ਸ਼੍ਰੀ ਦਸਮ ਗ੍ਰੰਥ

ਅੰਗ - 249


ਵਜੇ ਸੰਗਲੀਆਲੇ ਹਾਠਾ ਜੁਟੀਆਂ ॥

(ਜਦੋਂ) ਸੰਗਲਾਂ ਵਾਲੇ ਧੌਂਸੇ ਵੱਜੇ (ਤਦੋਂ ਦੋਵੇਂ) ਧਿਰਾਂ (ਆਪਸ ਵਿੱਚ) ਜੁੱਟ ਪਈਆਂ।

ਖੇਤ ਬਹੇ ਮੁਛਾਲੇ ਕਹਰ ਤਤਾਰਚੇ ॥

ਮੁੱਛਾਂ ਵਾਲੇ ਸੂਰਮੇ ਰਣ-ਭੂਮੀ ਵਿੱਚ ਕਹਿਰ ਭਰੇ ਤੀਰ ਚਲਾਉਂਦੇ ਹਨ।

ਡਿਗੇ ਵੀਰ ਜੁਝਾਰੇ ਹੂੰਗਾ ਫੁਟੀਆਂ ॥

ਜੋ ਲੜਾਕੇ ਯੋਧੇ ਡਿੱਗੇ ਪਏ ਹਨ। (ਉਨ੍ਹਾਂ ਦੀਆਂ) ਹੂੰਗਰਾਂ ਨਿਕਲ ਰਹੀਆਂ ਹਨ।

ਬਕੇ ਜਾਣ ਮਤਵਾਲੇ ਭੰਗਾ ਖਾਇ ਕੈ ॥੪੬੮॥

(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਭੰਗ ਪੀ ਕੇ ਮਤਵਾਲੇ ਹੋ ਗਏ ਹੋਣ ॥੪੬੮॥

