ਅਤੇ ਹਿਰਦੇ ਵਿਚ ਰਾਜੇ ਦਾ ਸੰਕੋਚ ਨਾ ਧਰਦੀ ॥੧੬॥
ਰਾਣੀ ਨੇ ਵੇਸਵਾ ਨੂੰ ਆਪ ਬੁਲਵਾਇਆ ਸੀ
ਅਤੇ ਇਸ ਛਲ ਨਾਲ ਰਾਜੇ ਤੋਂ (ਮਾਫ਼ੀਪੱਤਰ) ਲਿਖਵਾਇਆ ਸੀ।
(ਰਾਣੀ) ਜਿਸ ਨੂੰ ਚਾਹੁੰਦੀ, ਬੁਲਵਾ ਲੈਂਦੀ
ਅਤੇ ਉਸ ਨਾਲ ਰੁਚੀ ਪੂਰਵਕ ਕਾਮ-ਕ੍ਰੀੜਾ ਕਰਦੀ ॥੧੭॥
ਮੂਰਖ ਰਾਜੇ ਨੇ ਭੇਦ ਨੂੰ ਨਾ ਸਮਝਿਆ
ਅਤੇ ਇਸ ਛਲ ਨਾਲ (ਆਪਣੇ ਆਪ ਨੂੰ) ਛਲਵਾ ਲਿਆ।
ਰਾਣੀ ਨੇ ਇਸ ਤਰ੍ਹਾਂ ਦਾ ਚਰਿਤ੍ਰ ਬਣਾਇਆ
ਅਤੇ ਪਤੀ ਤੋਂ (ਗ਼ੈਰ ਮਰਦ ਨਾਲ) ਭੋਗ ਕਰਨ ਦਾ ਮਾਫ਼ੀ (ਪੱਤਰ) ਲਿਖਵਾ ਲਿਆ ॥੧੮॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੨੯੩ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੯੩॥੫੫੮੯॥ ਚਲਦਾ॥
ਚੌਪਈ:
ਅਨਦਾਵਤੀ ਨਾਂ ਦਾ ਇਕ ਨਗਰ ਸੁਣੀਂਦਾ ਸੀ
(ਜਿਸ ਦਾ) ਰਾਜਾ ਆਨਦ ਸੈਨ ਬਹੁਤ ਗੁਣਵਾਨ ਸੀ।
ਉਸ ਦੇ ਘਰ ਅਨਦਾਵਤੀ ਨਾਂ ਦੀ ਇਸਤਰੀ ਸੀ
ਜਿਸ ਤੋਂ ਸਾਰਾ ਜਗਤ ਪ੍ਰਕਾਸ਼ਮਾਨ ਸੀ ॥੧॥
ਵਿਧਾਤਾ ਨੇ ਉਸ ਨੂੰ ਬਹੁਤ ਰੂਪਵਾਨ ਬਣਾਇਆ ਸੀ,
ਜਿਸ ਵਰਗਾ ਰੂਪ ਕਿਸੇ ਹੋਰ ਨੂੰ ਨਹੀਂ ਦਿੱਤਾ ਸੀ।
ਤਦ ਉਥੇ ਇਕ ਬਨੀਆ ('ਬਨੋ') ਪੁਰਸ਼ ਆਇਆ (ਅਰਥਾਂਤਰਬਣਿਆ ਠਣਿਆ ਪੁਰਸ਼ ਆਇਆ)।
(ਉਹ) ਰਾਣੀ ਤੋਂ ਵੀ ਅਧਿਕ ਸੁੰਦਰ ਸੀ ॥੨॥
ਜਦ ਰਾਣੀ ਨੇ ਉਸ ਦਾ ਰੂਪ ਵੇਖਿਆ,
ਤਦ ਕਾਮ ਦੇਵ ਨੇ ਉਸ ਦੇ ਸ਼ਰੀਰ ਵਿਚ ਬਾਣ ਮਾਰਿਆ।
