ਸ਼੍ਰੀ ਦਸਮ ਗ੍ਰੰਥ

ਅੰਗ - 1375


ਬਿਸਿਖਨ ਬ੍ਰਿਸਟਿ ਕਰੀ ਕੋਪਹਿ ਕਰਿ ॥

ਉਨ੍ਹਾਂ ਨੇ ਕ੍ਰੋਧਿਤ ਹੋ ਕੇ ਬਾਣਾਂ ਦੀ (ਇਸ ਤਰ੍ਹਾਂ) ਬਰਖਾ ਕੀਤੀ

ਜਲਧਰ ਐਸ ਬਡੇ ਭੂਧਰ ਪਰ ॥

ਜਿਵੇਂ ਬਦਲ ਵਡਿਆਂ ਪਹਾੜਾਂ ਉਤੇ (ਕਰਦੇ ਹਨ)।

ਸਸਤ੍ਰ ਅਸਤ੍ਰ ਕਰਿ ਕੋਪ ਪ੍ਰਹਾਰੇ ॥

(ਅਸਿਧੁਜ ਨੇ) ਕ੍ਰੋਧਿਤ ਹੋ ਕੇ ਸ਼ਸਤ੍ਰਾਂ ਅਸਤ੍ਰਾਂ ਦੇ ਵਾਰ ਕੀਤੇ

ਚਟਪਟ ਸੁਭਟ ਬਿਕਟਿ ਕਟਿ ਡਾਰੇ ॥੨੩੩॥

ਅਤੇ ਝਟ ਪਟ ਭਿਆਨਕ ਯੋਧੇ ਕਟ ਸੁਟੇ ॥੨੩੩॥

ਹੁਅੰ ਸਬਦ ਅਸਿਧੁਜਹਿ ਉਚਾਰਾ ॥

ਤਦ ਅਸਿਧੁਜ ਨੇ 'ਹੁਅੰ' ਸ਼ਬਦ ਉਚਾਰਿਆ,

ਤਿਹ ਤੇ ਆਧਿ ਬ੍ਰਯਾਧਿ ਬਪੁ ਧਾਰਾ ॥

ਜਿਸ ਤੋਂ ਆਧਿ-ਵਿਆਧਿ ਰੋਗਾਂ ਨੇ ਜਨਮ ਲਿਆ।

ਸੀਤ ਜ੍ਵਰ ਅਰ ਉਸਨ ਤਾਪ ਭਨੇ ॥

ਉਨ੍ਹਾਂ ਦੇ ਨਾਂ ਗਿਣਦਾ ਹਾਂ, ਸੀਤ ਰੋਗ, ਜ੍ਵਰ ਰੋਗ, ਉਸਨ ਤਾਪ,

ਛਈ ਰੋਗ ਅਰੁ ਸੰਨ੍ਰਯਪਾਤ ਗਨ ॥੨੩੪॥

ਖਈ ਰੋਗ ਅਤੇ ਸੰਨਿ-ਪਾਤ ਰੋਗ ॥੨੩੪॥

ਬਾਇ ਪਿਤ੍ਰਯ ਕਫ ਉਪਜਤ ਭਏ ॥

ਵਾਈ, ਪਿਤ, ਕਫ ਆਦਿ ਰੋਗ ਪੈਦਾ ਹੋ ਗਏ

ਤਾ ਤੇ ਭੇਦ ਅਮਿਤ ਹ੍ਵੈ ਗਏ ॥

ਅਤੇ ਉਨ੍ਹਾਂ ਦੇ ਅਗੋਂ ਕਈ ਭੇਦ ਹੋ ਗਏ।

ਨਾਮ ਤਿਨੈ ਗਨ ਪ੍ਰਗਟ ਸੁਨਾਊ ॥

(ਮੈਂ) ਹੁਣ ਉਨ੍ਹਾਂ ਦੇ ਨਾਂ ਸਪਸ਼ਟ ਸੁਣਾਉਂਦਾ ਹਾਂ

ਅਯੁਰ ਬੇਦਿਯਨ ਸਭਨ ਰਿਝਾਊ ॥੨੩੫॥

ਅਤੇ ਸਾਰੇ ਅਯੁਰਵੇਦੀਆਂ (ਵੈਦਾਂ) ਨੂੰ ਪ੍ਰਸੰਨ ਕਰਦਾ ਹਾਂ ॥੨੩੫॥

ਆਮ ਪਾਤ ਅਰ ਸ੍ਰੋਨਤ ਪਾਤ ॥

ਇਨ੍ਹਾਂ ਰੋਗਾਂ ਦੇ ਨਾਂ ਗਿਣੋ। ਆਮ-ਪਾਤ, ਸ੍ਰੋਨਤ-ਪਾਤ,

ਅਰਧ ਸਿਰਾ ਅਰੁ ਹ੍ਰਿਦੈ ਸੰਘਾਤ ॥

ਅਰਧ-ਸਿਰਾ (ਪੀੜ) ਹ੍ਰਿਦੈ ਸੰਘਾਤ (ਹਿਰਦੇ ਦਾ ਰੁਕਣਾ)

ਪ੍ਰਾਨ ਬਾਇ ਆਪਾਨ ਬਾਇ ਭਨਿ ॥

ਪ੍ਰਾਣ ਵਾਯੂ, ਅਪਾਨ ਵਾਯੂ,

ਦੰਤ ਰੋਗ ਅਰੁ ਦਾੜ ਪੀੜ ਗਨ ॥੨੩੬॥

ਦੰਤ-ਰੋਗ ਅਤੇ ਦਾੜ੍ਹ-ਪੀੜ ॥੨੩੬॥

ਸੂਖਾ ਜਰ ਤੇਇਯਾ ਚੌਥਾਯਾ ॥

ਫਿਰ ਸੋਕਾ, ਤੇਈਆ ਜ੍ਵਰ, ਚੌਥਾ,

ਅਸਟ ਦਿਵਸਯੋ ਅਰੁ ਬੀਸਾਯਾ ॥

ਅੱਠ ਅਤੇ ਵੀਹ ਦਿਨਾਂ ਵਾਲਾ,

ਡੇਢ ਮਾਸਿਯਾ ਪੁਨਿ ਤਪ ਭਯੋ ॥

ਡੇਢ ਮਹੀਨੇ ਵਾਲਾ ਬੁਖਾਰ ਹੋਏ,

ਦਾਤ ਕਾਢ ਦੈਤਨ ਪਰ ਧਯੋ ॥੨੩੭॥

ਜੋ ਦੰਦ ਕਢ ਕੇ ਦੈਂਤਾਂ ਉਤੇ ਧਾ ਕੇ ਪਏ ॥੨੩੭॥

ਫੀਲਪਾਵ ਪੁਨਿ ਜਾਨੂ ਰੋਗਾ ॥

ਫਿਰ ਫੀਲਪਾਵ ਅਤੇ ਗੋਡਿਆਂ ਤੇ ਦਰਦ ਵਾਲੇ ਰੋਗ ਨੂੰ

ਉਪਜਾ ਦੇਨ ਦੁਸਟ ਦਲ ਸੋਗਾ ॥

ਦੁਸ਼ਟਾਂ ਦੇ ਦਲਾਂ ਨੂੰ ਕਸ਼ਟ ਦੇਣ ਲਈ ਪੈਦਾ ਕੀਤਾ।

ਖਈ ਸੁ ਬਾਦੀ ਭਈ ਮਵੇਸੀ ॥

(ਇਸ ਤੋਂ ਬਾਦ) ਖਈ, ਬਾਦੀ, ਮਵੇਸੀ (ਬਵਾਸੀਰ)

