ਸ਼੍ਰੀ ਦਸਮ ਗ੍ਰੰਥ

ਅੰਗ - 687


ਗ੍ਰੰਥ ਬਢਨ ਕੇ ਕਾਜ ਸੁਨਹੁ ਜੂ ਚਿਤ ਮੈ ਅਧਿਕ ਡਰੌ ॥

ਸੁਣੋ ਜੀ! ਗ੍ਰੰਥ ਦੇ ਵਧਣ ਕਰ ਕੇ ਚਿਤ ਵਿਚ ਬਹੁਤ ਡਰਦਾ ਹਾਂ।

ਤਉ ਸੁਧਾਰਿ ਬਿਚਾਰ ਕਥਾ ਕਹਿ ਕਹਿ ਸੰਛੇਪ ਬਖਾਨੋ ॥

ਫਿਰ ਵੀ ਸੁਧਾਰ ਕੇ ਵਿਚਾਰ ਪੂਰਵਕ ਕਥਾ ਕਹਿ ਕੇ ਸੰਖੇਪ ਵਿਚ ਹੀ ਬਖਾਨ ਕਰਦਾ ਹਾਂ।

ਜੈਸੇ ਤਵ ਪ੍ਰਤਾਪ ਕੇ ਬਲ ਤੇ ਜਥਾ ਸਕਤਿ ਅਨੁਮਾਨੋ ॥

ਜਿਸ ਤਰ੍ਹਾਂ ਤੇਰੇ ਪ੍ਰਤਾਪ ਦੇ ਬਲ ਨਾਲ ਯਥਾ ਸ਼ਕਤੀ ਵਰਣਨ ਕਰਦਾ ਹਾਂ।

ਜਬ ਪਾਰਸ ਇਹ ਬਿਧਿ ਰਨ ਮੰਡ੍ਰਯੋ ਨਾਨਾ ਸਸਤ੍ਰ ਚਲਾਏ ॥

ਜਦ ਪਾਰਸ (ਨਾਥ) ਨੇ ਇਸ ਪ੍ਰਕਾਰ ਦਾ ਯੁੱਧ ਮਚਾਇਆ ਅਤੇ ਅਨੇਕ ਪਕਾਰ ਦੇ ਸ਼ਸਤ੍ਰ ਚਲਾਏ।

ਹਤੇ ਸੁ ਹਤੇ ਜੀਅ ਲੈ ਭਾਜੇ ਚਹੁੰ ਦਿਸ ਗਏ ਪਰਾਏ ॥

(ਜੋ) ਮਾਰੇ ਗਏ, ਸੋ ਮਾਰੇ ਗਏ, (ਬਾਕੀ) ਜਿੰਦ ਬਚਾ ਕੇ ਭਜ ਗਏ ਅਤੇ ਚੌਹਾਂ ਪਾਸਿਆਂ ਵਲ ਖਿਸਕ ਗਏ।

ਜੇ ਹਠ ਤਿਆਗਿ ਆਨਿ ਪਗ ਲਾਗੇ ਤੇ ਸਬ ਲਏ ਬਚਾਈ ॥

ਜੋ (ਸੂਰਮੇ) ਹਠ ਨੂੰ ਤਿਆਗ ਕੇ (ਪਾਰਸ ਨਾਥ ਦੇ) ਪੈਰੀਂ ਆ ਪਏ, ਉਹ ਸਾਰੇ ਬਚਾ ਲਏ ਗਏ।

ਭੂਖਨ ਬਸਨ ਬਹੁਤੁ ਬਿਧਿ ਦੀਨੇ ਦੈ ਦੈ ਬਹੁਤ ਬਡਾਈ ॥੧੧੪॥

ਗਹਿਣੇ, ਬਸਤ੍ਰ ਆਦਿ ਬਹੁਤ ਤਰ੍ਹਾਂ ਨਾਲ ਦਿੱਤੇ ਅਤੇ ਸਨਮਾਨ ਸਹਿਤ ਵਿਦਾ ਕਰ ਦਿੱਤਾ ॥੧੧੪॥

ਬਿਸਨਪਦ ॥ ਕਾਫੀ ॥

ਬਿਸਨਪਦ: ਕਾਫੀ:

