ਬਸੁਦੇਵ ਨੇ ਧਨੁਸ਼ ਬਾਣ ਪਕੜ ਕੇ ਚੰਗੇ ਰਥ ਦੇ ਪਹੀਏ ਕਟ ਕੇ ਸੁਟ ਦਿੱਤੇ।
ਸਾਤਕ ਨੇ ਰਥਵਾਨ ਦਾ ਸਿਰ ਕਟ ਦਿੱਤਾ ਅਤੇ ਊਧਵ ਨੇ ਕ੍ਰੋਧ ਕਰ ਕੇ ਅਨੇਕ ਬਾਣ ਚਲਾਏ।
(ਰਾਜਾ ਅਣਗ ਸਿੰਘ) ਤੁਰਤ ਰਥ ਤੋਂ ਕੁਦ ਪਿਆ ਅਤੇ ਤਲਵਾਰ ਤੇ ਢਾਲ ਪਕੜ ਕੇ ਬਹੁਤ ਸਾਰੇ ਵੈਰੀ ਮਾਰ ਦਿੱਤੇ ॥੧੧੬੨॥
ਸ੍ਰੀ ਕ੍ਰਿਸ਼ਨ ਦਾ ਇਕ ਸੂਰਮਾ ਖੜੋਤਾ ਹੋਇਆ ਸੀ, ਉਸ ਨੂੰ ਅਣਗ ਸਿੰਘ ਨੇ ਅੱਖਾਂ ਨਾਲ ਵੇਖ ਲਿਆ।
ਪੈਰਾਂ ਦੀ ਫੁਰਤੀ ਨਾਲ ਬਲ ਪੂਰਵਕ ਵੈਰੀ ਦੇ ਸਿਰ ਉਤੇ ਤਲਵਾਰ ਚਲਾ ਦਿੱਤੀ।
(ਜਦ ਅਣਗ ਸਿੰਘ) ਟੁੱਟ ਕੇ ਪੈ ਗਿਆ ਅਤੇ ਝਟਕਾ ਦੇ ਕੇ ਸਿਰ ਕਟ ਦਿੱਤਾ, ਉਸ ਛਬੀ ਦੇ ਭਾਵ ਨੂੰ ਕਵੀ ਨੇ (ਇਸ ਤਰ੍ਹਾਂ) ਉਚਾਰਿਆ ਹੈ।
ਮਾਨੋ ਰਾਹੂ ਨੇ ਚੰਦ੍ਰਮਾ ਨੂੰ ਆਕਾਸ ਮੰਡਲ ਵਿਚੋਂ ਮਾਰ ਕੇ ਧਰਤੀ ਉਤੇ ਡਿਗਾ ਦਿੱਤਾ ਹੋਵੇ ॥੧੧੬੩॥
ਵੈਰੀ ਦੇ ਰਥ ਉਤੇ ਕੁਦ ਕੇ ਚੜ੍ਹ ਗਿਆ ਅਤੇ ਉਸੇ ਵੇਲੇ ਰਥਵਾਨ ਦਾ ਸਿਰ ਵਢ ਦਿੱਤਾ।
ਧਨੁਸ਼, ਬਾਣ, ਕ੍ਰਿਪਾਨ, ਗਦਾ, ਬਰਛੀ (ਆਦਿਕ ਹਥਿਆਰ) ਵੈਰੀ ਨੇ ਹੱਥ ਵਿਚ ਲਏ ਹੋਏ ਹਨ।
(ਕਵੀ) ਸ਼ਿਆਮ ਕਹਿੰਦੇ ਹਨ, ਆਪ ਹੀ ਰਥ ਨੂੰ ਪ੍ਰੇਰ ਕੇ ਯਾਦਵ ਸੈਨਾ ਵਿਚ ਜਿਸ ਵੇਲੇ ਪਿਆ,
(ਤਾਂ) ਇਕਨਾਂ ਨੂੰ ਮਾਰ ਲਿਆ ਹੈ, ਇਕ ਭਜ ਗਏ ਹਨ, ਇਕ ਖੜੋਤੇ ਹੋਏ ਹਨ ਅਤੇ ਉਸ ਤੋਂ ਦਬਦੇ ਨਹੀਂ ਹਨ ॥੧੧੬੪॥
