ਸ਼੍ਰੀ ਦਸਮ ਗ੍ਰੰਥ

ਅੰਗ - 441


ਕਾਨ ਪ੍ਰਮਾਨ ਲਉ ਤਾਨ ਕਮਾਨਨ ਯੌ ਨ੍ਰਿਪ ਊਪਰਿ ਬਾਨ ਚਲਾਏ ॥

ਧਨੁਸ਼ਾਂ ਨੂੰ ਕੰਨਾਂ ਤਕ ਖਿਚ ਕੇ ਰਾਜੇ ਉਤੇ ਇਸ ਤਰ੍ਹਾਂ ਤੀਰ ਚਲਾਉਂਦੇ ਹਨ,

ਮਾਨਹੁ ਪਾਵਸ ਕੀ ਰਿਤੁ ਮੈ ਘਨ ਬੂੰਦਨ ਜਿਉ ਸਰ ਤਿਉ ਬਰਖਾਏ ॥੧੪੪੦॥

ਮਾਨੋ ਬਰਖਾ ਰੁਤ ਵਿਚ ਜਿਉਂ ਬਦਲਾਂ ਤੋਂ ਬੂੰਦਾਂ ਡਿਗਦੀਆਂ ਹੋਣ, ਉਸੇ ਤਰ੍ਹਾਂ (ਯਾਦਵਾਂ ਨੇ) ਤੀਰ ਚਲਾਏ ਹਨ ॥੧੪੪੦॥

ਕਾਟਿ ਕੈ ਬਾਨ ਸਬੈ ਤਿਨ ਕੇ ਅਪੁਨੇ ਸਰ ਸ੍ਰੀ ਹਰਿ ਕੇ ਤਨ ਘਾਏ ॥

(ਰਾਜੇ ਨੇ) ਉਨ੍ਹਾਂ ਦੇ ਸਾਰੇ ਬਾਣ (ਆਪਣੇ ਬਾਣਾਂ ਨਾਲ) ਕਟ ਸੁਟੇ (ਅਤੇ ਫਿਰ) ਆਪਣੇ ਬਾਣ ਸ੍ਰੀ ਕ੍ਰਿਸ਼ਨ ਦੇ ਤਨ ਵਿਚ ਮਾਰੇ ਹਨ।

ਘਾਇਨ ਤੇ ਬਹੁ ਸ੍ਰਉਨ ਬਹਿਓ ਤਬ ਸ੍ਰੀਪਤਿ ਕੇ ਪਗ ਨ ਠਹਰਾਏ ॥

ਸ੍ਰੀ ਕ੍ਰਿਸ਼ਨ ਦੇ ਜ਼ਖ਼ਮਾਂ ਵਿਚੋਂ ਲਹੂ ਵਗ ਰਿਹਾ ਹੈ ਅਤੇ ਉਦੋਂ ਉਨ੍ਹਾਂ ਦੇ ਪੈਰ ਟਿਕ ਨਹੀਂ ਰਹੇ ਹਨ।

ਅਉਰ ਜਿਤੇ ਬਰਬੀਰ ਹੁਤੇ ਰਨ ਦੇਖਿ ਕੈ ਭੂਪਤਿ ਕੋ ਬਿਸਮਾਏ ॥

ਹੋਰ ਕਿਤਨੇ ਬਹਾਦਰ ਯੋਧੇ ਹਨ, (ਉਹ) ਰਾਜੇ ਦਾ ਯੁੱਧ ਵੇਖ ਕੇ ਹੈਰਾਨ ਹੋ ਗਏ ਹਨ।

ਧੀਰ ਨ ਕਾਹੂੰ ਸਰੀਰ ਰਹਿਓ ਜਦੁਬੀਰ ਤੇ ਆਦਿਕ ਬੀਰ ਪਰਾਏ ॥੧੪੪੧॥

ਕਿਸੇ ਦੇ ਸ਼ਰੀਰ ਵਿਚ ਧੀਰਜ ਨਹੀਂ ਰਿਹਾ ਅਤੇ ਸ੍ਰੀ ਕ੍ਰਿਸ਼ਨ ਆਦਿ (ਸਾਰੇ) ਸੂਰਵੀਰ ਭਜ ਗਏ ਹਨ ॥੧੪੪੧॥