ਪਾਰਸ ਨਾਥ ਬਡੋ ਰਣ ਪਾਰ੍ਯੋ ॥

ਪਾਰਸ ਨਾਥ ਨੇ ਬਹੁਤ ਭਾਰੀ ਯੁੱਧ ਮਚਾਇਆ।

ਆਪਨ ਪ੍ਰਚੁਰ ਜਗਤ ਮਤੁ ਕੀਨਾ ਦੇਵਦਤ ਕੋ ਟਾਰ੍ਯੋ ॥

ਜਗਤ ਵਿਚ ਆਪਣਾ ਮਤ ਪ੍ਰਚਲਿਤ ਕਰ ਦਿੱਤਾ ਅਤੇ ਦੱਤਾਤ੍ਰੇ ਦਾ ਮਤ ਦੂਰ ਕਰ ਦਿੱਤਾ।

ਲੈ ਲੈ ਸਸਤ੍ਰ ਅਸਤ੍ਰ ਨਾਨਾ ਬਿਧਿ ਭਾਤਿ ਅਨਿਕ ਅਰਿ ਮਾਰੇ ॥

ਅਨੇਕ ਤਰ੍ਹਾਂ ਦੇ ਸ਼ਸਤ੍ਰ ਅਸਤ੍ਰ ਲੈ ਕੇ ਭਾਂਤ ਭਾਂਤ ਦੇ ਅਨੇਕ ਵੈਰੀ ਮਾਰੇ।

ਜੀਤੇ ਪਰਮ ਪੁਰਖ ਪਾਰਸ ਕੇ ਸਗਲ ਜਟਾ ਧਰ ਹਾਰੇ ॥

ਪਰਮ ਪੁਰਖ ਪਾਰਸ (ਨਾਥ) ਦੇ (ਸੂਰਮੇ) ਜਿਤ ਗਏ ਅਤੇ ਸਾਰੇ ਜਟਾਧਾਰੀ (ਸੰਨਿਆਸੀ) ਹਾਰ ਗਏ।

ਬੇਖ ਬੇਖ ਭਟ ਪਰੇ ਧਰਨ ਗਿਰਿ ਬਾਣ ਪ੍ਰਯੋਘਨ ਘਾਏ ॥

(ਵਖਰੇ ਵਖਰੇ) ਭੇਸਾਂ ਵਾਲੇ ਯੋਧੇ ਬਾਣਾਂ ਦੀ ਝੜੀ ਨਾਲ ਘਾਇਲ ਹੋ ਕੇ ਧਰਤੀ ਉਤੇ ਡਿਗੇ ਪਏ ਹਨ।

ਜਾਨੁਕ ਪਰਮ ਲੋਕ ਪਾਵਨ ਕਹੁ ਪ੍ਰਾਨਨ ਪੰਖ ਲਗਾਏ ॥

(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਪਰਮ ਲੋਕ ਨੂੰ ਪ੍ਰਾਪਤ ਕਰਨ ਲਈ ਕਿਤੇ ਪ੍ਰਾਣਾਂ ਨੂੰ ਖੰਭ ਲਗ ਗਏ ਹੋਣ।

ਟੂਕ ਟੂਕ ਹ੍ਵੈ ਗਿਰੇ ਕਵਚ ਕਟਿ ਪਰਮ ਪ੍ਰਭਾ ਕਹੁ ਪਾਈ ॥

(ਯੋਧਿਆਂ ਦੇ) ਕਵਚ ਕਟ ਕੇ ਟੋਟੇ ਟੋਟੇ ਹੋ ਕੇ ਡਿਗੇ ਪਏ ਹਨ ਅਤੇ ਪਰਮ ਸ਼ੋਭਾ ਨੂੰ ਪ੍ਰਾਪਤ ਕਰ ਰਹੇ ਹਨ।

