ਸ਼੍ਰੀ ਦਸਮ ਗ੍ਰੰਥ

ਅੰਗ - 650


ਧਿਆਨ ਲਾਇ ਮੁਨਿ ਨਿਰਖਨ ਲਾਗੈ ॥੧੮੫॥

ਤਾਂ ਮੁਨੀ ਧਿਆਨ ਪੂਰਵਕ ਉਸ ਨੂੰ ਵੇਖਣ ਲਗਾ ॥੧੮੫॥

ਮੂਸ ਕਾਜ ਜਸ ਲਾਵਤ ਧਿਆਨੂ ॥

ਚੂਹੇ ਨੂੰ ਪਕੜਨ ਲਈ (ਜੋ ਇਹ) ਧਿਆਨ ਲਗਾਉਂਦਾ ਹੈ,

ਲਾਜਤ ਦੇਖਿ ਮਹੰਤ ਮਹਾਨੂੰ ॥

(ਉਸ ਧਿਆਨ ਨੂੰ) ਵੇਖ ਕੇ ਮਹਾਨ ਮਹੰਤ ਵੀ ਲਜਾ ਜਾਂਦੇ ਹਨ।

ਐਸ ਧਿਆਨ ਹਰਿ ਹੇਤ ਲਗਈਐ ॥

(ਜੇ) ਇਸ ਤਰ੍ਹਾਂ ਦਾ ਧਿਆਨ ਹਰਿ (ਦੀ ਪ੍ਰਾਪਤੀ) ਲਈ ਲਗਾਈਐ,

ਤਬ ਹੀ ਨਾਥ ਨਿਰੰਜਨ ਪਈਐ ॥੧੮੬॥

ਤਦ ਹੀ ਨਿਰੰਜਨ ਸੁਆਮੀ ਦੀ ਪ੍ਰਾਪਤੀ ਹੋ ਸਕਦੀ ਹੈ ॥੧੮੬॥

ਪੰਚਮ ਗੁਰੂ ਯਾਹਿ ਹਮ ਜਾਨਾ ॥

ਇਸ ਨੂੰ ਅਸੀਂ (ਆਪਣਾ) ਪੰਜਵਾਂ ਗੁਰੂ ਸਮਝਿਆ।

ਯਾ ਕਹੁ ਭਾਵ ਹੀਐ ਅਨੁਮਾਨਾ ॥

ਇਹ ਕਹਿ ਕੇ ਹਿਰਦੇ ਵਿਚ (ਇਹ) ਭਾਵ ਵਿਚਾਰ ਲਿਆ।

ਐਸੀ ਭਾਤਿ ਧਿਆਨ ਜੋ ਲਾਵੈ ॥

ਇਸ ਤਰ੍ਹਾਂ ਦਾ ਜੋ ਧਿਆਨ ਲਗਾਵੇਗਾ,

ਸੋ ਨਿਹਚੈ ਸਾਹਿਬ ਕੋ ਪਾਵੈ ॥੧੮੭॥

ਉਹ ਨਿਸਚੇ ਹੀ ਪ੍ਰਭੂ ('ਸਾਹਿਬ') ਨੂੰ ਪ੍ਰਾਪਤ ਕਰ ਲਵੇਗਾ ॥੧੮੭॥

ਇਤਿ ਬਿੜਾਲ ਪੰਚਮੋ ਗੁਰੂ ਸਮਾਪਤੰ ॥੫॥

ਇਥੇ 'ਬਿੜਾਲ' ਨਾਂ ਦੇ ਪੰਜਵੇਂ ਗੁਰੂ ਦਾ ਪ੍ਰਸੰਗ ਸਮਾਪਤ ॥੫॥

ਅਥ ਧੁਨੀਆ ਗੁਰੂ ਕਥਨੰ ॥

ਹੁਣ ਧੁਨੀਆ ਗੁਰੂ ਦਾ ਕਥਨ

ਚੌਪਈ ॥

ਚੌਪਈ:

ਆਗੇ ਚਲਾ ਰਾਜ ਸੰਨ੍ਯਾਸਾ ॥

ਸੰਨਿਆਸ ਰਾਜ (ਦੱਤ) ਅਗੇ ਤੁਰ ਪਿਆ

ਏਕ ਆਸ ਗਹਿ ਐਸ ਅਨਾਸਾ ॥

(ਜਿਸ ਨੇ) ਇਕ ਆਸ ਫੜ ਕੇ ਹੋਰ ਆਸਾਂ ਛਡ ਦਿੱਤੀਆਂ ਹਨ।

ਤਹ ਇਕ ਰੂਮ ਧੁਨਖਤੋ ਲਹਾ ॥

ਤਦ (ਉਸ ਨੇ) ਇਕ 'ਰੂਮ' (ਪੇਂਜਾ) ਰੂੰ ਪਿੰਜਦਾ ਹੋਇਆ ਵੇਖਿਆ (ਜਿਸ ਨੇ ਕੋਲੋਂ ਸੈਨਾ ਲੰਘ ਜਾਣ ਤੇ ਵੀ ਕੰਮ ਵਲੋਂ ਧਿਆਨ ਨਹੀਂ ਹਟਾਇਆ)

ਐਸ ਭਾਤਿ ਮਨ ਸੌ ਮੁਨਿ ਕਹਾ ॥੧੮੮॥

ਅਤੇ ਮੁਨੀ ਨੇ ਮਨ ਵਿਚ ਇਸ ਤਰ੍ਹਾਂ ਵਿਚਾਰਿਆ ॥੧੮੮॥

ਭੂਪ ਸੈਨ ਇਹ ਜਾਤ ਨ ਲਹੀ ॥

(ਕਿ ਇਸ ਪੇਂਜੇ) ਨੇ ਰਾਜੇ ਦੀ ਸੈਨਾ ਨੂੰ ਜਾਂਦਿਆਂ ਵੇਖਿਆ ਤਕ ਨਹੀਂ,

ਗ੍ਰੀਵਾ ਨੀਚ ਨੀਚ ਹੀ ਰਹੀ ॥

(ਕੰਮ ਵਿਚ ਲਗੇ ਦੀ) ਗਰਦਨ ਨੀਵੀਂ ਦੀ ਨੀਵੀਂ ਹੀ ਰਹੀ।

ਸਗਲ ਸੈਨ ਵਾਹੀ ਮਗ ਗਈ ॥

ਸਾਰੀ ਫੌਜ ਉਸ ਰਾਹ ਤੋਂ ਲੰਘ ਗਈ,

ਤਾ ਕੌ ਨੈਕੁ ਖਬਰ ਨਹੀ ਭਈ ॥੧੮੯॥

(ਪਰ) ਉਸ ਨੂੰ ਜ਼ਰਾ ਜਿੰਨੀ ਖ਼ਬਰ ਨਹੀਂ ਹੋਈ ॥੧੮੯॥

ਰੂਈ ਧੁਨਖਤੋ ਫਿਰਿ ਨ ਨਿਹਾਰਾ ॥

ਰੂੰ ਪਿੰਜਦੇ ਹੋਇਆਂ ਫਿਰ ਕੇ ਵੇਖਿਆ ਹੀ ਨਹੀਂ,