ਸ੍ਰੀ ਜਦੁਬੀਰ ਕੇ ਭਾਜਤ ਹੀ ਛੁਟ ਧੀਰ ਗਯੋ ਬਰ ਬੀਰਨ ਕੋ ॥

ਸ੍ਰੀ ਕ੍ਰਿਸ਼ਨ ਦੇ ਭਜਣ ਨਾਲ ਹੀ ਸਾਰਿਆਂ ਨਾਮੀ ਵੀਰਾਂ ਦਾ ਧੀਰਜ ਡੋਲ ਗਿਆ ਹੈ।

ਅਤਿ ਬਿਆਕੁਲ ਬੁਧਿ ਨਿਰਾਕੁਲ ਹ੍ਵੈ ਲਖਿ ਲਾਗੇ ਹੈ ਘਾਇ ਸਰੀਰਨ ਕੋ ॥

ਸ਼ਰੀਰਾਂ ਦੇ ਜ਼ਖਮਾਂ ਨੂੰ ਵੇਖ ਕੇ 'ਨਿਰਾਕੁਲ' (ਧੀਰਜਵਾਨ) ਵੀ ਅਤਿ ਵਿਆਕੁਲ ਹੋ ਗਏ ਹਨ।

ਸੁ ਧਵਾਇ ਕੈ ਸ੍ਯੰਦਨ ਭਾਜਿ ਚਲੇ ਡਰੁ ਮਾਨਿ ਘਨੋ ਅਰਿ ਤੀਰਨ ਕੋ ॥

ਵੈਰੀ ਦੇ ਤੀਰਾਂ ਦਾ ਬਹੁਤ ਡਰ ਮੰਨ ਕੇ ਉਹ ਰਥਾਂ ਨੂੰ ਭਜਾ ਕੇ (ਯੁੱਧ-ਭੂਮੀ ਵਿਚੋਂ) ਖਿਸਕ ਚਲੇ ਹਨ।

ਮਨ ਆਪਨੇ ਕੋ ਸਮਝਾਵਤ ਸਿਆਮ ਤੈ ਕੀਨੋ ਹੈ ਕਾਮੁ ਅਹੀਰਨ ਕੋ ॥੧੪੪੨॥

ਸ੍ਰੀ ਕ੍ਰਿਸ਼ਨ ਨੇ ਆਪਣੇ ਮਨ ਵਿਚ ਵਿਚਾਰ ਕੀਤਾ ਕਿ ਤੂੰ ਗਵਾਲਿਆਂ ਵਾਲਾ ਕੰਮ ਹੀ ਕੀਤਾ ਹੈ (ਛਤ੍ਰੀਆਂ ਵਾਲਾ ਨਹੀਂ) ॥੧੪੪੨॥

ਦੋਹਰਾ ॥

ਦੋਹਰਾ:

ਨਿਜ ਮਨ ਕੋ ਸਮਝਾਇ ਕੈ ਬਹੁਰਿ ਫਿਰੇ ਘਨ ਸ੍ਯਾਮ ॥

ਆਪਣੇ ਮਨ ਨੂੰ ਸਮਝਾ ਕੇ ਸ੍ਰੀ ਕ੍ਰਿਸ਼ਨ ਫਿਰ ਮੁੜ ਪਏ ਹਨ

ਜਾਦਵ ਸੈਨਾ ਸੰਗਿ ਲੈ ਪੁਨਿ ਆਏ ਰਨ ਧਾਮ ॥੧੪੪੩॥

ਅਤੇ ਯਾਦਵਾਂ ਦੀ ਸੈਨਾ ਨੂੰ ਨਾਲ ਲੈ ਕੇ ਫਿਰ ਯੁੱਧ-ਭੂਮੀ ਵਿਚ ਆ ਗਏ ਹਨ ॥੧੪੪੩॥

ਕਾਨ੍ਰਹ ਜੂ ਬਾਚ ॥

ਕਾਨ੍ਹ ਜੀ ਨੇ ਕਿਹਾ:

ਦੋਹਰਾ ॥

ਦੋਹਰਾ:

ਖੜਗ ਸਿੰਘ ਕੋ ਹਰਿ ਕਹਿਓ ਅਬ ਤੂ ਖੜਗ ਸੰਭਾਰੁ ॥

ਸ੍ਰੀ ਕ੍ਰਿਸ਼ਨ ਨੇ ਖੜਗ ਸਿੰਘ ਨੂੰ ਕਿਹਾ ਕਿ ਹੁਣ ਤੂੰ ਤਲਵਾਰ ਸੰਭਾਲ ਲੈ।

ਜਾਮ ਦਿਵਸ ਕੇ ਰਹਤ ਹੀ ਡਾਰੋ ਤੋਹਿ ਸੰਘਾਰਿ ॥੧੪੪੪॥

(ਇਕ) ਪਹਿਰ ਦਿਨ ਰਹਿੰਦਿਆਂ ਹੀ (ਮੈਂ) ਤੈਨੂੰ ਮਾਰ ਦਿਆਂਗਾ ॥੧੪੪੪॥

ਸਵੈਯਾ ॥

ਸਵੈਯਾ:

ਕੋਪ ਕੈ ਬੈਨ ਕਹੈ ਖੜਗੇਸ ਕੋ ਸ੍ਰੀ ਹਰਿ ਜੂ ਧਨੁ ਬਾਨਨ ਲੈ ਕੈ ॥

ਸ੍ਰੀ ਕ੍ਰਿਸ਼ਨ ਨੇ ਧਨੁਸ਼ ਅਤੇ ਬਾਣ ਲੈ ਕੇ ਗੁੱਸੇ ਨਾਲ ਭਰੇ ਬੋਲ ਕਹੇ,

ਚਾਮ ਕੇ ਦਾਮ ਚਲਾਇ ਲਏ ਤੁਮ ਹੂੰ ਰਨ ਮੈ ਮਨ ਕੋ ਨਿਰਭੈ ਕੈ ॥

ਤੂੰ (ਹੁਣ ਤਕ) ਮਨ ਨੂੰ ਨਿਰਭੈ ਕਰ ਕੇ ਰਣ ਵਿਚ ਚੰਮ ਦੇ ਦੰਮ ਚਲਾ ਲਏ ਹਨ। (ਹੁਣ ਹੋਰ ਨਹੀਂ ਚਲਾਉਣ ਦਿਆਂਗਾ, ਕਿਉਂਕਿ)

ਮਤਿ ਕਰੀ ਗਰਬੈ ਤਬ ਲਉ ਜਬ ਲਉ ਮ੍ਰਿਗਰਾਜ ਗਹਿਓ ਨ ਰਿਸੈ ਕੈ ॥

ਮਸਤ ਹਾਥੀ ਉਦੋਂ ਤਕ (ਬਨ ਵਿਚ) ਹੈਂਕੜ ਕਰ ਸਕਦਾ ਹੈ ਜਦੋਂ ਤਕ ਸ਼ੇਰ ਨੇ ਕ੍ਰੁਧਿਤ ਹੋ ਕੇ ਉਸ ਨੂੰ ਫੜਿਆ ਨਹੀਂ ਹੈ।

ਕਾਹੇ ਕਉ ਪ੍ਰਾਨਨ ਸੋ ਧਨ ਖੋਵਤ ਜਾਹੁ ਭਲੇ ਹਥਿਯਾਰਨ ਦੈ ਕੈ ॥੧੪੪੫॥

(ਤੂੰ) ਪ੍ਰਾਣਾਂ ਵਰਗੇ ਧਨ ਨੂੰ ਕਿਸ ਲਈ ਨਸ਼ਟ ਕਰਦਾ ਹੈਂ, (ਇਸ ਲਈ) ਹਥਿਆਰ ਸੁਟ ਕੇ ਸੁਖ ਨਾਲ ਘਰ ਨੂੰ ਚਲਾ ਜਾ ॥੧੪੪੫॥

ਯੌ ਸੁਨਿ ਕੈ ਹਰਿ ਕੀ ਬਤੀਆ ਤਬ ਹੀ ਨ੍ਰਿਪ ਉਤਰ ਦੇਤ ਭਯੋ ਹੈ ॥

ਸ੍ਰੀ ਕ੍ਰਿਸ਼ਨ ਦੀਆਂ ਇਸ ਤਰ੍ਹਾਂ ਦੀਆਂ ਗੱਲਾਂ ਸੁਣ ਕੇ ਉਸੇ ਵੇਲੇ ਰਾਜਾ (ਖੜਗ ਸਿੰਘ) ਉੱਤਰ ਦੇਣ ਲਗਿਆ,

ਕਾਹੇ ਕਉ ਸੋਰ ਕਰੈ ਰਨ ਮੈ ਬਨ ਮੈ ਜਨੁ ਕਾਹੂ ਨੇ ਲੂਟਿ ਲਯੋ ਹੈ ॥

(ਤੂੰ) ਰਣ-ਭੂਮੀ ਵਿਚ ਕਿਸ ਲਈ ਸ਼ੋਰ ਕਰਦਾ ਹੈਂ, ਮਾਨੋ ਕਿਸੇ ਨੇ ਬਨ ਵਿਚ ਲੁਟ ਲਿਆ ਹੋਵੇ।

ਬੋਲਤ ਹੋ ਹਠਿ ਕੈ ਸਠਿ ਜਿਉ ਹਮ ਤੇ ਕਈ ਬਾਰਨ ਭਾਜ ਗਯੋ ਹੈ ॥

ਮੂਰਖ ਵਾਂਗ ਹਠ ਕਰ ਕੇ ਬੋਲਦਾ ਹੈਂ, ਕੀ ਮੇਰੇ ਕੋਲੋਂ ਅਗੇ ਕਈ ਵਾਰ ਭਜਿਆ ਨਹੀਂ ਹੈਂ।

ਨਾਮ ਪਰਿਓ ਬ੍ਰਿਜਰਾਜ ਬ੍ਰਿਥਾ ਬਿਨ ਲਾਜ ਸਮਾਜ ਮੈ ਆਜੁ ਖਯੋ ਹੈ ॥੧੪੪੬॥

(ਤੇਰਾ) 'ਬ੍ਰਿਜ-ਰਾਜ' ਨਾਂ ਪਿਆ ਹੋਇਆ ਵਿਅਰਥ ਹੈ (ਕਿਉਂਕਿ) ਬਿਨਾ ਲਜਾ ਦੇ, (ਤੂੰ) ਅਜ ਸਮਾਜ ਵਿਚ ਮਰਯਾਦਾ ਨਸ਼ਟ ਕਰ ਰਿਹਾ ਹੈਂ ॥੧੪੪੬॥

ਖੜਗੇਸ ਬਾਚ ॥

ਖੜਗ ਸਿੰਘ ਨੇ ਕਿਹਾ:

ਸਵੈਯਾ ॥

ਸਵੈਯਾ:

ਕਾਹੇ ਕਉ ਕ੍ਰੋਧ ਸੋ ਜੁਧੁ ਕਰੋ ਹਰਿ ਜਾਹੁ ਭਲੇ ਦਿਨ ਕੋ ਇਕੁ ਜੀਜੈ ॥

ਹੇ ਕ੍ਰਿਸ਼ਨ! (ਤੂੰ) ਕ੍ਰੋਧ ਨਾਲ ਕਿਸ ਵਾਸਤੇ ਯੁੱਧ ਕਰਦਾ ਹੈਂ? (ਘਰ ਪਰਤ) ਜਾ, ਕੁਝ ਦਿਨ ਸੁਖ ਪੂਰਵਕ ਜੀ ਲੈ।