(ਉਹ) ਆਪ ਹੀ ਰਥ ਨੂੰ ਹਕਦਾ ਹੈ ਅਤੇ ਆਪ ਹੀ ਬਾਣਾਂ ਦਾ ਜਾਲ ਵਿਛਾ ਦਿੰਦਾ ਹੈ।
ਆਪ ਹੀ ਵੈਰੀਆਂ ਦੇ ਘਾਓ ਤੋਂ (ਆਪਣੇ ਆਪ ਨੂੰ) ਬਚਾਉਂਦਾ ਹੈ ਅਤੇ ਆਪ ਹੀ ਵੈਰੀਆਂ ਨੂੰ ਘਾਓ ਲਗਾਉਂਦਾ ਹੈ।
ਇਕਨਾਂ ਦੇ ਧਨੁਸ਼ ਬਾਣਾਂ ਨਾਲ ਕਟ ਸੁਟੇ ਹਨ ਅਤੇ ਇਕਨਾਂ ਦੇ ਰਥ ਕਟ ਕੇ ਡਿਗਾ ਦਿੱਤੇ ਹਨ।
ਜਿਵੇਂ ਬਿਜਲੀ ਬਦਲ ਵਿਚ ਚਮਕਦੀ ਹੈ, ਉਵੇਂ ਹੱਥ ਵਿਚ ਤਲਵਾਰ ਚਮਕਾਉਂਦਾ ਹੈ ॥੧੧੬੫॥
ਰਣ-ਭੂਮੀ ਵਿਚ ਬਹੁਤ ਸਾਰੇ ਸੂਰਵੀਰਾਂ ਨੂੰ ਮਾਰ ਕੇ ਅਤੇ ਕ੍ਰੋਧ ਕਰ ਕੇ ਹੋਠਾਂ ਨੂੰ ਦੰਦਾਂ ਨਾਲ ਚਬਾਉਂਦਾ ਹੈ।
ਜੋ ਕੋਈ ਇਸ ਉਤੇ ਚੜ੍ਹ ਕੇ ਆਉਂਦਾ ਹੈ, ਉਸ ਵੈਰੀ ਨੂੰ ਬਾਣਾਂ ਨਾਲ ਕਟ ਕੇ ਸੁਟ ਦਿੰਦਾ ਹੈ।
ਆਪ ਹੀ ਵੈਰੀ ਦੇ ਦਲ ਉਤੇ ਆ ਕੇ ਪੈਂਦਾ ਹੈ ਅਤੇ ਫਿਰ ਦਲ ਨੂੰ ਮਸਲ ਕੇ ਚਲਾ ਜਾਂਦਾ ਹੈ।
ਯੁੱਧ ਕਰਦਾ ਹੈ, ਕ੍ਰਿਸ਼ਨ ਤੋਂ ਡਰਦਾ ਨਹੀਂ ਹੈ ਅਤੇ ਅੜ ਕੇ ਰਥ ਨੂੰ ਬਲਰਾਮ ਵਲ ਚਲਾਉਂਦਾ ਹੈ ॥੧੧੬੬॥
ਦੋਹਰਾ:
ਜਦ ਵੈਰੀ ਨੇ ਬਹੁਤ ਤਕੜਾ ਯੁੱਧ ਕੀਤਾ, ਤਦ ਕ੍ਰਿਸ਼ਨ ਨੂੰ ਉਸ ਵਲ ਵਧਿਆ ਹੋਇਆ ਵੇਖਿਆ।
ਯਾਦਵਾਂ ਪ੍ਰਤਿ ਸ੍ਰੀ ਕ੍ਰਿਸ਼ਨ ਨੇ ਇਸ ਤਰ੍ਹਾਂ ਕਿਹਾ ਕਿ ਭੁਲੇਖੇ ('ਦੁਬਿਧਾ') ਨਾਲ (ਇਸ ਨੂੰ) ਮਾਰ ਲਵੋ ॥੧੧੬੭॥
ਸਵੈਯਾ:
ਸਾਤਕ ਨੇ ਉਸ ਦੇ ਰਥ ਨੂੰ ਕਟ ਦਿੱਤਾ ਅਤੇ ਕ੍ਰਿਸ਼ਨ ਨੇ ਘੋੜਿਆਂ ਨੂੰ ਕਟ ਸੁਟਿਆ।
