ਸ਼ਿਵ ਦੀ ਇਹ ਹਾਲਤ ਸਾਰੀ ਸੈਨਾ ਨੇ ਵੇਖੀ,
ਤਾਂ ਸ਼ਿਵ ਦੇ ਪੁੱਤਰ (ਗਣੇਸ਼) ਨੇ ਬਰਛੀ ਸੰਭਾਲ ਲਈ ॥੧੫੧੦॥
ਜਦੋਂ (ਗਣੇਸ਼ ਨੇ) ਬਰਛੀ ਨੂੰ ਹੱਥ ਵਿਚ ਲੈ ਲਿਆ
ਤਦੋਂ ਰਾਜੇ ਦੇ ਸਾਹਮਣੇ ਆ ਡਟਿਆ
ਅਤੇ ਹੱਥ ਦੇ (ਪੂਰੇ) ਜ਼ੋਰ ਨਾਲ ਰਾਜੇ ਉਪਰ (ਸ਼ਕਤੀ ਨੂੰ) ਚਲਾ ਦਿੱਤਾ।
(ਉਹ) ਬਰਛੀ ਨਹੀਂ, ਮਾਨੋ ਮ੍ਰਿਤੂ ਭੇਜੀ ਹੋਵੇ ॥੧੫੧੧॥
ਸਵੈਯਾ:
ਰਾਜਾ (ਖੜਗ ਸਿੰਘ) ਨੇ ਆਉਂਦੀ ਹੋਈ ਬਰਛੀ ਨੂੰ ਤਿਖੇ ਬਾਣ ਨਾਲ ਕਟ ਕੇ ਸੁਟ ਦਿੱਤਾ (ਅਤੇ ਇਕ ਬਾਣ) ਵੈਰੀ ਦੀ ਹਿਕ ਵਿਚ ਮਾਰਿਆ
ਕਵੀ ਸ਼ਿਆਮ ਕਹਿੰਦੇ ਹਨ, ਉਸ ਬਾਣ ਨਾਲ ਵੈਰੀ ਦੇ ਵਾਹਨ (ਚੂਹੇ) ਦੇ ਨਿੱਕੇ ਜਿਹੇ ਅੰਗ ਕਟ ਦਿੱਤੇ।
ਇਕ ਤੀਰ ਗਣੇਸ਼ ਦੇ ਮੱਥੇ ਵਿਚ ਮਾਰਿਆ ਜੋ ਟੇਢਾ ਹੋ ਕੇ ਲਗਿਆ। (ਉਹ ਤੀਰ ਇਸ ਤਰ੍ਹਾਂ) ਸ਼ੋਭਾ ਪਾ ਰਿਹਾ ਸੀ,
ਮਾਨੋ ਬਾਣ ਰੂਪ ਅੰਕੁਸ਼ ਨਾਲ ਗਣੇਸ਼ ਦੇ ਬਹੁਤ ਵਧੇ ਹੋਏ ਅਭਿਮਾਨ ਦੇ ਮਦ ਨੂੰ ਦੂਰ ਕੀਤਾ ਗਿਆ ਹੋਵੇ ॥੧੫੧੨॥
ਸਚੇਤ ਹੋ ਕੇ ਅਤੇ ਆਪਣੇ ਬਲਦ ਉਪਰ ਚੜ੍ਹ ਕੇ ਸ਼ਿਵ ਨੇ ਧਨੁਸ਼ ਲੈ ਕੇ ਬਾਣ ਚਲਾ ਦਿੱਤਾ।
ਉਹ ਬਾਣ ਬਹੁਤ ਤਿਖਾ ਸੀ ਅਤੇ ਉਹ ਰਾਜੇ ਦੀ ਛਾਤੀ ਵਿਚ ਜਾ ਲਗਿਆ।
ਰਾਜਾ (ਬਾਣ ਨੂੰ ਵਜਿਆ) ਜਾਣ ਕੇ (ਮਨ ਵਿਚ) ਫੁਲ ਗਿਆ ਹੈ। ਉਹ ਮਰਿਆ ਨਹੀਂ ਅਤੇ ਨਾ ਹੀ ਉਸ ਨੂੰ ਰਤਾ ਜਿੰਨਾ ਡਰ ਲਗਾ ਹੈ।