ਬੈਸ ਕਿਸੋਰ ਮਨੋਹਰਿ ਮੂਰਤਿ ਆਨਨ ਮੈ ਅਬ ਹੀ ਮਸ ਭੀਜੈ ॥

(ਤੇਰੀ) ਕਿਸ਼ੋਰ ਅਵਸਥਾ ਹੈ, ਸ਼ਕਲ ਮਨਮੋਹਣੀ ਹੈ ਅਤੇ ਮੁਖ ਉਤੇ ਮਸ ਫੁਟ ਰਹੀ ਹੈ।

ਜਾਈਐ ਧਾਮਿ ਸੁਨੋ ਘਨਿ ਸ੍ਯਾਮ ਬਿਸ੍ਰਾਮ ਕਰੋ ਸੁਖ ਅੰਮ੍ਰਿਤ ਪੀਜੈ ॥

ਹੇ ਕ੍ਰਿਸ਼ਨ! ਸੁਣੋ, ਘਰ ਜਾਓ, ਬਿਸਰਾਮ ਕਰੋ ਅਤੇ ਸੁਖ ਰੂਪ ਅੰਮ੍ਰਿਤ ਦਾ ਪਾਨ ਕਰੋ।

ਨਾਹਕ ਪ੍ਰਾਨ ਤਜੋ ਰਨ ਮੈ ਅਪੁਨੇ ਪਿਤ ਮਾਤ ਅਨਾਥ ਨ ਕੀਜੈ ॥੧੪੪੭॥

ਵਿਅਰਥ ਵਿਚ ਰਣ ਵਿਚ ਪ੍ਰਾਣ ਨਾ ਤਿਆਗੋ ਅਤੇ ਆਪਣੇ ਮਾਤਾ-ਪਿਤਾ ਨੂੰ ਅਨਾਥ ਨਾ ਕਰੋ ॥੧੪੪੭॥

ਕਾਹੇ ਕਉ ਕਾਨ੍ਰਹ ਅਯੋਧਨ ਮੈ ਹਠ ਕੈ ਹਮ ਸੋ ਰਨ ਦੁੰਦ ਮਚੈ ਹੋ ॥

ਹੇ ਕਾਨ੍ਹ! (ਤੂੰ) ਕਿਸ ਵਾਸਤੇ ਹਠ ਕਰ ਕੇ ਯੁੱਧ-ਭੂਮੀ ਵਿਚ ਮੇਰੇ ਨਾਲ ਦੁਅੰਦ ਯੁੱਧ ਮਚਾਉਂਦਾ ਹੈਂ?

ਜੁਧ ਕੀ ਬਾਤ ਬੁਰੀ ਸਬ ਤੇ ਹਰਿ ਕ੍ਰੁਧ ਕੀਏ ਨ ਕਛੂ ਫਲੁ ਪੈ ਹੋ ॥

ਹੇ ਕ੍ਰਿਸ਼ਨ! ਸਭ ਨਾਲੋਂ ਯੁੱਧ ਦੀ ਗੱਲ ਮਾੜੀ ਹੈ, ਕ੍ਰੋਧ ਕਰਨ ਦਾ ਕੁਝ ਵੀ ਫਲ ਪ੍ਰਾਪਤ ਨਹੀਂ ਕਰੇਂਗਾ।

ਜਾਨਤ ਹੋ ਅਬ ਯਾ ਰਨ ਮੈ ਹਮ ਸੋ ਲਰਿ ਕੈ ਤੁਮ ਜੀਤ ਨ ਜੈਹੋ ॥

(ਇਹ ਵੀ ਤੂੰ) ਜਾਣਦਾ ਹੈਂ ਕਿ ਹੁਣ ਇਸ ਰਣ ਵਿਚ ਤੂੰ ਮੇਰੇ ਨਾਲ ਲੜ ਕੇ ਜੀਉਂਦਾ ਨਹੀਂ ਜਾਵੇਂਗਾ।

ਜਾਹੁ ਤੋ ਭਾਜ ਕੈ ਜਾਹੁ ਅਬੈ ਨਹੀ ਅੰਤ ਕੋ ਅੰਤ ਕੇ ਧਾਮਿ ਸਿਧੈ ਹੋ ॥੧੪੪੮॥

ਜੇ ਜਾਣਾ ਹੈ ਤਾਂ ਹੁਣੇ ਭਜ ਕੇ ਚਲਾ ਜਾ, ਨਹੀਂ ਤਾਂ ਅੰਤ ਨੂੰ ਯਮ ਦੇ ਘਰ ਨੂੰ ਚਲਾ ਜਾਏਂਗਾ ॥੧੪੪੮॥