ਪਾਡ ਰੋਗ ਪੀਨਸ ਕਟਿ ਦੇਸੀ ॥੨੩੮॥

ਪਾਂਡ ਰੋਗ (ਪੀਲੀਆ) ਪੀਨਸ (ਪੁਰਾਣਾ ਜ਼ੁਕਾਮ) ਕਟਿ ਦੇਸੀ (ਲਕ ਦੀ ਪੀੜ) ॥੨੩੮॥

ਚਿਨਗਿ ਪ੍ਰਮੇਵ ਭਗਿੰਦ੍ਰ ਦਖੂਤ੍ਰਾ ॥

ਚਿਨਗ (ਸ਼ਰੀਰ ਵਿਚੋਂ ਚਿਣਗਾਂ ਨਿਕਲਣ ਵਾਲਾ ਰੋਗ) ਪ੍ਰਮੇਹ, ਭਗਿੰਦ੍ਰ, ਦਖੂਤ੍ਰਾ (ਪਿਸ਼ਾਬ ਬੰਦ ਹੋਣ ਅਥਵਾ ਸੜਨ ਦਾ ਰੋਗ)

ਪਥਰੀ ਬਾਇ ਫਿਰੰਗ ਅਧਨੇਤ੍ਰਾ ॥

ਪਥਰੀ, ਬਾਇ ਫਿਰੰਗ (ਆਤਸ਼ਕ ਦੀ ਇਕ ਕਿਸਮ) ਅਧਨੇਤ੍ਰਾ (ਅੰਧਰਾਤ੍ਰਾ)

