ਆਪਣਾ ਸਮਝ ਕੇ ਹਰ ਤਰ੍ਹਾਂ ਨਾਲ ਮੇਰੀ ਪਾਲਨਾ ਕਰੋ।
ਮੇਰੇ ਵੈਰੀਆਂ ਨੂੰ ਚੁਣ ਚੁਣ ਕੇ ਮਾਰੋ।
ਦੇਗ ਅਤੇ ਤੇਗ ਦੋਵੇਂ ਜਗਤ ਵਿਚ ਚਲਦੀਆਂ ਰਹਿਣ।
(ਤੁਸੀਂ) ਆਪ ਮੇਰੀ ਰਖਿਆ ਕਰੋ, (ਤਾਂ ਜੋ) ਹੋਰ ਕੋਈ ਮੈਨੂੰ ਦਲ ਨਾ ਸਕੇ ॥੪੩੬॥
ਤੁਸੀਂ ਮੇਰੀ ਸਦਾ ਪ੍ਰਤਿਪਾਲਨਾ ਕਰੋ।
ਤੁਸੀਂ ਸੁਆਮੀ ਹੋ ਅਤੇ ਮੈਂ ਤੁਹਾਡਾ ਦਾਸ ਹਾਂ।
ਮੈਨੂੰ ਆਪਣਾ ਜਾਣ ਕੇ ਨਿਵਾਜੋ
ਅਤੇ ਮੇਰੇ ਸਾਰੇ ਕੰਮ ਪੂਰੇ ਕਰੋ ॥੪੩੭॥
ਤੁਸੀਂ ਸਾਰਿਆਂ ਰਾਜਿਆਂ ਦੇ ਰਾਜੇ ਹੋ।
ਤੁਸੀਂ ਆਪਣੇ ਆਪ ਹੀ ਗ਼ਰੀਬਾਂ ਨੂੰ ਵਡਿਆਉਣ ਵਾਲੇ ਹੋ।
(ਆਪਣਾ) ਦਾਸ ਜਾਣ ਕੇ ਮੇਰੇ ਉਤੇ ਕ੍ਰਿਪਾ ਕਰੋ।
ਮੈਂ ਹਾਰ ਕੇ ਤੁਹਾਡੇ ਦੁਆਰੇ ਉਤੇ ਆ ਪਿਆ ਹਾਂ ॥੪੩੮॥
ਆਪਣਾ ਜਾਣ ਕੇ ਮੇਰੀ ਪ੍ਰਤਿਪਾਲਣਾ ਕਰੋ।
ਤੁਸੀਂ ਸੁਆਮੀ ਹੋ ਅਤੇ ਮੈਂ ਤੁਹਾਡਾ ਦਾਸ ਹਾਂ।
(ਮੈਨੂੰ ਆਪਣਾ) ਦਾਸ ਜਾਣ ਕੇ, ਹੱਥ ਦੇ ਕੇ ਬਚਾ ਲਵੋ।
ਮੇਰੇ ਸਾਰੇ ਵੈਰੀਆਂ ਦਾ ਸੰਘਾਰ ਕਰੋ ॥੪੩੯॥
ਸਭ ਤੋਂ ਪਹਿਲਾਂ ਮੈਂ ਭਗਵਤੀ (ਦੇਵੀ) ਦਾ ਧਿਆਨ ਧਰਦਾ ਹਾਂ।
ਫਿਰ ਮੈਂ ਅਨੇਕ ਤਰ੍ਹਾਂ ਦੀ ਕਵਿਤਾ ਕਰਦਾ ਹਾਂ।
ਜਿਸ ਤਰ੍ਹਾਂ ਦੀ ਬੁੱਧੀ ਹੈ, ਉਸ ਅਨੁਰੂਪ ਕ੍ਰਿਸ਼ਨ ਦੇ ਚਰਿਤ੍ਰ ਦਾ ਉੱਚਾਰਨ ਕਰਦਾ ਹਾਂ।
ਹੇ ਕਵੀਓ! (ਕਿਤੇ) ਗ਼ਲਤੀ ਹੋਵੇ ਤਾਂ ਸੁਧਾਰ ਲੈਣਾ ॥੪੪੦॥
ਇਥੇ ਸ੍ਰੀ ਦੇਵੀ ਦੀ ਉਸਤਤ ਦੀ ਸਮਾਪਤੀ:
ਹੁਣ ਰਾਸ ਮੰਡਲ
ਸਵੈਯਾ:
ਜਦੋਂ ਕਤਕ (ਦੇ ਮਹੀਨੇ) ਦੀ ਠੰਡੀ ਰੁਤ ਆਈ, ਤਦੋਂ ਵੱਡੇ ਰਸੀਏ ਕਾਨ੍ਹ ਨੇ, ਜੋ ਮਹਾ ਜਸ ਵਾਲਾ ਭਗਵਾਨ ਹੈ,
ਗਵਾਲ ਬਾਲਕਾਂ ਨਾਲ ਮਿਲ ਕੇ ਖੇਡ ਖੇਡਣ ਦਾ ਵਿਚਾਰ ਕੀਤਾ।
