ਸ਼ੇਰ ਵਾਂਗ ਕਿਤਨੇ ਹੀ ਅੜੇ ਖੜੋਤੇ ਹਨ, ਕਿਤਨੇ ਯੁੱਧ-ਭੂਮੀ ਨੂੰ ਵੇਖ ਕੇ ਡਰ ਗਏ ਹਨ, ਕਿਤਨੇ ਹੀ ਅਣਖ ਦੇ ਭਾਰ ਨਾਲ ਭਰਪੂਰ ਹਨ ਅਤੇ ਦੌੜ ਕੇ ਅਰੜਾਉਂਦੇ ਹੋਇਆਂ (ਵੈਰੀ ਉਤੇ) ਆ ਪਏ ਹਨ ॥੧੦੭੪॥
ਸਵੈਯਾ:
ਘਾਇਲ ਹੋ ਕੇ ਸੂਰਮੇ ਧਰਤੀ ਉਤੇ ਡਿਗ ਪੈਂਦੇ ਹਨ, (ਪਰ) ਫਿਰ ਉਠ ਕੇ ਯੁੱਧ ਕਰਨ ਲਈ ਤੁਰ ਪੈਂਦੇ ਹਨ।
ਸ਼ਿਆਮ (ਕ੍ਰਿਸ਼ਨ) ਕਿਥੇ ਲੁਕਿਆ ਹੋਇਆ ਹੈ, ਬਹੁਤ ਕ੍ਰੋਧ ਨਾਲ ਭਰ ਕੇ ਇਸ ਤਰ੍ਹਾਂ ਪੁਕਾਰਦੇ ਹਨ।
ਉਨ੍ਹਾਂ ਦੇ ਮੂੰਹ ਤੋਂ (ਇਸ ਤਰ੍ਹਾਂ ਦੇ) ਬੋਲ ਸੁਣ ਕੇ ਸ੍ਰੀ ਕ੍ਰਿਸ਼ਨ ਤਲਵਾਰ ਨੂੰ ਸੰਭਾਲ ਕੇ (ਉਨ੍ਹਾਂ ਦੇ) ਸਾਹਮਣੇ ਆ ਜਾਂਦੇ ਹਨ।
ਜਿਨ੍ਹਾਂ ਦੇ ਸਿਰ ਕਟ ਗਏ ਹਨ, (ਉਹ ਵੀ) ਨਹੀਂ ਹਟਦੇ ਹਨ ਅਤੇ ਦੌੜ ਕੇ ਕ੍ਰਿਸ਼ਨ ਵਲ ਜਾਂਦੇ ਹਨ ॥੧੦੭੫॥
ਉਸ ਵੇਲੇ 'ਮਾਰੋ ਮਾਰੋ' ਦੀ ਪੁਕਾਰ ਹੁੰਦੀ ਹੈ ਅਤੇ ਤਲਵਾਰਾਂ ਲੈ ਕੇ ਲਲਕਾਰਦੇ ਹੋਏ (ਯੋਧੇ) ਕੁਦ ਪੈਂਦੇ ਹਨ।
ਕ੍ਰਿਸ਼ਨ ਅਤੇ ਬਲਰਾਮ ਨੂੰ ਚੌਹਾਂ ਪਾਸਿਆਂ ਤੋਂ ਘੇਰ ਲਿਆ ਗਿਆ ਹੈ ਅਤੇ (ਰਣ-ਭੂਮੀ ਨੇ) ਮਲ-ਅਖਾੜੇ ਦੀ ਸੋਭਾ ਧਾਰਨ ਕਰ ਲਈ ਹੈ।
ਉਸੇ ਵੇਲੇ ਸ੍ਰੀ ਕ੍ਰਿਸ਼ਨ ਨੇ ਹੱਥ ਵਿਚ ਧਨੁਸ਼ ਬਾਣ ਲੈ ਲਿਆ ਹੈ ਅਤੇ ਉਸ ਨੂੰ ਵੇਖ ਕੇ ਕਾਇਰ ਰਣਭੂਮੀ ਤੋਂ ਭਜੇ ਜਾ ਰਹੇ ਹਨ।
(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਰਣ-ਭੂਮੀ (ਦਾ ਖੇਲ) ਖ਼ਤਮ ਹੋ ਗਿਆ ਹੋਵੇ ਅਤੇ ਤਮਾਸ਼ਬੀਨ ਕੌਤਕ ਵੇਖ ਕੇ ਘਰਾਂ ਨੂੰ ਚਲੇ ਜਾ ਰਹੇ ਹੋਣ ॥੧੦੭੬॥
ਜਿਹੜਾ ਯੋਧਾ ਹੱਥ ਵਿਚ ਤਲਵਾਰ ਧਾਰਨ ਕਰ ਕੇ ਅਤੇ ਕ੍ਰੋਧ ਨਾਲ ਭਰ ਕੇ ਸ੍ਰੀ ਕ੍ਰਿਸ਼ਨ ਉਤੇ ਹਮਲਾ ਕਰਦਾ ਹੈ।
