ਸ਼੍ਰੀ ਦਸਮ ਗ੍ਰੰਥ

ਅੰਗ - 116


ਬਜੇ ਸੰਖ ਭੇਰੀ ਉਠੈ ਸੰਖ ਨਾਦੰ ॥

ਭੇਰੀਆਂ ਅਤੇ ਸੰਖ ਵਜ ਰਹੇ ਹਨ ਅਤੇ ਸੰਖਾਂ ਵਿਚ ਨਾਦ ਨਿਕਲ ਰਿਹਾ ਸੀ।

ਰਣੰਕੈ ਨਫੀਰੀ ਧੁਣ ਨਿਰਬਿਖਾਦੰ ॥੪੯॥੨੦੫॥

ਤੂਤੀਆਂ ਦੀ ਧੁਨੀ ਨਿਰੰਤਰ ਚਲ ਰਹੀ ਸੀ ॥੪੯॥੨੦੫॥

ਕੜਕੇ ਕ੍ਰਿਪਾਣੰ ਸੜਕਾਰ ਸੇਲੰ ॥

ਤਲਵਾਰਾਂ ਕੜ-ਕੜ ਕਰਦੀਆਂ ਸਨ, ਬਰਛੇ ਸੜ-ਸੜ ਕਰਦੇ ਸਨ।

ਉਠੀ ਕੂਹ ਜੂਹੰ ਭਈ ਰੇਲ ਪੇਲੰ ॥

ਯੁੱਧ-ਭੂਮੀ ਵਿਚ ਰੌਲਾ ਪੈ ਗਿਆ ਸੀ, ਧਕਮ-ਧਕੀ ਹੋ ਰਹੀ ਸੀ।

ਰੁਲੇ ਤਛ ਮੁਛੰ ਗਿਰੇ ਚਉਰ ਚੀਰੰ ॥

(ਕਿਤੇ) ਸ਼ਰੀਰ ਦੇ ਟੋਟੇ ਰੁਲ ਰਹੇ ਸਨ ਅਤੇ ਕਿਤੇ ਚੌਰ ਅਤੇ ਬਸਤ੍ਰ ਡਿਗੇ ਪਏ ਸਨ।

ਕਹੂੰ ਹਥ ਮਥੰ ਕਹੂੰ ਬਰਮ ਬੀਰੰ ॥੫੦॥੨੦੬॥

ਕਿਤੇ ਹੱਥ ਅਤੇ ਸਿਰ ਅਤੇ ਕਿਤੇ ਯੋਧਿਆਂ ਦੇ ਕਵਚ ('ਬਰਮ') (ਡਿਗੇ ਪਏ ਸਨ।) ॥੫੦॥੨੦੬॥

ਰਸਾਵਲ ਛੰਦ ॥

ਰਸਾਵਲ ਛੰਦ:

ਬਲੀ ਬੈਰ ਰੁਝੇ ॥

ਬਲਵਾਨ ਸੂਰਮੇ ਵੈਰ ਭਾਵ ਨਾਲ ਉਲਝ ਪਏ ਸਨ,

ਸਮੂਹ ਸਾਰ ਜੁਝੇ ॥

ਸਾਰੇ ਸ਼ਸਤ੍ਰਾਂ ਨਾਲ ਜੂਝ ਰਹੇ ਸਨ,

ਸੰਭਾਰੇ ਹਥੀਯਾਰੰ ॥

ਹਥਿਆਰਾਂ ਨੂੰ ਸੰਭਾਲ ਕੇ

ਬਕੈ ਮਾਰੁ ਮਾਰੰ ॥੫੧॥੨੦੭॥

ਮਾਰੋ-ਮਾਰੋ ਦਾ ਰੌਲਾ ਪਾ ਰਹੇ ਸਨ ॥੫੧॥੨੦੭॥

ਸਬੈ ਸਸਤ੍ਰ ਸਜੇ ॥

ਸਾਰੇ ਮਹਾਨ ਯੋਧੇ ਸ਼ਸਤ੍ਰ ਸਜਾ ਕੇ

ਮਹਾਬੀਰ ਗਜੇ ॥

ਗਰਜ ਰਹੇ ਸਨ।

ਸਰੰ ਓਘ ਛੁਟੇ ॥

ਤੀਰਾਂ ਦੀ ਵਾਛੜ ਹੋ ਰਹੀ ਸੀ,

ਕੜਕਾਰੁ ਉਠੇ ॥੫੨॥੨੦੮॥

ਕਾੜ-ਕਾੜ (ਦੀ ਧੁਨੀ) ਉਠ ਰਹੀ ਸੀ ॥੫੨॥੨੦੮॥

ਬਜੈ ਬਾਦ੍ਰਿਤੇਅੰ ॥

ਵਾਜੇ ਵਜ ਰਹੇ ਸਨ,

ਹਸੈ ਗਾਧ੍ਰਬੇਅੰ ॥

ਗੰਧਰਬ ਹਸ ਰਹੇ ਸਨ,

ਝੰਡਾ ਗਡ ਜੁਟੇ ॥

(ਸੂਰਮੇ) ਝੰਡੇ ਗਡ ਕੇ (ਆਪਸ ਵਿਚ) ਜੁਟੇ ਹੋਏ ਸਨ,

ਸਰੰ ਸੰਜ ਫੁਟੇ ॥੫੩॥੨੦੯॥

ਤੀਰਾਂ ਨਾਲ ਕਵਚ ਫੁਟ ਰਹੇ ਸਨ ॥੫੩॥੨੦੯॥

ਚਹੂੰ ਓਰ ਉਠੇ ॥

(ਸੂਰਵੀਰ) ਚੌਹਾਂ ਪਾਸਿਆਂ ਤੋਂ ਖੜੋ ਗਏ ਸਨ,

ਸਰੰ ਬ੍ਰਿਸਟ ਬੁਠੇ ॥

ਤੀਰਾਂ ਦੀ ਬਰਖਾ ਕਰ ਰਹੇ ਸਨ,

ਕਰੋਧੀ ਕਰਾਲੰ ॥

ਕ੍ਰੋਧੀ ਅਤੇ ਭਿਆਨਕ (ਵੀਰ ਯੋਧੇ)

ਬਕੈ ਬਿਕਰਾਲੰ ॥੫੪॥੨੧੦॥

ਬਕਵਾਦ ਕਰ ਰਹੇ ਸਨ ॥੫੪॥੨੧੦॥

ਭੁਜੰਗ ਪ੍ਰਯਾਤ ਛੰਦ ॥

ਭੁਜੰਗ ਪ੍ਰਯਾਤ ਛੰਦ:

ਕਿਤੇ ਕੁਠੀਅੰ ਬੁਠੀਅੰ ਬ੍ਰਿਸਟ ਬਾਣੰ ॥

ਕਿਤੇ (ਵੀਰ) ਕੁਠੇ ਜਾ ਰਹੇ ਸਨ, (ਕਿਤੇ) ਬਾਣਾਂ ਦਾ ਮੀਂਹ ਵਰ੍ਹ ਰਿਹਾ ਸੀ।

ਰਣੰ ਡੁਲੀਯੰ ਬਾਜ ਖਾਲੀ ਪਲਾਣੰ ॥

(ਕਿਤੇ) ਰਣ-ਭੂਮੀ ਵਿਚ ਖਾਲੀ ਕਾਠੀਆਂ ਵਾਲੇ ਘੋੜੇ ਫਿਰਦੇ ਸਨ,

ਜੁਝੇ ਜੋਧਿਯੰ ਬੀਰ ਦੇਵੰ ਅਦੇਵੰ ॥

ਦੈਂਤ ਅਤੇ ਦੇਵਤੇ ਸੂਰਮੇ (ਆਪਸ ਵਿਚ) ਲੜ ਰਹੇ ਸਨ।

ਸਭੇ ਸਸਤ੍ਰ ਸਾਜਾ ਮਨੋ ਸਾਤਨੇਵੰ ॥੫੫॥੨੧੧॥

ਸਭ ਨੇ ਸ਼ਸਤ੍ਰ ਸਜਾਏ ਹੋਏ ਸਨ। (ਇੰਜ ਪ੍ਰਤੀਤ ਹੁੰਦਾ ਸੀ) ਮਾਨੋ ਭੀਸ਼ਣ ਪਿਤਾਮਾ ('ਸਾਂਤਨੇਵੰ') ਹੋਣ ॥੫੫॥੨੧੧॥