ਜਣੁ ਦੈ ਚਲੇ ਨਿਸਾਣ ਸੁਰਗ ਕਹ ਕੁਲਹਿ ਕਲੰਕ ਮਿਟਾਈ ॥੧੧੫॥

(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਧੌਂਸੇ ਵਜ ਕੇ ਅਤੇ ਆਪਣੇ ਕੁਲ ਦੇ ਕਲੰਕ ਨੂੰ ਮਿਟਾ ਕੇ ਸਵਰਗ ਨੂੰ ਚਲੇ ਹੋਣ ॥੧੧੫॥

ਬਿਸਨਪਦ ॥ ਸੂਹੀ ॥

ਬਿਸਨਪਦ: ਸੂਹੀ:

ਪਾਰਸ ਨਾਥ ਬਡੋ ਰਣ ਜੀਤੋ ॥

ਪਾਰਸ ਨਾਥ ਨੇ ਵੱਡਾ ਯੁੱਧ ਜਿਤ ਲਿਆ।

ਜਾਨੁਕ ਭਈ ਦੂਸਰ ਕਰਣਾਰਜੁਨ ਭਾਰਥ ਸੋ ਹੁਇ ਬੀਤੋ ॥

(ਇਸ ਤਰ੍ਹਾਂ ਲਗਦਾ ਹੈ) ਮਾਨੋ ਕਰਨ ਅਤੇ ਅਰਜਨ ਦੀ ਦੂਜੀ ਵਾਰ ਲੜਾਈ ਹੋ ਗੁਜ਼ਰੀ ਹੋਵੇ।

ਬਹੁ ਬਿਧਿ ਚਲੈ ਪ੍ਰਵਾਹਿ ਸ੍ਰੋਣ ਕੇ ਰਥ ਗਜ ਅਸਵ ਬਹਾਏ ॥

ਲਹੂ ਦੇ ਬਹੁਤ ਤਰ੍ਹਾਂ ਨਾਲ ਪ੍ਰਵਾਹ ਚਲੇ ਹਨ (ਜਿਨ੍ਹਾਂ ਨੇ) ਰਥ, ਹਾਥੀ ਅਤੇ ਘੋੜੇ ਰੁੜ੍ਹਾ ਲਏ ਹਨ।

