ਅਤੇ ਵੈਰੀ ਨੂੰ ਮਾਰਨ ਲਈ ਖ਼ੰਜਰ ਨੂੰ ਖਿਚਿਆ ਹੋਇਆ ਸੀ ॥੧੧੪॥
ਉਹ ਜਿਥੇ ਦੌੜ ਕੇ ਪੈਂਦੀ, ਦੁਸ਼ਮਣ ਨੂੰ ਮਾਰ ਦਿੰਦੀ,
ਜਿਥੇ ਵੀ ਪਹੁੰਚਦੀ, ਉਥੇ ਉਨ੍ਹਾਂ ਨੂੰ ਬੰਨ੍ਹ ਲੈਂਦੀ ॥੧੧੫॥
ਜਦੋਂ ਮਾਯੰਦਰਾਂ ਦੇ ਬਾਦਸ਼ਾਹ ਨੇ ਹਮਲੇ ਦੀ ਗੱਲ ਸੁਣੀ,
ਤਾਂ ਬਹੁਤ ਕ੍ਰੋਧ ਨਾਲ ਉਥੇ ਆ ਗਿਆ ॥੧੧੬॥
ਬਾਦਸ਼ਾਹ ਨੇ ਨਵੀਂ ਬਹਾਰ ਵਾਂਗ ਫ਼ੌਜ ਨੂੰ ਤਿਆਰ ਕੀਤਾ।
ਤੋਪਾਂ, ਬੰਦੂਕਾਂ, ਪਾਣ ਚੜ੍ਹੀਆਂ ਖ਼ੰਜਰਾਂ (ਨਾਲ ਸੂਰਮੇ ਸਜ ਗਏ) ॥੧੧੭॥
ਉਹ ਡੂੰਘੇ ਦਰਿਆ ਨੂੰ ਤਰਨ ਵਾਂਗ ਮੈਦਾਨੇ ਜੰਗ ਵਿਚ ਆਏ।
ਉਹ ਸਾਰੇ ਸਿਰ ਤੋਂ ਪੈਰਾਂ ਤਕ ਲੋਹੇ ਨਾਲ ਮੜ੍ਹੇ ਹੋਏ ਸਨ ॥੧੧੮॥
ਤੋਪਾਂ, ਤਮਾਚਿਆਂ ਅਤੇ ਬੰਦੂਕਾਂ ਦੇ ਚਲਣ ਦੀ ਆਵਾਜ਼ ਆਣ ਲਗੀ।
ਧਰਤੀ ਪੋਸਤ ਦੇ ਫੁਲ ਵਾਂਗ ਲਾਲ ਹੋ ਗਈ ॥੧੧੯॥
ਵਜ਼ੀਰ ਦੀ ਲੜਕੀ ਯੁੱਧ-ਭੂਮੀ ਵਿਚ ਆਈ।
ਉਸ ਦੇ ਇਕ ਹੱਥ ਵਿਚ ਚੀਨ ਦੀ ਬਣੀ ਹੋਈ ਕਮਾਨ ਅਤੇ ਦੂਜੇ ਹੱਥ ਵਿਚ ਤੀਰ ਪਕੜਿਆ ਹੋਇਆ ਸੀ ॥੧੨੦॥
ਜਿਥੇ ਕਿਥੇ ਵੀ ਉਸ ਦੇ ਹੱਥ ਵਿਚੋਂ ਨਿਕਲ ਕੇ ਤੀਰ ਪਹੁੰਚਦਾ ਸੀ,
ਤਾਂ ਉਹ ਸੈਂਕੜੇ ਹਾਥੀਆਂ ਅਤੇ ਮਰਦਾਂ ਦੀਆਂ ਪਸਲੀਆਂ ਵਿਚੋਂ ਨਿਕਲ ਜਾਂਦਾ ਸੀ ॥੧੨੧॥
ਜਿਵੇਂ ਦਰਿਆ ਦੀਆਂ ਲਹਿਰਾਂ ਪੱਥਰਾਂ ਨਾਲ (ਟਕਰਾ ਕੇ) ਚਮਕਦੀਆਂ ਸਨ,
