ਸੈਨਾ ਉਤਸਾਹ ਪੂਰਵਕ ਚਲ ਪਈ ਹੈ।
ਸਾਰੀ ਧਰਤੀ ('ਥਿਰਾ') ਡੋਲ ਗਈ ਹੈ ॥੪੫੭॥
(ਧਰਤੀ) ਇਸ ਤਰ੍ਹਾਂ ਕੰਬ ਉਠੀ ਹੈ
ਜਿਵੇਂ ਨਦੀ ਵਿਚ ਨੌਕਾ (ਡੋਲਦੀ ਹੈ)।
ਸੂਰਮਿਆਂ ਨੂੰ ਉਤਸਾਹ ਚੜ੍ਹਿਆ ਹੋਇਆ ਹੈ।
(ਪੈਰਾਂ ਦੀ) ਧੂੜ ਨਾਲ ਆਕਾਸ਼ ਪੂਰਿਆ ਹੋਇਆ ਹੈ ॥੪੫੮॥
ਛਤ੍ਰਧਾਰੀ (ਰਾਜੇ) ਕ੍ਰੋਧਵਾਨ ਹੋ ਗਏ ਹਨ।
(ਉਨ੍ਹਾਂ ਨੇ) ਭਾਰੀ ਸੈਨਾ ਇਕੱਠੀ ਕਰ ਲਈ ਹੈ।
(ਕਲਕੀ ਅਵਤਾਰ ਉਪਰ) ਇਸ ਤਰ੍ਹਾਂ ਚੜ੍ਹ ਚਲੇ ਹਨ,
ਜਿਸ ਤਰ੍ਹਾਂ ਵਿਤ੍ਰਾਸੁਰ ਇੰਦਰ ਉਤੇ (ਚੜ੍ਹਿਆ ਸੀ) ॥੪੫੯॥
ਸਾਰੀ ਸੈਨਾ ਸੋਭ ਰਹੀ ਹੈ।
(ਉਸ ਦਾ) ਕੌਣ ਵਰਣਨ ਕਰ ਸਕਦਾ ਹੈ?
ਸਾਜਾਂ ਨੂੰ ਸਜਾ ਕੇ (ਸੈਨਾ) ਚਲੀ ਹੈ
ਅਤੇ ਜਿਤ ਦੇ ਵਾਜੇ ਵਜ ਰਹੇ ਹਨ ॥੪੬੦॥
ਭੁਜੰਗ ਪ੍ਰਯਾਤ ਛੰਦ:
(ਜਿਤਨੇ ਵੀ) ਗਖੜ, ਪਖੜ ਤਲਵਾਰਾਂ ਧਾਰਨ ਕਰਨ ਵਾਲੇ ਸਨ (ਉਹ) ਜਿਤੇ ਗਏ ਹਨ।
ਪਖੜ, ਭਖਰ ਅਤੇ ਕੰਧਾਰ (ਦੇਸ਼ ਵਾਲੇ) ਮਾਰ ਦਿੱਤੇ ਗਏ ਹਨ।
ਗੁਰਜਿਸਤਾਨ ਦੇ ਗਾਜ਼ੀਆਂ, ਰਜੀ, ਰੋਹ ਵਾਲੇ ਰੂਮੀ ਸੂਰਮਿਆਂ ਨੂੰ ਮਾਰ ਦਿੱਤਾ ਹੈ
ਅਤੇ ਬਾਂਕੇ (ਯੋਧੇ) ਧਰਤੀ ਉਤੇ ਘੁੰਮੇਰੀ ਖਾ ਕੇ ਡਿਗ ਪਏ ਹਨ ॥੪੬੧॥
ਕਾਬਲ ਦੇਸ ਦੇ, ਬਾਬਰ ਦੇ ਦੇਸ ਦੇ ਸੋਹਣੇ ਸੂਰਮੇ ਮਾਰ ਦਿੱਤੇ ਹਨ।
ਕੰਧਾਰ, ਹਿਰਾਤ, ਇਰਾਕ ਦੇ ਨਿਸੰਗ ਯੋਧੇ;