(ਖੜਗ ਸਿੰਘ ਨੇ) ਹੱਥ ਵਿਚ ਧਨੁਸ਼ ਕਸ ਲਿਆ ਹੈ ਅਤੇ ਭੱਥੇ ਵਿਚੋਂ ਤੀਰ ਕਢ ਲਿਆ ਹੈ ॥੧੫੧੩॥
ਦੋਹਰਾ:
ਤਦ ਉਸ ਰਾਜੇ ਨੇ ਵੈਰੀ ਨੂੰ ਮਾਰਨ ਦਾ ਮਨ ਵਿਚ ਵਿਚਾਰ ਕਰ ਕੇ ਇਕ ਬਾਣ ਕੰਨਾਂ ਤਕ ਖਿਚ ਕੇ
ਸ਼ਿਵ ਦੇ ਸੀਨੇ ਵਿਚ ਨਿਸ਼ਾਣਾ ਸਾਧ ਕੇ ਮਾਰਿਆ ॥੧੫੧੪॥
ਚੌਪਈ:
ਜਦ ਉਸ ਨੇ ਸ਼ਿਵ ਦੇ ਸੀਨੇ ਵਿਚ ਬਾਣ ਮਾਰਿਆ
ਅਤੇ ਇਸ ਬਹਾਦਰੀ ਨੂੰ ਸ਼ਿਵ ਦੀ ਸੈਨਾ ਨੇ ਵੇਖਿਆ।
(ਤਦ ਉਸ ਵੇਲੇ) ਕਾਰਤਿਕੇ ਨੇ ਆਪਣੀ ਸੈਨਾ ਨਾਲ ਧਾਵਾ ਬੋਲ ਦਿੱਤਾ
ਅਤੇ ਫਿਰ ਗਣੇਸ਼ ਦੇ ਮਨ ਵਿਚ ਵੀ ਕ੍ਰੋਧ ਵਧ ਗਿਆ ॥੧੫੧੫॥
ਸਵੈਯਾ:
ਦੋਹਾਂ ਨੂੰ ਆਉਂਦਿਆਂ ਵੇਖ ਕੇ ਰਾਜੇ ਨੇ ਆਪਣੇ ਮਨ ਵਿਚ ਬਹੁਤ ਕ੍ਰੋਧ ਵਧਾਇਆ।
ਭੁਜਾਵਾਂ ਦੇ ਬਲ ਕਰ ਕੇ ਰਾਜੇ ਨੇ ਇਕ ਬਾਣ ਸੁਆਮੀ ਕਾਰਤਿਕੇ ('ਸਿਖਿ ਬਾਹਨ', ਮੋਰ ਦੀ ਸਵਾਰੀ ਵਾਲਾ) ਨੂੰ ਮਾਰ ਦਿੱਤਾ
ਅਤੇ ਹੋਰ ਵੀ ਗਣਾਂ ਦੀ ਜਿਤਨੀ ਸੈਨਾ ਆ ਰਹੀ ਸੀ, ਉਸ ਨੂੰ ਛਿਣ ਵਿਚ ਹੀ ਯਮ ਲੋਕ ਭੇਜ ਦਿੱਤਾ।
ਜਦੋਂ ਕਾਰਤਿਕੇ ਨੂੰ ਆ ਕੇ (ਬਾਣ ਵਜਿਆ ਤਾਂ) ਗਣੇਸ਼ ਰਣ-ਭੂਮੀ ਛਡ ਕੇ ਭਜ ਗਿਆ ॥੧੫੧੬॥
ਜਦੋਂ ਸ਼ਿਵ ਦੇ ਦਲ ਨੂੰ ਮਾਰ ਭਜਾਇਆ (ਤਾਂ) ਰਾਜੇ ਦੇ ਮਨ ਵਿਚ ਪ੍ਰਸੰਨਤਾ ਹੋਈ (ਅਤੇ ਕਿਹਾ) ਓਏ!
