ਇਕ ਦਿਨ ਰਾਜੇ ਨੇ ਸਭਾ ਬੁਲਾ ਲਈ
ਅਤੇ ਸਾਰੀਆਂ ਇਸਤਰੀਆਂ ਨੂੰ ਘਰੋਂ ਬੁਲਾ ਲਿਆ।
ਰਾਜੇ ਨੇ ਕਿਹਾ ਮੇਰੀ ਮੁੰਦਰੀ (ਗੁੰਮ ਹੋ) ਗਈ ਹੈ।
ਉਹ ਦਾਸੀ ਉਠ ਕੇ ਕਹਿਣ ਲਗੀ। ਮੈਨੂੰ ਮਿਲੀ ਹੈ, ਪਛਾਣ ਲਵੋ ॥੬॥
(ਰਾਜੇ ਨੇ ਪੁਛਿਆ-) ਇਹ ਮੁੰਦਰੀ (ਤੈਨੂੰ) ਕਿਥੋਂ ਮਿਲੀ ਹੈ।
(ਰਸਤੇ ਵਿਚ) ਪਈ ਸੀ, ਮੇਰੇ ਨਜ਼ਰ ਚੜ੍ਹ ਗਈ।
ਉਹ ਮੈਂ ਹੱਥ ਨਾਲ ਉਠਾ ਲਈ।
ਹੇ ਰਾਜਨ! ਹੁਣ ਮੈਂ ਤੁਹਾਨੂੰ ਦਿੰਦੀ ਹਾਂ ॥੭॥
ਦੋਹਰਾ:
(ਰਾਜੇ ਨੇ ਕਿਹਾ-) ਜਿਸ ਨੂੰ ਪਰਮੇਸ਼ਵਰ ਨੇ ਦਿੱਤੀ ਹੈ, ਮੈਂ ਉਸੇ ਨੂੰ ਦਿੰਦਾ ਹਾਂ।
ਉਸ ਦੀ ਇਸਤਰੀ ਨੇ ਭੇਦ ਨੂੰ ਬਿਲਕੁਲ ਨਾ ਸਮਝਿਆ। ਇਸ ਤਰ੍ਹਾਂ ਪ੍ਰਬੀਨ ਰਾਜੇ ਨੇ ਉਸ ਨੂੰ ਛਲ ਲਿਆ ॥੮॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਪੁਰਖ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੬੪ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੬੪॥੧੧੩੭॥ ਚਲਦਾ॥
ਚੌਪਈ:
ਇਕ ਰਾਜਪੂਤ ਰਾਠ ਮਹੋਬੇ ਵਿਚ ਰਹਿੰਦਾ ਸੀ।
ਜਗ ਵਿਚ ਉਹ ਮਿਤ੍ਰ ਸਿੰਘ ਕਰ ਕੇ ਵਜਦਾ ਸੀ।
ਉਹ ਦੱਖਣ ਮਾਰਗ ਉਤੇ ਲੋਕਾਂ ਨੂੰ ਚਲਣ ਨਹੀਂ ਦਿੰਦਾ ਸੀ
ਅਤੇ ਮਾਰ ਕੁਟ ਕੇ ਲੁਟ ਲੈਂਦਾ ਸੀ ॥੧॥
ਜੋ ਕਾਇਰ ਹੁੰਦਾ, ਉਸ ਤੋਂ ਧਨ ਲੁਟ ਲਿਆਉਂਦਾ
ਅਤੇ ਜੋ ਅਗੋਂ ਡਟਦਾ, ਉਸ ਨੂੰ ਮਾਰ ਦਿੰਦਾ।
(ਇਸ ਤਰ੍ਹਾਂ) ਉਹ ਸਾਰਿਆਂ ਨੂੰ ਲੁਟ ਪੁਟ ਲੈਂਦਾ
ਅਤੇ ਬਹੁਤ ਧਨ ਲਿਆ ਕੇ ਇਸਤਰੀ ਨੂੰ ਦਿੰਦਾ ॥੨॥
ਇਕ ਦਿਨ ਧਾੜਾ (ਡਾਕਾ) ਮਾਰਨ ਲਈ ਗਿਆ,
(ਪਰ) ਉਸ ਦਾ ਸੂਰਮਿਆਂ ਨਾਲ ਟਾਕਰਾ ਹੋ ਗਿਆ।