ਭੈ ਕਰ ਜਾਨ ਭਯੋ ਬਡ ਆਹਵ ਸਾਤ ਸਮੁੰਦਰ ਲਜਾਏ ॥

ਭਿਆਨਕ ਵੱਡਾ ਯੁੱਧ ਹੋਇਆ ਜਾਣ ਕੇ ਸੱਤ ਸਮੁੰਦਰ ਵੀ ਲਜਾ ਰਹੇ ਹਨ।

ਜਹ ਤਹ ਚਲੇ ਭਾਜ ਸੰਨਿਆਸੀ ਬਾਣਨ ਅੰਗ ਪ੍ਰਹਾਰੇ ॥

ਬਾਣਾਂ ਨਾਲ ਵੱਢੇ ਕਟੇ ਸ਼ਰੀਰਾਂ ਨਾਲ ਸੰਨਿਆਸੀ ਜਿਥੇ ਕਿਥੇ ਭਜ ਤੁਰੇ ਹਨ।

ਜਾਨੁਕ ਬਜ੍ਰ ਇੰਦ੍ਰ ਕੇ ਭੈ ਤੇ ਪਬ ਸਪਛ ਸਿਧਾਰੇ ॥

(ਇੰਜ ਮਾਲੂਮ ਹੁੰਦਾ ਹੈ) ਮਾਨੋ ਇੰਦਰ ਦੇ ਵਜ੍ਰ ਤੋਂ ਡਰਦੇ ਹੋਏ ਪਰਬਤ ਖੰਭਾਂ ਸਹਿਤ ਉਡ ਗਏ ਹੋਣ।

ਜਿਹ ਤਿਹ ਗਿਰਤ ਸ੍ਰੋਣ ਕੀ ਧਾਰਾ ਅਰਿ ਘੂਮਤ ਭਿਭਰਾਤ ॥

ਜਿਥੇ ਕਿਥੇ ਲਹੂ ਦੀ ਧਾਰ ਡਿਗਦੀ ਹੈ ਅਤੇ ਵੈਰੀ ਭੈਭੀਤ ਹੋਏ ਘੁੰਮਦੇ ਫਿਰਦੇ ਹਨ।

ਨਿੰਦਾ ਕਰਤ ਛਤ੍ਰੀਯ ਧਰਮ ਕੀ ਭਜਤ ਦਸੋ ਦਿਸ ਜਾਤ ॥੧੧੬॥

ਛਤ੍ਰੀ ਧਰਮ ਦੀ ਨਿੰਦਿਆ ਕਰਦੇ ਹੋਏ ਦਸਾਂ ਦਿਸ਼ਾਵਾਂ ਵਲ (ਸੰਨਿਆਸੀ) ਭਜੀ ਜਾ ਰਹੇ ਹਨ ॥੧੧੬॥

ਬਿਸਨਪਦ ॥ ਸੋਰਠਿ ॥

ਬਿਸਨਪਦ: ਸੋਰਠਿ:

ਜੇਤਕ ਜੀਅਤ ਬਚੇ ਸੰਨ੍ਯਾਸੀ ॥

ਜਿਤਨੇ ਕੁ ਸੰਨਿਆਸੀ ਜੀਉਂਦੇ ਬਚ ਗਏ,

ਤ੍ਰਾਸ ਮਰਤ ਫਿਰਿ ਬਹੁਰਿ ਨ ਆਏ ਹੋਤ ਭਏ ਬਨਬਾਸੀ ॥

ਡਰ ਦੇ ਮਾਰੇ ਫਿਰ ਨਹੀਂ ਆਏ ਅਤੇ ਬਨਬਾਸੀ ਹੋ ਗਏ।

ਦੇਸ ਬਿਦੇਸ ਢੂੰਢ ਬਨ ਬੇਹੜ ਤਹ ਤਹ ਪਕਰਿ ਸੰਘਾਰੇ ॥

ਦੇਸਾਂ, ਬਿਦੇਸਾਂ, ਬਨਾਂ, ਬੀਹੜਾਂ ਵਿਚੋਂ ਲਭ ਲਭ ਕੇ ਜਿਥੇ ਕਿਥੇ ਪਕੜ ਕੇ ਮਾਰ ਸੁਟੇ ਹਨ।

ਖੋਜਿ ਪਤਾਲ ਅਕਾਸ ਸੁਰਗ ਕਹੁ ਜਹਾ ਤਹਾ ਚੁਨਿ ਮਾਰੇ ॥

ਪਾਤਾਲ, ਆਕਾਸ਼ ਅਤੇ ਸਵਰਗ ਨੂੰ ਖੋਜ ਕੇ ਜਿਥੇ ਕਿਥੇ ਚੁਣ ਚੁਣ ਕੇ ਮਾਰ ਸੁਟੇ ਹਨ।

ਇਹ ਬਿਧਿ ਨਾਸ ਕਰੇ ਸੰਨਿਆਸੀ ਆਪਨ ਮਤਹ ਮਤਾਯੋ ॥

ਇਸ ਤਰ੍ਹਾਂ ਸੰਨਿਆਸੀਆਂ ਦਾ ਨਾਸ ਕੀਤਾ ਅਤੇ ਆਪਣਾ ਮਤ ਚਲਾ ਦਿੱਤਾ।

ਆਪਨ ਨ੍ਯਾਸ ਸਿਖਾਇ ਸਬਨ ਕਹੁ ਆਪਨ ਮੰਤ੍ਰ ਚਲਾਯੋ ॥

ਸਾਰਿਆਂ ਨੂੰ ਆਪਣਾ ਢੰਗ ਸਿਖਾ ਕੇ ਆਪਣਾ ਮੰਤ੍ਰ ਚਲਾ ਦਿੱਤਾ।

ਜੇ ਜੇ ਗਹੇ ਤਿਨ ਤੇ ਘਾਇਲ ਤਿਨ ਕੀ ਜਟਾ ਮੁੰਡਾਈ ॥

ਜਿਹੜੇ ਜਿਹੜੇ ਉਨ੍ਹਾਂ ਵਿਚੋਂ ਘਾਇਲ ਪਕੜੇ ਸਨ, ਉਨ੍ਹਾਂ ਦੀਆਂ ਜਟਾਵਾਂ ਮੁੰਨਵਾ ਦਿੱਤੀਆਂ।

ਦੋਹੀ ਦੂਰ ਦਤ ਕੀ ਕੀਨੀ ਆਪਨ ਫੇਰਿ ਦੁਹਾਈ ॥੧੧੭॥

ਇਸ ਤਰ੍ਹਾਂ ਦੱਤਾਤ੍ਰੇ ਦੀ ਦੁਹਾਈ ਨੂੰ (ਸੰਸਾਰ ਤੋਂ) ਦੂਰ ਕਰ ਦਿੱਤਾ ਅਤੇ (ਪਾਰਸ ਨਾਥ ਨੇ) ਆਪਣੀ ਦੁਹਾਈ ਫਿਰਾ ਦਿੱਤੀ ॥੧੧੭॥

ਬਿਸਨਪਦ ॥ ਬਸੰਤ ॥

ਬਿਸਨਪਦ: ਬਸੰਤ:

ਇਹ ਬਿਧਿ ਫਾਗ ਕ੍ਰਿਪਾਨਨ ਖੇਲੇ ॥

ਇਸ ਤਰ੍ਹਾਂ ਤਲਵਾਰਾਂ ਦੀ ਹੋਲੀ ਖੇਡੀ।

ਸੋਭਤ ਢਾਲ ਮਾਲ ਡਫ ਮਾਲੈ ਮੂਠ ਗੁਲਾਲਨ ਸੇਲੇ ॥

ਢਾਲਾਂ ਦੀ ਕਤਾਰ, (ਮਾਨੋ) ਡਫ਼ਾਂ ਦੀ ਪੰਗਤੀ ਸ਼ੋਭ ਰਹੀ ਹੋਵੇ ਅਤੇ ਬਰਛੇ ਗੁਲਾਲਾਂ ਦੀ ਮੁਠ ਹੋਣ।

ਜਾਨੁ ਤੁਫੰਗ ਭਰਤ ਪਿਚਕਾਰੀ ਸੂਰਨ ਅੰਗ ਲਗਾਵਤ ॥

ਬੰਦੂਕਾਂ ਨੂੰ ਭਰੀਆਂ ਹੋਈਆਂ ਪਿਚਕਾਰੀਆਂ ਜਾਣੋ ਜੋ ਸੂਰਮਿਆਂ ਦੇ ਅੰਗਾਂ ਨੂੰ ਲਗਦੀਆਂ ਹਨ।

ਨਿਕਸਤ ਸ੍ਰੋਣ ਅਧਿਕ ਛਬਿ ਉਪਜਤ ਕੇਸਰ ਜਾਨੁ ਸੁਹਾਵਤ ॥

(ਸ਼ਰੀਰਾਂ ਵਿਚੋਂ) ਨਿਕਲਦਾ ਲਹੂ ਬਹੁਤ ਸ਼ੋਭਾ ਪਾ ਰਿਹਾ ਹੈ, ਮਾਨੋ ਕੇਸਰ ਸੋਭ ਰਿਹਾ ਹੋਵੇ।

ਸ੍ਰੋਣਤ ਭਰੀ ਜਟਾ ਅਤਿ ਸੋਭਤ ਛਬਹਿ ਨ ਜਾਤ ਕਹ੍ਯੋ ॥

ਲਹੂ ਨਾਲ ਲਿਬੜੀਆਂ ਜਟਾਵਾਂ ਬਹੁਤ ਸ਼ੋਭਾਇਮਾਨ ਹਨ, ਜਿਨ੍ਹਾਂ ਦੀ ਛਬੀ ਦਾ ਵਰਣਨ ਨਹੀਂ ਕੀਤਾ ਜਾ ਸਕਦਾ।