ਗਜੇ ਗਜੀਯੰ ਸਰਬ ਸਜੇ ਪਵੰਗੰ ॥

ਸਾਰੇ ਗਾਜੀ ਗਰਜਦੇ ਸਨ, (ਉਨ੍ਹਾਂ ਦੇ) ਘੋੜੇ ਸਜੇ ਹੋਏ ਸਨ,

ਜੁਧੰ ਜੁਟੀਯੰ ਜੋਧ ਛੁਟੇ ਖਤੰਗੰ ॥

ਯੋਧੇ ਯੁੱਧ ਵਿਚ ਜੁਟੇ ਹੋਏ ਸਨ ਅਤੇ ਤੀਰ ਛੁਟ ਰਹੇ ਸਨ,

ਤੜਕੇ ਤਬਲੰ ਝੜੰਕੇ ਕ੍ਰਿਪਾਣੰ ॥

ਤਬਲੇ ਵਜਦੇ ਸਨ, ਕ੍ਰਿਪਾਨਾਂ ਝਟਕ ਰਹੀਆਂ ਸਨ,

ਸੜਕਾਰ ਸੇਲੰ ਰਣੰਕੇ ਨਿਸਾਣੰ ॥੫੬॥੨੧੨॥

ਬਰਛੇ ਸਰੜ ਸਰੜ ਕਰਦੇ ਸਨ, ਧੌਂਸੇ ਗੂੰਜਦੇ ਸਨ ॥੫੬॥੨੧੨॥

ਢਮਾ ਢਮ ਢੋਲੰ ਢਲਾ ਢੁਕ ਢਾਲੰ ॥

ਢਮ-ਢਮ ਢੋਲ ਅਤੇ ਢਕ-ਢਕ ਢਾਲਾਂ (ਵਜ ਰਹੀਆਂ ਸਨ)।

ਗਹਾ ਜੂਹ ਗਜੇ ਹਯੰ ਹਲਚਾਲੰ ॥

ਹਾਥੀਆਂ ('ਗਹਾ') ਦੇ ਸਮੂਹ ਗਰਜ ਰਹੇ ਸਨ ਅਤੇ ਘੋੜਿਆਂ ਵਿਚ ਹਲ-ਚਲ ਮਚੀ ਹੋਈ ਸੀ।

ਸਟਾ ਸਟ ਸੈਲੰ ਖਹਾ ਖੂਨਿ ਖਗੰ ॥

ਬਰਛਿਆਂ ਦੀ ਸਟ ਤੇ ਸਟ ਪੈ ਰਹੀ ਸੀ, ਖੂਨ ਰੰਗੀਆਂ ਤਲਵਾਰਾਂ (ਆਪਸ ਵਿਚ) ਖਹਿੰਦੀਆਂ ਸਨ।

ਤੁਟੇ ਚਰਮ ਬਰਮੰ ਉਠੇ ਨਾਲ ਅਗੰ ॥੫੭॥੨੧੩॥

ਢਾਲਾਂ ਅਤੇ ਕਵਚ ਟੁਟੇ ਪਏ ਸਨ ਅਤੇ ਬੰਦੂਕਾਂ ਵਿਚੋਂ ਅੱਗ ਨਿਕਲ ਰਹੀ ਸੀ ॥੫੭॥੨੧੩॥

ਉਠੇ ਅਗਿ ਨਾਲੰ ਖਹੇ ਖੋਲ ਖਗੰ ॥

(ਸਿਰ ਦੇ) ਟੋਪਾਂ (ਖੋਲ) ਉਤੇ ਤਲਵਾਰਾਂ ਵਜਦੀਆਂ ਸਨ ਅਤੇ ਅੱਗ ਦੀਆਂ ਚਿੰਗਾਰੀਆਂ ਨਿਕਲਦੀਆਂ ਸਨ,