ਅਪਵਿਤਰ ਲੋਕਾਂ ਦੇ ਸਾਰੇ ਪਾਪ ਜਿਸ ਦੇ ਚਰਨਾਂ ਨਾਲ ਲਗਦਿਆਂ ਨਸ਼ਟ ਹੋ ਜਾਂਦੇ ਹਨ,
ਸੁਣੋ, ਉਸ ਦੇ (ਮਨ ਵਿਚ) ਇਹ ਵਸ ਗਿਆ ਹੈ ਕਿ ਇਸਤਰੀ ਨਾਲ ਖੇਡ ਕੇ ਕਾਮ ਨੂੰ ਦੂਰ ਕਰਨਾ ਚਾਹੀਦਾ ਹੈ ॥੪੪੧॥
ਜਿਸ ਦਾ ਮੂੰਹ ਚੰਦ੍ਰਮਾ ਵਰਗਾ ਹੈ, ਕਮਲ ਫੁਲ ਦੀਆਂ ਪੰਖੜੀਆਂ ਵਰਗੇ ਜਿਸ ਦੇ ਨੈਣ ਹਨ।
ਜਿਸ ਦੇ ਭਰਵੱਟੇ ਧਨੁਸ਼ ਵਰਗੇ, ਪਲਕਾਂ ਤੀਰਾਂ (ਦੇ ਸਮਾਨ ਹਨ) ਅਤੇ ਜੋ (ਜਿਸ ਨੂੰ ਲਗਦੇ ਹਨ ਉਸ ਦੇ) ਤਨ ਦੇ ਦੁਖ ਨੂੰ ਦੂਰ ਕਰਦੇ ਹਨ।
ਕਾਮ ਦੀ ਸਾਣ ਨਾਲ ਤੇਜ਼ ਕੀਤੇ ਹੋਏ ਤੀਰ ਉਸੇ ਤਰ੍ਹਾਂ (ਅਰਥਾਤ ਸਾਣ ਵਾਂਗ) ਸਾਧਾਂ ਦੇ ਦੁਖ (ਰੂਪ ਜੰਗਾਲ) ਨੂੰ ਕਟ ਦਿੰਦੇ ਹਨ।
ਕਵੀ ਸ਼ਿਆਮ (ਕਹਿੰਦੇ ਹਨ, ਨੈਣ ਇਸ ਤਰ੍ਹਾਂ ਦੇ ਹਨ, ਮਾਨੋ) ਚੰਦ੍ਰਮਾ ਵਰਗੇ ਸਿਰ ਨਾਲ ਕਮਲ ਦੀਆਂ ਪੰਖੜੀਆਂ ਵਾਂਗ ਅੜੇ ਹੋਏ ਹੋਣ ॥੪੪੨॥
(ਕਾਨ੍ਹ) ਸ਼ਿਕਾਰੀ ਹੈ ਅਤੇ ਪਲਕਾਂ ਓਹਲਾ (ਅਰਥਾਤ ਮੋਰਚਾ) ਹਨ ਅਤੇ ਅੱਖਾਂ ਦੀਆਂ ਕੋਰਾਂ (ਕਨੱਖੀਆਂ) ਦੀ ਸੁੰਦਰਤਾ (ਅਜਿਹੀ ਹੈ, ਮਾਨੋ) ਤੀਰ ਸਾਧੇ ਹੋਏ ਹੋਣ।
ਕਾਨ੍ਹ ਕਿਤੇ ਬਨ ਵਿਚ ਖੜੋਤੇ ਹਨ ਅਤੇ ਸਿਰ ਤੇ ਤਨ ਉਤੇ ਕੇਸਰੀ ਰੰਗ ਦੇ ਬਸਤ੍ਰ ਧਾਰਨ ਕੀਤੇ ਹੋਏ ਹਨ।
ਹੌਲੀ ਹੌਲੀ ਚਾਲ ਨਾਲ ਚਲਦੇ ਹਨ, (ਇੰਜ ਲਗਦਾ ਹੈ) ਮਾਨੋ ਕਿਸੇ ਸ਼ਿਕਾਰੀ ਰੂਪ ਪਾਂਧੇ ਨੇ ਸਿਖਿਆ ਦਿੱਤੀ ਹੋਵੇ।
ਹੋਰ ਸਾਰਾ ਠਾਠ ਸ਼ਿਕਾਰੀ ਵਰਗਾ ਹੈ ਅਤੇ ਜੋ ਪੀਲਾ ਬਸਤ੍ਰ ਮੋਢੇ ਉਤੇ (ਲਿਆ ਹੋਇਆ ਹੈ) ਜਿਵੇਂ ਮਨ ਨੂੰ ਮੋਹਣ ਲਈ ਜਾਲ ਧਰਿਆ ਹੋਇਆ ਹੈ ॥੪੪੩॥
ਉਹ ਉਠ ਕੇ ਉਸ ਵੇਲੇ ਬਨ ਵਿਚ ਖੜੋਤੇ ਹਨ ਜੋ ਤ੍ਰੇਤਾ ਯੁਗ ਵਿਚ ਸੀਤਾ ਦੇ ਪਤੀ ਸਨ।
