ਹੇ ਰਾਜਨ! ਸੁਣੋ, ਇਕ ਵਾਰਤਾ ਕਹਿੰਦੇ ਹਾਂ।
(ਤੇਰੇ ਨਗਰ ਵਿਚ) ਇਕ ਅਭਿਮਾਨੀ ਪੁਰਸ਼ ਪੈਦਾ ਹੋਇਆ ਹੈ।
ਜਿਸ ਦੇ ਸਮਾਨ ਰੂਪ ਵਾਲਾ ਜਗਤ ਵਿਚ ਕੋਈ ਵੀ ਨਹੀਂ ਹੈ।
(ਉਸ ਰੂਪ ਵਾਲਾ) ਵਿਧਾਤਾ ਨੇ ਇਕੋ (ਉਸੇ) ਨੂੰ ਘੜਿਆ ਹੈ ॥੫॥
(ਉਹ) ਜਾਂ ਤਾਂ ਕੋਈ ਗੰਧਰਬ ਹੈ ਜਾਂ ਕੋਈ ਯਕਸ਼ ਹੈ।
ਮਾਨੋ ਦੂਜਾ ਸੂਰਜ ਹੀ ਚੜ੍ਹ ਪਿਆ ਹੋਵੇ।
ਉਸ ਦੇ ਸ਼ਰੀਰ ਤੋਂ ਬਹੁਤ ਜੋਬਨ ਝਮਕ ਰਿਹਾ ਹੈ,
ਜਿਸ ਨੂੰ ਵੇਖ ਕੇ ਕਾਮਦੇਵ ਵੀ ਸ਼ਰਮਿੰਦਾ ਹੁੰਦਾ ਹੈ ॥੬॥
ਰਾਜੇ ਨੇ (ਉਸ ਨੂੰ) ਵੇਖਣ ਲਈ ਬੁਲਾ ਲਿਆ।
ਉਹ ਪਹਿਲੇ ਦਿਨ ਹੀ (ਬੁਲਾਉਣ ਗਏ ਵਿਅਕਤੀ ਦੇ) ਨਾਲ ਚਲ ਕੇ ਆ ਗਿਆ।
(ਉਸ ਨੂੰ ਵੇਖ ਕੇ) ਜਟਾਧਾਰੀ ਖੁਸ਼ ਹੋਏ (ਪਰ ਅੰਦਰਲੇ ਡਰ ਨਾਲ ਉਨ੍ਹਾਂ ਦੇ) ਹਿਰਦੇ ਧੜਕਣ ਲਗੇ।
(ਇੰਜ ਪ੍ਰਤੀਤ ਹੁੰਦਾ ਸੀ) ਮਾਨੋ ਦੱਤ ਨੇ ਦੂਜਾ ਅਵਤਾਰ ਲਿਆ ਹੋਵੇ ॥੭॥
ਉਸ ਦਾ ਰੂਪ ਵੇਖ ਕੇ ਜਟਾਧਾਰੀ ਕੰਬਣ ਲਗ ਪਏ
(ਅਤੇ ਸੋਚਣ ਲਗੇ) ਕਿ ਇਹ ਕੋਈ ਅਵਤਾਰੀ ਪੁਰਸ਼ ਪ੍ਰਗਟ ਹੋਇਆ ਹੈ।
ਇਹ ਸਾਡਾ ਮਤ ਦੂਰ ਕਰ ਦੇਵੇਗਾ
ਅਤੇ ਕੋਈ ਜਟਾਧਾਰੀ ਰਹਿ ਨਹੀਂ ਸਕੇਗਾ ॥੮॥
ਤਦ (ਉਸ ਦੇ) ਤੇਜ ਦੇ ਪ੍ਰਭਾਵ ਨੂੰ ਵੇਖ ਕੇ ਰਾਜਾ
ਚਿਤ ਵਿਚ ਬਹੁਤ ਪ੍ਰਸੰਨ ਹੋਇਆ ਅਤੇ (ਸ਼ਰੀਰ) ਰੋਮਾਂਚਿਤ ਹੋ ਗਿਆ।
ਜਿਸ ਜਿਸ ਨੇ ਵੀ ਵੇਖਿਆ, ਵਿਸਮੈ ਵਿਚ ਪੈ ਗਿਆ।
(ਇੰਜ ਪ੍ਰਤੀਤ ਹੁੰਦਾ ਸੀ) ਮਾਨੋ ਨਿਰਧਨ ਨੇ ਨੌਂ ਨਿਧੀਆਂ ਪ੍ਰਾਪਤ ਕਰ ਲਈਆਂ ਹੋਣ ॥੯॥
(ਉਸ ਪੁਰਖ ਨੇ) ਸਾਰਿਆਂ ਦੇ ਸਿਰ ਉਤੇ ਮੋਹਿਤ ਕਰਨ ਵਾਲਾ ਜਾਲ ਪਾ ਦਿੱਤਾ,
(ਜਾਂ ਇੰਜ ਕਹੋ) ਕੌਤਕ ('ਚੇਟਕ') ਬਾਨ ਮਾਰਨ ਨਾਲ ਸਾਰੇ ਚਕ੍ਰਿਤ ਹੋ ਗਏ।
ਜਿਥੇ ਕਿਥੇ ਸਾਰੇ ਆਦਮੀ ