ਸ਼੍ਰੀ ਦਸਮ ਗ੍ਰੰਥ

ਅੰਗ - 972


ਅਤਿ ਹੀ ਰਿਸਿ ਕੈ ਨਿਜੁ ਸੀਸੁ ਧੁਨ੍ਰਯੋ ॥੨੦॥

ਤਾਂ ਬਹੁਤ ਕ੍ਰੋਧਿਤ ਹੋ ਕੇ ਸਿਰ ਪਿਟਣ ਲਗਾ ॥੨੦॥

ਤਬ ਹੀ ਰਿਸਿ ਕੈ ਰਿਖਿ ਸ੍ਰਾਪ ਦਿਯੋ ॥

ਤਦ ਬਹੁਤ ਗੁੱਸੇ ਵਿਚ ਆ ਕੇ ਰਿਸ਼ੀ ਨੇ ਸ੍ਰਾਪ ਦਿੱਤਾ

ਸੁਰ ਨਾਯਕ ਕੌ ਭਗਵਾਨ ਕਿਯੋ ॥

ਅਤੇ ਦੇਵਤਿਆਂ ਦੇ ਨਾਇਕ (ਇੰਦਰ) ਨੂੰ 'ਭਗਵਾਨ' (ਭਗ-ਯੁਕਤ) ਕਰ ਦਿੱਤਾ।

ਭਗ ਤਾਹਿ ਸਹੰਸ੍ਰ ਭਏ ਤਨ ਮੈ ॥

(ਉਸ ਸਰਾਪ ਕਰ ਕੇ ਇੰਦਰ ਦੇ) ਸ਼ਰੀਰ ਉਤੇ ਹਜ਼ਾਰ ਭਗ-ਚਿੰਨ੍ਹ (ਇਸਤਰੀ ਯੋਨੀ ਦੇ ਚਿੰਨ੍ਹ) ਹੋ ਗਏ।

ਤ੍ਰਿਦਸੇਸ ਲਜਾਇ ਰਹਿਯੋ ਮਨ ਮੈ ॥੨੧॥

(ਉਨ੍ਹਾਂ ਨੂੰ ਵੇਖ ਕੇ) ਇੰਦਰ ('ਤ੍ਰਿਦਸੇਸ') ਮਨ ਵਿਚ ਬਹੁਤ ਲਜਿਤ ਹੋਇਆ ॥੨੧॥

ਦੋਹਰਾ ॥

ਦੋਹਰਾ:

ਸ੍ਰਾਪ ਦਿਯੈ ਤ੍ਰਿਯ ਕੌ ਬਹੁਰਿ ਜੋ ਤੈ ਕਿਯੋ ਚਰਿਤ੍ਰ ॥

(ਮੁਨੀ ਨੇ) ਫਿਰ ਇਸਤਰੀ ਨੂੰ ਸਰਾਪ ਦਿੱਤਾ ਜੋ ਉਸ ਨੇ ਚਰਿਤ੍ਰ ਕੀਤਾ ਸੀ

ਤੈ ਪਾਹਨ ਕੀ ਚਾਰਿ ਜੁਗ ਹੋਹਿ ਸਿਲਾ ਅਪਵਿਤ੍ਰ ॥੨੨॥

ਕਿ ਤੂੰ ਚਾਰ ਯੁਗਾਂ ਤਕ ਪੱਥਰ ਦੀ ਅਪਵਿਤ੍ਰ ਸਿਲ ਬਣੀ ਰਹਿ ॥੨੨॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਪੰਦ੍ਰਹਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੧੫॥੨੨੬੧॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ਇਕ ਸੌ ਪੰਦਰਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੧੫॥੨੨੬੧॥ ਚਲਦਾ॥

ਭੁਜੰਗ ਪ੍ਰਯਾਤ ਛੰਦ ॥

ਭੁਜੰਗ ਪ੍ਰਯਾਤ ਛੰਦ:

ਬਢੈ ਸੁੰਦ ਅਪਸੁੰਦ ਦ੍ਵੈ ਦੈਤ ਭਾਰੀ ॥

ਸੁੰਦ ਅਪਸੁੰਦ ਨਾਂ ਦੇ ਦੋ ਭਾਰੀ ਦੈਂਤ ਵਿਕਸਿਤ ਹੋ ਗਏ।

ਕਰੈ ਤੀਨਹੂੰ ਲੋਕ ਜਿਨ ਕੌ ਜੁਹਾਰੀ ॥

ਉਨ੍ਹਾਂ ਨੂੰ ਤਿੰਨੋ ਲੋਕ ਪ੍ਰਨਾਮ ਕਰਦੇ ਸਨ।

ਮਹਾ ਕੈ ਤਪਸ੍ਯਾ ਸਿਵੈ ਸੋ ਰਿਝਾਯੋ ॥

ਉਨ੍ਹਾਂ ਨੇ ਬਹੁਤ ਤਪਸਿਆ ਕਰ ਕੇ ਸ਼ਿਵ ਨੂੰ ਪ੍ਰਸੰਨ ਕਰ ਲਿਆ

ਮਰੈ ਨਾਹਿ ਮਾਰੈ ਯਹੈ ਦਾਨ ਪਾਯੋ ॥੧॥

ਅਤੇ ਇਹ ਵਰਦਾਨ ਪ੍ਰਾਪਤ ਕੀਤਾ ਕਿ ਮਾਰਨ ਤੇ ਵੀ ਮਰ ਨਾ ਸਕਣ ॥੧॥

ਚੌਪਈ ॥

ਚੌਪਈ:

ਰੀਝਿ ਰੁਦ੍ਰ ਯੌ ਬਚਨ ਉਚਾਰੇ ॥

ਰੁਦ੍ਰ ਨੇ ਪ੍ਰਸੰਨ ਹੋ ਕੇ (ਉਨ੍ਹਾਂ ਪ੍ਰਤਿ) ਕਿਹਾ

ਤੁਮ ਨਹਿ ਮਰੋ ਕਿਸੂ ਤੇ ਮਾਰੇ ॥

ਕਿ ਤੁਸੀਂ ਕਿਸੇ ਦੇ ਮਾਰਿਆਂ ਨਹੀਂ ਮਰੋਗੇ।

ਜੌ ਆਪਸ ਮੈ ਰਾਰਿ ਬਢੈਹੋ ॥

ਜੇ ਤੁਸੀਂ ਆਪਸ ਵਿਚ ਝਗੜਾ ਕਰੋਗੇ

ਤੌ ਜਮ ਕੇ ਘਰ ਕੋ ਦੋਊ ਜੈਹੋ ॥੨॥

ਤਾਂ ਦੋਵੇਂ ਜਮ ਦੇ ਘਰ ਨੂੰ ਜਾਓਗੇ ॥੨॥

ਮਹਾ ਰੁਦ੍ਰ ਤੇ ਜਬ ਬਰੁ ਪਾਯੋ ॥

ਜਦੋਂ ਉਨ੍ਹਾਂ ਨੇ ਮਹਾ ਰੁਦ੍ਰ ਤੋਂ ਵਰ ਪ੍ਰਾਪਤ ਕਰ ਲਿਆ

ਸਭ ਲੋਕਨ ਚਿਤ ਤੇ ਬਿਸਰਾਯੋ ॥

ਤਾਂ ਮਨ ਵਿਚੋਂ ਸਾਰਿਆਂ ਲੋਕਾਂ ਨੂੰ ਭੁਲਾ ਦਿੱਤਾ।

ਜੋ ਕੋਊ ਦੇਵ ਦ੍ਰਿਸਟਿ ਮੈ ਆਵੈ ॥

(ਉਨ੍ਹਾਂ ਦੀ) ਨਜ਼ਰ ਵਿਚ ਜੋ ਕੋਈ ਦੇਵਤਾ ਚੜ੍ਹ ਜਾਂਦਾ,

ਜਿਯ ਲੈ ਕੇ ਫਿਰ ਜਾਨ ਨ ਪਾਵੈ ॥੩॥

ਉਹ ਜਾਨ ਬਚਾ ਕੇ ਨਾ ਜਾ ਸਕਦਾ ॥੩॥

ਐਸੀ ਭਾਤਿ ਬਹੁਤ ਦੁਖ ਦਏ ॥

ਇਸ ਤਰ੍ਹਾਂ (ਉਨ੍ਹਾਂ ਨੇ ਦੇਵਤਿਆਂ ਨੂੰ) ਬਹੁਤ ਦੁਖ ਦਿੱਤਾ

ਦੇਵ ਸਭੈ ਬ੍ਰਹਮਾ ਪੈ ਗਏ ॥

ਅਤੇ ਸਾਰੇ ਦੇਵਤੇ ਬ੍ਰਹਮਾ ਕੋਲ ਗਏ।

ਬਿਸੁਕਰਮਹਿ ਬਿਧਿ ਬੋਲਿ ਪਠਾਯੋ ॥

ਬ੍ਰਹਮਾ ਨੇ ਵਿਸ਼੍ਵਕਰਮਾ ਨੂੰ ਬੁਲਾ ਲਿਆ

ਇਹੈ ਮੰਤ੍ਰ ਕੋ ਸਾਰ ਪਕਾਯੋ ॥੪॥

ਅਤੇ ਚੰਗੀ ਤਰ੍ਹਾਂ ਇਹ ਸਲਾਹ ਕੀਤੀ ॥੪॥

ਬਿਸੁਕਰਮਾ ਪ੍ਰਤਿ ਬਿਧਹਿ ਉਚਾਰੋ ॥

ਵਿਸ਼੍ਵਕਰਮਾ ਪ੍ਰਤਿ ਬ੍ਰਹਮਾ ਨੇ ਕਿਹਾ

ਏਕ ਤ੍ਰਿਯਹਿ ਤੁਮ ਆਜੁ ਸਵਾਰੋ ॥

ਕਿ ਤੁਸੀਂ ਅਜ ਇਕ ਅਜਿਹੀ ਇਸਤਰੀ ਬਣਾਓ,

ਰੂਪਵਤੀ ਜਾ ਸਮ ਨਹਿ ਕੋਈ ॥

ਜਿਸ ਵਰਗੀ ਕੋਈ ਹੋਰ ਸੁੰਦਰ ਨਾ ਹੋਵੇ।

ਐਸੀ ਕਰੋ ਸੁੰਦਰੀ ਸੋਈ ॥੫॥

ਅਜਿਹੀ ਸੁੰਦਰੀ ਤਿਆਰ ਕਰੋ ॥੫॥

ਦੋਹਰਾ ॥

ਦੋਹਰਾ:

ਬਿਸੁਕਰਮਾ ਇਹ ਬਚਨ ਸੁਨਿ ਧਾਮ ਗਯੋ ਤਿਹ ਕਾਲ ॥

ਵਿਸ਼੍ਵਕਰਮਾ ਇਹ ਬਚਨ ਸੁਣ ਕੇ ਤੁਰਤ ਘਰ ਗਿਆ

ਤੁਰਤ ਬਨਾਇ ਤਿਲੋਤਮਹਿ ਆਨਿਯੋ ਤਹਾ ਉਤਾਲ ॥੬॥

ਅਤੇ ਜਲਦੀ ਹੀ ਤਿਲੋਤਮਾ ਨਾਂ ਦੀ ਇਸਤਰੀ ਬਣਾ ਕੇ ਉਥੇ ਲੈ ਆਇਆ ॥੬॥

ਬਿਸੁਕਰਮਾ ਅਬਲਾ ਕਰੀ ਅਮਿਤੁ ਰੂਪ ਨਿਧਿ ਸੋਇ ॥

ਵਿਸ਼੍ਵਕਰਮਾ ਨੇ ਅਮਿਤ ਰੂਪ ਦੀ ਨਿਧੀ ਵਰਗੀ ਇਕ ਇਸਤਰੀ ਬਣਾਈ।

ਜੋ ਹੇਰੈ ਰੀਝੈ ਵਹੈ ਜਤੀ ਨ ਕਹਿਯਤ ਕੋਇ ॥੭॥

ਉਸ ਨੂੰ ਜੋ ਵੇਖਦਾ, ਉਹੀ ਰੀਝ ਪੈਂਦਾ ਅਤੇ ਆਪਣਾ ਜਤ-ਸਤ ਕਾਇਮ ਨਾ ਰਖ ਸਕਦਾ ॥੭॥

ਅਮਿਤ ਰੂਪ ਤਾ ਕੋ ਨਿਰਖਿ ਸਭ ਅਬਲਾ ਰਿਸਿ ਖਾਹਿ ॥

ਉਸ ਦੀ ਅਪਾਰ ਸੁੰਦਰਤਾ ਨੂੰ ਵੇਖ ਕੇ ਸਾਰੀਆਂ ਇਸਤਰੀਆਂ ਗੁੱਸੇ ਨਾਲ ਭਰ ਜਾਂਦੀਆਂ

ਜਿਨਿ ਹਮਰੇ ਪਤਿ ਹੇਰਿ ਇਹ ਯਾਹੀ ਕੇ ਹ੍ਵੈ ਜਾਹਿ ॥੮॥

(ਅਤੇ ਸੋਚਦੀਆਂ) ਮਤਾਂ ਸਾਡੇ ਪਤੀ ਵੀ ਇਸ ਨੂੰ ਵੇਖ ਕੇ ਇਸ ਦੇ ਹੋ ਜਾਣ ॥੮॥

ਐਸੋ ਭੇਖ ਸੁ ਧਾਰਿ ਤ੍ਰਿਯ ਤਹ ਤੇ ਕੀਓ ਪਯਾਨ ॥

ਅਜਿਹਾ ਰੂਪ ਧਾਰ ਕੇ ਉਹ ਇਸਤਰੀ ਉਥੋਂ ਚਲ ਪਈ

ਸਹਿਰ ਥਨੇਸਰ ਕੇ ਬਿਖੈ ਤੁਰਤ ਪਹੂੰਚੀ ਆਨ ॥੯॥

ਅਤੇ ਥਾਨੇਸਰ ਸ਼ਹਿਰ ਵਿਚ ਤੁਰਤ ਆ ਪਹੁੰਚੀ ॥੯॥

ਜਹਾ ਬਾਗ ਤਿਨ ਕੋ ਹੁਤੋ ਤਹਾ ਪਹੂੰਚੀ ਆਇ ॥

ਜਿਥੇ ਉਨ੍ਹਾਂ (ਦੈਂਤਾਂ) ਦਾ ਬਾਗ਼ ਸੀ, ਉਥੇ ਆਣ ਪਹੁੰਚੀ।

ਦੇਵ ਦੈਤ ਤਾ ਕੌ ਨਿਰਖਿ ਰੂਪ ਰਹੇ ਉਰਝਾਇ ॥੧੦॥

ਦੇਵਤੇ ਅਤੇ ਦੈਂਤ ਉਸ ਦੇ ਰੂਪ ਨੂੰ ਵੇਖ ਕੇ ਮੋਹਿਤ ਹੋ ਗਏ ॥੧੦॥

ਚੌਪਈ ॥

ਚੌਪਈ:

ਬਾਲ ਬਿਹਰਤੀ ਬਾਗ ਨਿਹਾਰੀ ॥

(ਉਸ) ਇਸਤਰੀ ਨੂੰ ਬਾਗ਼ ਵਿਚ ਘੁੰਮਦਿਆਂ ਵੇਖ ਕੇ

ਸਭਾ ਛੋਰਿ ਦੋਊ ਉਠੇ ਹੰਕਾਰੀ ॥

ਦੋਵੇਂ ਹੰਕਾਰੀ (ਦੈਂਤ) ਸਭਾ ਛਡ ਕੇ ਉਠ ਖੜੋਤੇ।

ਤੀਰ ਤਿਲੋਤਮ ਕੇ ਚਲਿ ਆਏ ॥

ਉਹ ਚਲ ਕੇ ਤਿਲੋਤਮਾ ਕੋਲ ਆ ਗਏ

ਬ੍ਯਾਹਨ ਕੋ ਦੋਊ ਲਲਚਾਏ ॥੧੧॥

ਅਤੇ (ਉਸ ਨਾਲ) ਵਿਆਹ ਕਰਾਉਣ ਲਈ ਦੋਵੇਂ ਲਲਚਾਏ ॥੧੧॥

ਸੁੰਦ ਕਹਿਯੋ ਯਾ ਕੌ ਮੈ ਬਰਿ ਹੌ ॥

ਸੁੰਦ (ਦੈਂਤ) ਨੇ ਕਿਹਾ ਕਿ ਇਸ ਨਾਲ ਮੈਂ ਵਿਆਹ ਕਰਾਂਗਾ।


Flag Counter