ਉਸ ਕੌਤਕ ਨੂੰ ਵੇਖ ਕੇ ਸ਼ਿਵ ਗਣ ਆਨੰਦ ਨਾਲ ਮਿਲ ਕੇ ਗੀਤ ਗਾਉਂਦੇ ਹਨ।
ਕੋਈ ਕਹਿੰਦਾ ਸ੍ਰੀ ਕ੍ਰਿਸ਼ਨ ਜਿਤਣਗੇ, ਕੋਈ ਇਉਂ ਕਹਿੰਦਾ ਕਿ ਇਹ ਜਿਤੇਗਾ, ਇਸ ਪ੍ਰਕਾਰ ਦੀ ਬੈਹਸ ਕਰਨ ਲਗ ਪੈਂਦੇ ਹਨ।
ਤਦ ਤਕ ਝਗੜਾ ਕਰਦੇ ਹਨ ਜਦ ਤਕ ਸ੍ਰੀ ਕ੍ਰਿਸ਼ਨ ਉਸ (ਵੈਰੀ) ਨੂੰ ਮਾਰ ਕੇ ਭੂਮੀ ਉਤੇ ਨਹੀਂ ਸੁਟ ਦਿੰਦੇ ॥੧੦੭੭॥
ਕਬਿੱਤ:
ਬਹੁਤ ਹੀ ਵੱਡੇ ਧਨੁਸ਼ਧਾਰੀ, ਕਵਚਾਂ ਨਾਲ ਸਜੇ ਹੋਏ, ਹਾਥੀਆਂ ਦੇ ਦਲਾਂ ਨਾਲ ਅੜਨ ਵਾਲੇ, ਘੋੜਿਆਂ ਨੂੰ ਨਚਾ ਨਚਾ ਕੇ ਹਮਲਾ ਕਰ ਕੇ ਆ ਪਏ ਹਨ।
ਯੁੱਧ ਵਿਚ ਅਡੋਲ ਰਹਿਣ ਵਾਲੇ, ਸੁਆਮੀ ਦਾ ਕੰਮ ਕਰ ਕੇ ਆਦਰ ਮਾਣ ਪਾਉਣ ਵਾਲੇ, ਮੋਰਚਿਆਂ (ਅਥਵਾ ਸੈਨਿਕ ਟੁਕੜੀਆਂ) ਵਿਚ ਨਿਕਲ ਕੇ ਧੌਂਸਾ ਵਜਾ ਕੇ ਲੜਦੇ ਹਨ।
ਸੈਹਥੀਆਂ ਨੂੰ ਸੰਭਾਲ ਕੇ, ਤਲਵਾਰਾਂ ਨੂੰ ਕਢ ਕੇ, 'ਮਾਰੋ ਮਾਰੋ' ਪੁਕਾਰਦੇ ਹੋਏ, ਇਸ ਤਰ੍ਹਾਂ ਰਣ-ਭੂਮੀ ਵਿਚ ਆ ਕੇ ਪੈਂਦੇ ਹਨ।
ਉਹ ਸ੍ਰੀ ਕ੍ਰਿਸ਼ਨ ਨਾਲ ਲੜਦੇ ਹਨ, ਆਪਣੇ ਥਾਂ ਤੋਂ ਟਲਦੇ ਨਹੀਂ ਹਨ, ਧਰਤੀ ਉਤੇ ਡਿਗ ਪੈਂਦੇ ਹਨ ਅਤੇ ਉਠ ਕੇ ਜ਼ਖ਼ਮ ਖਾਂਦੇ ਹਨ ॥੧੦੭੮॥
ਸਵੈਯਾ:
ਕ੍ਰੋਧ ਨਾਲ ਭਰ ਕੇ ਅਰੜਾ ਕੇ ਪੈਂਦੇ ਹਨ, ਸ੍ਰੀ ਕ੍ਰਿਸ਼ਨ ਤੋਂ ਡਰਦੇ ਨਹੀਂ, (ਸਗੋਂ) ਹਥਿਆਰਾਂ ਦਾ ਵਾਰ ਕਰਦੇ ਹਨ।
ਜਖ਼ਮਾਂ ਨਾਲ ਭਰੇ ਹੋਏ ਹਨ, ਬਹੁਤ ਲਹੂ ਵਗ ਰਿਹਾ ਹੈ, (ਪਰ) ਹੱਥ ਵਿਚ ਤਲਵਾਰ ਧਾਰਨ ਕਰ ਕੇ ਜੋ ਬਲ ਪੂਰਵਕ ਅੜੇ ਹੋਏ ਹਨ।
ਉਸੇ ਵੇਲੇ ਬਲਰਾਮ ਨੇ (ਹੱਥ ਵਿਚ) ਮੋਹਲਾ ਲੈ ਕੇ (ਉਨ੍ਹਾਂ ਨੂੰ) ਰਣ-ਭੂਮੀ ਵਿਚ ਚਾਵਲਾਂ ਵਾਂਗ ਛਟ ਦਿੱਤਾ ਹੈ।
ਫਿਰ ਹਲ ਨਾਲ ਵਾਰ ਕੀਤਾ ਹੈ (ਜਿਸ ਕਰ ਕੇ) ਮਰ ਕੇ ਧਰਤੀ ਉਤੇ ਡਿਗ ਪਏ ਹਨ ਅਤੇ ਕਿਸੇ ਵਿਚ ਵੀ ਸ੍ਵਾਸ ਨਹੀਂ ਹਨ ॥੧੦੭੯॥