ਸ਼੍ਰੀ ਦਸਮ ਗ੍ਰੰਥ

ਅੰਗ - 395


ਮਾਤ ਪਿਤਾਨ ਕੀ ਸੰਕ ਕਰੈ ਨਹਿ ਸ੍ਯਾਮ ਹੀ ਸ੍ਯਾਮ ਕਰੈ ਮੁਖ ਸਿਉ ॥

(ਉਹ) ਮਾਤਾ ਪਿਤਾ ਦੀ ਸੰਗ ਨਹੀਂ ਕਰਦੀਆਂ ਅਤੇ ਮੂੰਹ ਤੋਂ ਸ਼ਿਆਮ ਹੀ ਸ਼ਿਆਮ (ਦਾ ਨਾਮ ਉੱਚਾਰਨ) ਕਰਦੀਆਂ ਹਨ।

ਭੂਮਿ ਗਿਰੈ ਬਿਧਿ ਜਾ ਮਤਵਾਰ ਪਰੈ ਗਿਰ ਕੈ ਧਰਿ ਪੈ ਸੋਊ ਤਿਉ ॥

ਜਿਵੇਂ (ਕੋਈ) ਨਸ਼ਈ ਧਰਤੀ ਉਤੇ ਡਿਗ ਪੈਂਦਾ ਹੈ, ਉਵੇਂ ਹੀ ਉਹ (ਬੇਹੋਸ਼ ਹੋ ਕੇ) ਧਰਤੀ ਉਤੇ ਗਿਰ ਜਾਂਦੀਆਂ ਹਨ। ਕ

ਬ੍ਰਿਜ ਕੁੰਜਨ ਢੂੰਢਤ ਹੈ ਤੁਮ ਕੋ ਕਬਿ ਸ੍ਯਾਮ ਕਹੈ ਧਨ ਲੋਭਕ ਜਿਉ ॥

ਵੀ ਸ਼ਿਆਮ ਕਹਿੰਦੇ ਹਨ, ਬ੍ਰਜ ਦੀਆਂ ਕੁੰਜ-ਗਲੀਆਂ ਵਿਚ ਤੁਹਾਨੂੰ ਲਭਦੀਆਂ ਫਿਰਦੀਆਂ ਹਨ, ਜਿਵੇਂ ਧਨ ਦਾ ਲੋਭੀ (ਧਨ ਲਭਦਾ ਫਿਰਦਾ ਹੈ)।

ਅਬ ਤਾ ਤੇ ਕਰੋ ਬਿਨਤੀ ਤੁਮ ਸੋ ਪਿਖ ਕੈ ਤਿਨ ਕੋ ਫੁਨਿ ਹਉ ਦੁਖ ਇਉ ॥੯੮੦॥

ਇਸ ਲਈ ਹੁਣ ਤੁਹਾਡੇ ਪ੍ਰਤਿ ਬੇਨਤੀ ਕਰਦਾ ਹਾਂ ਕਿ ਉਨ੍ਹਾਂ ਨੂੰ ਇਉਂ (ਦੁਖੀ) ਵੇਖ ਕੇ ਮੈਂ ਦੁਖੀ ਹੋ (ਰਿਹਾ ਹਾਂ) ॥੯੮੦॥

ਆਪ ਚਲੋ ਇਹ ਤੇ ਨ ਭਲੀ ਜੁ ਪੈ ਆਪ ਚਲੋ ਨਹੀ ਦੂਤ ਪਠੀਜੈ ॥

ਜੇ ਆਪ (ਬ੍ਰਜ ਨੂੰ) ਚਲੋ ਤਾਂ ਇਸ ਤੋਂ (ਹੋਰ) ਚੰਗੀ ਗੱਲ (ਕੋਈ) ਨਹੀਂ, ਜੇ ਆਪ ਨਾ ਚਲੋ, ਤਾਂ ਦੂਤ ਹੀ ਭੇਜ ਦਿਓ।