ਓਰੜਏ ਹੰਕਾਰੀ ਧਗਾ ਵਾਇ ਕੈ ॥

ਧੌਂਸਿਆਂ ਨੂੰ ਵਜਾ ਕੇ ਹੰਕਾਰੀ (ਸੂਰਮੇ) ਉਲਰ ਕੇ ਪੈ ਗਏ ਹਨ।

ਵਾਹਿ ਫਿਰੇ ਤਰਵਾਰੀ ਸੂਰੇ ਸੂਰਿਆਂ ॥

ਸੂਰਮੇ ਸੂਰਮਿਆਂ ਉੱਪਰ ਤਲਵਾਰਾਂ ਵਾਹੁੰਦੇ ਫਿਰਦੇ ਹਨ।

ਵਗੈ ਰਤੁ ਝੁਲਾਰੀ ਝਾੜੀ ਕੈਬਰੀ ॥

ਤੀਰਾਂ ਦੀ ਝੜੀ ਲੱਗਣ ਨਾਲ ਝਲਾਰਾਂ ਦੇ ਪਾਣੀ ਵਾਂਗ ਲਹੂ ਵਗਦਾ ਹੈ।

ਪਾਈ ਧੂੰਮ ਲੁਝਾਰੀ ਰਾਵਣ ਰਾਮ ਦੀ ॥੪੬੯॥

ਲੜਾਕੇ ਵੀਰਾਂ ਨੇ ਰਾਵਣ ਤੇ ਰਾਮ ਦੀ ਧੁੰਮ ਪਾ ਦਿੱਤੀ ਹੈ ॥੪੬੯॥

ਚੋਬੀ ਧਉਸ ਵਜਾਈ ਸੰਘੁਰ ਮਚਿਆ ॥

ਨਗਾਰਚੀਆਂ ਨੇ ਨਗਾਰਿਆਂ ਨੂੰ ਵਜਾਇਆ ਤਾਂ ਯੁੱਧ ਸ਼ੁਰੂ ਹੋ ਗਿਆ।

ਬਾਹਿ ਫਿਰੈ ਵੈਰਾਈ ਤੁਰੇ ਤਤਾਰਚੇ ॥

ਘੋੜਿਆਂ ਉੱਤੇ ਚੜ੍ਹੇ ਹੋਏ ਯੋਧੇ ਵੈਰੀਆਂ ਉੱਤੇ ਬਾਣ ਚਲਾਉਦੇ ਫਿਰਦੇ ਹਨ।

ਹੂਰਾ ਚਿਤ ਵਧਾਈ ਅੰਬਰ ਪੂਰਿਆ ॥

ਹੂਰਾਂ ਦੇ ਚਿੱਤ ਵਿੱਚ ਪ੍ਰਸੰਨਤਾ ਹੋ ਰਹੀ ਹੈ (ਅਤੇ ਉਨ੍ਹਾਂ ਨਾਲ) ਆਕਾਸ਼ ਭਰਿਆ ਪਿਆ ਹੈ।

ਜੋਧਿਯਾ ਦੇਖਣ ਤਾਈ ਹੂਲੇ ਹੋਈਆਂ ॥੪੭੦॥

ਯੋਧਿਆਂ ਨੂੰ ਵੇਖਣ ਲਈ ਚੌਹਾਂ ਪਾਸਿਆਂ ਤੋਂ ਇਕੱਠੀਆਂ ਹੋ ਗਈਆਂ ਹਨ ॥੪੭੦॥

ਪਾਧੜੀ ਛੰਦ ॥

ਪਾਧੜੀ ਛੰਦ

ਇੰਦ੍ਰਾਰ ਵੀਰ ਕੁਪਯੋ ਕਰਾਲ ॥

ਮੇਘਨਾਦ (ਇੰਦ੍ਰਾਰਿ) ਸੂਰਮੇ ਨੇ ਭਿਆਨਕ ਕ੍ਰੋਧ ਕੀਤਾ ਹੈ।

ਮੁਕਤੰਤ ਬਾਣ ਗਹਿ ਧਨੁ ਬਿਸਾਲ ॥

ਵਿਸ਼ਾਲ ਧਨੁਸ਼ ਨੂੰ ਫੜ ਕੇ ਤੀਰ ਛੱਡ ਰਿਹਾ ਹੈ।

ਥਰਕੰਤ ਲੁਥ ਫਰਕੰਤ ਬਾਹ ॥

ਲੋਥਾਂ ਤੜਫ ਰਹੀਆਂ ਹਨ ਅਤੇ ਬਾਹਵਾਂ ਫਰਕ ਰਹੀਆਂ ਹਨ।

ਜੁਝੰਤ ਸੂਰ ਅਛਰੈ ਉਛਾਹ ॥੪੭੧॥

ਸੂਰਮੇ ਜੂਝਦੇ ਹਨ ਅਤੇ ਅਪਸਰਾਵਾਂ ਉਤਸ਼ਾਹਿਤ ਹੋ ਰਹੀਆਂ ਹਨ ॥੪੭੧॥

ਚਮਕੰਤ ਚਕ੍ਰ ਸਰਖੰਤ ਸੇਲ ॥

ਚੱਕਰ ਚਮਕਦੇ ਹਨ, ਭਾਲੇ ਸਰਕਦੇ ਹਨ। ਜਟਾਂ ਵਾਲੇ (ਰਾਖਸ਼) ਚਲ ਰਹੇ ਹਨ,

ਜੁਮੇ ਜਟਾਲ ਜਣ ਗੰਗ ਮੇਲ ॥

ਮਾਨੋ ਗੰਗਾ ਤੇ ਮੇਲੇ ਤੋਂ (ਸਾਧੂ ਇਕੱਠੇ ਹੋ ਕੇ ਜਾ ਰਹੇ ਹੋਣ)