ਕਿਸ ਲਈ ਭਜਦੇ ਹੋ, ਨਾ ਭਜੋ; ਇਸ ਤਰ੍ਹਾਂ ਕਹਿ ਕੇ ਉਨ੍ਹਾਂ ਨੂੰ ਸੁਣਾਇਆ।
(ਕਵੀ) ਸ਼ਿਆਮ ਕਹਿੰਦੇ ਹਨ, ਉਸ ਵੇਲੇ ਖੜਗ ਸਿੰਘ ਨੇ ਆਪਣੇ ਹੱਥ ਵਿਚ ਸੰਖ ਲੈ ਕੇ ਵਜਾਇਆ
ਅਤੇ ਫਿਰ ਸਾਰੇ ਸ਼ਸਤ੍ਰਾਂ ਨੂੰ ਸੰਭਾਲਿਆ ਮਾਨੋ ਯਮਰਾਜ ਦਾ ਰੂਪ ਧਾਰਨ ਕਰ ਕੇ ਯੁੱਧ-ਭੂਮੀ ਵਿਚ ਆਇਆ ਹੋਵੇ ॥੧੫੧੭॥
ਲਲਕਾਰਾ ਸੁਣ ਕੇ ਸਾਰੇ ਫਿਰ ਪਰਤ ਪਏ ਅਤੇ ਹੱਥਾਂ ਵਿਚ ਤਲਵਾਰਾਂ ਲੈ ਕੇ ਤੇ ਕ੍ਰੋਧਵਾਨ ਹੋ ਕੇ (ਉਨ੍ਹਾਂ ਨੇ) ਧਾਵਾ ਬੋਲ ਦਿੱਤਾ।
ਲਾਜ ਦੇ ਭਰੇ ਹੋਏ ਨਾ ਡਰਦੇ ਹਨ ਅਤੇ ਨਾ ਪਿਛੇ ਹਟਦੇ ਹਨ, ਉਨ੍ਹਾਂ ਸਾਰਿਆਂ ਨੇ ਮਿਲ ਕੇ ਸੰਖ ਵਜਾਏ ਹਨ।
ਮਾਰੋ-ਮਾਰੋ ਦਾ ਰੌਲਾ ਪਿਆ ਹੋਇਆ ਹੈ ਅਤੇ ਵੰਗਾਰ ਕੇ ਆਖ ਰਹੇ ਹਨ, ਓਏ! ਤੂੰ (ਸਾਡੇ) ਬਹੁਤ ਸੂਰਮੇ ਮਾਰ ਦਿੱਤੇ ਹਨ।
(ਅਸੀਂ) ਹੁਣ ਤੈਨੂੰ ਮਾਰਦੇ ਹਾਂ, (ਕਿਸੇ ਤਰ੍ਹਾਂ ਜੀਉਂਦਾ) ਨਹੀਂ ਛਡਾਂਗੇ। ਇਹ ਕਹਿ ਕੇ (ਉਨ੍ਹਾਂ ਨੇ) ਬਹੁਤ ਸਾਰੇ ਤੀਰ ਚਲਾ ਦਿੱਤੇ ॥੧੫੧੮॥
ਜਦੋਂ ਅੰਤਾਂ ਦੀ ਮਾਰ ਮੱਚੀ, ਤਦੋਂ ਰਾਜੇ ਨੇ ਆਪਣੇ ਹਥਿਆਰ ਸੰਭਾਲ ਲਏ।
(ਉਹ) ਖੰਡਾ, ਗਦਾ, ਬਰਛੀ, ਜਮਧਾੜ ਅਤੇ ਤਲਵਾਰ ਲੈ ਕੇ ਵੈਰੀ ਨੂੰ ਲਲਕਾਰਦਾ ਹੈ।
(ਉਸ ਨੇ) ਹੱਥ ਵਿਚ ਧਨੁਸ਼ ਬਾਣ ਸੰਭਾਲ ਲਿਆ ਹੈ ਅਤੇ ਵੇਖ ਵੇਖ ਕੇ ਕਈ ਕਰੋੜ ਵੈਰੀ ਮਾਰ ਦਿੱਤੇ ਹਨ।