ਬਲਰਾਮ ਨੇ ਰਥਵਾਨ ਦੇ ਸਿਰ ਨੂੰ ਵਢ ਦਿੱਤਾ ਅਤੇ ਬਰਮਾਕ੍ਰਿਤ ਨੇ (ਅਣਗ ਸਿੰਘ) ਦੇ ਅੰਗ ਪ੍ਰਤਿਅੰਗ ਤੋੜ ਸੁਟੇ।
ਅਕਰੂਰ ਨੇ ਉਸ ਦੀ ਛਾਤੀ ਵਿਚ ਜ਼ੋਰ ਨਾਲ ਬਾਣ ਮਾਰਿਆ, (ਬਾਣ ਉਸ ਨੂੰ) ਲਗਿਆ ਅਤੇ ਉਹ ਬਿਲਕੁਲ ਸੰਭਲ ਨਾ ਸਕਿਆ।
ਮੂਰਛਿਤ ਹੋ ਕੇ ਰਣਭੂਮੀ ਵਿਚ ਡਿਗ ਪਿਆ ਅਤੇ ਤਲਵਾਰ ਲੈ ਕੇ ਊਧਵ ਨੇ ਸਿਰ ਉਤਾਰ ਦਿੱਤਾ ॥੧੧੬੮॥
ਦੋਹਰਾ:
ਜਦ ਛੇ ਸੂਰਮਿਆਂ ਨੇ ਮਿਲ ਕੇ ਅਣਗ ਸਿੰਘ ਨੂੰ (ਉਸ) ਥਾਂ ਮਾਰ ਦਿੱਤਾ।
ਤਦ ਜਰਾਸੰਧ ਦੀ ਸੈਨਾ ਤੋਂ ਚਾਰ ਹੋਰ ਰਾਜੇ ਚਲ ਪਏ ॥੧੧੬੯॥
ਸਵੈਯਾ:
ਬਲਵਾਨ ਅਮਿਤ ਸਿੰਘ, ਮਹਾਨ ਅਚਲ ਸਿੰਘ, ਅਨਘ ਸਿੰਘ ਅਤੇ ਅਸੁਰ ਸਿੰਘ ਚਲੇ ਹਨ।
ਬਾਣ, ਕਮਾਨ, ਕ੍ਰਿਪਾਨ, ਵੱਡੇ ਬਰਛੇ, ਕੁਹਾੜੇ, ਗਦਾ (ਆਦਿਕ ਸ਼ਸਤ੍ਰ) ਫੜ ਕੇ ਉਹ ਆਏ ਹਨ।
ਕ੍ਰੋਧਿਤ ਸੂਰਵੀਰ ਨਿਸੰਗ ਹੋ ਕੇ ਲੜਦੇ ਹਨ, ਕੋਈ ਯੋਧਾ (ਉਨ੍ਹਾਂ ਅਗੇ) ਟਿਕਦਾ ਨਹੀਂ ਅਤੇ ਬਹੁਤ ਸਾਰੇ ਯੋਧੇ ਭਜ ਗਏ ਹਨ।
(ਉਨ੍ਹਾਂ ਨੇ) ਆ ਕੇ ਕ੍ਰਿਸ਼ਨ ਨੂੰ ਘੇਰ ਲਿਆ ਹੈ ਅਤੇ ਮਧੁ (ਦੈਂਤ) ਨੂੰ ਦੁਖ ਦੇਣ ਵਾਲੇ (ਕ੍ਰਿਸ਼ਨ ਨੂੰ) ਬਹੁਤ ਬਾਣ ਮਾਰੇ ਹਨ ॥੧੧੭੦॥
ਘਾਓਆਂ ਨੂੰ ਸਹਿ ਕੇ ਬ੍ਰਜਨਾਥ ਨੇ ਧਨੁਸ਼ ਲੈ ਕੇ ਬਾਣਾਂ ਨੂੰ (ਹੱਥ ਵਿਚ) ਸੰਭਾਲ ਲਿਆ।
ਅਸੁਰ ਸਿੰਘ ਦਾ ਸਿਰ ਕਟ ਦਿੱਤਾ ਅਤੇ ਅਮਿਤ ਸਿੰਘ ਦੀ ਦੇਹ ਨੂੰ ਨਸ਼ਟ ਕਰ ਦਿੱਤਾ।