ਸੰਘਰੇ ਸੂਰ ਆਘਾਇ ਘਾਇ ॥

ਸੂਰਮੇ ਯੁੱਧ ਵਿੱਚ ਰੱਜ ਕੇ ਘਾਉ ਖਾਂਦੇ ਹਨ।

ਬਰਖੰਤ ਬਾਣ ਚੜ ਚਉਪ ਚਾਇ ॥੪੭੨॥

ਤੀਰਾਂ ਦੀ ਬਰਖਾ ਕਰਦੇ ਹਨ ਅਤੇ (ਉਨ੍ਹਾਂ ਦੇ ਚਿੱਤ ਵਿੱਚ) ਚਾਉ ਚੜ੍ਹ ਰਿਹਾ ਹੈ ॥੪੭੨॥

ਸਮੁਲੇ ਸੂਰ ਆਰੁਹੇ ਜੰਗ ॥

ਆਪਣਾ ਆਪ ਸੰਭਲੇ ਹੋਏ ਸੂਰਮੇ ਯੁੱਧ ਵਿੱਚ ਰੁਝੇ ਹੋਏ ਹਨ।

ਬਰਖੰਤ ਬਾਣ ਬਿਖ ਧਰ ਸੁਰੰਗ ॥

ਵਿਸ਼ ਬੁਝੇ ਬਾਣਾਂ ਦੀ ਬਰਖਾ ਕਰਦੇ ਹਨ।

ਨਭਿ ਹ੍ਵੈ ਅਲੋਪ ਸਰ ਬਰਖ ਧਾਰ ॥

ਤੀਰਾਂ ਦੀ ਲੜੀ ਨੇ ਆਕਾਸ਼ ਨੂੰ ਢੱਕ ਲਿਆ ਹੈ।

ਸਭ ਊਚ ਨੀਚ ਕਿੰਨੇ ਸੁਮਾਰ ॥੪੭੩॥

ਸਾਰੇ ਛੋਟੇ ਵੱਡੇ ਗਿਣ ਲਏ ਗਏ ਹਨ ॥੪੭੩॥

ਸਭ ਸਸਤ੍ਰ ਅਸਤ੍ਰ ਬਿਦਿਆ ਪ੍ਰਬੀਨ ॥

(ਮੇਘਨਾਦ) ਸਾਰਿਆਂ ਸ਼ਸਤ੍ਰਾਂ ਤੇ ਅਸਤ੍ਰਾਂ ਦੀ ਵਿਦਿਆ ਵਿੱਚ ਪ੍ਰਬੀਨ ਹੈ।

ਸਰ ਧਾਰ ਬਰਖ ਸਰਦਾਰ ਚੀਨ ॥

ਉਸ ਨੇ ਮੁੱਖੀ ਸੈਨਾ-ਨਾਇਕ ਨੂੰ ਪਛਾਣ ਕੇ ਤੀਰਾਂ ਦੀ ਮੋਹਲੇਧਾਰ ਬਰਖਾ ਕਰ ਦਿੱਤੀ ਹੈ।

ਰਘੁਰਾਜ ਆਦਿ ਮੋਹੇ ਸੁ ਬੀਰ ॥

(ਜਿਸ ਕਰਕੇ) ਰਾਮ ਚੰਦਰ ਆਦਿ ਸੂਰਮੇ ਮੋਹੇ ਗਏ ਹਨ

ਦਲ ਸਹਿਤ ਭੂਮ ਡਿਗੇ ਅਧੀਰ ॥੪੭੪॥

ਅਤੇ ਸੈਨਾ ਸਮੇਤ ਬੇਸੁੱਧ ਹੋ ਕੇ ਧਰਤੀ ਉੱਤੇ ਡਿੱਗ ਪਏ ਹਨ ॥੪੭੪॥

ਤਬ ਕਹੀ ਦੂਤ ਰਾਵਣਹਿ ਜਾਇ ॥

ਤਦੋਂ ਦੂਤ ਨੇ ਜਾ ਕੇ ਰਾਵਣ ਨੂੰ ਕਿਹਾ

ਕਪਿ ਕਟਕ ਆਜੁ ਜੀਤਯੋ ਬਨਾਇ ॥

ਕਿ ਬੰਦਰਾਂ ਦੀ ਸੈਨਾ ਅੱਜ ਚੰਗੀ ਤਰ੍ਹਾਂ ਨਾਲ ਜਿੱਤੀ ਗਈ ਹੈ।

ਸੀਅ ਭਜਹੁ ਆਜੁ ਹੁਐ ਕੈ ਨਿਚੀਤ ॥

ਬੇਫ਼ਿਕਰ ਹੋ ਕੇ ਅੱਜ ਸੀਤਾ ਨਾਲ ਮੌਜ ਕਰੋ (ਕਿਉਂਕਿ)