ਨੀਚ ਹੀ ਗ੍ਰੀਵਾ ਰਹਾ ਬਿਚਾਰਾ ॥

(ਉਸ) ਵਿਚਾਰੇ ਦੀ ਗਰਦਨ ਨੀਵੀਂ ਹੀ ਰਹੀ।

ਦਤ ਬਿਲੋਕਿ ਹੀਏ ਮੁਸਕਾਨਾ ॥

ਇਹ ਵੇਖ ਕੇ ਦੱਤ ਹਿਰਦੇ ਵਿਚ ਮੁਸਕਰਾਇਆ।

ਖਸਟਮ ਗੁਰੂ ਤਿਸੀ ਕਹੁ ਜਾਨਾ ॥੧੯੦॥

ਉਸੇ ਨੂੰ ਛੇਵਾਂ ਗੁਰੂ ਜਾਣ ਲਿਆ ॥੧੯੦॥

ਰੂਮ ਹੇਤ ਇਹ ਜਿਮ ਚਿਤੁ ਲਾਯੋ ॥

ਰੂੰ (ਪਿੰਜਣ) ਲਈ ਇਸ ਨੇ ਜਿਵੇਂ ਚਿਤ ਲਾਇਆ ਹੈ

ਸੈਨ ਗਈ ਪਰੁ ਸਿਰ ਨ ਉਚਾਯੋ ॥

ਅਤੇ ਸੈਨਾ ਲੰਘ ਗਈ, ਪਰ (ਇਸ ਨੇ) ਸਿਰ ਨਹੀਂ ਚੁਕਿਆ ਹੈ।

ਤੈਸੀਏ ਪ੍ਰਭ ਸੌ ਪ੍ਰੀਤਿ ਲਗਈਐ ॥

ਅਜਿਹੀ ਹੀ ਪ੍ਰੀਤ ਪ੍ਰਭੂ ਨਾਲ ਲਾਣੀ ਚਾਹੀਦੀ ਹੈ,

ਤਬ ਹੀ ਪੁਰਖ ਪੁਰਾਤਨ ਪਈਐ ॥੧੯੧॥

ਤਦ ਹੀ (ਉਸ) ਪੁਰਾਤਨ ਪੁਰਖ ਨੂੰ ਪਾਈਦਾ ਹੈ ॥੧੯੧॥

ਇਤਿ ਰੂਈ ਧੁਨਖਤਾ ਪੇਾਂਜਾ ਖਸਟਮੋ ਗੁਰੂ ਸਮਾਪਤੰ ॥੬॥

ਇਥੇ ਰੂੰ ਧੁੰਨਦੇ ਪੇਂਜੇ ਛੇਵੇਂ ਗੁਰੂ ਦਾ ਪ੍ਰਸੰਗ ਸਮਾਪਤ ॥੬॥

ਅਥ ਮਾਛੀ ਸਪਤਮੋ ਗੁਰੂ ਕਥਨੰ ॥

ਹੁਣ ਮਾਛੀ ਸੱਤਵੇਂ ਗੁਰੂ ਦਾ ਕਥਨ

ਚੌਪਈ ॥

ਚੌਪਈ:

ਆਗੇ ਚਲਾ ਰਾਜ ਸੰਨ੍ਯਾਸਾ ॥

ਸੰਨਿਆਸ ਰਾਜ (ਦੱਤ) ਅਗੇ ਨੂੰ ਤੁਰ ਪਿਆ

ਮਹਾ ਬਿਮਲ ਮਨ ਭਯੋ ਉਦਾਸਾ ॥

(ਜਿਸ ਦੀ ਬੁੱਧੀ) ਮਹਾਨ ਨਿਰਮਲ ਹੈ ਅਤੇ ਮਨ ਵਿਰਕਤ ਹੈ।

ਨਿਰਖਾ ਤਹਾ ਏਕ ਮਛਹਾ ॥

ਉਸ ਨੇ ਇਕ ਮਾਛੀ (ਮੱਛੀਆਂ ਪਕੜਨ ਵਾਲਾ) ਵੇਖਿਆ

ਲਏ ਜਾਰ ਕਰਿ ਜਾਤ ਨ ਕਹਾ ॥੧੯੨॥

(ਜੋ) ਹੱਥ ਵਿਚ ਜਾਲ ਲਈ ਜਾ ਰਿਹਾ ਸੀ (ਜਿਸ ਦਾ) ਵਰਣਨ ਨਹੀਂ ਕੀਤਾ ਜਾ ਸਕਦਾ ॥੧੯੨॥

ਬਿਨਛੀ ਏਕ ਹਾਥ ਮੋ ਧਾਰੇ ॥

ਉਸ ਨੇ ਹੱਥ ਵਿਚ ਇਕ ਕੁੰਡੀ ਵਾਲੀ ਸੋਟੀ ('ਬਿਨਛੀ') ਪਕੜੀ ਹੋਈ ਸੀ।

ਜਰੀਆ ਅੰਧ ਕੰਧ ਪਰ ਡਾਰੇ ॥

ਉਸ ਨੇ ਮੋਢਿਆਂ ਉਤੇ ਜਾਲੀਆਂ ਧਰੀਆਂ ਹੋਈਆਂ ਸਨ

ਇਸਥਿਤ ਏਕ ਮਛਿ ਕੀ ਆਸਾ ॥

ਅਤੇ (ਮੱਛੀ ਦੇ ਸ਼ਿਕਾਰ ਵਿਚ ਮਗਨ) ਅੰਨ੍ਹਿਆਂ ਵਾਂਗ (ਚਲਦਾ ਜਾ ਰਿਹਾ ਸੀ)। ਉਹ ਇਕ ਮੱਛੀ ਦੀ ਆਸ ਵਿਚ ਸਥਿਤ ਸੀ,

ਜਾਨੁਕ ਵਾ ਕੇ ਮਧ ਨ ਸਾਸਾ ॥੧੯੩॥

(ਇੰਜ ਪ੍ਰਤੀਤ ਹੁੰਦਾ ਸੀ) ਮਾਨੋ ਉਸ ਵਿਚ ਸਾਹ ਹੀ ਨਹੀਂ ਹੈ ॥੧੯੩॥

ਏਕਸੁ ਠਾਢ ਮਛ ਕੀ ਆਸੂ ॥

ਉਹ ਇਕ ਮੱਛੀ ਦੀ ਆਸ ਵਿਚ ਖੜੋਤਾ ਸੀ,

ਰਾਜ ਪਾਟ ਤੇ ਜਾਨ ਉਦਾਸੂ ॥

ਮਾਨੋ ਰਾਜ ਪਾਟ ਤੋਂ ਵੀ ਉਹ ਵਿਰਕਤ ਸੀ।

ਇਹ ਬਿਧਿ ਨੇਹ ਨਾਥ ਸੌ ਲਈਐ ॥

ਇਸ ਤਰ੍ਹਾਂ ਨਾਲ ਪ੍ਰਭੂ ਨਾਲ ਪ੍ਰੇਮ ਲਾਈਏ,

ਤਬ ਹੀ ਪੂਰਨ ਪੁਰਖ ਕਹ ਪਈਐ ॥੧੯੪॥

ਤਦ ਹੀ ਪਰਮ ਪੁਰਖ ਨੂੰ ਪਾਇਆ ਜਾ ਸਕੀਦਾ ਹੈ ॥੧੯੪॥

ਇਤਿ ਮਾਛੀ ਗੁਰੂ ਸਪਤਮੋ ਸਮਾਪਤੰ ॥੭॥

ਇਥੇ ਮਾਛੀ ਸੱਤਵੇਂ ਗੁਰੂ ਦਾ ਪ੍ਰਸੰਗ ਸਮਾਪਤ ॥੭॥

ਅਥ ਚੇਰੀ ਅਸਟਮੋ ਗੁਰੂ ਕਥਨੰ ॥

ਹੁਣ ਚੇਰੀ (ਦਾਸੀ) ਅੱਠਵੇਂ ਗੁਰੂ ਦਾ ਕਥਨ

ਚੌਪਈ ॥

ਚੌਪਈ:

ਹਰਖਤ ਅੰਗ ਸੰਗ ਸੈਨਾ ਸੁਨਿ ॥

ਦਕਸ਼ ਪ੍ਰਜਾਪਤੀ (ਦੇ ਘਰ) ਮੁਨੀ (ਦੱਤ) ਦਾ

ਆਯੋ ਦਛ ਪ੍ਰਜਾਪਤਿ ਕੇ ਮੁਨਿ ॥

ਆਇਆ ਸੁਣ ਕੇ (ਰਾਜੇ ਦੇ) ਸਾਕ, ਸੰਬੰਧ ਅਤੇ ਸੈਨਾ ਪ੍ਰਸੰਨ ਹੋ ਗਈ।


Flag Counter