ਸ਼੍ਰੀ ਦਸਮ ਗ੍ਰੰਥ

ਅੰਗ - 873


ਰਾਜਾ ਕਾਮਰੂਪ ਕੋ ਧਾਯੋ ॥

ਕਾਮਰੂਪ ਦਾ ਰਾਜਾ

ਅਮਿਤ ਕਟਕ ਲੀਨੇ ਸੰਗ ਆਯੋ ॥

ਅਮਿਤ ਸੈਨਾ ਨਾਲ ਲੈ ਕੇ ਆ ਗਿਆ।

ਦਾਰੁਣ ਰਣ ਸੂਰਣ ਤਹ ਕਰਿਯੋ ॥

ਇਨ੍ਹਾਂ ਸੂਰਮਿਆਂ ਨੇ ਉਥੇ ਭਿਆਨਕ ਯੁੱਧ ਕੀਤਾ

ਰਵਿ ਸਸਿ ਚਕ੍ਰਯੋ ਇੰਦ੍ਰ ਥਰਹਰਿਯੋ ॥੫੧॥

(ਜਿਸ ਨੂੰ ਵੇਖ ਕੇ) ਸੂਰਜ ਅਤੇ ਚੰਦ੍ਰਮਾ ਹੈਰਾਨ ਹੋ ਗਏ ਅਤੇ ਇੰਦਰ ਕੰਬਣ ਲਗ ਗਿਆ ॥੫੧॥

ਅੰਗ ਕਟੇ ਤਰਫੈ ਕਹੂੰ ਅੰਗਰੀ ॥

ਕਿਤੇ ਕਟੇ ਹੋਏ ਅੰਗ ਅਤੇ ਕਿਤੇ ਉਂਗਲੀਆਂ ਤੜਪ ਰਹੀਆਂ ਹਨ।

ਬੀਰ ਪਰੇ ਉਛਰਤ ਕਹੂੰ ਟੰਗਰੀ ॥

ਕਿਤੇ ਸੂਰਮੇ ਪਏ ਹਨ ਅਤੇ ਕਿਤੇ (ਉਨ੍ਹਾਂ ਦੀਆਂ) ਟੰਗਾਂ ਤੜਪ ਰਹੀਆਂ ਹਨ।

ਹਠਿ ਹਠਿ ਭਿਰੇ ਸੁਭਟ ਰਨ ਮਾਹੀ ॥

(ਉਹ) ਸੂਰਮੇ ਹਠ ਪੂਰਵਕ ਯੁੱਧ ਵਿਚ ਲੜ ਰਹੇ ਹਨ

ਜੰਬਕ ਗੀਧ ਮਾਸੁ ਲੈ ਜਾਹੀ ॥੫੨॥

ਅਤੇ ਗਿਦੜ ਅਤੇ ਗਿਰਝਾਂ ਮਾਸ ਲੈ ਕੇ ਜਾ ਰਹੀਆਂ ਹਨ ॥੫੨॥

ਅੜਿਲ ॥

ਅੜਿਲ:

ਬਾਲ ਸੂਰਮਾ ਮਾਰੇ ਕੋਪ ਬਢਾਇ ਕੈ ॥

ਰਾਜ ਕੁਮਾਰੀ ਨੇ ਕ੍ਰੋਧਿਤ ਹੋ ਕੇ ਸੂਰਮਿਆਂ ਨੂੰ ਮਾਰ ਦਿੱਤਾ।

ਜੋ ਚਿਤੁ ਚਹੈ ਸੰਘਾਰੇ ਰਥਹਿ ਧਵਾਇ ਕੈ ॥

ਜਿਸ ਨੂੰ ਵੀ ਮਾਰਨਾ ਚਾਹਿਆ, ਰਥ ਭਜਾ ਕੇ ਮਾਰ ਦਿੱਤਾ।

ਪੈਦਲ ਅਮਿਤ ਬਿਦਾਰੇ ਅਤਿ ਚਿਤ ਕੋਪ ਕਰਿ ॥

ਮਨ ਵਿਚ ਬਹੁਤ ਕ੍ਰੋਧ ਕਰ ਕੇ ਅਣਗਿਣਤ ਪੈਦਲ ਮਾਰ ਦਿੱਤੇ।

ਹੋ ਰਥੀ ਗਜੀ ਹਨਿ ਡਾਰੇ ਸਸਤ੍ਰ ਅਨਿਕ ਪ੍ਰਹਰਿ ॥੫੩॥

ਸ਼ਸਤ੍ਰਾਂ ਦੇ ਅਨੇਕ ਪ੍ਰਹਾਰ ਕਰ ਕੇ ਰਥਾਂ ਅਤੇ ਹਾਥੀਆਂ ਵਾਲਿਆਂ ਨੂੰ ਮਾਰ ਦਿੱਤਾ ॥੫੩॥

ਚੌਪਈ ॥

ਚੌਪਈ:

ਸਪਤਾਵਤ ਨ੍ਰਿਪ ਬਾਲ ਨਿਹਾਰੇ ॥

ਰਾਜ ਕੁਮਾਰੀ ਨੇ ਸੱਤਾਂ ਰਾਜਿਆਂ ਨੂੰ ਆਉਂਦਿਆਂ ਵੇਖਿਆ।

ਅਮਿਤ ਕੋਪ ਕਰਿ ਬਿਸਿਖ ਪ੍ਰਹਾਰੇ ॥

ਬਹੁਤ ਕ੍ਰੋਧਿਤ ਹੋ ਕੇ ਉਨ੍ਹਾਂ ਉਤੇ ਤੀਰ ਚਲਾਏ।

ਸ੍ਯੰਦਨ ਸਹਿਤ ਸੂਤ ਸਭ ਘਾਏ ॥

ਰਥਾਂ ਸਮੇਤ ਸਾਰਿਆਂ ਰਥਵਾਨਾਂ ਨੂੰ ਮਾਰ ਦਿੱਤਾ

ਸੈਨ ਸਹਿਤ ਮ੍ਰਿਤ ਲੋਕ ਪਠਾਏ ॥੫੪॥

ਅਤੇ ਸੈਨਾ ਸਹਿਤ ਮ੍ਰਿਤੂ-ਲੋਕ ਨੂੰ ਭੇਜ ਦਿੱਤਾ ॥੫੪॥

ਅਵਰ ਨ੍ਰਿਪਤ ਤਬ ਹੀ ਉਠਿ ਧਾਏ ॥

(ਤਦ ਉਪਰੰਤ) ਹੋਰ ਰਾਜੇ ਉਠ ਕੇ ਚਲ ਪਏ

ਬਾਧੇ ਗੋਲ ਸਾਮੁਹੇ ਆਏ ॥

ਅਤੇ ਝੁੰਡ ਬਣਾ ਕੇ (ਰਾਜ ਕੁਮਰੀ ਦੇ) ਸਾਹਮਣੇ ਆਏ।

ਦਸੌ ਦਿਸਨ ਕ੍ਰੁਧਿਤ ਹ੍ਵੈ ਢੂਕੇ ॥

ਦਸਾਂ ਦਿਸ਼ਾਵਾਂ ਤੋਂ ਕ੍ਰੋਧਿਤ ਹੋ ਕੇ ਢੁਕ ਪਏ

ਮਾਰੈ ਮਾਰ ਬਕ੍ਰ ਤੇ ਕੂਕੇ ॥੫੫॥

ਅਤੇ ਮੂੰਹ ਤੋਂ 'ਮਾਰੋ ਮਾਰੋ' ਕੂਕਣ ਲਗੇ ॥੫੫॥

ਦੋਹਰਾ ॥

ਦੋਹਰਾ:

ਬੀਰ ਕੇਤੁ ਬਾਕੋ ਰਥੀ ਚਿਤ੍ਰ ਕੇਤੁ ਸੁਰ ਗ੍ਯਾਨ ॥

ਬੀਰ ਕੇਤੁ ਰਥ ਵਾਲਾ ਬਾਂਕਾ ਸੂਰਮਾ ਸੀ ਅਤੇ ਚਿਤ੍ਰ ਕੇਤੁ ਦੇਵਤਿਆਂ ਵਰਗਾ ਸਿਆਣਾ ਸੀ।

ਛਤ੍ਰ ਕੇਤੁ ਛਤ੍ਰੀ ਅਮਿਟ ਬਿਕਟ ਕੇਤੁ ਬਲਵਾਨ ॥੫੬॥

ਛਤ੍ਰ ਕੇਤੁ ਬਹਾਦੁਰ ਛਤ੍ਰੀ ਸੀ ਅਤੇ ਬਿਕਟ ਕੇਤੁ ਬਹੁਤ ਬਲਵਾਨ ਸੀ ॥੫੬॥

ਇੰਦ੍ਰ ਕੇਤੁ ਉਪਇੰਦ੍ਰ ਧੁਜ ਚਿਤ ਅਤਿ ਕੋਪ ਬਢਾਇ ॥

ਇੰਦ੍ਰ ਕੇਤੁ ਅਤੇ ਉਪਇੰਦ੍ਰ ਧੁਜ ਮਨ ਵਿਚ ਬਹੁਤ ਕ੍ਰੋਧ ਵਧਾ ਕੇ

ਗੀਧ ਕੇਤੁ ਦਾਨਵ ਸਹਿਤ ਤਹਾ ਪਹੂੰਚੇ ਆਇ ॥੫੭॥

ਅਤੇ ਗੀਧ ਕੇਤੁ ਦਾਨਵ ਸਹਿਤ ਉਥੇ ਆ ਪਹੁੰਚੇ ॥੫੭॥

ਸਪਤ ਨ੍ਰਿਪਤਿ ਆਯੁਧ ਧਰੇ ਅਮਿਤ ਸੈਨ ਲੈ ਸਾਥ ॥

ਸੱਤੇ ਰਾਜੇ ਸ਼ਸਤ੍ਰ ਧਾਰਨ ਕਰ ਕੇ ਅਤੇ ਅਮਿਤ ਸੈਨਾ ਨਾਲ ਲੈ ਕੇ ਟੁਟ ਕੇ ਪੈ ਗਏ

ਧਾਇ ਪਰੇ ਨਾਹਿਨ ਡਰੇ ਕਢੇ ਬਢਾਰੀ ਹਾਥ ॥੫੮॥

ਅਤੇ ਬਿਲਕੁਲ ਨਾ ਡਰੇ। (ਉਨ੍ਹਾਂ ਨੇ) ਹੱਥਾਂ ਵਿਚ ਤਲਵਾਰਾਂ ਧਾਰਨ ਕੀਤੀਆਂ ਹੋਈਆਂ ਸਨ ॥੫੮॥

ਚੌਪਈ ॥

ਚੌਪਈ:

ਸਸਤ੍ਰ ਸੰਭਾਰਿ ਸੂਰਮਾ ਧਾਏ ॥

ਸ਼ਸਤ੍ਰਾਂ ਨੂੰ ਸੰਭਾਲ ਕੇ ਸੂਰਮੇ ਤੁਰ ਪਏ

ਜੋਰੇ ਸੈਨ ਕੁਅਰਿ ਢਿਗ ਆਏ ॥

ਅਤੇ ਸੈਨਾ ਸਜਾ ਕੇ ਰਾਜ ਕੁਮਾਰੀ ਦੇ ਕੋਲ ਆ ਗਏ।

ਆਯੁਧ ਹਾਥ ਬਚਿਤ੍ਰ ਧਰੇ ॥

ਬਚਿਤ੍ਰ ਦੇਈ ਨੇ ਹੱਥ ਵਿਚ ਸ਼ਸਤ੍ਰ ਲੈ ਲਏ

ਅਮਿਤ ਸੁਭਟ ਪ੍ਰਾਨਨ ਬਿਨੁ ਕਰੇ ॥੫੯॥

ਅਤੇ ਬੇਹਿਸਾਬ ਸੂਰਮਿਆਂ ਨੂੰ ਪ੍ਰਾਣਾਂ ਤੋਂ ਬਿਨਾ ਕਰ ਦਿੱਤਾ ॥੫੯॥

ਬੀਰ ਕੇਤੁ ਕੋ ਮੂੰਡ ਉਤਾਰਿਯੋ ॥

(ਰਾਜ ਕੁਮਾਰੀ ਨੇ) ਬੀਰ ਕੇਤੁ ਦਾ ਸਿਰ ਕਟ ਦਿੱਤਾ

ਚਿਤ੍ਰ ਕੇਤੁ ਕਟਿ ਤੇ ਕਟ ਡਾਰਿਯੋ ॥

ਅਤੇ ਚਿਤ੍ਰ ਕੇਤੁ ਨੂੰ ਲਕ ਤੋਂ ਵਢ ਦਿੱਤਾ।

ਛਤ੍ਰ ਕੇਤੁ ਛਤ੍ਰੀ ਪੁਨਿ ਘਾਯੋ ॥

ਫਿਰ ਛਤ੍ਰ ਕੇਤੁ ਛਤ੍ਰੀ ਨੂੰ ਮਾਰ ਦਿੱਤਾ

ਬਿਕਟ ਕੇਤੁ ਮ੍ਰਿਤ ਲੋਕ ਪਠਾਯੋ ॥੬੦॥

ਅਤੇ ਬਿਕਟ ਕੇਤੁ ਨੂੰ ਮ੍ਰਿਤੂ-ਲੋਕ ਵਲ ਭੇਜ ਦਿੱਤਾ ॥੬੦॥

ਦੋਹਰਾ ॥

ਦੋਹਰਾ:

ਇੰਦ੍ਰ ਕੇਤੁ ਉਪਇੰਦ੍ਰ ਧੁਜ ਦੋਨੋ ਹਨੇ ਰਿਸਾਇ ॥

ਇੰਦ੍ਰ ਕੇਤੁ ਅਤੇ ਉਪਇੰਦ੍ਰ ਧੁਜ ਦੋਹਾਂ ਨੂੰ ਕ੍ਰੋਧਿਤ ਹੋ ਕੇ ਮਾਰ ਦਿੱਤਾ

ਗੀਧ ਕੇਤੁ ਦਾਨਵ ਦਿਯੈ ਜਮਪੁਰਿ ਬਹੁਰਿ ਪਠਾਇ ॥੬੧॥

ਅਤੇ ਫਿਰ ਗੀਧ ਕੇਤੁ ਦਾਨਵ ਨੂੰ ਯਮ ਲੋਕ ਭੇਜ ਦਿੱਤਾ ॥੬੧॥

ਸੈਨਾ ਸਤਹੂੰ ਨ੍ਰਿਪਨ ਕੀ ਕੋਪਿ ਭਰੀ ਅਰਰਾਇ ॥

ਸੱਤਾਂ ਰਾਜਿਆਂ ਦੀ ਸੈਨਾ ਕ੍ਰੋਧ ਨਾਲ ਭਰ ਕੇ ਅਰੜਾ ਕੇ ਪੈ ਗਈ।

ਤੇ ਬਾਲਾ ਤਬ ਹੀ ਦਏ ਮ੍ਰਿਤੁ ਕੇ ਲੋਕ ਪਠਾਇ ॥੬੨॥

ਉਸ ਰਾਜ ਕੁਮਾਰੀ ਨੇ ਤਦ ਸਭ ਨੂੰ ਮ੍ਰਿਤੂ ਲੋਕ ਭੇਜ ਦਿੱਤਾ ॥੬੨॥

ਸੁਮਤ ਕੇਤੁ ਸੂਰਾ ਬਡੋ ਸਮਰ ਸਿੰਘ ਲੈ ਸੰਗ ॥

ਸੁਮਤ ਕੇਤੁ ਇਕ ਵੱਡਾ ਸੂਰਮਾ ਸੀ। ਉਸ ਨੇ ਸਮਰ ਸਿੰਘ ਨੂੰ ਨਾਲ ਲੈ ਕੇ

ਬ੍ਰਹਮ ਕੇਤੁ ਲੈ ਦਲ ਚਲਾ ਉਮਡਿ ਚਲੀ ਜਨੁ ਗੰਗ ॥੬੩॥

ਅਤੇ ਬ੍ਰਹਮ ਕੇਤੁ ਵੀ ਆਪਣਾ ਦਲ ਲੈ ਕੇ ਇੰਜ ਚਲੇ ਮਾਨੋ ਗੰਗਾ ਉਮਡ ਪਈ ਹੋਵੇ ॥੬੩॥

ਤਾਲ ਕੇਤੁ ਖਟਬਕ੍ਰ ਧੁਜ ਜੋਧਾ ਹੁਤੇ ਬਿਸੇਖ ॥

ਤਾਲ ਕੇਤੁ ਅਤੇ ਖਟਬਕ੍ਰ ਧੁਜ (ਦੋ) ਵਿਸ਼ੇਸ਼ ਯੋਧੇ ਸਨ।

ਸੋ ਯਾ ਪਰ ਆਵਤ ਭਏ ਕਿਯੈ ਕਾਲ ਕੋ ਭੇਖ ॥੬੪॥

ਉਹ ਕਾਲ ਰੂਪ ਹੋ ਕੇ ਇਸ (ਕੁਮਾਰੀ) ਉਤੇ ਆ ਪਏ ॥੬੪॥

ਚੌਪਈ ॥

ਚੌਪਈ:


Flag Counter