(ਵਜ਼ੀਰ ਪੁੱਛਣ ਲਗੇ ਕਿ) ਤੁਹਾਡੇ ਪਿਛੋਂ ਇਹ ਬਾਦਸ਼ਾਹੀ ਕਿਸ ਨੂੰ ਦੇਈਏ
ਅਤੇ ਇਹ ਪ੍ਰਤਾਪੀ ਤਾਜ ਕਿਸ ਦੇ ਸਿਰ ਉਪਰ ਰਖੀਏ ॥੧੦॥
ਕਿਸ ਆਦਮੀ ਨੂੰ ਘਰੋਂ ਬਾਹਰ ਕਢੀਏ
ਅਤੇ ਕਿਸ ਦੇ ਸਿਰ ਉਤੇ ਭਾਗਸ਼ਾਲੀ ਤਾਜ ਸਜਾਈਏ ॥੧੧॥
(ਵਜ਼ੀਰਾਂ ਦੀ ਗੱਲ ਸੁਣ ਕੇ ਬਾਦਸ਼ਾਹ) ਹੋਸ਼ ਵਿਚ ਆਇਆ ਅਤੇ ਅੱਖਾਂ ਖੋਲ੍ਹੀਆਂ।
(ਫਿਰ) ਪੁਰਾਤਨ (ਸ਼ਾਹੀ) ਮਰਯਾਦਾ ਸੰਬੰਧੀ ਬੋਲ ਕਹੇ ॥੧੨॥
ਜਿਸ ਦੇ ਪੈਰ, ਹੱਥ, ਅੱਖਾਂ ਅਤੇ ਜੀਭ ਨਹੀਂ ਹੈ।
ਜਿਸ ਨੂੰ ਹੋਸ਼ ਅਤੇ ਹਿੰਮਤ ਨਹੀਂ ਹੈ ਅਤੇ ਨਾ ਹੀ ਕਿਸੇ ਦਾ ਡਰ ਹੈ ॥੧੩॥
ਜਿਸ ਪਾਸ ਧੜਕਦਾ ਹੋਇਆ ਦਿਲ ਨਹੀਂ, ਨਾ ਹੀ ਹਿੰਮਤ ਹੈ, ਨਾ ਹੀਲਾ ਅਤੇ ਨਾ ਹੀ ਹੋਸ਼ ਹੈ।
ਜਿਸ ਪਾਸ ਨਾ ਨਕ ਹੈ, ਨਾ ਨਜ਼ਰ ਹੈ ਅਤੇ ਨਾ ਹੀ ਦੋ ਕੰਨ ਹਨ ॥੧੪॥
ਜਿਸ ਵਿਅਕਤੀ ਪਾਸ ਪਰਖ ਕਰਨ ਤੇ ਇਹ ਗੁਣ ਹੋਣ,
ਉਸ ਨੂੰ ਇਸ ਦੌਰ ਦੀ ਬਾਦਸ਼ਾਹੀ ਦੇ ਦਿਓ ॥੧੫॥
(ਉਸ ਬਾਦਸ਼ਾਹ ਦਾ) ਜਵਾਬ ਸੁਣ ਕੇ ਜ਼ਮਾਨੇ ਦੇ ਅਕਲਮੰਦ ਹੈਰਾਨ ਹੋਏ।
(ਫਿਰ) ਉਨ੍ਹਾਂ ਨੇ ਭਲਿਆਈ ਦੇ ਹੋਰ ਬੋਲ ਕਹੇ ॥੧੬॥
(ਸਾਰੇ ਵਜ਼ੀਰ) ਗਿਣਤੀ ਮਿਣਤੀ ਵਿਚ ਪੈ ਗਏ ਅਤੇ (ਜਵਾਬ ਦੇਣ ਵਿਚ) ਦੇਰ ਹੋ ਗਈ।
ਚੰਗੀ ਤਰ੍ਹਾਂ ਜਵਾਬ ਦੇਣ ਵਿਚ ਕਾਫ਼ੀ ਢਿਲ ਮਠ ਹੋ ਗਈ ॥੧੭॥
(ਆਖ਼ਰ) ਉਹ ਜ਼ਬਾਨ ਨੂੰ ਸੱਜੇ ਖੱਬੇ ਘੁੰਮਾਉਂਦੇ ਹੋਇਆਂ
ਕਮਾਨ ਉਤੇ ਰਖੇ ਤੀਰ ਵਾਂਗ ਬਾਹਰ ਲੈ ਆਏ ॥੧੮॥