ਰਾਜਾ ਰਣ-ਭੂਮੀ ਤੋਂ ਮੂੰਹ ਨਹੀਂ ਮੋੜਦਾ ਹੈ, ਉਸ ਕੋਲੋਂ ਅੰਤ ਵਿਚ ਯਮਰਾਜ ਵਰਗੇ ਸੂਰਮੇ ਹਾਰ ਗਏ ਹਨ ॥੧੫੧੯॥
ਸ਼ਿਵ ਨੇ ਆਪਣੇ ਹੱਥ ਵਿਚ ਧਨੁਸ਼ ਬਾਣ ਲੈ ਕੇ ਆਪਣੇ ਮਨ ਵਿਚ ਬਹੁਤ ਕ੍ਰੋਧ ਵਧਾ ਲਿਆ ਹੈ।
ਰਾਜੇ ਨੂੰ ਮਾਰ ਦੇਣਾ (ਆਪਣੇ) ਚਿਤ ਵਿਚ ਸੋਚਦਾ ਹੈ (ਜਿਸ ਕਰ ਕੇ ਉਸ ਨੇ) ਆਪਣੇ ਵਾਹਨ ਬਲਦ ਨੂੰ ਭਜਾਇਆ ਹੈ।
' (ਮੈਂ) ਹੁਣੇ ਹੀ ਉਸ ਨੂੰ ਰਣ ਵਿਚ ਮਾਰਦਾ ਹਾਂ', ਇਹ ਕਹਿ ਕੇ (ਉਸ ਨੇ) ਰਾਜੇ ਨੂੰ ਇਸ ਤਰ੍ਹਾਂ ਸੁਣਾਇਆ।
ਇਸ ਤਰ੍ਹਾਂ ਕਹਿ ਕੇ (ਉਸ ਨੇ) ਸੰਖ ਦਾ ਨਾਦ ਕੀਤਾ ਮਾਨੋ ਅੰਤ ਕਾਲ ਆ ਗਿਆ ਹੋਵੇ ਅਤੇ ਪਰਲੋ ਦਾ ਬਦਲ ਚੜ੍ਹ ਆਇਆ ਹੋਵੇ ॥੧੫੨੦॥
ਨਾਦ ਦੀ ਗੂੰਜ (ਖਗੋਲ ਵਿਚ) ਪੂਰੀ ਤਰ੍ਹਾਂ ਭਰ ਗਈ ਹੈ। (ਉਸ ਨੂੰ) ਸੁਣ ਕੇ ਇੰਦਰ ਬਹੁਤ ਹੈਰਾਨ ਹੋਇਆ ਹੈ।
ਸੱਤ ਸਮੁੰਦਰ, ਨਦੀਆਂ, ਨਦ, ਅਤੇ ਸਰੋਵਰਾਂ-ਝੀਲਾਂ ਦਾ ਜਲ ਅਤੇ ਵਿੰਧਿਆਚਲ ਅਤੇ ਸੁਮੇਰ ਪਰਬਤ ਬਹੁਤ ਗੱਜੇ ਹਨ।
(ਉਸ ਨਾਦ ਨੂੰ) ਸੁਣ ਕੇ ਸ਼ੇਸ਼ਨਾਗ ਕੰਬ ਗਿਆ ਹੈ ਅਤੇ ਚੌਦਾਂ ਲੋਕਾਂ ਵਿਚ ਭੂਚਾਲ ਦਾ ਅਹਿਸਾਸ ਹੋ ਰਿਹਾ ਹੈ।
ਜਗਤ ਦੇ ਲੋਕ (ਉਸ ਨਾਦ ਨੂੰ) ਸੁਣ ਕੇ ਸ਼ੰਕਿਤ ਹੋ ਗਏ ਹਨ, ਪਰ ਰਾਜੇ ਨੇ ਮਨ ਵਿਚ ਜ਼ਰਾ ਜਿੰਨਾ ਵੀ ਡਰ ਨਹੀਂ ਮੰਨਿਆ ਹੈ ॥੧੫੨੧॥