ਉਸੇ ਤਰ੍ਹਾਂ ਸੂਰਮਿਆਂ ਦੀਆਂ ਤਲਵਾਰਾਂ ਚਮਕ ਰਹੀਆਂ ਸਨ ॥੧੨੨॥
ਜਦੋਂ ਇਕ ਚਮਕਦਾਰ ਤਲਵਾਰ ਚਮਕੀ,
ਤਾਂ ਖ਼ੂਨ ਅਤੇ ਮਿੱਟੀ ਇਕੋ ਰੰਗ ਵਿਚ ਚਮਕਣ ਲਗੇ ॥੧੨੩॥
ਯੁੱਧ-ਖੇਤਰ ਵਿਚ ਹਿੰਦੁਸਤਾਨ ਦੀਆਂ ਬਣੀਆਂ ਤਲਵਾਰਾਂ ਚਮਕਣ ਲਗੀਆਂ
ਅਤੇ ਗੜ੍ਹੇ ਮਾਰ ਬਦਲਾਂ ਵਾਂਗ ਸੈਨਾ ਗਜਣ ਲਗੀ ॥੧੨੪॥
(ਵਜ਼ੀਰ ਦੀ ਲੜਕੀ ਦੇ ਹੱਥ ਵਿਚ) ਚੀਨ ਦੀ ਬਣੀ ਕਮਾਨ ਅਤੇ
ਹਿੰਦੁਸਤਾਨ ਦੀ ਬਣੀ ਤਲਵਾਰ ਚਮਕਾਰੇ ਮਾਰ ਰਹੀਆਂ ਸਨ ॥੧੨੫॥
ਕੁਝ ਕੋਹਾਂ ਤਕ ਰੌਲਾ ਸੁਣਾਈ ਦੇਣ ਲਗ ਗਿਆ।
ਦਰਿਆ ਕੰਬਣ ਲਗ ਗਿਆ ਅਤੇ ਪਹਾੜ ਫਟੜ ਲਗ ਗਏ ॥੧੨੬॥
ਜ਼ਮੀਨ ਅਤੇ ਆਸਮਾਨ ਚਮਕ ਉਠੇ,
ਜਦ ਯਮਨ ਦੇਸ਼ ਦੀਆਂ ਤਲਵਾਰਾਂ ਚਮਕੀਆਂ॥੧੨੭॥
ਬਾਂਸ ਅਗੇ ਲਗਿਆ ਨੇਜ਼ਾ ਵੀ ਤੇਜ਼ੀ ਵਿਚ ਆ ਗਿਆ,
ਜਦ ਉਸ ਨਾਜ਼ੁਕ ਅੰਗਾਂ ਵਾਲੀ ਦੇ ਸ਼ਰੀਰ ਵਿਚ ਕ੍ਰੋਧ ਵਧਿਆ ॥੧੨੮॥
ਸੰਸਾਰ ਤੋਪਾਂ ਅਤੇ ਨੇਜ਼ਿਆਂ ਦੀ ਧੂੜ ਵਿਚ ਲੁਪਤ ਹੋ ਗਿਆ,
ਜਦੋਂ ਸਿਪਾਹੀਆਂ ਨੇ ਯੁੱਧ-ਭੂਮੀ ਵਿਚ ਬਹੁਤ ਰੌਲਾ ਪਾਇਆ ॥੧੨੯॥
ਕਮਾਨਾਂ ਅਤੇ ਕਮੰਦਾਂ ਜੋਸ਼ ਵਿਚ ਆ ਗਈਆਂ
ਅਤੇ ਹਿੰਦੁਸਤਾਨ ਵਿਚ ਬਣੀਆਂ ਪਾਰੇ ਦੀ ਚਮਕ ਵਾਲੀਆਂ ਤਲਵਾਰਾਂ ਲਿਸ਼ਕਣ ਲਗੀਆਂ ॥੧੩੦॥