(ਕਹਿਣ ਲਗੇ) ਹੇ ਬਾਦਸ਼ਾਹ ਸਲਾਮਤ! ਤੁਸੀਂ ਬਹੁਤ ਸਮਝਦਾਰ ਅਤੇ ਆਜ਼ਾਦ ਦਿਮਾਗ਼ ਵਾਲੇ ਹੋ।
ਤੁਸੀਂ ਕੀ ਕਿਹਾ ਹੈ, ਇਸ ਬਾਰੇ ਸਾਨੂੰ ਅਸਚਰਜ ਹੈ ॥੧੯॥
ਜਿਸ ਕਿਸੇ ਦਾ ਜ਼ਮਾਨੇ ਵਿਚ ਇਸ ਤਰ੍ਹਾਂ ਦਾ ਕਾਰ-ਵਿਹਾਰ ਹੋਵੇ,
ਉਸ ਦੇ ਹੱਥ (ਰਾਜ-ਅਧਿਕਾਰ) ਦੇ ਦੇਣਾ ਸਪਸ਼ਟ ਰੂਪ ਵਿਚ ਨੁਕਸਦਾਰ ਹੈ ॥੨੦॥
ਇਨ੍ਹਾਂ ਨੂੰ ਦੁਨੀਆ ਤਾਂ ਮਾੜੇ ਲੱਛਣ ਕਹਿੰਦੀ ਹੈ ਅਤੇ ਤੁਸੀਂ ਗੁਣ ਕਹਿੰਦੇ ਹੋ
ਹੇ ਧਰਤੀ ਅਤੇ ਸਮੁੰਦਰ ਦੇ ਬਾਦਸ਼ਾਹ! ॥੨੧॥
(ਤੁਸੀਂ) ਨਾ ਜੰਗ ਵਿਚ ਪਿਠ ਵਿਖਾਈ ਹੈ ਅਤੇ ਨਾ ਦੁਸ਼ਮਣ ਨੂੰ ਗਾਲ੍ਹੀ ਦਿੱਤੀ ਹੈ।
ਨਾ ਹੀ ਦੁਸ਼ਮਣ ਨੇ (ਤੁਹਾਡੇ) ਲਿਖੇ ਉਤੇ ਉਂਗਲ ਰਖੀ ਹੈ (ਅਰਥਾਤ ਤੁਹਾਡੀ ਲਿਖਤ ਨੂੰ ਰਦ ਕੀਤਾ ਹੈ) ॥੨੨॥
(ਤੁਸੀਂ) ਦੁਸ਼ਮਣ ਨੂੰ ਚੈਨ ਨਹੀਂ ਲੈਣ ਦਿੱਤਾ ਅਤੇ ਨਾ ਮਿਤਰਾਂ ਨੂੰ ਦੁਖ ਪਹੁੰਚਾਇਆ ਹੈ।
(ਘਰੋਂ) ਮੰਗਤੇ ਨੂੰ ਖ਼ਾਲੀ ਨਹੀਂ ਜਾਣ ਦਿੱਤਾ ਅਤੇ ਵੈਰੀ ਦੀ ਖਲ੍ਹ ਲਾਹ ਸੁਟੀ ਹੈ (ਅਰਥਾਤ-ਚੰਗੀ ਤਰ੍ਹਾਂ ਨਾਲ ਸੋਧ ਦਿੱਤਾ ਹੈ) ॥੨੩॥
(ਤੁਸੀਂ) ਲਿਖਾਰੀ ਲਈ ਔਗੁਣ ਲਿਖਣ ਵਾਸਤੇ ਗੁੰਜਾਇਸ਼ ਨਹੀਂ ਰਖੀ।
ਹੱਕੀ ਗੱਲ ਕਰਨ ਵਾਲੇ ਨੂੰ ਵਡਿਆਈ ਬਖ਼ਸ਼ੀ ਹੈ ॥੨੪॥
(ਤੁਸੀਂ) ਕਿਸੇ ਉਸਤਾਦ ਨੂੰ ਵੀ ਬਚਨ ਕਹਿਣ ਦੀ ਥਾਂ ਨਹੀਂ ਦਿੱਤੀ।
(ਤੁਸੀਂ) ਪੁਰਾਣੀ ਮਰਯਾਦਾ ਨੂੰ ਕਿਉਂ ਭੁਲ ਗਏ ਹੋ ॥੨੫॥