ਅਨਘ ਸਿੰਘ ਨੂੰ ਕਟ ਕੇ ਦੋ ਹਿੱਸੇ ਕਰ ਦਿੱਤੇ ਅਤੇ ਮੁਰਦਾ ਹੋ ਕੇ ਰਥ ਉਤੋਂ ਡਿਗ ਕੇ ਧਰਤੀ ਉਤੇ ਆ ਪਿਆ।
ਅਚਲ ਸਿੰਘ ਜੀ ਨੇ ਬਾਣਾਂ ਨੂੰ ਸਹਿ ਕੇ ਫਿਰ ਡਟਿਆ ਰਿਹਾ ਅਤੇ ਭਜ ਕੇ ਨਾ ਗਿਆ ॥੧੧੭੧॥
(ਅਚਲ ਸਿੰਘ) ਕ੍ਰੋਧ ਕਰ ਕੇ ਕ੍ਰਿਸ਼ਨ ਨੂੰ ਇਸ ਤਰ੍ਹਾਂ ਬੋਲਣ ਲਗਿਆ ਕਿ ਰਨ ਸਿੰਘ ਆਦਿ (ਤੋਂ ਲੈ ਕੇ) ਤੂੰ ਸੂਰਮੇ ਮਾਰੇ ਹਨ।
ਕੀ ਤੂੰ ਹੀ ਗਜ ਸਿੰਘ ਨੂੰ ਮਾਰਿਆ ਹੈ ਅਤੇ ਅਣਗ ਸਿੰਘ ਨੂੰ ਛਲ ਨਾਲ (ਮਾਰ ਕੇ) ਡਿਗਾ ਦਿੱਤਾ ਹੈ।
(ਤੂੰ) ਜਾਣਦਾ ਹੈਂ ਕਿ ਬਲਵਾਨ ਅਮਿਤ ਸਿੰਘ ਅਤੇ ਧਨ ਸਿੰਘ ਨੂੰ ਮਾਰ ਕੇ (ਤੂੰ) ਬਹਾਦਰ ਅਖਵਾਉਂਦਾ ਹੈਂ।
ਤਦ ਤਕ ਹੀ ਹਾਥੀ ਗਜਦਾ ਹੈ, ਜਦ ਤਕ ਬਨ ਵਿਚ ਸ਼ੇਰ ਨਹੀਂ ਆ ਜਾਂਦਾ ਹੈ ॥੧੧੭੨॥
ਇਸ ਤਰ੍ਹਾਂ ਦੀ ਗੱਲ ਸ੍ਰੀ ਕ੍ਰਿਸ਼ਨ ਨੂੰ ਕਹਿ ਕੇ ਅਭਿਮਾਨ ਦੇ ਭਰੇ ਹੋਏ ਨੇ ਧਨੁਸ਼ ਅਤੇ ਬਾਣ ਸੰਭਾਲ ਲਿਆ।
ਕੰਨ ਤਕ ਧਨੁਸ਼ ਨੂੰ ਖਿਚ ਕੇ ਬਹੁਤ ਤਿਖਾ ਤੀਰ ਸ੍ਰੀ ਕ੍ਰਿਸ਼ਨ ਨੂੰ ਮਾਰ ਦਿੱਤਾ।
(ਬਾਣ) ਕ੍ਰਿਸ਼ਨ ਦੀ ਛਾਤੀ ਵਿਚ ਜਾ ਲਗਿਆ (ਕਿਉਂਕਿ) ਬਾਣ ਨੂੰ ਆਉਂਦੇ ਹੋਇਆਂ ਕ੍ਰਿਸ਼ਨ ਨੇ ਵੇਖਿਆ ਹੀ ਨਹੀਂ ਸੀ।
(ਫਲਸਰੂਪ) ਮੂਰਛਿਤ ਹੋ ਕੇ ਰਥ ਵਿਚ ਡਿਗ ਪਏ ਅਤੇ ਰਥਵਾਨ ਕ੍ਰਿਸ਼ਨ ਨੂੰ ਰਣ-ਭੂਮੀ ਵਿਚੋਂ ਲੈ ਕੇ ਭਜ ਗਿਆ ॥੧੧੭੩॥
ਇਕ ਮਹੂਰਤ ਬੀਤ ਗਿਆ, ਤਦ ਰਥ ਉਤੇ ਕ੍ਰਿਸ਼ਨ ਸਾਵਧਾਨ ਹੋ ਗਏ।