ਸ਼੍ਰੀ ਦਸਮ ਗ੍ਰੰਥ

ਅੰਗ - 1080


ਹਮੈ ਨਗਜ ਸੈਨਾ ਮੌ ਦੀਜੈ ॥

ਸਾਨੂੰ ਨਗਜ (ਪਹਾੜੀ) ਸੈਨਾ ਦੇ ਹਵਾਲੇ ਕਰ ਦਿਓ

ਹਿੰਦੂ ਧਰਮ ਰਾਖਿ ਕਰਿ ਲੀਜੈ ॥੧੨॥

ਤਾਂ ਜੋ ਅਸੀਂ (ਆਪਣੇ) ਹਿੰਦੂ ਧਰਮ ਨੂੰ ਬਚਾ ਸਕੀਏ ॥੧੨॥

ਨਾਵਨ ਕੌ ਸੁਭ ਵਾਰੋ ਦਿਯੋ ॥

ਇਸ਼ਨਾਨ ਕਰਨ ਦਾ ਭੁਲਾਵਾ ਦੇ ਕੇ

ਬਾਲਨ ਸਹਿਤ ਦੇਸ ਮਗੁ ਲਿਯੋ ॥

ਬਾਲਕਾਂ ਸਮੇਤ (ਉਨ੍ਹਾਂ ਨੇ ਆਪਣੇ) ਦੇਸ ਦਾ ਰਸਤਾ ਪਕੜਿਆ।

ਰਜਪੂਤਨ ਰੂਮਾਲ ਫਿਰਾਏ ॥

ਤਦ ਰਾਜਪੂਤਨੀਆਂ ਨੇ ਰੁਮਾਲ ਫਿਰਾਏ

ਹਮ ਮਿਲਨੇ ਹਜਰਤਿ ਕੌ ਆਏ ॥੧੩॥

ਕਿ ਅਸੀਂ ਬਾਦਸ਼ਾਹ ਨੂੰ ਮਿਲਣ ਲਈ ਆਈਆਂ ਹਾਂ ॥੧੩॥

ਤਿਨ ਕੌ ਕਿਨੀ ਨ ਚੋਟਿ ਚਲਾਈ ॥

ਉਨ੍ਹਾਂ ਉਤੇ ਕਿਸੇ ਨੇ ਹਮਲਾ ਨਾ ਕੀਤਾ।

ਇਹ ਰਾਨੀ ਹਜਰਤਿ ਪਹ ਆਈ ॥

(ਅਤੇ ਸਮਝਿਆ ਕਿ) ਇਹ ਰਾਣੀ ਬਾਦਸ਼ਾਹ ਕੋਲ ਆਈ ਹੈ।

ਤੁਪਕ ਤਲੋ ਤੈ ਜਬੈ ਉਬਰੇ ॥

ਜਦ ਇਹ ਬੰਦੂਕਾਂ ਦੀ ਮਾਰ ਤੋਂ ਨਿਕਲ ਆਈਆਂ,

ਤਬ ਹੀ ਕਾਢਿ ਕ੍ਰਿਪਾਨੈ ਪਰੇ ॥੧੪॥

ਤਦ ਹੀ ਕ੍ਰਿਪਾਨਾਂ ਕਢ ਕੇ ਪੈ ਗਈਆਂ ॥੧੪॥

ਜੌਨੈ ਸੂਰ ਸਰੋਹੀ ਬਹੈ ॥

ਜਿਸ ਵੀ ਸੂਰਮੇ ਉਤੇ ਤਲਵਾਰ ਚਲਾਉਂਦੀਆਂ ਸਨ,

ਜੈਬੋ ਟਿਕੈ ਨ ਬਖਤਰ ਰਹੈ ॥

ਤਾਂ ਨਾ ਲੋਹੇ ਦੇ ਕਫ ('ਜੈਬੋ') ਟਿਕਦੇ ਸਨ ਅਤੇ ਨਾ ਹੀ ਕਵਚ।

ਏਕੈ ਤੀਰ ਏਕ ਅਸਵਾਰਾ ॥

ਇਕ ਸਵਾਰ ਲਈ ਇਕ ਤੀਰ

ਏਕੈ ਘਾਇ ਏਕ ਗਜ ਭਾਰਾ ॥੧੫॥

