ਸ਼੍ਰੀ ਦਸਮ ਗ੍ਰੰਥ

ਅੰਗ - 1202


ਤ੍ਰਿਯ ਆਗੇ ਪਤਿ ਜਿਯਤ ਤਿਹਾਰਾ ॥

ਹੇ ਇਸਤਰੀ! ਤੇਰਾ ਅਗਲਾ ਪਤੀ ਜੀਉਂਦਾ ਹੈ।

ਜੌ ਤੌ ਪ੍ਰਥਮ ਕਾਜਿਯਹਿ ਮਾਰੈ ॥

ਜੇ ਤੂੰ ਪਹਿਲਾਂ ਕਾਜ਼ੀ ਨੂੰ ਮਾਰ ਦੇਏਂ,

ਤਿਹ ਪਾਛੇ ਮੁਹਿ ਸੰਗਿ ਬਿਹਾਰੈ ॥੪॥

(ਤਦ) ਉਸ ਪਿਛੋਂ ਮੇਰੇ ਨਾਲ ਵਿਹਾਰ ਕਰੀਂ ॥੪॥

ਸੁਨਿ ਸਹਚਰਿ ਤਿਹ ਜਾਇ ਜਤਾਈ ॥

(ਇਹ ਗੱਲ) ਸੁਣ ਕੇ ਸਖੀ ਨੇ ਉਸ ਨੂੰ ਜਾ ਦਸਿਆ

ਨ੍ਰਿਪ ਹਮ ਕੋ ਇਮਿ ਭਾਖ ਸੁਨਾਈ ॥

ਕਿ ਰਾਜੇ ਨੇ ਮੈਨੂੰ ਇਸ ਤਰ੍ਹਾਂ ਕਿਹਾ ਹੈ।

ਜੌ ਤੈ ਪ੍ਰਥਮ ਕਾਜਿਯਹਿ ਘਾਵੈ ॥

ਜੇ ਤੂੰ ਪਹਿਲਾਂ ਕਾਜ਼ੀ ਨੂੰ ਮਾਰ ਦੇਏਂ,

ਤਿਹ ਉਪਰਾਤ ਬਹੁਰਿ ਮੁਹਿ ਪਾਵੈ ॥੫॥

ਉਸ ਉਪਰੰਤ ਫਿਰ ਮੈਨੂੰ ਪ੍ਰਾਪਤ ਕਰੀਂ ॥੫॥

ਸੁਨਿ ਤ੍ਰਿਯ ਬਾਤ ਚਿਤ ਮਹਿ ਰਾਖੀ ॥

(ਉਸ) ਇਸਤਰੀ ਨੇ ਇਹ ਗੱਲ ਸੁਣ ਕੇ ਚਿਤ ਵਿਚ ਹੀ ਰਖੀ

ਔਰ ਨ ਕਿਸੀ ਔਰਤਹਿ ਭਾਖੀ ॥

ਅਤੇ ਕਿਸੇ ਹੋਰ ਇਸਤਰੀ ਨਾਲ ਸਾਂਝੀ ਨਾ ਕੀਤੀ।

ਰੈਨਿ ਸਮੈ ਕਾਜੀ ਜਬ ਆਯੋ ॥

ਰਾਤ ਵੇਲੇ ਜਦ ਕਾਜ਼ੀ ਆਇਆ

