ਸ਼੍ਰੀ ਦਸਮ ਗ੍ਰੰਥ

ਅੰਗ - 855


ਪੈਰਿ ਧਾਮ ਸਰਿਤਾ ਕਹ ਆਈ ॥

ਉਹ ਨਦੀ ਨੂੰ ਤਰ ਕੇ ਘਰ ਆ ਗਈ

ਪੌਢਿ ਰਹੀ ਜਨੁ ਸਾਪ ਚਬਾਈ ॥

ਅਤੇ (ਇਸ ਤਰ੍ਹਾਂ) ਲੰਬੀ ਪੈ ਗਈ ਮਾਨੋ ਸੱਪ ਨੇ ਡੰਗਿਆ ਹੋਵੇ।

ਪਾਛੇ ਤਰਿ ਡੋਗਰ ਹੂੰ ਆਯੋ ॥

ਪਿਛੋਂ ਡੋਗਰ ਵੀ (ਨਦੀ) ਤਰ ਕੇ ਆ ਗਿਆ।

ਮੂਰਖ ਨਾਰਿ ਭੇਦ ਨਹਿ ਪਾਯੋ ॥੯॥

(ਪਰ) ਉਸ ਮੂਰਖ ਨਾਰੀ ਨੇ ਇਸ ਭੇਦ ਨੂੰ ਨਾ ਸਮਝਿਆ ॥੯॥

ਐਸ ਭਾਤਿ ਸੋ ਕਾਲ ਬਿਹਾਨ੍ਰਯੋ ॥

ਇਸ ਤਰ੍ਹਾਂ ਸਮਾ ਬੀਤ ਗਿਆ।

ਬੀਤਾ ਬਰਖ ਏਕ ਦਿਨ ਜਾਨ੍ਯੋ ॥

ਸਾਲ ਬੀਤਿਆ ਇਕ ਦਿਨ ਵਰਗਾ ਲਗਦਾ ਸੀ।

ਤਬ ਡੋਗਰ ਇਹ ਭਾਤਿ ਉਚਾਰੋ ॥

ਤਦ ਡੋਗਰ ਨੇ ਇਸ ਤਰ੍ਹਾਂ ਕਿਹਾ,

ਕਰੋ ਨਾਰਿ ਇਕਿ ਕਾਜ ਹਮਾਰੋ ॥੧੦॥

ਹੇ ਇਸਤਰੀ! ਮੇਰਾ ਇਕ ਕੰਮ ਕਰੋ ॥੧੦॥

ਏਕ ਤ੍ਰਿਯਾ ਕਾਰਜ ਮੁਰ ਕੀਜਹੁ ॥

(ਡੋਗਰ ਨੇ ਕਿਹਾ-) ਹੇ ਇਸਤਰੀ! ਮੇਰਾ ਇਕ ਕੰਮ ਕਰੋ

ਮਖਨੀ ਕਾਢਿ ਧਾਮ ਤੇ ਦੀਜਹੁ ॥

ਅਤੇ ਘਰੋਂ ਮੱਖਣ ਕਢ ਕੇ ਲਿਆ ਦਿਓ।

ਜਾਤ ਕਹਿਯੋ ਤਹ ਤ੍ਰਿਯ ਮੈ ਨਾਹੀ ॥

ਉਸ ਇਸਤਰੀ ਨੇ ਕਿਹਾ ਕਿ ਮੈਂ ਨਹੀਂ ਜਾਂਦੀ,

ਹੇਰਿ ਅੰਧੇਰ ਡਰੋ ਮਨ ਮਾਹੀ ॥੧੧॥

(ਕਿਉਂਕਿ ਮੈਂ) ਹਨੇਰਾ ਵੇਖ ਕੇ ਮਨ ਵਿਚ ਬਹੁਤ ਡਰਦੀ ਹਾਂ ॥੧੧॥

ਡੋਗਰ ਕਹਾ ਲਗਤ ਦੁਖੁ ਮੋ ਕੋ ॥

ਡੋਗਰ ਨੇ ਕਿਹਾ ਕਿ (ਤੇਰੇ ਨਾ ਕਰਨ ਤੇ) ਮੈਨੂੰ ਬਹੁਤ ਅਫ਼ਸੋਸ ਹੁੰਦਾ ਹੈ।