ਬਲਖ ਦੇਸ ਦੇ ਬਲੀ ਰੋਹ ਵਾਲੇ, ਰੂਮ ਦੇਸ਼ ਦੇ
ਕਠੋਰ ਯੋਧੇ ਡਰ ਕੇ ਭਜ ਚਲੇ ਹਨ ਅਤੇ ਉਨ੍ਹਾਂ ਦੇ ਕਮਰ। ਕੱਸੇ ਢਿਲੇ ਹੋ ਗਏ ਹਨ ॥੪੬੨॥
(ਉਨ੍ਹਾਂ ਨੇ) ਅਸਤ੍ਰਾਂ ਅਤੇ ਸ਼ਸਤ੍ਰਾਂ ਨੂੰ ਛਡ ਦਿੱਤਾ ਹੈ ਅਤੇ ਔਰਤਾਂ ਦੇ ਬਸਤ੍ਰ ਸਜਾ ਲਏ ਹਨ।
(ਇਸ ਤਰ੍ਹਾਂ) ਧੀਰਜ ਵਾਲੇ ਸੂਰਮੇ ਸ਼ਰਮਿੰਦੇ ਹੋ ਕੇ ਦੇਸਾਂ ਨੂੰ ਛਡ ਚਲੇ ਹਨ।
ਹਾਥੀਆਂ ਉਤੇ ਚੜ੍ਹਨ ਵਾਲੇ ਗਾਜ਼ੀ, ਘੋੜਿਆਂ ਦੇ ਸਵਾਰ ਅਤੇ ਰਥਾਂ ਵਾਲੇ ਰਾਜਾਂ ਤੋਂ ਵਾਂਝੇ ਗਏ ਹਨ।
ਸੂਰਮਿਆਂ ਨੇ ਧੀਰਜ ਛਡ ਦਿੱਤਾ ਹੈ ਅਤੇ ਉਨ੍ਹਾਂ ਦੇ ਸ਼ਰੀਰ ਢਿਲੇ ਹੋ ਗਏ ਹਨ ॥੪੬੩॥
ਹਬਸ਼ ਦੇਸ ਦੇ, ਹਲਬ ਦੇਸ ਦੇ, ਕੋਕ ਬੰਦਰ (ਮਹਾਰਾਸ਼ਟਰ) ਦੇ ਰਹਿਣ ਵਾਲੇ ਭਜ ਤੁਰੇ ਹਨ।
ਬਰਬਰ (ਜੰਗਲੀ) ਦੇਸ ਵਾਲੇ, ਆਰਮੀਨੀਆ ਦੇਸ ਵਾਲੇ (ਆਪਣੇ) ਰਾਜਾਂ ('ਤੰਦ੍ਰੀ') ਨੂੰ ਛਡ ਕੇ ਤੁਰ ਚਲੇ ਹਨ।
ਉਥੇ ਇਕ ਬਹਾਦਰ ਸੂਰਮੇ ਨੇ ਖੂਨੀ ਖੰਡਾ ਕਢ ਲਿਆ ਹੈ।
ਦੋਹਾਂ ਸੈਨਾਵਾਂ ਦੇ ਵਿਚਾਲੇ ਉਸ ਦਾ ਘੋੜਾ ਜਾ ਕੇ ਨਚਿਆ ਹੈ ॥੪੬੪॥
ਯੁੱਧ ਵਿਚ ਯੋਧਿਆਂ ਨੇ ਉਸ (ਕਲਕੀ) ਨੂੰ ਮਹਾਨ ਜੰਗ ਕਰਨ ਵਾਲਾ ਜਾਣਿਆ ਹੈ
ਕਿ (ਯੁੱਧ ਵਿਚ) ਛਤ੍ਰਧਾਰੀਆਂ ਦੇ ਛਤ੍ਰਾਂ ਨੂੰ ਹਰਨ ਵਾਲਾ (ਇਸ ਸਮੇਂ) ਭੜਕਿਆ ਹੋਇਆ ਹੈ।