ਅਤੇ ਇਕ ਵੱਡੇ ਹਾਥੀ ਲਈ (ਕਿਰਪਾਨ ਦਾ) ਇਕ ਜ਼ਖ਼ਮ (ਕਾਫ਼ੀ ਸਨ) ॥੧੫॥

ਜਾ ਪਰ ਪਰੈ ਖੜਗ ਕੀ ਧਾਰਾ ॥

ਜਿਸ ਉਤੇ ਵੀ ਤਲਵਾਰ ਦੀ ਧਾਰ ਪੈਂਦੀ ਸੀ।

ਜਨੁਕ ਬਹੇ ਬਿਰਛ ਪਰ ਆਰਾ ॥

(ਇੰਜ ਪ੍ਰਤੀਤ ਹੁੰਦਾ ਸੀ) ਮਾਨੋ ਬ੍ਰਿਛ ਉਤੇ ਆਰਾ ਚਲ ਰਿਹਾ ਹੋਵੇ।

ਕਟਿ ਕਟਿ ਸੁਭਟ ਧਰਨਿ ਪਰ ਪਰਹੀ ॥

ਸੂਰਵੀਰ ਕਟ ਕਟ ਕੇ ਧਰਤੀ ਉਤੇ ਡਿਗ ਰਹੇ ਸਨ।

ਚਟਪਟ ਆਨਿ ਅਪਛਰਾ ਬਰਹੀ ॥੧੬॥

(ਅਤੇ ਉਨ੍ਹਾਂ ਨੂੰ) ਝਟਪਟ ਆ ਕੇ ਅਪੱਛਰਾਵਾਂ ਵਰ ਰਹੀਆਂ ਸਨ ॥੧੬॥

ਦੋਹਰਾ ॥

ਦੋਹਰਾ:

ਰਨਛੋਰੈ ਰਘੁਨਾਥ ਸਿੰਘ ਕੀਨੋ ਕੋਪ ਅਪਾਰ ॥

ਰਣਛੋੜ ਅਤੇ ਰਘੁਨਾਥ ਸਿੰਘ ਨੇ ਬਹੁਤ ਕ੍ਰੋਧ ਕੀਤਾ।

ਸਾਹ ਝਰੋਖਾ ਕੇ ਤਰੇ ਬਾਹਤ ਭੇ ਹਥਿਯਾਰ ॥੧੭॥

ਬਾਦਸ਼ਾਹ ਦੇ ਝਰੋਖੇ ਹੇਠਾਂ ਹਥਿਆਰ ਚਲਾਉਣ ਲਗੇ ॥੧੭॥

ਭੁਜੰਗ ਛੰਦ ॥

ਭੁਜੰਗ ਛੰਦ:

ਕਹੂੰ ਧੋਪ ਬਾਕੈ ਕਹੂੰ ਬਾਨ ਛੂਟੈ ॥

ਕਿਤੇ ਸੁੰਦਰ ਤਲਵਾਰਾਂ ਚਲਦੀਆਂ ਸਨ ਅਤੇ ਕਿਤੇ ਬਾਣ ਛੁਟਦੇ ਸਨ

ਕਹੂੰ ਬੀਰ ਬਾਨੀਨ ਕੇ ਬਕਤ੍ਰ ਟੂਟੈ ॥

ਅਤੇ ਕਿਤੇ ਬਾਣਾਂ ਵਾਲੇ ਸੂਰਮਿਆਂ ਦੇ ਕਵਚ ਟੁੱਟੇ ਹੋਏ ਸਨ।

ਕਹੂੰ ਬਾਜ ਮਾਰੇ ਗਜਾਰਾਜ ਜੂਝੈ ॥

ਕਿਤੇ ਘੋੜੇ ਮਾਰੇ ਗਏ ਸਨ ਅਤੇ ਕਿਤੇ ਵੱਡੇ ਹਾਥੀ ਜੂਝੇ ਪਏ ਸਨ।

ਕਟੇ ਕੋਟਿ ਜੋਧਾ ਨਹੀ ਜਾਤ ਬੂਝੇ ॥੧੮॥

ਬੇਸ਼ੁਮਾਰ ਯੋਧੇ ਕਟੇ ਪਏ ਸਨ, ਜਿਨ੍ਹਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ ਸੀ ॥੧੮॥

ਅੜਿਲ ॥

ਅੜਿਲ:

ਖਾਇ ਟਾਕਿ ਆਫੂਐ ਰਾਜ ਸਭ ਰਿਸਿ ਭਰੇ ॥

ਚਾਰ ਮਾਸੇ ਅਫ਼ੀਮ ਖਾ ਕੇ ਸਾਰੇ ਰਾਜੇ ਕ੍ਰੋਧ ਵਿਚ ਆ ਗਏ।

ਪੋਸਤ ਭਾਗ ਸਰਾਬ ਪਾਨ ਕਰਿ ਅਤਿ ਲਰੇ ॥

ਪੋਸਤ, ਭੰਗ ਅਤੇ ਸ਼ਰਾਬ ਦਾ ਸੇਵਨ ਕਰ ਕੇ ਖ਼ੂਬ ਲੜੇ।

ਸਾਹ ਝਰੋਖਾ ਤਰੈ ਚਰਿਤ੍ਰ ਦਿਖਾਇ ਕੈ ॥

ਬਾਦਸ਼ਾਹ ਦੇ ਝਰੋਖੇ ਹੇਠਾਂ ਚਰਿਤ੍ਰ ਵਿਖਾ ਕੇ

ਹੋ ਰਨਛੋਰਾ ਸੁਰ ਲੋਕ ਗਏ ਸੁਖ ਪਾਇ ਕੈ ॥੧੯॥

ਰਣਛੋੜ ਸੁਖ ਪੂਰਵਕ ਸਵਰਗ ਨੂੰ ਚਲਾ ਗਿਆ ॥੧੯॥

ਰਨਛੋਰਹਿ ਰਘੁਨਾਥ ਨਿਰਖਿ ਕਰਿ ਰਿਸਿ ਭਰਿਯੋ ॥

ਰਣਛੋੜ ਨੂੰ (ਮਰਿਆ) ਵੇਖ ਕੇ ਰਘੂਨਾਥ ਬਹੁਤ ਰੋਹ ਵਿਚ ਆ ਗਿਆ।

ਤਾ ਤੇ ਤੁਰੈ ਧਵਾਇ ਜਾਇ ਦਲ ਮੈ ਪਰਿਯੋ ॥

ਇਸ ਲਈ ਘੋੜੇ ਨੂੰ ਭਜਾ ਕੇ ਦਲ ਵਿਚ ਪਹੁੰਚ ਗਿਆ।

ਜਾ ਕੌ ਬਹੈ ਸਰੋਹੀ ਰਹੈ ਨ ਬਾਜ ਪਰ ॥

ਜਿਸ ਨੂੰ ਤਲਵਾਰ ਵਜਦੀ ਸੀ, ਉਹ ਘੋੜੇ ਉਤੇ ਸਵਾਰ ਨਹੀਂ ਰਹਿ ਸਕਦਾ ਸੀ।

ਹੋ ਗਿਰੈ ਮੂਰਛਨਾ ਖਾਇ ਤੁਰਤ ਸੋ ਭੂਮਿ ਪਰ ॥੨੦॥

ਉਹ ਤੁਰਤ ਮੂਰਛਿਤ ਹੋ ਕੇ ਧਰਤੀ ਉਤੇ ਡਿਗ ਪੈਂਦਾ ਸੀ ॥੨੦॥

ਧਨਿ ਧਨਿ ਔਰੰਗਸਾਹ ਤਿਨੈ ਭਾਖਤ ਭਯੋ ॥

ਉਨ੍ਹਾਂ ਨੂੰ ਵੇਖ ਕੇ ਔਰੰਗਜ਼ੇਬ ਵੀ ਧੰਨ ਧੰਨ ਕਹਿਣ ਲਗਾ।

ਘੇਰਹੁ ਇਨ ਕੌ ਜਾਇ ਦਲਹਿ ਆਇਸ ਦਯੋ ॥