ਗਲਤ ਕੁਸਟ ਉਪਜਾ ਦੁਸਟਨ ਤਨ ॥

ਅਤੇ ਗਲਿਤ ਕੋਹੜ ਨਾਂ ਦੇ ਰੋਗ ਦੁਸ਼ਟਾਂ ਦੇ ਤਨ ਵਿਚ ਪੈਦਾ ਹੋ ਗਏ

ਸੇਤ ਕੁਸਟ ਕੇਤਿਨ ਕੇ ਭਯੋ ਭਨ ॥੨੩੯॥

ਅਤੇ ਕਈਆਂ ਦੇ ਤਨ ਵਿਚ ਸਫ਼ੈਦ ਕੋਹੜ ਹੋ ਗਿਆ ॥੨੩੯॥

ਕੇਤੇ ਸਤ੍ਰੁ ਸੂਲ ਹ੍ਵੈ ਮਰੇ ॥

ਕਈ ਵੈਰੀ ਸੂਲ ਦੀ ਬੀਮਾਰੀ ਨਾਲ ਮਰ ਗਏ

ਕੇਤੇ ਆਂਤ ਰੋਗ ਤੇ ਟਰੇ ॥

ਅਤੇ ਕਈ ਆਂਦਰਾਂ ਦੇ ਰੋਗ ਨਾਲ ਖ਼ਤਮ ਹੋ ਗਏ।

ਸੰਗ੍ਰਹਨੀ ਸੰਗ੍ਰਹ ਦੁਸਟ ਕਿਯ ॥

ਕਈਆਂ ਦੁਸ਼ਟਾਂ ਨੂੰ ਸੰਗ੍ਰਹਿਣੀ ਦੀ ਬੀਮਾਰੀ ਲਗ ਗਈ।

ਜੀਯਨ ਕੋ ਪੁਨਿ ਨਾਮ ਨ ਤਿਨ ਲਿਯ ॥੨੪੦॥

ਉਨ੍ਹਾਂ ਨੇ ਫਿਰ ਜੀਣ ਦਾ ਨਾਮ ਨਾ ਲਿਆ ॥੨੪੦॥

ਕੇਤੇ ਉਪਜ ਸੀਤਲਾ ਮਰੇ ॥

ਕਈ ਸੀਤਲਾ ਦੀ ਬੀਮਾਰੀ ਪੈਦਾ ਹੋਣ ਨਾਲ ਮਰ ਗਏ

ਕੇਤੇ ਅਗਿਨਿ ਬਾਵ ਤੇ ਜਰੇ ॥

ਅਤੇ ਕਈ ਵਾਈ ਅਗਨੀ ਨਾਲ ਸੜ ਮੋਏ।

ਭਰਮ ਚਿਤ ਕੇਤੇ ਹ੍ਵੈ ਮਰੇ ॥

ਕਈ 'ਭਰਮ-ਚਿਤ' (ਰੋਗ) ਨਾਲ ਮਰ ਗਏ

ਉਦਰ ਰੋਗ ਕੇਤੇ ਅਰਿ ਟਰੇ ॥੨੪੧॥

ਅਤੇ ਕਈ ਵੈਰੀ ਉਦਰ-ਰੋਗ ਨਾਲ ਟਲ ਗਏ ॥੨੪੧॥

ਜਬ ਅਸਿਧੁਜ ਅਸ ਰੋਗ ਪ੍ਰਕਾਸੇ ॥

ਜਦ ਅਸਿਧੁਜ ਨੇ ਇਸ ਤਰ੍ਹਾਂ ਦੇ ਰੋਗਾਂ ਨੂੰ ਪ੍ਰਗਟ ਕੀਤਾ

ਅਧਿਕ ਸਤ੍ਰੁ ਤਾਪਤ ਹ੍ਵੈ ਤ੍ਰਾਸੇ ॥

ਤਾਂ ਬਹੁਤ ਸਾਰੇ ਵੈਰੀ ਡਰ ਨਾਲ ਦੁਖੀ ਹੋ ਗਏ।

ਜਾ ਕੇ ਤਨ ਗਨ ਦਈ ਦਿਖਾਈ ॥

ਜਿਸ ਦੇ ਸ਼ਰੀਰ ਉਤੇ ਕਿਸੇ ਰੋਗ ਨੇ ਵਿਖਾਈ ਦਿੱਤੀ,

ਤਿਨੌ ਜੀਯਤ ਕੀ ਆਸ ਚੁਕਾਈ ॥੨੪੨॥

ਉਸ ਨੇ ਜੀਣ ਦੀ ਆਸ ਛਡ ਦਿੱਤੀ ॥੨੪੨॥

ਕੇਤਿਕ ਦੁਸਟ ਤਾਪ ਤਨ ਤਪੈ ॥

ਕਿਤਨੇ ਦੁਸ਼ਟ ਤਾਪ ਨਾਲ ਤਪ ਗਏ (ਅਰਥਾਤ ਮਰ ਗਏ)

ਕੇਤਿਕ ਉਦਰ ਰੋਗ ਹ੍ਵੈ ਖਪੈ ॥

ਅਤੇ ਕਈ ਉਦਰ ਰੋਗ ਨਾਲ ਖਪ ਗਏ।

ਕਿਤਕਨ ਆਨਿ ਕਾਪਨੀ ਚਢੀ ॥

ਕਿਤਨਿਆਂ ਨੂੰ ਕਾਂਬਾ ਆਣ ਚੜ੍ਹਿਆ

ਕੇਤਿਕ ਬਾਇ ਪਿਤ ਤਨ ਬਢੀ ॥੨੪੩॥

ਅਤੇ ਕਈਆਂ ਦੇ ਸ਼ਰੀਰ ਵਿਚ ਵਾਯੂ ਅਤੇ ਪਿਤ ਵਧ ਗਈ ॥੨੪੩॥

ਉਦਰ ਬਿਕਾਰ ਕਿਤੇ ਮਰਿ ਗਏ ॥

ਕਈ ਪੇਟ ਦੇ ਵਿਕਾਰ ਕਰ ਕੇ ਮਰ ਗਏ

ਤਾਪਤਿ ਕਿਤਕ ਤਾਪ ਤਨ ਭਏ ॥

ਅਤੇ ਕਿਤਨੇ ਤਾਪ ਨਾਲ ਪੀੜਿਤ ਹੋ ਗਏ।

ਕਿਤਕਨ ਸੰਨ੍ਰਯਪਾਤ ਹ੍ਵੈ ਗਯੋ ॥

ਕਿਤਨਿਆਂ ਨੂੰ ਸੰਨਿਪਾਤ ਰੋਗ ਹੋ ਗਿਆ

ਕੇਤਿਨ ਬਾਇ ਪਿਤ ਕਫ ਭਯੋ ॥੨੪੪॥

ਅਤੇ ਕਿਤਨਿਆਂ ਨੂੰ ਵਾਯੂ, ਪਿਤ ਅਤੇ ਕਫ਼ ਦੀਆਂ ਬੀਮਾਰੀਆਂ ਲਗ ਗਈਆਂ ॥੨੪੪॥