ਘੋੜਾ ਦੌੜਾਉਂਦੇ ਹੋਇਆਂ ਡਿਗ ਪਿਆ।
ਤਦ ਉਨ੍ਹਾਂ ਸੂਰਮਿਆਂ ਨੇ ਉਸ ਨੂੰ ਆ ਕੇ ਪਕੜ ਲਿਆ ॥੩॥
ਦੋਹਰਾ:
(ਉਹ ਸੂਰਮੇ) ਉਸ ਨੂੰ ਮਾਰਨ ਲਈ ਬੰਨ੍ਹ ਕੇ ਕਾਲਪੀ (ਸ਼ਹਿਰ) ਵਿਚ ਲੈ ਗਏ।
ਉਸ ਦੀ ਇਸਤਰੀ ਨੂੰ ਕੁਝ ਭਿਣਕ ਪੈਣ ਤੇ (ਉਹ) ਉਥੇ ਆ ਪਹੁੰਚੀ ॥੪॥
ਚੌਪਈ:
ਉਸ ਨੇ ਗੋਹੇ ਚੁਣ ਚੁਣ ਕੇ ਘੋੜੇ ਉਤੇ ਧਰ ਲਏ
ਅਤੇ ਕਿਸੇ ਦੀ ਵੀ ਕੋਈ ਪਰਵਾਹ ਨਾ ਕੀਤੀ।
ਉਹ ਕਾਹਲੀ ਕਾਹਲੀ ਚਲੀ ਕਿ ਕਿਤੇ ਉਸ ਦੇ ਪਤੀ ਦਾ ਕਤਲ ਨਾ ਹੋ ਜਾਏ।
ਇਸ ਪਜ ਨਾਲ ਉਹ ਨੇੜੇ ਜਾ ਪਹੁੰਚੀ ॥੫॥
ਦੋਹਰਾ:
ਉਸ ਨੇ ਬਾਂਹ (ਤੋਂ ਫੜ ਕੇ) ਝਟਕੇ ਨਾਲ ਆਪਣੇ ਪਤੀ ਨੂੰ ਘੋੜੇ ਉਤੇ ਚੜ੍ਹਾ ਲਿਆ
ਅਤੇ ਉਸ ਚੰਡਾਲ ਦੀ ਕ੍ਰਿਪਾਨ ਲੈ ਕੇ ਉਸ ਨੂੰ ਮਾਰ ਦਿੱਤਾ ॥੬॥
ਚੌਪਈ:
ਜੋ ਸਵਾਰ ਵੀ ਉਥੇ ਪਹੁੰਚਿਆ, ਉਸ ਨੂੰ ਮਾਰ ਸੁਟਿਆ
ਅਤੇ ਇਕ ਹੀ ਬਾਣ ਨਾਲ ਮਾਰ ਦਿੱਤਾ।
(ਉਹ) ਕਿਸੇ ਤੋਂ ਵੀ ਚਿਤ ਵਿਚ ਡਰੀ ਨਹੀਂ
ਅਤੇ ਆਪਣੇ ਪਤੀ ਨੂੰ ਲੈ ਕੇ ਨਗਰ ਵਿਚ ਵਾਪਸ ਆ ਗਈ ॥੭॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਤ੍ਰੀਆ ਚਰਿਤ੍ਰ ਦੇ ਮੰਤੀ ਭੂਪ ਸੰਬਾਦ ਦੇ ੬੫ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੬੫॥੧੧੪੪॥ ਚਲਦਾ॥
ਦੋਹਰਾ:
ਰੂਪ ਨਗਰ (ਸ਼ਹਿਰ) ਵਿਚ ਇਕ ਵਜ਼ੀਰ ਦੀ ਧੀ ਸੀ।
ਉਸ ਵਰਗੀ ਸੁੰਦਰ ਤਿੰਨਾਂ ਲੋਕਾਂ ਵਿਚ ਕੋਈ ਨਹੀਂ ਸੀ ॥੧॥
ਅਮਿਤ ਰੂਪ ਸੁੰਦਰਤਾ ਤੋਂ ਇਲਾਵਾ ਪਰਮਾਤਮਾ ਨੇ ਉਸ ਦੇ ਘਰ ਧਨ ਦੌਲਤ ਵੀ ਬਹੁਤ ਦਿੱਤੀ ਸੀ।
ਚੌਦਾਂ ਲੋਕਾਂ ਵਿਚ ਉਹ ਰੌਸ਼ਨ ਰਾਇ ਸਦਾ ਜੋਤਿਮਾਨ ਸੀ ॥੨॥
ਸ਼ਾਮ ਦੇਸ ਦੇ ਬਾਦਸ਼ਾਹ ਦਾ ਇਕ ਸੁੰਦਰ ਪੁੱਤਰ ਸੀ।