ਖ਼ੂਨ ਪੀਣ ਵਾਲੀ ਕਟਾਰ ਜੋਸ਼ ਵਿਚ ਆ ਗਈ
ਅਤੇ ਸੱਪ ਦੀ ਜੀਭ ਵਾਂਗ ਨੇਜ਼ਾ ਵੀ ਬਾਹਰ ਨਿਕਲ ਆਇਆ ॥੧੩੧॥
ਚਮਕੀਲੇ ਸ਼ਸਤ੍ਰਾਂ ਦੀ ਲਿਸ਼ਕ ਚਮਕਣ ਲਗ ਗਈ
ਅਤੇ ਮਿੱਟੀ ਤੇ ਖ਼ੂਨ ਮਿਲ ਕੇ ਗੰਧਕ ਵਾਂਗ ਲਾਲ ਹੋ ਗਿਆ ॥੧੩੨॥
ਤੀਰਾਂ ਅਤੇ ਬੰਦੂਕਾਂ ਦੀ 'ਠਾਹ ਠਾਹ' ਦੀ ਆਵਾਜ਼ ਆ ਰਹੀ ਸੀ
ਅਤੇ ਮਗਰਮੱਛਾਂ ਵਰਗੇ ਸੂਰਮਿਆਂ ਦੀ 'ਹਾਇ ਹਾਇ' ਦੀ ਆਵਾਜ਼ ਆ ਰਹੀ ਸੀ ॥੧੩੩॥
ਕਮਾਨਾਂ ਵਿਚ ਤੀਰਾਂ ਦੇ ਚਲਣ ਦੀ 'ਸ਼ਾਂ ਸ਼ਾਂ' ਦੀ ਆਵਾਜ਼ ਨਿਕਲ ਰਹੀ ਸੀ।
ਇੰਜ ਲਗਦਾ ਸੀ ਕਿ ਸੰਸਾਰ ਵਿਚ ਪਰਲੋ ਆ ਗਈ ਹੋਵੇ ॥੧੩੪॥
ਪੈਦਲ ਸੈਨਿਕਾਂ ਨੂੰ ਧਰਤੀ ਉਤੇ ਚਲਣ ਦੀ ਰਾਹ ਨਹੀਂ ਮਿਲ ਰਹੀ ਸੀ (ਕਿਉਂਕਿ ਧਰਤੀ ਲਾਸ਼ਾਂ ਨਾਲ ਭਰੀ ਪਈ ਸੀ)
ਅਤੇ ਹਵਾ ਵਿਚ ਪੰਛੀਆਂ ਨੂੰ ਉਡਣ ਦਾ ਰਸਤਾ ਨਹੀਂ ਮਿਲ ਰਿਹਾ ਸੀ (ਕਿਉਂਕਿ ਆਕਾਸ਼ ਤੀਰਾਂ ਨਾਲ ਭਰਿਆ ਪਿਆ ਸੀ) ॥੧੩੫॥
ਜੰਗ ਦੇ ਮੈਦਾਨ ਵਿਚ ਅਜਿਹੀ ਤਲਵਾਰ ਚਲੀ
ਕਿ ਮੁਰਦਿਆਂ ਨਾਲ ਧਰਤੀ 'ਕਾਫ਼' ਪਹਾੜ ਬਣ ਗਈ ॥੧੩੬॥
(ਮਰਨ ਵਾਲਿਆਂ ਦੇ) ਸਿਰਾਂ ਅਤੇ ਪੈਰਾਂ ਦੇ ਅੰਬਾਰ ਲਗ ਗਏ,
ਮਾਨੋ ਮੈਦਾਨ ਗੇਂਦਾਂ ਅਤੇ ਖੂੰਡੀਆਂ ਨਾਲ ਭਰਿਆ ਪਿਆ ਹੋਵੇ ॥੧੩੭॥
ਤੀਰਾਂ ਅਤੇ ਬੰਦੂਕਾਂ ਦੀ ਇਸ ਤਰ੍ਹਾਂ ਚਲਾਚਲੀ ਹੋ ਰਹੀ ਸੀ