ਹਾਥੀਆਂ ਦੀ ਸਵਾਰੀ ਕਰਨ ਵਾਲੇ ('ਦੁਰਦਗਾਮੀ') ਅਤੇ ਯੁੱਧ ਵਿਚ ਦਲਾਂ ਨੂੰ ਜਿਤਣ ਵਾਲੇ (ਸੂਰਮੇ ਵੀ) ਲੁਕ ('ਦੁਰੰ') ਗਏ ਹਨ।
ਛਤ੍ਰਾਂ ਵਾਲਿਆਂ ਨੂੰ ਮਾਰਨ ਵਾਲੇ ਅਤੇ ਯੁੱਧ ਵਿਚ ਵਿਜੈ ਦਾ ਕਾਰਨ ਸਰੂਪ (ਕਲਕੀ) ਭੜਕੇ ਹੋਏ ਹਨ ॥੪੬੫॥
(ਉਸ ਨੇ) ਬਹੁਤ ਕ੍ਰੋਧ ਕਰ ਕੇ ਅਣਗਿਣਤ ਬਾਣ ਛਡੇ ਹਨ।
ਢਾਲਾਂ (ਅਥਵਾ ਸਿਰਾਂ ਦੇ ਟੋਪ) ਕਟੇ ਗਏ ਹਨ ਅਤੇ ਰਾਜਿਆਂ ਦੀ ਸੈਨਾ ਖਿੰਡ ਗਈ ਹੈ।
ਲੋਥਾਂ ਦੇ ਸਮੂਹ (ਯੁੱਧ-ਭੂਮੀ ਵਿਚ) ਡਿਗੇ ਪਏ ਹਨ ਅਤੇ (ਕਈ ਯੋਧੇ) ਆਪਸ ਵਿਚ ਗੁਥਮ ਗੁੱਥਾ ਹੋ ਰਹੇ ਹਨ।
(ਕਈਆਂ ਦੇ) ਅੰਗ ਕਟ ਕੇ ਡਿਗੇ ਪਏ ਹਨ ਅਤੇ ਰਣ ਵਿਚ ਮੁੰਡਾਂ ਦੇ ਢੇਰ ਲਗੇ ਹੋਏ ਹਨ ॥੪੬੬॥
(ਮੁਰਦਿਆਂ ਨੂੰ ਨੋਚਣ ਵਾਲੇ) ਕਾਂ ਖੁਸ਼ੀ ਮੰਨਾਉਂਦੇ ਹਨ ਅਤੇ ਕਾਲੀ ਕਿਲਕਾਰੀਆਂ ਮਾਰਦੀ ਹੈ।
ਉਹ ਮਹਾਨ ਜੋਤਿ ਵਾਲੀ ਜ੍ਵਾਲਾਮੁਖੀ (ਮੂੰਹ ਵਿਚੋਂ) ਅਗਨੀ ਦੀਆਂ ਲਾਟਾਂ ਕਢਦੀ ਹੈ।
ਭੂਤ ਪ੍ਰੇਤ ਹਸ ਰਹੇ ਹਨ ਅਤੇ ਤੱਤ-ਥੱਯਾ ਦੇ ਤਾਲ ਟੁਟ ਰਹੇ ਹਨ।
ਗੌਰੀ ('ਗਉਰ') ਰੁੰਡਾਂ ਦੀ ਮਾਲਾ ਪਰੋਣ ਲਈ (ਇਧਰ ਉਧਰ) ਭਜੀ ਫਿਰਦੀ ਹੈ ॥੪੬੭॥
ਰਸਾਵਲ ਛੰਦ:
(ਯੋਧੇ) ਕ੍ਰੋਧਿਤ ਹੋ ਕੇ ਯੁੱਧ ਕਰਦੇ ਹਨ।
ਸਹੀ ਢੰਗ ਨਾਲ ਬਾਣ ਛਡਦੇ ਹਨ।
(ਮੂੰਹੋਂ) 'ਮਾਰੋ ਮਾਰੋ' ਬੋਲਦੇ ਹਨ।
ਬਾਣਾਂ ਦੀ ਝੜੀ ਲਾਉਂਦੇ ਹਨ ॥੪੬੮॥