ਕਾਢਿ ਕ੍ਰਿਪਾਨ ਸੋਵਤਹਿ ਘਾਯੋ ॥੬॥

ਤਾਂ ਤਲਵਾਰ ਕਢ ਕੇ ਸੁੱਤੇ ਹੋਏ ਨੂੰ ਮਾਰ ਦਿੱਤਾ ॥੬॥

ਤਾ ਕੋ ਕਾਟਿ ਮੂੰਡ ਕਰਿ ਲਿਯੋ ॥

ਉਸ ਦਾ ਸਿਰ ਕਟ ਲਿਆ

ਲੈ ਰਾਜਾ ਕੇ ਹਾਜਰ ਕਿਯੋ ॥

ਅਤੇ ਰਾਜੇ ਦੇ (ਸਾਹਮਣੇ) ਹਾਜ਼ਰ ਕਰ ਦਿੱਤਾ।

ਤਵ ਨਿਮਿਤ ਕਾਜੀ ਮੈ ਘਾਯੋ ॥

(ਅਤੇ ਕਹਿਣ ਲਗੀ) ਤੇਰੇ ਲਈ ਮੈਂ ਕਾਜ਼ੀ ਨੂੰ ਮਾਰ ਦਿੱਤਾ ਹੈ।

ਅਬ ਮੁਹਿ ਸੰਗ ਕਰੋ ਮਨ ਭਾਯੋ ॥੭॥

ਹੁਣ ਮੇਰੇ ਨਾਲ ਮਨ ਚਾਹਿਆ ਰਮਣ ਕਰੋ ॥੭॥

ਜਬ ਸਿਰ ਨਿਰਖਿ ਨ੍ਰਿਪਤਿ ਤਿਹ ਲਯੋ ॥

ਜਦ ਉਸ ਦਾ ਸਿਰ ਰਾਜੇ ਨੇ ਵੇਖਿਆ

ਮਨ ਕੇ ਬਿਖੈ ਅਧਿਕ ਡਰ ਪਯੋ ॥

ਤਾਂ ਮਨ ਵਿਚ ਬਹੁਤ ਡਰ ਗਿਆ।

ਪਤਿ ਮਾਰਤ ਜਿਹ ਲਗੀ ਨ ਬਾਰਾ ॥

(ਸੋਚਣ ਲਗਾ ਕਿ) ਜਿਸ ਨੂੰ ਪਤੀ ਮਾਰਨ ਲਗਿਆਂ ਦੇਰ ਨਹੀਂ ਲਗੀ,

ਕਾ ਉਪਪਤਿ ਤਿਹ ਅਗ੍ਰ ਬਿਚਾਰਾ ॥੮॥

ਤਾਂ ਉਸ ਸਾਹਮਣੇ ਉਪ-ਪਤੀ (ਪ੍ਰੇਮੀ) ਵਿਚਾਰਾ ਕੀ ਹੈ ॥੮॥

ਧਿਕ ਧਿਕ ਬਚ ਤਿਹ ਤ੍ਰਿਯਹ ਉਚਾਰਾ ॥

ਉਸ ਨੇ (ਉਸ) ਇਸਤਰੀ ਪ੍ਰਤਿ 'ਧਿਕਾਰ ਧਿਕਾਰ' ਦੇ ਬਚਨ ਕਹੇ

ਭੋਗ ਕਰਬ ਮੈ ਤਜਾ ਤਿਹਾਰਾ ॥

