ਸ਼੍ਰੀ ਦਸਮ ਗ੍ਰੰਥ

ਅੰਗ - 1333


ਭਾਖੀ ਨਾਥ ਮਾਤ ਹੈ ਮੋਰੀ ॥

(ਇਸਤਰੀ ਨੇ) ਕਿਹਾ, ਹੇ ਨਾਥ! ਮੇਰੀ ਮਾਤਾ ਹੈ।

ਹਮ ਪਹਿ ਤੋ ਨਹਿ ਜਾਤ ਜਗਾਈ ॥

ਮੇਰੇ ਕੋਲੋਂ (ਇਸ ਨੂੰ) ਜਗਾਇਆ ਨਹੀਂ ਜਾ ਸਕਦਾ

ਤੁਮੈ ਕਹਤ ਹੌ ਬਾਧਿ ਢਿਠਾਈ ॥੬॥

ਮੈਂ ਤੁਹਾਨੂੰ ਪੂਰੀ ਢੀਠਤਾਈ ਨਾਲ ਕਹਿ ਰਹੀ ਹਾਂ ॥੬॥

ਦ੍ਵੈਕ ਘਰੀ ਤੁਮ ਅਨਤ ਸਿਧਾਵਹੁ ॥

ਤੁਸੀਂ ਦੋ ਕੁ ਘੜੀਆਂ ਕਿਤੇ ਹੋਰ ਬਿਤਾਓ।

ਇਹ ਉਠਿ ਗਏ ਬਹੁਰਿ ਹ੍ਯਾਂ ਆਵਹੁ ॥

ਜਦੋਂ ਇਹ ਉਠ ਜਾਏਗੀ ਤਾਂ ਫਿਰ ਇਥੇ ਆ ਜਾਣਾ।

ਜਬ ਜਾਗੈ ਤੇ ਅਧਿਕ ਰਿਸੈਹੈ ॥

ਜਦ ਜਾਗੇਗੀ ਤਾਂ ਬਹੁਤ ਗੁੱਸੇ ਵਿਚ ਹੋਵੇਗੀ।

ਹਮ ਤੁਮ ਲਖਿ ਇਕਤ੍ਰ ਚੁਪ ਹ੍ਵੈਹੈ ॥੭॥

ਮੈਨੂੰ ਅਤੇ ਤੈਨੂੰ ਇਕੱਠਿਆਂ ਵੇਖ ਕੇ ਚੁਪ ਹੋ ਜਾਵੇਗੀ ॥੭॥

ਤਿਨਿ ਇਹ ਬਾਤ ਸਤ੍ਯ ਕਰਿ ਮਾਨੀ ॥

ਉਸ ਨੇ (ਪਤਨੀ ਦੀ) ਇਹ ਗੱਲ ਸਚ ਮੰਨ ਲਈ

ਜਾਤ ਭਯੋ ਉਠਿ ਕ੍ਰਿਯਾ ਨ ਜਾਨੀ ॥

ਅਤੇ ਬਿਨਾ (ਇਸ) ਖੇਲ ਨੂੰ ਸਮਝੇ ਚਲਾ ਗਿਆ।

ਜਬ ਉਠਿ ਮਾਤ ਗਈ ਲਖਿ ਲੈਯਹੁ ॥

(ਅਤੇ ਕਹਿ ਗਿਆ ਕਿ) ਜਦੋਂ ਮਾਤਾ ਨੂੰ ਉਠਿਆ ਵੇਖ ਲਈਂ

ਤਬ ਹਮ ਕੌ ਤੁਮ ਬਹੁਰਿ ਬੁਲੈਯਹੁ ॥੮॥

ਤਾਂ ਮੈਨੂੰ ਫਿਰ ਬੁਲਾ ਲਈਂ ॥੮॥

ਇਮਿ ਕਹਿ ਬਾਤ ਜਾਤ ਜੜ ਭਯੋ ॥

ਇਸ ਤਰ੍ਹਾਂ ਗੱਲ ਕਹਿ ਕੇ ਮੂਰਖ ਚਲਾ ਗਿਆ

ਤਾਹਿ ਚੜਾਇ ਖਾਟ ਪਰ ਲਯੋ ॥

ਅਤੇ (ਉਸ ਨੇ) ਉਸ (ਯਾਰ) ਨੂੰ ਮੰਜੇ ਉਤੇ ਚੜ੍ਹਾ ਲਿਆ।

ਭਾਤਿ ਅਨਿਕ ਤਨ ਕਰੈ ਬਿਲਾਸਾ ॥

(ਉਸ ਨਾਲ) ਅਨੇਕ ਢੰਗਾਂ ਨਾਲ ਵਿਲਾਸ ਕੀਤਾ।

ਆਵਤ ਭਯੋ ਤਿਹ ਪਿਤਾ ਨਿਵਾਸਾ ॥੯॥

(ਤਦੋਂ ਹੀ) ਉਸ ਦਾ ਪਿਤਾ ਘਰ ਆ ਗਿਆ ॥੯॥

ਤਿਸੀ ਭਾਤਿ ਤਨ ਤਾਹਿ ਸੁਵਾਯੋ ॥

(ਉਸ ਨੇ) ਉਸੇ ਤਰ੍ਹਾਂ ਉਸ (ਪ੍ਰੇਮੀ) ਨੂੰ ਸੰਵਾ ਦਿੱਤਾ

ਤਾਤ ਭਏ ਇਹ ਭਾਤਿ ਜਤਾਯੋ ॥