(ਅਤੇ ਆਪਣੀ) ਸੈਨਾ ਨੂੰ ਆਗਿਆ ਦਿੱਤੀ ਕਿ ਇਨ੍ਹਾਂ ਨੂੰ ਜਾ ਕੇ ਘੇਰ ਲਵੋ।

ਜੋ ਐਸੇ ਦੋ ਚਾਰ ਔਰ ਭਟ ਧਾਵਹੀ ॥

ਜੇ ਇਹੋ ਜਿਹੇ ਦੋ ਚਾਰ ਸੂਰਮੇ ਆ ਪਏ

ਹੋ ਬੰਕ ਲੰਕ ਗੜ ਜੀਤਿ ਛਿਨਿਕ ਮੋ ਲ੍ਯਾਵਹੀ ॥੨੧॥

ਤਾਂ ਉਹ ਲੰਕਾ ਦੇ ਸੁੰਦਰ ਕਿਲ੍ਹੇ ਨੂੰ ਵੀ ਛਿਣ ਵਿਚ ਜਿਤ ਲਿਆਉਣਗੇ ॥੨੧॥

ਹਾਕਿ ਹਾਕਿ ਕਰਿ ਮਹਾ ਬੀਰ ਸੂਰਾ ਧਏ ॥

ਸੂਰਮੇ ਲਲਕਾਰੇ ਮਾਰ ਮਾਰ ਕੇ ਅਗੇ ਵਧ ਰਹੇ ਸਨ।

ਠਿਲਾ ਠਿਲੀ ਬਰਛਿਨ ਸੌ ਕਰਤ ਤਹਾ ਭਏ ॥

ਬਰਛਿਆਂ ਨਾਲ ਉਥੇ ਧੱਕਮਧੱਕੀ ਕਰ ਰਹੇ ਸਨ।

ਕੜਾਕੜੀ ਮੈਦਾਨ ਮਚਾਯੋ ਆਇ ਕਰ ॥

(ਉਨ੍ਹਾਂ ਨੇ) ਆ ਕੇ ਕੜਾਕੇਦਾਰ ਯੁੱਧ ਮਚਾ ਦਿੱਤਾ ਹੈ

ਹੋ ਭਾਤਿ ਭਾਤਿ ਬਾਦਿਤ੍ਰ ਅਨੇਕ ਬਜਾਇ ਕਰ ॥੨੨॥

ਅਤੇ ਭਾਂਤ ਭਾਂਤ ਦੇ ਅਨੇਕ ਵਾਜੇ ਵਜਾ ਦਿੱਤੇ ॥੨੨॥

ਚੌਪਈ ॥

ਚੌਪਈ:

ਤੁਮਲ ਜੁਧ ਮਚਤ ਤਹ ਭਯੋ ॥

ਉਥੇ ਘਮਸਾਨ ਯੁੱਧ ਹੋਇਆ।

ਲੈ ਰਘੁਨਾਥ ਸੈਨ ਸਮੁਹਯੋ ॥

ਰਘੂਨਾਥ ਸੈਨਾ ਲੈ ਕੇ ਸਾਹਮਣੇ ਆ ਡਟਿਆ।

ਭਾਤਿ ਭਾਤਿ ਸੋ ਬਜੇ ਨਗਾਰੇ ॥

ਭਾਂਤ ਭਾਂਤ ਦੇ ਨਗਾਰੇ ਵਜੇ।

ਖੇਤਿ ਮੰਡਿ ਸੂਰਮਾ ਹਕਾਰੇ ॥੨੩॥

ਯੁੱਧ ਮਚਾ ਕੇ ਸੂਰਮੇ ਇਕ ਦੂਜੇ ਨੂੰ ਵੰਗਾਰਨ ਲਗੇ ॥੨੩॥