(ਅਤੇ ਫਿਰ ਕਿਹਾ) ਮੈਂ ਤੇਰੇ ਨਾਲ ਭੋਗ ਕਰਨਾ ਤਿਆਗ ਦਿੱਤਾ ਹੈ।

ਤ੍ਰਿਯ ਪਾਪਨਿ ਤੈ ਭਰਤਾ ਘਾਯੋ ॥

ਹੇ ਪਾਪਣ ਇਸਤਰੀ! ਤੂੰ ਆਪਣਾ ਪਤੀ ਮਾਰ ਦਿੱਤਾ ਹੈ,

ਤਾ ਤੇ ਮੋਹਿ ਅਧਿਕ ਡਰ ਆਯੋ ॥੯॥

ਇਸ ਲਈ ਮੈਨੂੰ ਬਹੁਤ ਡਰ ਲਗ ਗਿਆ ਹੈ ॥੯॥

ਅਬ ਤੈ ਜਾਹਿ ਪਾਪਨੀ ਤਹੀ ॥

ਹੇ ਪਾਪਣੇ! ਹੁਣ ਤੂੰ ਉਥੇ ਹੀ ਜਾ,

ਨਿਜ ਕਰ ਨਾਥ ਸੰਘਾਰਾ ਜਹੀ ॥

ਜਿਥੇ ਤੂੰ ਆਪਣੇ ਹੱਥ ਨਾਲ ਪਤੀ ਨੂੰ ਮਾਰਿਆ ਹੈ।

ਅਬ ਤੇਰੋ ਸਭ ਹੀ ਧ੍ਰਿਗ ਸਾਜਾ ॥

ਹੁਣ ਤੇਰਾ ਸਾਰਾ ਸਾਜ ਸ਼ਿੰਗਾਰ ਲਾਹਨਤ ਪਾਣ ਯੋਗ ਹੈ।

ਅਬ ਹੀ ਲਗਿ ਜੀਵਤ ਨਿਰਲਾਜਾ ॥੧੦॥

ਹੇ ਨਿਰਲਜ! ਤੂੰ ਹੁਣ ਤਕ ਜੀਉਂਦੀ ਹੈਂ ॥੧੦॥

ਦੋਹਰਾ ॥

ਦੋਹਰਾ:

ਹਿਤ ਮੇਰੇ ਜਿਨ ਪਤਿ ਹਨਾ ਕੀਨਾ ਬਡਾ ਕੁਕਾਜ ॥

ਮੇਰੇ ਲਈ ਜਿਸ ਨੇ ਆਪਣਾ ਪਤੀ ਮਾਰ ਕੇ ਬੜਾ ਮਾੜਾ ਕੰਮ ਕੀਤਾ ਹੈ,

ਜਮਧਰ ਮਾਰਿ ਨ ਮਰਤ ਹੈ ਅਬ ਲੌ ਜਿਯਤ ਨਿਲਾਜ ॥੧੧॥

(ਉਹ) ਜਮਧਾੜ (ਕਟਾਰ) ਮਾਰ ਕੇ ਮਰਦੀ (ਕਿਉਂ) ਨਹੀਂ ਅਤੇ ਨਿਰਲਜ ਅਜੇ ਤਕ ਜੀਉਂਦੀ ਹੈ ॥੧੧॥

ਚੌਪਈ ॥

ਚੌਪਈ:

ਸੁਨਤ ਬਚਨ ਏ ਨਾਰਿ ਰਿਸਾਈ ॥

ਇਹ ਬਚਨ ਸੁਣ ਕੇ (ਉਹ) ਇਸਤਰੀ ਬਹੁਤ ਕ੍ਰੋਧਿਤ ਹੋਈ

ਲਜਿਤ ਭਈ ਘਰ ਕੋ ਫਿਰੀ ਆਈ ॥

ਅਤੇ ਲਜਿਤ ਹੋ ਕੇ ਘਰ ਨੂੰ ਪਰਤ ਆਈ।

ਪਤਿ ਕੋ ਮੂੰਡ ਤਿਸੀ ਘਰ ਡਾਰਾ ॥

ਪਤੀ ਦਾ ਸਿਰ ਉਸੇ (ਰਾਜੇ) ਦੇ ਘਰ ਛਡ ਦਿੱਤਾ

ਆਇ ਧਾਮ ਇਸ ਭਾਤਿ ਪੁਕਾਰਾ ॥੧੨॥

ਅਤੇ ਘਰ ਆ ਕੇ ਇਸ ਤਰ੍ਹਾਂ ਪੁਕਾਰਨ ਲਗੀ ॥੧੨॥

ਪ੍ਰਾਤ ਭਏ ਸਭ ਲੋਗ ਬੁਲਾਏ ॥

ਸਵੇਰ ਹੁੰਦਿਆਂ ਹੀ ਸਭ ਲੋਕ ਬੁਲਾ ਲਏ

ਸਭਹਿਨ ਕਾਜੀ ਮ੍ਰਿਤਕ ਦਿਖਾਏ ॥

ਅਤੇ ਸਾਰਿਆਂ ਨੂੰ ਮਰਿਆ ਹੋਇਆ ਕਾਜ਼ੀ ਵਿਖਾਇਆ।

ਸ੍ਰੋਨਤ ਧਾਰ ਪਰਤ ਜਿਹ ਗਈ ॥

ਜਿਥੇ ਲਹੂ ਦੀ ਧਾਰ ਪਈ ਹੋਈ ਸੀ,

ਸੋ ਮਗੁ ਹ੍ਵੈ ਕਰਿ ਖੋਜਤ ਭਈ ॥੧੩॥

ਉਸੇ ਰਸਤੇ ਉਤੇ ਖੋਜਣ ਲਈ ਚਲ ਪਈ ॥੧੩॥

ਜਹ ਜਹ ਜਾਇ ਸ੍ਰੋਨ ਕੀ ਧਾਰਾ ॥

ਜਿਥੇ ਜਿਥੇ ਲਹੂ ਦੀ ਧਾਰ ਚਲਦੀ ਗਈ,

ਤਿਹ ਹੇਰਤ ਜਨ ਚਲੇ ਅਪਾਰਾ ॥

ਉਸੇ ਵਲ ਵੇਖਦੇ ਹੋਇਆਂ ਬਹੁਤ ਸਾਰੇ ਲੋਕ ਚਲ ਪਏ।

ਤਹ ਸਭਹੂੰ ਲੈ ਠਾਢੋ ਕੀਨਾ ॥

ਸਭ ਨੂੰ ਉਥੇ ਲਿਆ ਖੜਾ ਕੀਤਾ

ਜਹ ਨਿਜੁ ਹਾਥ ਡਾਰਿ ਸਿਰ ਦੀਨਾ ॥੧੪॥

ਜਿਥੇ (ਉਸ ਨੇ) ਆਪਣੇ ਹੱਥ ਨਾਲ (ਕਾਜ਼ੀ ਦਾ) ਸਿਰ ਸੁਟਿਆ ਸੀ ॥੧੪॥

ਮੂੰਡ ਕਟ੍ਯੋ ਸਭਹਿਨ ਲਖਿ ਪਾਯੋ ॥

ਕਟਿਆ ਹੋਇਆ ਸਿਰ ਸਾਰਿਆਂ ਨੇ ਵੇਖਿਆ

ਇਹ ਕਾਜੀ ਯਾਹੀ ਨ੍ਰਿਪ ਘਾਯੋ ॥

(ਅਤੇ ਸੋਚਿਆ ਕਿ) ਇਸੇ ਰਾਜੇ ਨੇ ਕਾਜ਼ੀ ਨੂੰ ਕਤਲ ਕੀਤਾ ਹੈ।

ਤਾ ਕਹ ਬਾਧਿ ਲੈ ਗਏ ਤਹਾ ॥

ਉਸ ਨੂੰ ਬੰਨ੍ਹ ਕੇ ਉਥੇ ਲੈ ਗਏ,

ਜਹਾਗੀਰ ਬੈਠਾ ਥੋ ਜਹਾ ॥੧੫॥

ਜਿਥੇ ਜਹਾਂਗੀਰ (ਦਰਬਾਰ ਲਗਾ ਕੇ) ਬੈਠਾ ਸੀ ॥੧੫॥

ਸਭ ਬ੍ਰਿਤਾਤ ਕਹਿ ਪ੍ਰਥਮ ਸੁਨਾਯੋ ॥

(ਸਭ ਨੇ) ਪਹਿਲਾਂ (ਬਾਦਸ਼ਾਹ ਨੂੰ) ਸਾਰਾ ਬ੍ਰਿਤਾਂਤ ਸੁਣਾ ਦਿੱਤਾ