ਯੌ ਸੁਨਿ ਕੈ ਹਰਿ ਚਾਪ ਲਯੋ ਕਰਿ ਤਾਨ ਕੈ ਬਾਨ ਕਉ ਖੈਚ ਚਲਾਯੋ ॥

(ਖੜਗ ਸਿੰਘ ਦੀਆਂ) ਇਸ ਤਰ੍ਹਾਂ ਦੀਆਂ (ਗੱਲਾਂ) ਸੁਣ ਕੇ ਸ੍ਰੀ ਕ੍ਰਿਸ਼ਨ ਨੇ ਹੱਥ ਵਿਚ ਧਨੁਸ਼ ਫੜ ਲਿਆ ਅਤੇ ਬਾਣ ਨੂੰ ਖਿਚ ਕੇ ਚਲਾਇਆ।

ਭੂਪਤਿ ਕਉ ਹਰਿ ਘਾਇਲ ਕੀਨੋ ਹੈ ਸ੍ਰੀਪਤ ਕਉ ਨ੍ਰਿਪ ਘਾਇ ਲਗਾਯੋ ॥

ਰਾਜੇ ਨੂੰ ਸ੍ਰੀ ਕ੍ਰਿਸ਼ਨ ਨੇ ਘਾਇਲ ਕਰ ਦਿੱਤਾ ਅਤੇ ਰਾਜੇ ਨੇ ਵੀ ਸ੍ਰੀ ਕ੍ਰਿਸ਼ਨ ਨੂੰ ਜ਼ਖ਼ਮੀ ਕਰ ਦਿੱਤਾ।

ਬੀਰ ਦੁਹੂੰ ਤਿਹ ਠਉਰ ਬਿਖੈ ਕਬਿ ਰਾਮ ਭਨੈ ਅਤਿ ਜੁਧੁ ਮਚਾਯੋ ॥

ਕਵੀ ਰਾਮ ਕਹਿੰਦੇ ਹਨ, ਦੋਹਾਂ ਸੂਰਵੀਰਾਂ ਨੇ ਉਸ ਥਾਂ ਉਤੇ ਬਹੁਤ ਵਾਰੀ ਯੁੱਧ ਕੀਤਾ।

ਬਾਨ ਅਪਾਰ ਚਲੇ ਦੁਹੂੰ ਓਰ ਤੇ ਅਭ੍ਰਨ ਜਿਉ ਦਿਵ ਮੰਡਲ ਛਾਯੋ ॥੧੪੪੯॥

ਦੋਹਾਂ ਪਾਸਿਆਂ ਤੋਂ ਅਪਾਰ ਤੀਰ ਚਲੇ ਹਨ (ਜਿਨ੍ਹਾਂ ਨੇ) ਬਦਲਾਂ ਵਾਂਗ ਸਾਰੇ ਆਕਾਸ਼ ਨੂੰ ਢਕ ਲਿਆ ਹੈ ॥੧੪੪੯॥

ਸ੍ਰੀ ਜਦੁਬੀਰ ਸਹਾਇ ਕੇ ਕਾਜ ਜਿਨੋ ਬਰ ਬੀਰਨ ਤੀਰ ਚਲਾਏ ॥

ਸ੍ਰੀ ਕ੍ਰਿਸ਼ਨ ਦੀ ਸਹਾਇਤਾ ਲਈ ਜਿਨ੍ਹਾਂ ਬਹਾਦਰ ਯੋਧਿਆਂ ਨੇ ਬਾਣ ਚਲਾਏ ਹਨ,

ਭੂਪਤਿ ਏਕ ਨ ਬਾਨ ਲਗਿਯੋ ਲਖਿ ਦੂਰਿ ਤੇ ਬਾਨਨ ਸੋ ਬਹੁ ਘਾਏ ॥

(ਉਨ੍ਹਾਂ ਵਿਚੋਂ) ਇਕ ਵੀ ਤੀਰ ਰਾਜਾ (ਖੜਗ ਸਿੰਘ) ਨੂੰ ਨਹੀਂ ਲਗਿਆ, ਸਗੋਂ (ਰਾਜੇ ਨੇ ਉਨ੍ਹਾਂ ਨੂੰ) ਦੂਰੋਂ ਹੀ ਵੇਖ ਕੇ ਬਹੁਤਿਆਂ ਨੂੰ ਬਾਣਾਂ ਨਾਲ ਘਾਇਲ ਕਰ ਦਿੱਤਾ ਹੈ।