(ਉਹ) ਸੁੰਦਰੀ ਮਨ ਵਿਚ ਮੋਹਿਤ ਹੋ ਗਈ
ਅਤੇ (ਉਸ ਨੂੰ) ਘਰ ਦੀ ਕੁਝ ਸੁੱਧ ਬੁੱਧ ਨਾ ਰਹੀ ॥੩॥
ਇਕ ਹਿਤ ਕਰਨ ਵਾਲੀ (ਸਖੀ) ਨੂੰ ਭੇਜ ਕੇ ਉਸ ਨੂੰ ਬੁਲਾਇਆ
ਅਤੇ ਉਸ ਨਾਲ ਕਾਮ-ਭੋਗ ਕੀਤਾ।
ਉਸ ਨੂੰ ਮਨ ਭਾਉਂਦੇ ਆਸਣ ਦਿੱਤੇ
ਅਤੇ ਚੁੰਬਨ ਤੇ ਆਲਿੰਗਨ ਲਿਤੇ ॥੪॥
(ਉਹ) ਮਿਤਰ ਰਾਣੀ ਨੂੰ ਬਹੁਤ ਚੰਗਾ ਲਗਿਆ
ਅਤੇ ਇਸ ਤਰ੍ਹਾਂ ਨਾਲ ਉਸ ਨੂੰ ਸਮਝਾਇਆ।
ਕਿਹਾ ਕਿ ਜਿਥੇ ਵੱਡੀ ਉਜਾੜ ਹੈ,
ਉਥੇ ਆਸਣ ਲਗਾ ਕੇ ਬੈਠ ਜਾਓ ॥੫॥
ਸਾਰੇ ਸ਼ਰੀਰ ਉਤੇ ਵਿਭੂਤੀ (ਸੁਆਹ) ਮਲ ਲਵੋ
ਅਤੇ ਬ੍ਰਿਛ ਹੇਠਾਂ ਬੈਠ ਕੇ ਧਿਆਨ ਲਗਾਓ।
ਰਾਜੇ ਸਮੇਤ ਮੈਂ ਉਥੇ ਆਵਾਂਗੀ
ਅਤੇ ਤੈਨੂੰ ਜਿਵੇਂ ਕਿਵੇਂ ਘਰ ਲੈ ਜਾਵਾਂਗੀ ॥੬॥
(ਰਾਣੀ ਦੀ) ਉਸ ਗੱਲ ਨੂੰ ਯਾਰ ਨੇ ਮੰਨ ਲਿਆ
ਅਤੇ ਸਾਧ ਦਾ ਭੇਖ ਧਾਰਨ ਕਰ ਲਿਆ।
ਇਕ ਬ੍ਰਿਛ ਹੇਠਾਂ ਆਸਣ ਲਗਾ ਦਿੱਤਾ।
(ਉਧਰ) ਰਾਜੇ ਪ੍ਰਤਿ ਰਾਣੀ ਨੇ ਇਸ ਤਰ੍ਹਾਂ ਕਿਹਾ ॥੭॥
ਸੁੱਤੇ ਹੋਇਆਂ ਮੈਨੂੰ ਇਕ ਸੁਪਨਾ ਆਇਆ ਹੈ
ਕਿ ਮਹਾ ਰੁਦ੍ਰ ਮੇਰੇ ਘਰ ਆਇਆ ਹੈ।
ਉਸ ਨੇ ਪੈਰ ਨਾਲ ਮੈਨੂੰ ਜਗਾਇਆ ਹੈ
ਅਤੇ ਬਹੁਤ ਕ੍ਰਿਪਾ ਕਰ ਕੇ ਬਚਨ ਕਿਹਾ ਹੈ ॥੮॥
ਹੇ ਰਾਜਾ ਜੀ! (ਮੈਂ) ਤੁਹਾਨੂੰ ਕਹਿੰਦੀ ਹਾਂ
ਕਿ ਤੁਸੀਂ ਇਕ ਗੱਲ ਮਨ ਵਿਚ ਰਖ ਲਵੋ।
ਇਕ ਰਿਖੀਸੁਰ ਬਨ ਵਿਚ (ਆਇਆ) ਸੁਣਿਆ ਹੈ।
ਉਸ ਵਰਗਾ ਕੋਈ ਮੁਨੀ ਨਹੀਂ ਹੋਇਆ ਹੈ ॥੯॥
ਰਾਜੇ ਸਮੇਤ ਉਥੇ ਜਾਓ (ਅਤੇ ਉਸ ਨੂੰ) ਲੈ ਆਓ।