ਅਤੇ ਪਿਤਾ ਦੇ ਆਣ ਤੇ ਇਸ ਤਰ੍ਹਾਂ ਦਸਿਆ,

ਸੁਨਹੁ ਪਿਤਾ ਇਹ ਨਾਰਿ ਤਿਹਾਰੀ ॥

ਹੇ ਪਿਤਾ ਜੀ! ਸੁਣੋ, ਇਹ ਤੁਹਾਡੀ ਇਸਤਰੀ ਹੈ

ਤੁਮ ਸੇ ਛਪੀ ਲਾਜ ਕੀ ਮਾਰੀ ॥੧੦॥

ਅਤੇ ਤੁਹਾਡੇ ਤੋਂ ਲਾਜ ਦੀ ਮਾਰੀ ਲੁਕੀ ਹੋਈ ਹੈ ॥੧੦॥

ਸੁਨਤ ਬਚਨ ਨ੍ਰਿਪ ਧਾਮ ਸਿਧਾਨਾ ॥

ਰਾਜਾ ਇਹ ਗੱਲ ਸੁਣ ਕੇ ਘਰ ਨੂੰ ਚਲਾ ਗਿਆ।

ਭੇਦ ਅਭੇਦ ਕਛੂ ਨ ਪਛਾਨਾ ॥

ਭੇਦ ਅਭੇਦ ਨੂੰ ਕੋਈ ਵੀ ਪਛਾਣ ਨਾ ਸਕਿਆ।

ਤਾ ਕੌ ਕਾਢਿ ਸੇਜ ਪਰ ਲੀਨਾ ॥

(ਫਿਰ) ਉਸ (ਯਾਰ) ਨੂੰ ਕਢ ਕੇ ਸੇਜ ਉਤੇ ਲੈ ਲਿਆ।

ਤਾ ਕੀ ਮਾਤ ਗਵਨ ਤਹ ਕੀਨਾ ॥੧੧॥

ਤਦੋਂ ਉਸ ਦੀ ਮਾਤਾ ਉਥੇ ਆ ਗਈ ॥੧੧॥

ਵੈਸਹਿ ਤਾ ਕਹ ਦਿਯਾ ਸੁਵਾਇ ॥

(ਫਿਰ ਉਸ ਨੇ) ਉਸ (ਯਾਰ) ਨੂੰ ਉਸੇ ਤਰ੍ਹਾਂ ਸੰਵਾ ਦਿੱਤਾ

ਕਹੀ ਮਾਤ ਸੈ ਬਾਤ ਬਨਾਇ ॥

ਅਤੇ ਮਾਤਾ ਨੂੰ ਗੱਲ ਬਣਾ ਕੇ (ਇਸ ਤਰ੍ਹਾਂ) ਕਹੀ,

ਸੁਨਹੁ ਮਾਤ ਜਾਮਾਤ ਤਿਹਾਰੋ ॥

ਹੇ ਮਾਤਾ! ਸੁਣੋ, ਤੁਹਾਡਾ ਜਵਾਈ ਸੁੱਤਾ ਪਿਆ ਹੈ

ਮੋ ਕੋ ਅਧਿਕ ਪ੍ਰਾਨ ਤੇ ਪ੍ਯਾਰੋ ॥੧੨॥

ਜੋ ਮੈਨੂੰ ਪ੍ਰਾਣਾਂ ਨਾਲੋਂ ਵੀ ਜ਼ਿਆਦਾ ਪਿਆਰਾ ਹੈ ॥੧੨॥

ਯਾ ਕੋ ਨੈਨ ਨੀਦ ਦੁਖ ਦਿਯੋ ॥

ਉਸ ਦੀਆਂ ਅੱਖਾਂ ਨੀਂਦਰ ਕਰ ਕੇ ਦੁਖ ਰਹੀਆਂ ਹਨ,

ਤਾ ਤੇ ਸੈਨ ਸ੍ਰਮਿਤ ਹ੍ਵੈ ਕਿਯੋ ॥

ਇਸ ਲਈ ਥਕਿਆ ਹੋਇਆ ਸੌਂ ਗਿਆ ਹੈ।

ਮੈ ਯਾ ਕੋ ਨਹਿ ਸਕਤ ਜਗਾਈ ॥

ਮੈਂ ਇਸ ਨੂੰ ਜਗਾ ਨਹੀਂ ਸਕਦੀ

ਅਬ ਹੀ ਸੋਇ ਗਯੋ ਸੁਖਦਾਈ ॥੧੩॥

ਕਿਉਂਕਿ ਹੁਣੇ ਹੀ (ਮੈਨੂੰ) ਸੁਖ ਦੇਣ ਵਾਲਾ ਸੌਂ ਗਿਆ ਹੈ ॥੧੩॥

ਸੁਨਿ ਬਚ ਮਾਤ ਜਾਤ ਭੀ ਉਠ ਘਰ ॥

ਇਹ ਬੋਲ ਸੁਣ ਕੇ ਮਾਤਾ ਉਠ ਕੇ ਘਰ ਚਲੀ ਗਈ

ਲਯੋ ਸੇਜ ਪਰ ਤ੍ਰਿਯ ਪਿਯ ਭੁਜ ਭਰ ॥

ਅਤੇ ਇਸਤਰੀ ਨੇ ਪ੍ਰੀਤਮ ਨੂੰ ਬਾਂਹਵਾਂ ਨਾਲ ਜਫ਼ੀ ਮਾਰ ਕੇ ਸੇਜ ਉਤੇ ਲੈ ਲਿਆ।

