ਸ਼੍ਰੀ ਦਸਮ ਗ੍ਰੰਥ

ਅੰਗ - 186


ਜੁਆਨ ਆਨ ਕੇ ਪਰੇ ਸੁ ਰੁਦ੍ਰ ਠਾਢਿਬੋ ਜਹਾ ॥

ਸੂਰਵੀਰ ਉਥੇ ਆ ਕੇ ਹਮਲਾਵਰ ਹੋਏ ਜਿਥੇ ਸ਼ਿਵ ਖੜੋਤਾ ਸੀ।

ਬਿਅੰਤ ਬਾਣ ਸੈਹਥੀ ਪ੍ਰਹਾਰ ਆਨ ਕੇ ਕਰੈ ॥

(ਉਨ੍ਹਾਂ ਨੇ ਆ ਕੇ) ਤੀਰਾਂ ਅਤੇ ਬਰਛੀਆਂ ਦੇ ਬੇਅੰਤ ਵਾਰ ਕਰ ਦਿੱਤੇ।

ਧਕੇਲਿ ਰੇਲਿ ਲੈ ਚਲੈ ਪਛੇਲ ਪਾਵ ਨ ਟਰੈ ॥੪੦॥

ਇਸ ਤਰ੍ਹਾਂ ਸ਼ਿਵ ਨੂੰ ਧਕ ਕੇ ਲੈ ਚਲੇ, ਪਰ (ਸ਼ਿਵ ਦਾ) ਪਿਛੇ ਵਲ (ਇਕ) ਕਦਮ ਵੀ ਨਾ ਪਿਆ ॥੪੦॥

ਸੜਕ ਸੂਲ ਸੈਹਥੀ ਤੜਕ ਤੇਗ ਤੀਰਯੰ ॥

ਨੇਜ਼ੇ ਅਤੇ ਸੈਹੱਥੀਆਂ ਸੜਕ ਕਰ ਕੇ ਵਜਦੀਆਂ ਸਨ ਅਤੇ ਤੇਗਾਂ ਤੇ ਤੀਰ ਤੜਕ ਕਰ ਕੇ ਚਲਦੇ ਸਨ,

ਬਬਕ ਬਾਘ ਜਿਯੋ ਬਲੀ ਭਭਕ ਘਾਇ ਬੀਰਯੰ ॥

ਸ਼ੇਰ ਵਾਂਗ ਸੂਰਮੇ ਦਹਾੜਦੇ ਸਨ ਅਤੇ ਸੂਰਮਆਂ ਦੇ ਜ਼ਖ਼ਮਾਂ ਵਿਚੋਂ ਭਕ ਭਕ ਕਰ ਕੇ ਲਹੂ ਵਗਦਾ ਸੀ।

ਅਘਾਇ ਘਾਇ ਕੇ ਗਿਰੇ ਪਛੇਲ ਪਾਵ ਨ ਟਰੇ ॥

ਜ਼ਖ਼ਮ ਖਾ ਕੇ (ਯੁੱਧ ਕਰਮ ਵਿਚ) ਤ੍ਰਿਪਤ ਹੋਏ ਸੂਰਮੇ ਡਿਗ ਰਹੇ ਸਨ ਪਰ ਪਿਛੇ ਨੂੰ ਪੈਰ ਨਹੀਂ ਸਨ ਰਖਦੇ।

ਸੁ ਬੀਨ ਬੀਨ ਅਛਰੈ ਪ੍ਰਬੀਨ ਦੀਨ ਹੁਐ ਬਰੇ ॥੪੧॥

ਪ੍ਰਬੀਨ ਸੂਰਮਿਆਂ ਨੂੰ ਚੁਣ ਚੁਣ ਕੇ ਅਪੱਛਰਾਵਾਂ ਵਰ ਰਹੀਆਂ ਸਨ ॥੪੧॥

ਚੌਪਈ ॥

ਚੌਪਈ:

ਇਹ ਬਿਧਿ ਜੂਝਿ ਗਿਰਿਯੋ ਸਭ ਸਾਥਾ ॥

ਇਸ ਤਰ੍ਹਾਂ ਨਾਲ ਸਾਰਾ ਸਾਥ ਜੂਝ ਕੇ ਡਿਗ ਪਿਆ,

ਰਹਿ ਗਯੋ ਦਛ ਅਕੇਲ ਅਨਾਥਾ ॥

ਇਕਲਾ ਦਕਸ਼ ਹੀ ਅਨਾਥ ਜਿਹਾ ਹੋ ਕੇ ਰਹਿ ਗਿਆ।

ਬਚੇ ਬੀਰ ਤੇ ਬਹੁਰਿ ਬੁਲਾਇਸੁ ॥

ਜਿਹੜੇ ਸੂਰਮੇ ਬਚ ਗਏ ਸਨ, ਉਨ੍ਹਾਂ ਨੂੰ ਫਿਰ ਬੁਲਾ ਲਿਆ

ਪਹਰਿ ਕਵਚ ਦੁੰਦਭੀ ਬਜਾਇਸੁ ॥੪੨॥

ਅਤੇ ਕਵਚ ਧਾਰਨ ਕਰ ਕੇ (ਜੰਗ ਲਈ) ਧੌਂਸਾ ਵਜਾ ਦਿੱਤਾ ॥੪੨॥

ਆਪਨ ਚਲਾ ਜੁਧ ਕਹੁ ਰਾਜਾ ॥

ਰਾਜਾ ਆਪ ਯੁੱਧ ਨੂੰ ਚਲਿਆ,

ਜੋਰ ਕਰੋਰ ਅਯੋਧਨ ਸਾਜਾ ॥

ਇਕ ਕਰੋੜ ਸੂਰਮੇ ਇਕੱਠੇ ਕਰ ਕੇ ਯੁੱਧ ਨੂੰ ਸਾਜਿਆ।

ਛੂਟਤ ਬਾਣ ਕਮਾਣ ਅਪਾਰਾ ॥

ਅਪਾਰ ਕਮਾਨਾਂ ਤੋਂ ਤੀਰ ਚਲਦੇ ਸਨ।

ਜਨੁ ਦਿਨ ਤੇ ਹੁਐ ਗਯੋ ਅੰਧਾਰਾ ॥੪੩॥

(ਇੰਜ ਪ੍ਰਤੀਤ ਹੁੰਦਾ ਸੀ) ਮਾਨੋ ਦਿਨ ਨੂੰ ਹੀ ਹਨੇਰਾ ਹੋ ਗਿਆ ਹੋਵੇ ॥੪੩॥

ਭੂਤ ਪਰੇਤ ਮਸਾਣ ਹਕਾਰੇ ॥

ਭੂਤ, ਪ੍ਰੇਤ ਅਤੇ ਮਸਾਣ ਬੋਲ ਰਹੇ ਸਨ।

ਦੁਹੂੰ ਓਰ ਡਉਰੂ ਡਮਕਾਰੇ ॥

ਦੋਹਾਂ ਪਾਸੇ ਡੌਰੂ ਡੰਮ ਡੰਮ ਕਰਦੇ ਸਨ।

ਮਹਾ ਘੋਰ ਮਚਿਯੋ ਸੰਗ੍ਰਾਮਾ ॥

ਵੱਡਾ ਭਿਆਨਕ ਯੁੱਧ ਮਚਿਆ ਹੋਇਆ ਸੀ

ਜੈਸਕ ਲੰਕਿ ਰਾਵਣ ਅਰੁ ਰਾਮਾ ॥੪੪॥

ਜਿਹਾ ਕਿ ਲੰਕਾ ਵਿਚ ਰਾਵਣ ਅਤੇ ਰਾਮ ਚੰਦਰ ਵਿਚ ਹੋਇਆ ਸੀ ॥੪੪॥

ਭੁਜੰਗ ਪ੍ਰਯਾਤ ਛੰਦ ॥

ਭੁਜੰਗ ਪ੍ਰਯਾਤ ਛੰਦ:

ਭਯੋ ਰੁਦ੍ਰ ਕੋਪੰ ਧਰਿਯੋ ਸੂਲ ਪਾਣੰ ॥

ਸ਼ਿਵ ਕ੍ਰੋਧਵਾਨ ਹੋਇਆ ਅਤੇ ਹੱਥ ਵਿਚ ਤ੍ਰਿਸ਼ੂਲ ਫੜ ਲਿਆ।

ਕਰੇ ਸੂਰਮਾ ਸਰਬ ਖਾਲੀ ਪਲਾਣੰ ॥

ਸਾਰਿਆਂ ਸੂਰਮਿਆਂ ਨੂੰ ਮਾਰ ਕੇ ਘੋੜਿਆਂ ਦੇ ਪਲਾਣ ਸਖਣੇ ਕਰ ਦਿੱਤੇ।

ਉਤੇ ਏਕ ਦਛੰ ਇਤੈ ਰੁਦ੍ਰ ਏਕੰ ॥

ਉਧਰ ਇਕ ਦਰਸ਼ ਸੀ ਅਤੇ ਇਧਰ ਇਕ ਰੁਦਰ;


Flag Counter