ਨਿਸਾ ਮਾਵਸੀ ਜਾਣੁ ਮਾਸਾਣ ਜਗੰ ॥

ਮਾਨੋ ਮਸਿਆ ਦੀ ਰਾਤ ('ਨਿਸਾ') ਸਮਝ ਕੇ ਭੂਤ-ਪ੍ਰੇਤ ਜਾਗ ਪਏ ਹੋਣ।

ਡਕੀ ਡਾਕਣੀ ਡਾਮਰੂ ਡਉਰ ਡਕੰ ॥

ਡਾਕਣੀਆਂ ਡਕਾਰਨ ਲਗੀਆਂ ਸਨ ਅਤੇ ਡਮਰੂ ਡਕ-ਡਕ ਕਰਦੇ ਵਜ ਰਹੇ ਸਨ।

ਨਚੇ ਬੀਰ ਬੈਤਾਲ ਭੂਤੰ ਭਭਕੰ ॥੫੮॥੨੧੪॥

ਬੀਰ, ਬੈਤਾਲ ਅਤੇ ਭੂਤ ਭਭਕਾਂ ਮਾਰਦੇ ਹੋਏ ਨਚ ਰਹੇ ਸਨ ॥੫੮॥੨੧੪॥

ਬੇਲੀ ਬਿਦ੍ਰਮ ਛੰਦ ॥

ਬੇਲੀ ਬਿਦ੍ਰਮ ਛੰਦ:

ਸਰਬ ਸਸਤ੍ਰੁ ਆਵਤ ਭੇ ਜਿਤੇ ॥

ਜਿਤਨੇ ਵੀ ਸ਼ਸਤ੍ਰਾਂ (ਦੇ ਵਾਰ) ਹੋ ਰਹੇ ਸਨ,

ਸਭ ਕਾਟਿ ਦੀਨ ਦ੍ਰੁਗਾ ਤਿਤੇ ॥

ਉਤਨੇ ਹੀ ਦੁਰਗਾ ਨੇ ਸਭ ਕਟ ਦਿੱਤੇ ਸਨ।

ਅਰਿ ਅਉਰ ਜੇਤਿਕੁ ਡਾਰੀਅੰ ॥

ਹੋਰ ਵੀ ਜਿਤਨੇ (ਅਸਤ੍ਰ) ਵੈਰੀ ਸੁਟਦੇ ਸਨ,

ਤੇਉ ਕਾਟਿ ਭੂਮਿ ਉਤਾਰੀਅੰ ॥੫੯॥੨੧੫॥

ਉਨ੍ਹਾਂ ਨੂੰ ਕਟ ਕੇ ਭੂਮੀ ਉਤੇ ਸੁਟ ਦਿੰਦੀ ਸੀ ॥੫੯॥੨੧੫॥

ਸਰ ਆਪ ਕਾਲੀ ਛੰਡੀਅੰ ॥

ਕਾਲੀ ਨੇ ਆਪ ਬਾਣ ਛਡੇ ਸਨ,

ਸਰਬਾਸਤ੍ਰ ਸਤ੍ਰ ਬਿਹੰਡੀਅੰ ॥

ਵੈਰੀ ਦੇ ਸਾਰੇ ਅਸਤ੍ਰ ਤੋੜ ਫੋੜ ਦਿੱਤੇ ਸਨ।

ਸਸਤ੍ਰ ਹੀਨ ਜਬੈ ਨਿਹਾਰਿਯੋ ॥

ਜਦੋਂ (ਦੇਵਤਿਆਂ ਨੇ ਸੁੰਭ ਨੂੰ) ਸ਼ਸਤ੍ਰਾਂ ਤੋਂ ਬਿਨਾ ਵੇਖਿਆ,


Flag Counter