ਸੰਘਰੇ ਰਾਮ ਰਣ ਇੰਦ੍ਰਜੀਤ ॥੪੭੫॥

ਰਾਮ ਚੰਦਰ ਰਣ-ਭੂਮੀ ਵਿੱਚ (ਮੇਘ ਨਾਦ ਨਾਲ) ਲੜ ਮੋਏ ਹਨ ॥੪੭੫॥

ਤਬ ਕਹੇ ਬੈਣ ਤ੍ਰਿਜਟੀ ਬੁਲਾਇ ॥

ਤਦੋਂ (ਰਾਵਣ ਨੇ) ਤ੍ਰਿਜਟਾ (ਰਾਖਸ਼ੀ) ਨੂੰ ਬੁਲਾ ਕੇ ਕਿਹਾ

ਰਣ ਮ੍ਰਿਤਕ ਰਾਮ ਸੀਤਹਿ ਦਿਖਾਇ ॥

ਕਿ ਸੀਤਾ ਨੂੰ ਰਣ-ਭੂਮੀ ਵਿੱਚ ਮੋਏ ਹੋਏ ਰਾਮ ਨੂੰ ਵਿਖਾ ਦੇ।

ਲੈ ਗਈ ਨਾਥ ਜਹਿ ਗਿਰੇ ਖੇਤ ॥

(ਤ੍ਰਿਜਟਾ ਸੀਤਾ ਨੂੰ ਉਥੇ) ਲੈ ਕੇ ਗਈ ਜਿੱਥੇ (ਉਸ ਦੇ) ਸੁਆਮੀ ਰਾਮ ਚੰਦਰ ਡਿੱਗੇ ਪਏ ਸਨ,

ਮ੍ਰਿਗ ਮਾਰ ਸਿੰਘ ਜਯੋ ਸੁਪਤ ਅਚੇਤ ॥੪੭੬॥

ਜਿਵੇਂ ਹਿਰਨਾਂ ਨੂੰ ਮਾਰ ਕੇ ਸ਼ੇਰ ਬੇਫ਼ਿਕਰ ਹੋ ਕੇ ਸੁੱਤਾ ਪਿਆ ਹੈ ॥੪੭੬॥

ਸੀਅ ਨਿਰਖ ਨਾਥ ਮਨ ਮਹਿ ਰਿਸਾਨ ॥

ਸੀਤਾ ਨੇ (ਆਪਣੇ) ਸੁਆਮੀ ਦੀ (ਅਜਿਹੀ ਹਾਲਤ ਵੇਖ ਕੇ) ਮਨ ਵਿੱਚ ਕ੍ਰੋਧ ਕੀਤਾ।

ਦਸ ਅਉਰ ਚਾਰ ਬਿਦਿਆ ਨਿਧਾਨ ॥

ਚੌਦਾਂ ਵਿਦਿਆਵਾਂ ਦੀ ਖ਼ਜ਼ਾਨਾ ਰੂਪ (ਸੀਤਾ ਨੇ)

ਪੜ ਨਾਗ ਮੰਤ੍ਰ ਸੰਘਰੀ ਪਾਸ ॥

ਨਾਗ ਮੰਤ੍ਰ ਪੜ੍ਹ ਕੇ ਫਾਹੀ ਕੱਟ ਦਿੱਤੀ

ਪਤਿ ਭ੍ਰਾਤ ਜਯਾਇ ਚਿਤ ਭਯੋ ਹੁਲਾਸ ॥੪੭੭॥

ਅਤੇ ਪਤੀ ਨੂੰ ਭਰਾ ਸਮੇਤ ਜਿਵਾ ਕੇ ਚਿੱਤ ਵਿੱਚ ਪ੍ਰੰਸਨ ਹੋਈ ॥੪੭੭॥

ਸੀਅ ਗਈ ਜਗੇ ਅੰਗਰਾਇ ਰਾਮ ॥

(ਜਦੋਂ) ਸੀਤਾ (ਰਣ-ਭੂਮੀ) ਵਿਚੋਂ ਗਈ (ਤਦੋਂ) ਰਾਮ ਨੇ ਜਾਗ ਕੇ ਅੰਗੜਾਈ ਲਈ

ਦਲ ਸਹਿਤ ਭ੍ਰਾਤ ਜੁਤ ਧਰਮ ਧਾਮ ॥

ਅਤੇ ਧਾਮ ( ਰਾਮ) ਭਰਾ (ਲੱਛਮਣ) ਅਤੇ ਸੈਨਾ ਸਮੇਤ (ਸੁਚੇਤ ਹੋ ਗਏ)।

ਬਜੇ ਸੁ ਨਾਦਿ ਗਜੇ ਸੁ ਬੀਰ ॥

(ਉਸ ਵੇਲੇ) ਧੌਂਸੇ ਵੱਜ ਪਏ ਅਤੇ ਯੋਧੇ ਗੱਜਣ ਲੱਗੇ,

ਸਜੇ ਹਥਿਯਾਰ ਭਜੇ ਅਧੀਰ ॥੪੭੮॥

(ਸੂਰਮਿਆਂ ਨੇ) ਸ਼ਸਤ੍ਰ ਸਜਾ ਲਏ ਅਤੇ ਅਧੀਰ ਹੋ ਕੇ ਯੁੱਧ ਲਈ ਭੱਜ ਪਏ ॥੪੭੮॥

ਸੰਮੁਲੇ ਸੂਰ ਸਰ ਬਰਖ ਜੁਧ ॥

ਸੂਰਮੇ ਸੰਭਲ ਕੇ ਯੁੱਧ ਵਿੱਚ ਤੀਰਾਂ ਦੀ ਬਰਖਾ ਕਰਨ ਲੱਗੇ ਹਨ।

ਹਨ ਸਾਲ ਤਾਲ ਬਿਕ੍ਰਾਲ ਕ੍ਰੂਧ ॥

ਭਿਆਨਕ ਰੂਪ ਵਿੱਚ ਸਾਲ ਅਤੇ ਤਾਲ (ਬ੍ਰਿਛਾਂ ਵਰਗੇ ਸੂਰਮਿਆਂ ਨੂੰ) ਮਾਰਨ ਲੱਗੇ ਹਨ।

ਤਜਿ ਜੁਧ ਸੁਧ ਸੁਰ ਮੇਘ ਧਰਣ ॥

ਉਸ ਵੇਲੇ ਮੇਘਨਾਦ (ਸੁਰ-ਮੇਘ) ਯੁੱਧ ਦਾ ਖ਼ਿਆਲ ਛੱਡਕੇ