ਭੂਲਿ ਗਯੋ ਵਹ ਦਿਨ ਤ੍ਰਿਯ ਤੋ ਕੋ ॥

ਹੇ ਇਸਤਰੀ! ਤੈਨੂੰ ਉਹ ਦਿਨ ਭੁਲ ਗਿਆ

ਨਦੀ ਪੈਰਿ ਕਰਿ ਪਾਰ ਪਰਾਈ ॥

ਜਦੋਂ ਤੂੰ ਨਦੀ ਤਰ ਕੇ ਪਾਰ ਗਈ ਸੈਂ

ਜਾਰ ਬਹਾਇ ਬਹੁਰਿ ਘਰ ਆਈ ॥੧੨॥

ਅਤੇ ਯਾਰ ਨੂੰ ਰੋੜ੍ਹ ਕੇ ਫਿਰ ਘਰ ਆਈ ਸੈਂ ॥੧੨॥

ਚਮਕਿ ਉਠੀ ਜਬ ਬਚਨ ਉਚਾਰੇ ॥

ਜਦ (ਡੋਗਰ ਨੇ ਇਹ) ਬੋਲ ਕਹੇ (ਤਾਂ ਉਹ) ਭੜਕ ਉਠੀ

ਮੋਰ ਭੇਦ ਇਨ ਸਕਲ ਨਿਹਾਰੇ ॥

ਕਿ ਇਸ ਨੇ ਮੇਰਾ ਸਾਰਾ ਭੇਦ ਪਾ ਲਿਆ ਹੈ।

ਤਾ ਤੇ ਅਬ ਹੀ ਯਾਰਿ ਸੰਘਾਰੋ ॥

ਇਸ ਲਈ (ਮੈਂ) ਹੁਣੇ ਹੀ ਇਸ ਯਾਰ (ਪਤੀ) ਨੂੰ ਮਾਰਦੀ ਹਾਂ

ਮਾਰਿ ਚੋਰ ਇਹ ਗਏ ਉਚਾਰੋ ॥੧੩॥

ਅਤੇ (ਲੋਕਾਂ ਨੂੰ) ਕਹਾਂਗੀ ਕਿ ਇਸ ਨੂੰ ਚੋਰ ਮਾਰ ਗਏ ਹਨ ॥੧੩॥

ਦੋਹਰਾ ॥

ਦੋਹਰਾ:

ਪੈਠਿ ਅੰਧੇਰੇ ਧਾਮ ਮਹਿ ਕਾਢਿ ਲਈ ਕਰਵਾਰਿ ॥

(ਉਸ ਨੇ) ਹਨੇਰ ਘਰ ਵਿਚ ਵੜ ਕੇ ਤਲਵਾਰ ਕਢ ਲਈ

ਨਿਜੁ ਪਤਿ ਪੈ ਹਤ ਕੇ ਨਿਮਿਤਿ ਕਰੇ ਪਚਾਸਿਕ ਵਾਰਿ ॥੧੪॥

ਅਤੇ ਆਪਣੇ ਪਤੀ ਨੂੰ ਮਾਰਨ ਲਈ ਪੰਜਾਹ ਕੁ ਵਾਰ ਕੀਤੇ ॥੧੪॥

ਨਿਰਖਿ ਚਮਕ ਤਰਵਾਰ ਕੀ ਦੁਰਯਾ ਮਹਿਖ ਤਰ ਜਾਇ ॥

(ਉਹ ਡੋਗਰ) ਤਲਵਾਰ ਦੀ ਚਮਕ ਵੇਖ ਕੇ ਮਝ ਦੇ ਹੇਠਾਂ ਜਾ ਲੁਕਿਆ

ਤਨਿਕ ਨ ਬ੍ਰਿਣ ਲਾਗਨ ਦਈ ਇਹ ਛਲ ਗਯੋ ਬਚਾਇ ॥੧੫॥

ਅਤੇ ਜ਼ਰਾ ਜਿੰਨਾ ਵੀ ਜ਼ਖ਼ਮ ਨਾ ਲਗਣ ਦਿੱਤਾ। ਇਸ ਤਰ੍ਹਾਂ ਛਲ ਕਰ ਕੇ (ਉਸ ਨੇ ਆਪਣੇ ਆਪ) ਨੂੰ ਬਚਾ ਲਿਆ ॥੧੫॥

