
ਇਸ ਤਰ੍ਹਾਂ ਛਲ ਚਰਿਤ੍ਰ ਕਰ ਕੇ (ਰਾਣੀ) ਰਾਜੇ ਕੋਲ ਸਚੀ ਬਣ ਗਈ ॥੭॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੨੨੧ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੨੧॥੪੨੨੫॥ ਚਲਦਾ॥
ਦੋਹਰਾ:
ਕਾਬਲ ਦੇਸ ਵਿਚ ਅਕਬਰ ਬਾਦਸ਼ਾਹ ਨੇ ਜਾ ਕੇ ਇਕ ਬਾਗ਼ ਵੇਖਿਆ।
(ਜਿਸ ਨੂੰ) ਤਕ ਕੇ ਉਸ ਦੀਆਂ ਅਖਾਂ ਠੰਢੀਆਂ ਹੋ ਗਈਆਂ ਅਤੇ ਦਿਮਾਗ਼ ਰੌਸ਼ਨ ਹੋ ਗਿਆ ॥੧॥
ਭੋਗ ਮਤੀ ਨਾਂ ਦੀ ਇਕ ਇਸਤਰੀ ਅਕਬਰ ਦੇ ਘਰ ਵਿਚ (ਰਹਿੰਦੀ) ਸੀ।
ਉਸ ਵਰਗੀ ਸੁੰਦਰ ਇਸਤਰੀ ਤਿੰਨਾਂ ਲੋਕਾਂ ਵਿਚ ਨਹੀਂ ਸੀ ॥੨॥
ਅੜਿਲ:
ਗੁਲ ਮਿਹਰ ਨਾਂ ਦਾ ਇਕ ਸ਼ਾਹ ਦਾ ਪੁੱਤਰ ਸੀ।