ਜਮਨਾ ਵਿਚ ਖੇਲ ਕਰਨ ਲਈ (ਉਸ ਨੇ) ਚੰਦਨ ਨੂੰ ਘਸ ਕੇ ਮੱਥੇ ਉਤੇ ਟਿਕਾ ਲਗਾਇਆ ਹੋਇਆ ਹੈ।
ਅੱਖਾਂ ਦੇ ਇਸ਼ਾਰਿਆਂ ਦਾ ਭੁਲਾਵਾ (ਚੋਗਾ) ਪਾ ਕੇ (ਉਸ ਨੇ) ਸਾਰਿਆਂ ਗਵਾਲ ਬਾਲਕਾਂ ਦਾ ਮਨ ਚੁਰਾ ਲਿਆ ਹੈ।
ਕਵੀ ਸ਼ਿਆਮ ਕਹਿੰਦੇ ਹਨ ਮਾਨੋ ਰਸ (ਨੂੰ ਪ੍ਰਾਪਤ ਕਰਨ) ਲਈ ਭਗਵਾਨ ਨੇ ਇਹ ਭੇਸ ਬਣਾਇਆ ਹੋਵੇ ॥੪੪੪॥
ਜਿਸ ਦੀਆਂ ਅੱਖਾਂ ਹਿਰਨ ਵਰਗੀਆਂ ਹਨ, ਅਤੇ ਜਿਸ ਦੇ ਮੁਖ ਨੇ ਚੰਦ੍ਰਮਾ ਵਰਗੀ ਸ਼ੋਭਾ ਪਾਈ ਹੋਈ ਹੈ;
ਜਿਸ ਦਾ ਲਕ ਸ਼ੇਰ ਵਰਗਾ (ਪਤਲਾ) ਹੈ ਅਤੇ ਸ਼ਰੀਰ ਦੀ ਛਬੀ ਸੋਨੇ ਦੀ ਚਮਕ ਵਰਗੀ ਹੈ;
ਜਿਸ ਦੇ ਪਟ ਕਦਲੀ ਦੇ ਤਣੇ ਵਰਗੇ ਬਣੇ ਹਨ ਅਤੇ ਜੰਘਾਂ ਤੀਰਾਂ ਜਿਹੀ ਸ਼ੋਭਾ ਵਾਲੀਆਂ ਹਨ (ਭਾਵ-ਸਿਧੀਆਂ ਹਨ);
ਸ਼ਿਆਮ ਦੇ ਅੰਗ ਪ੍ਰਤਿ ਅੰਗ ਬਹੁਤ ਸੁੰਦਰ ਹਨ, (ਉਨ੍ਹਾਂ ਦੀ) ਕੁਝ ਵੀ ਉਪਮਾ ਨਹੀਂ ਕਹੀ ਜਾ ਸਕਦੀ ॥੪੪੫॥
ਜਿਸ ਦਾ ਮੁਖ ਚੰਦ੍ਰਮਾ ਵਰਗਾ ਹੈ, ਉਸ ਨੇ ਬਨ ਵਿਚ ਪ੍ਰਸੰਨ ਹੋ ਕੇ ਗੀਤ ਗਾਏ ਹਨ।
(ਉਨ੍ਹਾਂ ਗੀਤਾਂ ਦੀ) ਸੁਰ ਦੀ ਧੁਨ ਨੂੰ (ਜਦੋਂ) ਬ੍ਰਜ ਦੀਆਂ ਸਾਰੀਆਂ ਇਸਤਰੀਆਂ ਨੇ ਕੰਨਾਂ ਨਾਲ ਸੁਣਿਆ
ਅਤੇ ਉਨ੍ਹਾਂ ਸਾਰੀਆਂ ਦੇ ਮਨ ਨੂੰ ਜਦ ਚੰਗਾ ਲਗਿਆ ਤਾਂ ਸਾਰੀਆਂ ਕਾਨ੍ਹ ਨੂੰ ਮਿਲਣ ਲਈ ਭਜ ਪਈਆਂ।
(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਕਾਨ੍ਹ ਨੇ ਮੁਟਿਆਰਾਂ ਰੂਪ ਹਿਰਨੀਆਂ ਨੂੰ ਛਲਣ ਲਈ 'ਘੰਡਾਹੇੜਾ' ਬਣਾਇਆ ਹੋਵੇ ॥੪੪੬॥
ਸ਼ਿਆਮ (ਕਵੀ) ਕਹਿੰਦੇ ਹਨ, ਬ੍ਰਿਛ ਹੇਠਾਂ ਖੜੋਤੇ ਕਾਨ੍ਹ ਦੇ ਮੂੰਹ ਨਾਲ ਲਗੀ ਮੁਰਲੀ ਚੰਗੀ ਤਰ੍ਹਾਂ ਫਬ ਰਹੀ ਹੈ।