ਪੈਰਿ ਨਦੀ ਗਈ ਮਿਤ੍ਰ ਕੋ ਆਈ ਤਹੀ ਬਹਾਇ ॥

ਉਹ (ਇਸਤਰੀ) ਨਦੀ ਨੂੰ ਤਰ ਕੇ ਗਈ ਅਤੇ ਮਿਤਰ ਨੂੰ ਉਥੇ ਰੋੜ੍ਹ ਕੇ ਪਰਤ ਆਈ।

ਨਿਜੁ ਪਤਿ ਕੋ ਘਾਇਲ ਕਿਯਾ ਨੈਕ ਨ ਰਹੀ ਲਜਾਇ ॥੧੬॥

(ਫਿਰ) ਆਪਣੇ ਪਤੀ ਨੂੰ ਘਾਇਲ ਕੀਤਾ, ਪਰ ਥੋੜੀ ਜਿਹੀ ਵੀ ਸ਼ਰਮਿੰਦੀ ਨਹੀਂ ਹੋਈ ॥੧੬॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਪੁਰਖ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਛਤੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੬॥੬੯੫॥ਅਫਜੂੰ॥

%ਪਾਖਿਆਨ ਦੇ ਪੁਰਖ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ਛਤੀਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੬॥੬੯੫॥ ਚਲਦਾ॥

ਦੋਹਰਾ ॥

ਦੋਹਰਾ:

ਨਰ ਚਰਿਤ੍ਰ ਨ੍ਰਿਪ ਕੇ ਨਿਕਟਿ ਮੰਤ੍ਰੀ ਕਹਾ ਬਿਚਾਰਿ ॥

ਮੰਤ੍ਰੀ ਨੇ ਰਾਜੇ ਪਾਸ ਵਿਚਾਰ ਪੂਰਵਕ ਮਰਦ ਚਰਿਤ੍ਰ ਕਿਹਾ

ਤਬੈ ਕਥਾ ਛਤੀਸਵੀ ਇਹ ਬਿਧਿ ਕਹੀ ਸੁਧਾਰਿ ॥੧॥

ਅਤੇ ਫਿਰ ੩੬ ਵੀਂ ਕਥਾ ਇਸ ਤਰ੍ਹਾਂ ਸੁਧਾਰ ਕੇ ਕਹੀ ॥੧॥

ਤਵਨ ਤ੍ਰਿਯਾ ਕੋ ਤੁਰਤੁ ਹੀ ਡੋਗਰ ਘਾਉ ਉਬਾਰਿ ॥

(ਉਸ) ਡੋਗਰ ਨੇ ਉਸ ਇਸਤਰੀ ਦੇ ਵਾਰ ਤੋਂ (ਆਪਣੇ ਆਪ ਨੂੰ) ਬਚਾ ਕੇ

ਤਾਹਿ ਤੁਰਤੁ ਮਾਰਤ ਭਯੋ ਗਰੇ ਰਸਹਿਯ ਡਾਰਿ ॥੨॥

ਅਤੇ ਤੁਰਤ (ਉਸ ਇਸਤਰੀ ਦੇ) ਗਲੇ ਵਿਚ ਰਸੀ ਪਾ ਕੇ ਉਸ ਨੂੰ ਮਾਰ ਦਿੱਤਾ ॥੨॥

ਵਾ ਰਸਿਯਾ ਕਹ ਛਾਨਿ ਕੈ ਬਾਧਿਸਿ ਬਰੋ ਬਨਾਇ ॥

ਉਸ ਨੇ ਰਸੀ ਨੂੰ ਝੌਂਪੜੀ ਨਾਲ ਚੰਗੀ ਤਰ੍ਹਾਂ ਬੰਨ੍ਹ ਦਿੱਤਾ

ਆਪੁ ਊਚ ਕੂਕਤ ਭਯੋ ਲੋਗਨ ਸਭਨ ਸੁਨਾਇ ॥੩॥

ਅਤੇ ਆਪ ਸਾਰਿਆਂ ਲੋਕਾਂ ਨੂੰ ਸੁਣਾਉਣ ਲਈ ਉੱਚਾ ਕੂਕਣ ਲਗਾ ॥੩॥

ਚੌਪਈ ॥

ਚੌਪਈ:

ਸਭ ਲੋਗਨ ਕਹ ਧਾਮ ਬੁਲਾਯੋ ॥

ਉਸ ਨੇ ਸਾਰਿਆਂ ਲੋਕਾਂ ਨੂੰ ਘਰ ਬੁਲਾਇਆ

ਨਿਜੁ ਦੇਹੀ ਕੋ ਘਾਵ ਦਿਖਾਯੋ ॥

ਅਤੇ ਆਪਣੇ ਸ਼ਰੀਰ ਦੇ ਜ਼ਖ਼ਮ ਵਿਖਾਏ।

ਪੁਨਿ ਤਿਨ ਕੋ ਲੈ ਨਾਰਿ ਦਿਖਾਰੀ ॥

ਫਿਰ ਉਨ੍ਹਾਂ ਨੂੰ ਇਸਤਰੀ ਵਿਖਾਈ

ਰੋਇ ਕੂਕ ਊਚੇ ਕਰਿ ਮਾਰੀ ॥੪॥

ਅਤੇ ਰੋ ਕੇ ਉੱਚੀ ਕੂਕ ਮਾਰੀ ॥੪॥

ਜਬ ਮੋਰੇ ਤ੍ਰਿਯ ਘਾਵ ਨਿਹਾਰਿਯੋ ॥

(ਅਤੇ ਕਹਿਣ ਲਗਾ) ਜਦੋਂ ਇਸਤਰੀ ਨੇ ਮੇਰੇ ਜ਼ਖ਼ਮ ਵੇਖੇ

ਅਧਿਕ ਸੋਕ ਚਿਤ ਮਾਝ ਬਿਚਾਰਿਯੋ ॥

ਤਾਂ ਉਸ ਨੇ ਮਨ ਵਿਚ ਬਹੁਤ ਦੁਖ ਮੰਨਾਇਆ।

ਭੇਦ ਪਾਇ ਦਿਯ ਮੁਹਿ ਕਹ ਟਾਰੀ ॥

ਮੈਨੂੰ ਵਖਰਿਆਂ ਕਰ ਕੇ ਟਾਲ ਦਿੱਤਾ

ਲੈ ਪਾਸੀ ਸੁਰ ਲੋਕ ਬਿਹਾਰੀ ॥੫॥

ਅਤੇ (ਆਪ) ਫਾਂਸੀ ਲੈ ਕੇ ਸਵਰਗ ਸਿਧਾਰ ਗਈ ॥੫॥

ਦੋਹਰਾ ॥

ਦੋਹਰਾ:

ਦੂਧ ਦੁਹਤ ਕਟਿਯਾ ਨਿਮਤਿ ਮਹਿਖੀ ਮਾਰਿਸ ਮੋਹਿ ॥

ਮੈਨੂੰ ਦੁੱਧ ਚੋਣ ਵੇਲੇ ਮਝ ਨੇ ਕਟੀ ਲਈ ਮਾਰਿਆ ਹੈ।

ਘਾਵ ਭਯੋ ਤਰਵਾਰ ਸੋ ਕਹਾ ਬਤਾਊ ਤੋਹ ॥੬॥

(ਉਹ ਸਟ) ਤਲਵਾਰ ਦੀ ਸਟ ਵਰਗੀ ਸੀ, ਮੈਂ ਤੈਨੂੰ ਕੀ ਦਸਾਂ ॥੬॥

ਚੌਪਈ ॥

ਚੌਪਈ:


Flag Counter