ਧਾਇ ਪਰੀ ਬਹੁ ਜਾਦਵ ਸੈਨ ਧਵਾਇ ਕੈ ਸ੍ਯੰਦਨ ਚਾਪ ਚਢਾਏ ॥

ਯਾਦਵਾਂ ਦੀ ਬਹੁਤ ਸਾਰੀ ਸੈਨਾ ਰਥਾਂ ਨੂੰ ਭਜਾ ਕੇ ਅਤੇ ਧਨੁਸ਼ਾਂ ਉਤੇ ਤੀਰ ਕਸ ਕੇ ਇਕੋ ਵਾਰ ਹੱਲਾ ਕਰ ਕੇ (ਰਾਜੇ ਉਤੇ) ਜਾ ਪਈ।

ਆਵਤ ਸ੍ਯਾਮ ਭਨੈ ਰਿਸ ਕੈ ਨ੍ਰਿਪ ਸੋ ਪਲ ਮੈ ਦਲ ਪੈਦਲ ਘਾਏ ॥੧੪੫੦॥

ਸਿਆਮ (ਕਵੀ) ਕਹਿੰਦੇ ਹਨ, ਰਾਜੇ ਨੇ ਕ੍ਰੋਧ ਕਰ ਕੇ ਪੈਦਲ ਸੈਨਾ ਨੂੰ ਪਲ ਵਿਚ ਮਾਰ ਮੁਕਾਇਆ ਹੈ ॥੧੪੫੦॥

ਏਕ ਗਿਰੇ ਤਜਿ ਪ੍ਰਾਨਨ ਕੋ ਰਨ ਕੀ ਛਿਤ ਮੈ ਅਤਿ ਜੁਧੁ ਮਚੈ ਕੈ ॥

ਕਈ ਇਕ (ਸ਼ੂਰਵੀਰ) ਯੁੱਧ-ਭੂਮੀ ਵਿਚ ਬਹੁਤ ਯੁੱਧ ਮਚਾ ਕੇ ਅਤੇ (ਆਖੀਰ ਨੂੰ) ਪ੍ਰਾਣਾਂ ਨੂੰ ਤਿਆਗ ਕੇ ਡਿਗ ਪਏ ਹਨ।

ਏਕ ਗਏ ਭਜਿ ਕੈ ਇਕ ਘਾਇਲ ਏਕ ਲਰੇ ਮਨਿ ਕੋਪੁ ਬਢੈ ਕੈ ॥

ਕਈ ਭਜ ਗਏ ਹਨ, ਕਈ ਘਾਇਲ ਹੋ ਗਏ ਹਨ ਅਤੇ ਕਈ ਮਨ ਵਿਚ ਕ੍ਰੋਧ ਵਧਾ ਕੇ ਲੜ ਰਹੇ ਹਨ।

ਤਉ ਨ੍ਰਿਪ ਲੈ ਕਰ ਮੈ ਕਰਵਾਰ ਦੀਯੋ ਬਹੁ ਖੰਡਨ ਖੰਡਨ ਕੈ ਕੈ ॥

ਤਦ ਰਾਜੇ ਨੇ ਹੱਥ ਵਿਚ ਤਲਵਾਰ ਲੈ ਕੇ, ਬਹੁਤ ਸਾਰੇ ਸੂਰਵੀਰਾਂ ਨੂੰ ਟੋਟੇ ਟੋਟੇ ਕਰ ਦਿੱਤਾ ਹੈ।

ਭੂਪ ਕੋ ਪਉਰਖ ਹੈ ਮਹਬੂਬ ਨਿਹਾਰ ਰਹੇ ਸਬ ਆਸਿਕ ਹ੍ਵੈ ਕੈ ॥੧੪੫੧॥

(ਅਸਲੋਂ) ਰਾਜੇ ਦੀ ਬਹਾਦਰੀ ਮਾਸ਼ੂਕ ਹੈ ਅਤੇ (ਉਸ ਨੂੰ) ਸਾਰੇ ਆਸ਼ਕ ਹੋ ਕੇ ਵੇਖ ਰਹੇ ਹਨ ॥੧੪੫੧॥


Flag Counter