ਮਾਨਹੁ ਪਰਮ ਪ੍ਰੇਮ ਸੌ ਡਾਰ੍ਯੋ ਈਂਗਰ ਲਾਗਿ ਰਹ੍ਯੋ ॥

(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਬਹੁਤ ਪ੍ਰੇਮ ਨਾਲ ਪਾਇਆ ਹੋਇਆ ਸੰਧੂਰ ਦਾ ਰੰਗ ਲਗ ਰਿਹਾ ਹੋਵੇ।

ਜਹ ਤਹ ਗਿਰਤ ਭਏ ਨਾਨਾ ਬਿਧਿ ਸਾਗਨ ਸਤ੍ਰੁ ਪਰੋਏ ॥

ਬਰਛੀਆਂ ਨਾਲ ਪਰੋਤੇ ਵੈਰੀ ਜਿਥੇ ਕਿਥੇ ਅਨੇਕਾਂ ਤਰ੍ਹਾਂ ਨਾਲ ਡਿਗੇ ਪਏ ਹਨ।

ਜਾਨੁਕ ਖੇਲ ਧਮਾਰ ਪਸਾਰਿ ਕੈ ਅਧਿਕ ਸ੍ਰਮਿਤ ਹ੍ਵੈ ਸੋਏ ॥੧੧੮॥

(ਇੰਜ ਲਗਦਾ ਹੈ) ਮਾਨੋ ਧਮਾਰ ਖੇਡ ਕੇ ਅਧਿਕ ਥਕੇ ਹੋਏ (ਪੈਰ) ਪਸਾਰ ਕੇ ਸੁਤੇ ਹੋਏ ਹੋਣ ॥੧੧੮॥

ਬਿਸਨਪਦ ॥ ਪਰਜ ॥

ਬਿਸਨਪਦ: ਪਰਜ:

ਦਸ ਸੈ ਬਰਖ ਰਾਜ ਤਿਨ ਕੀਨਾ ॥

ਉਸ ਨੇ ਦਸ ਹਜ਼ਾਰ ਵਰ੍ਹੇ ਤਕ ਰਾਜ ਕੀਤਾ।

ਕੈ ਕੈ ਦੂਰ ਦਤ ਕੇ ਮਤ ਕਹੁ ਰਾਜ ਜੋਗ ਦੋਊ ਲੀਨਾ ॥

ਦੱਤਾਤ੍ਰੇ ਦੇ ਮਤ ਨੂੰ ਦੂਰ ਕਰ ਕੇ ਰਾਜ ਅਤੇ ਜੋਗ ਦੋਵੇਂ ਪ੍ਰਾਪਤ ਕਰ ਲਏ।

ਜੇ ਜੇ ਛਪੇ ਲੁਕੇ ਕਹੂੰ ਬਾਚੇ ਰਹਿ ਰਹਿ ਵਹੈ ਗਏ ॥

ਜਿਹੜੇ ਜਿਹੜੇ (ਜਟਾਧਾਰੀ) ਲੁਕੇ ਛਿਪੇ ਸਨ, ਉਹੀ ਬਚੇ ਸਨ ਅਤੇ ਉਹੀ ਬਾਕੀ ਰਹਿ ਗਏ ਹਨ।

ਐਸੇ ਏਕ ਨਾਮ ਲੈਬੇ ਕੋ ਜਗ ਮੋ ਰਹਤ ਭਏ ॥

ਇਸ ਤਰ੍ਹਾਂ ਇਕ ਨਾਮ ਲੈਣ ਲਈ ਹੀ ਜਗਤ ਵਿਚ ਬਚ ਰਹੇ ਹਨ।