ਭਾਤਿ ਭਾਤਿ ਤਨ ਭੋਗ ਕਮਾਏ ॥

(ਉਸ ਨਾਲ) ਭਾਂਤ ਭਾਂਤ ਦਾ ਰਮਣ ਕੀਤਾ

ਬਹੁਰਿ ਧਾਮ ਕੌ ਤਾਹਿ ਪਠਾਏ ॥੧੪॥

ਅਤੇ ਫਿਰ ਉਸ ਨੂੰ ਘਰ ਭੇਜ ਦਿੱਤਾ ॥੧੪॥

ਦੋਹਰਾ ॥

ਦੋਹਰਾ:

ਇਹ ਚਰਿਤ੍ਰ ਤਿਹ ਚੰਚਲਾਮ ਪਿਯਹਿ ਦਯੋ ਪਹੁਚਾਇ ॥

ਇਸ ਚਰਿਤ੍ਰ ਨਾਲ ਉਸ ਇਤਸਰੀ ਨੇ ਪ੍ਰੀਤਮ ਨੂੰ (ਘਰ) ਪਹੁੰਚਾ ਦਿੱਤਾ।

ਭੇਦ ਅਭੇਦ ਤ੍ਰਿਯਾਨ ਕੇ ਸਕਿਯੋ ਨ ਕੋਈ ਪਾਇ ॥੧੫॥

ਇਸਤਰੀਆਂ ਦੇ ਭੇਦ ਅਭੇਦ ਨੂੰ ਕੋਈ ਵੀ ਪਾ ਨਹੀਂ ਸਕਿਆ ॥੧੫॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਅਸੀ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੮੦॥੬੮੪੭॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੩੮੦ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੮੦॥੬੮੪੭॥ ਚਲਦਾ॥

ਚੌਪਈ ॥

ਚੌਪਈ:

ਸੁਨਹੁ ਰਾਵ ਇਕ ਕਥਾ ਸ੍ਰਵਨ ਧਰਿ ॥

ਹੇ ਰਾਜਨ! ਇਕ ਕਥਾ ਕੰਨ ਧਰ ਕੇ ਸੁਣੋ,

ਜਿਹ ਬਿਧ ਕਿਯਾ ਚਰਿਤ੍ਰ ਤ੍ਰਿਯਾ ਬਰ ॥

ਜਿਸ ਤਰ੍ਹਾਂ ਦਾ ਇਕ ਸੁੰਦਰ ਇਸਤਰੀ ਨੇ ਚਰਿਤ੍ਰ ਕੀਤਾ ਸੀ।

ਪੀਰ ਏਕ ਮੁਲਤਾਨ ਭਨਿਜੈ ॥

ਮੁਲਤਾਨ ਵਿਚ ਇਕ ਪੀਰ ਦਸੀਂਦਾ ਸੀ

ਰੂਪਵੰਤ ਤਿਹ ਅਧਿਕ ਕਹਿਜੈ ॥੧॥

ਜਿਸ ਨੂੰ ਬਹੁਤ ਰੂਪਵਾਨ ਕਿਹਾ ਜਾਂਦਾ ਸੀ ॥੧॥

ਰੋਸਨ ਕਦਰ ਤਵਨ ਕੋ ਨਾਮਾ ॥

ਉਸ ਦਾ ਨਾਂ ਰੌਸ਼ਨ ਕਦਰ ਸੀ।

ਥਕਿਤ ਰਹਿਤ ਜਿਹ ਨਿਰਖਤ ਬਾਮਾ ॥

ਜੋ ਇਸਤਰੀ ਉਸ ਨੂੰ ਵੇਖਦੀ, ਸ਼ਿਥਲ ਹੋ ਜਾਂਦੀ।

ਜੋ ਨਿਰਖਤਿ ਤਿਯ ਪਤਿਹਿ ਨਿਹਾਰੈ ॥

ਜੋ (ਇਸਤਰੀ ਉਸ) ਇਸਤਰੀ ਦੇ ਪਤੀ ਨੂੰ ਵੇਖਦੀ,

ਤਾ ਕੌ ਐਂਚ ਜੂਤਯਨ ਮਾਰੈ ॥੨॥

ਤਾਂ ਉਸ ਨੂੰ ਕਸ ਕੇ ਜੁਤੀਆਂ ਮਾਰਦੀ ॥੨॥


Flag Counter