(ਤੁਸੀਂ) ਕਿਸੇ ਹੋਰ ਆਦਮੀ ਨੂੰ ਮਾੜੀ ਸਲਾਹ ਨਹੀਂ ਦਿੱਤੀ।
(ਫਿਰ ਤੁਸੀਂ) ਔਗੁਣਾਂ ਨੂੰ ਗੁਣ ਕਿਵੇਂ ਕਹਿ ਦਿੱਤਾ ॥੨੬॥
(ਉੱਤਰ ਵਿਚ ਬਾਦਸ਼ਾਹ ਨੇ ਕਿਹਾ) ਜੋ ਬੰਦਾ ਕਿਸੇ ਹੋਰ ਦੀ ਇਸਤਰੀ ਨੂੰ ਮਾੜੀ ਨਿਗਾਹ ਨਾਲ ਨਹੀਂ ਵੇਖਦਾ ਹੈ
ਅਤੇ ਕਿਸੇ ਹੋਰ ਦੇ ਕੰਮ ਉਤੇ ਭੈੜੀ ਨਜ਼ਰ ਵੀ ਨਹੀਂ ਰਖਦਾ ਹੈ ॥੨੭॥
ਕਿਸੇ ਦੇ ਦੁਰ-ਬਚਨਾਂ ਵਲ ਨਜ਼ਰ ਨਹੀਂ ਕਰਦਾ ਹੈ
ਅਤੇ ਜੋ ਸਦਾ ਪਰਮਾਤਮਾ ਦਾ ਸ਼ੁਕਰ ਕਰਨ ਉਤੇ ਨਜ਼ਰ ਟਿਕਾਈ ਰਖਦਾ ਹੈ ॥੨੮॥
ਜਿਸ ਨੇ ਕਿਸੇ ਹੋਰ ਦੇ ਬੁਰੇ ਕੰਮ ਨੂੰ ਵੇਖਣ ਤੋਂ ਦ੍ਰਿਸ਼ਟੀ ਨੂੰ ਵਰਜਿਆ ਹੋਇਆ ਹੈ,
ਤਾਂ ਨਿਸਚੇ ਹੀ ਉਸ ਵਿਅਕਤੀ ਨੂੰ ਅੰਨ੍ਹਾ ਸਮਝੋ ॥੨੯॥
(ਜੋ ਵਿਅਕਤੀ) ਮਾੜੇ ਕੰਮ ਲਈ ਕਦਮ ਨਹੀਂ ਵਧਾਉਂਦਾ
ਅਤੇ ਜੰਗ ਵਿਚ ਹਜ਼ਾਰਾਂ ਦੇ ਸਾਹਮਣੇ ਵੀ ਕਦਮ ਪਿਛੇ ਨਹੀਂ ਹਟਾਉਂਦਾ ॥੩੦॥
(ਜੋ ਵਿਅਕਤੀ) ਚੋਰੀ ਦੇ ਕੰਮ ਨੂੰ ਨਹੀਂ ਜਾਂਦਾ ਅਤੇ ਨਾ ਕਿਸੇ ਦਾ ਦਿਲ ਦੁਖਾਉਂਦਾ ਹੈ।
ਨਾ ਸ਼ਰਾਬੀਆਂ ਦੇ ਘਰ ਜਾਂਦਾ ਹੈ ਅਤੇ ਨਾ ਹੀ ਰਾਹ ਵਿਚ (ਕਿਸੇ ਨੂੰ) ਲੁਟਦਾ ਹੈ ॥੩੧॥
ਜੋ ਬਦ ਦੁਆ ਨਹੀਂ ਦਿੰਦਾ
ਅਤੇ ਦੂਜਿਆਂ ਨੂੰ ਦੁਖ ਦੇਣ ਵਾਲੇ ਬੋਲਾਂ ਨੂੰ ਲੱਭਣ ਦਾ ਇਛੁਕ ਵੀ ਨਹੀਂ ਹੈ ॥੩੨॥
ਜੋ ਕਿਸੇ ਦੇ ਮਾੜੇ ਕੰਮ ਵਿਚ ਪੈਰ ਨਹੀਂ ਰਖਦਾ।
ਉਹੀ ਸਹੀ ਢੰਗ ਨਾਲ ਲੰਗੜਾ ਕਿਹਾ ਜਾਏਗਾ ॥੩੩॥