ਤਾ ਤੇ ਕਰੋ ਬਿਨਤੀ ਤੁਮ ਸੋ ਦੁਹ ਬਾਤਨ ਤੇ ਇਕ ਬਾਤ ਕਰੀਜੈ ॥

ਇਸ ਲਈ ਤੁਹਾਡੇ ਅਗੇ ਬੇਨਤੀ ਕਰਦਾ ਹਾਂ ਕਿ ਦੋਹਾਂ ਗੱਲਾਂ ਵਿਚੋਂ ਇਕ ਗੱਲ (ਜ਼ਰੂਰ ਹੀ) ਕਰ ਦਿਓ।

ਜਿਉ ਜਲ ਕੇ ਬਿਨ ਮੀਨ ਦਸਾ ਸੁ ਦਸਾ ਭਈ ਗ੍ਵਾਰਨਿ ਕੀ ਸੁਨਿ ਲੀਜੈ ॥

(ਮੇਰੇ ਕੋਲੋਂ ਇਹ ਗੱਲ) ਸੁਣ ਲਵੋ ਕਿ ਜਿਵੇਂ ਜਲ ਤੋਂ ਬਿਨਾ ਮਛਲੀ ਦੀ ਹਾਲਤ ਹੋ ਜਾਂਦੀ ਹੈ, ਉਹੀ ਹਾਲਤ ਗੋਪੀਆਂ ਦੀ ਹੋ ਗਈ ਹੈ।

ਕੈ ਜਲ ਹੋਇ ਉਨੈ ਮਿਲੀਐ ਕਿ ਉਨੈ ਦ੍ਰਿੜਤਾ ਕੋ ਕਹਿਯੋ ਬਰੁ ਦੀਜੈ ॥੯੮੧॥

(ਹੇ ਕ੍ਰਿਸ਼ਨ! ਊਧਵ) ਕਹਿੰਦਾ ਹੈ ਕਿ ਜਾਂ ਤਾਂ ਉਨ੍ਹਾਂ ਨੂੰ ਜਲ ਹੋ ਕੇ ਮਿਲੋ ਜਾਂ ਉਨ੍ਹਾਂ ਨੂੰ ਧੀਰਜ ਧਾਰਨ ਕਰਨ ਦਾ ਵਰ ਦਿਓ ॥੯੮੧॥

ਕਬਿਯੋ ਬਾਚ ॥

ਕਵੀ ਨੇ ਕਿਹਾ:

ਸਵੈਯਾ ॥

ਸਵੈਯਾ:

ਬ੍ਰਿਜ ਬਾਸਿਨ ਹਾਲ ਕਿਧੋ ਹਰਿ ਜੂ ਫੁਨਿ ਊਧਵ ਤੇ ਸਭ ਹੀ ਸੁਨ ਲੀਨੋ ॥

ਕ੍ਰਿਸ਼ਨ ਜੀ ਨੇ ਬ੍ਰਜ-ਵਾਸਣਾਂ ਦ ਸਾਰਾ ਹਾਲ ਊਧਵ ਕੋਲੋਂ ਸੁਣ ਲਿਆ।

ਜਾ ਕੀ ਕਥਾ ਸੁਨ ਕੈ ਚਿਤ ਤੇ ਸੁ ਹੁਲਾਸ ਘਟੈ ਦੁਖ ਹੋਵਤ ਜੀ ਨੋ ॥

ਜਿਨ੍ਹਾਂ ਦੀ ਕਥਾ ਸੁਣ ਕੇ ਚਿਤ ਤੋਂ ਹੁਲਾਸ ਘਟ ਜਾਂਦਾ ਹੈ ਅਤੇ ਮਨ ਵਿਚ ਦੁਖ ਹੁੰਦਾ ਹੈ।

ਸ੍ਯਾਮ ਕਹਿਯੋ ਮੁਖ ਤੇ ਇਹ ਭਾਤਿ ਕਿਧੌ ਕਬਿ ਨੈ ਸੁ ਸੋਊ ਲਖਿ ਲੀਨੋ ॥

ਸ੍ਰੀ ਕ੍ਰਿਸ਼ਨ ਨੇ ਮਨ ਤੋਂ ਇਸ ਤਰ੍ਹਾਂ ਕਿਹਾ ਜੋ ਕਵੀ ਨੇ ਉਸੇ ਤਰ੍ਹਾਂ ਸਮਝ ਲਿਆ।

ਊਧਵ ਮੈ ਉਨ ਗ੍ਵਾਰਨਿ ਕੋ ਸੁ ਕਹਿਯੋ ਦ੍ਰਿੜਤਾ ਕੋ ਅਬੈ ਬਰੁ ਦੀਨੋ ॥੯੮੨॥

ਹੇ ਊਧਵ! ਮੈਂ ਹੁਣ ਉਨ੍ਹਾਂ ਗੋਪੀਆਂ ਨੂੰ ਦ੍ਰਿੜ੍ਹਤਾ ਕਰਨ ਦਾ (ਅਰਥਾਤ ਧੀਰਜ ਧਾਰਨ ਕਰਨ ਦਾ) ਵਰ ਦੇ ਦਿੱਤਾ ਹੈ ॥੯੮੨॥

ਦੋਹਰਾ ॥

ਦੋਹਰਾ:

ਸਤ੍ਰਹ ਸੈ ਚਵਤਾਲ ਮੈ ਸਾਵਨ ਸੁਦਿ ਬੁਧਵਾਰਿ ॥

ਸਤਾਰ੍ਹਾਂ ਸੌ ਚੁਤਾਲੀ (ਬਿਕ੍ਰਮੀ) ਵਿਚ ਸਾਵਣ (ਮਹੀਨੇ) ਦੇ ਚਾਨਣੇ (ਪੱਖ ਦੇ) ਬੁੱਧਵਾਰ ਨੂੰ

ਨਗਰ ਪਾਵਟਾ ਮੋ ਤੁਮੋ ਰਚਿਯੋ ਗ੍ਰੰਥ ਸੁਧਾਰਿ ॥੯੮੩॥

ਨਗਰ ਪਾਉਂਟਾ ਵਿਚ ਤੁਸੀਂ ਹੀ (ਇਸ) ਗ੍ਰੰਥ ਦੀ ਸੁਧਾਰ ਕੇ ਰਚਨਾ ਕੀਤੀ ਹੈ ॥੯੮੩॥

ਖੜਗ ਪਾਨਿ ਕੀ ਕ੍ਰਿਪਾ ਤੇ ਪੋਥੀ ਰਚੀ ਬਿਚਾਰਿ ॥

ਜਿਸ ਦੇ ਹੱਥ ਵਿਚ ਤਲਵਾਰ ਹੈ ('ਖੜਗ ਪਾਨ') (ਉਸ ਦੀ) ਕ੍ਰਿਪਾ ਨਾਲ ਵਿਚਾਰ ਪੂਰਵਕ ਪੋਥੀ ਰਚੀ ਹੈ।

ਭੂਲਿ ਹੋਇ ਜਹ ਤਹ ਸੁ ਕਬਿ ਪੜਿਅਹੁ ਸਭੈ ਸੁਧਾਰਿ ॥੯੮੪॥

ਜਿਥੇ ਕਿਥੇ ਭੁਲ ਰਹਿ ਗਈ ਹੋਵੇ, ਉਸ ਸਭ ਨੂੰ ਹੇ ਕਵੀਓ! ਸੋਧ ਕੇ ਪੜ੍ਹਨਾ ॥੯੮੪॥

ਇਤਿ ਸ੍ਰੀ ਦਸਮ ਸਿਕੰਧੇ ਪੁਰਾਣੇ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਗੋਪੀ ਊਧਵ ਸੰਬਾਦੇ ਬਿਰਹ ਨਾਟਕ ਬਰਨਨੰ ਨਾਮ ਧਯਾਇ ਸਮਾਪਤਮ ਸਤੁ ਸੁਭਮ ਸਤ ॥

ਇਥੇ ਸ੍ਰੀ ਦਸਮ ਸਕੰਧ ਪੁਰਾਣ ਦੇ ਬਚਿਤ੍ਰ ਨਾਟਕ ਗ੍ਰੰਥ ਕ੍ਰਿਸ਼ਨਾਵਤਾਰ ਦੇ ਗੋਪੀ ਊਧਵ ਸੰਵਾਦ ਦੇ ਬਿਰਹ ਨਾਟਕ ਦੇ ਵਰਣਨ ਨਾਮ ਵਾਲਾ ਅਧਿਆਇ ਸਮਾਪਤ, ਸਭ ਸ਼ੁਭ ਹੈ।

ਅਥ ਕੁਬਿਜਾ ਗ੍ਰਿਹ ਗਵਨ ਕਥਨੰ ॥

ਹੁਣ ਕੁਬਜਾ ਦੇ ਘਰ ਜਾਣ ਦਾ ਕਥਨ:

ਦੋਹਰਾ ॥

ਦੋਹਰਾ:

ਗੋਪਿਨ ਕੋ ਪੋਖਨ ਕਰਿਯੋ ਹਰਿ ਜੂ ਕ੍ਰਿਪਾ ਕਰਾਇ ॥

ਸ੍ਰੀ ਕ੍ਰਿਸ਼ਨ ਨੇ ਕ੍ਰਿਪਾ ਕਰ ਕੇ ਗਵਾਲਿਆਂ ਦਾ ਪਾਲਣ ਪੋਸ਼ਣ ਕੀਤਾ।

ਅਵਰ ਖੇਲ ਖੇਲਨ ਲਗੇ ਅਤਿ ਹੀ ਹਰਖ ਬਢਾਇ ॥੯੮੫॥

(ਹੁਣ) ਬਹੁਤ ਪ੍ਰਸੰਨ ਹੋ ਕੇ ਹੋਰ ਖੇਡ ਖੇਡਣ ਲਗੇ ॥੯੮੫॥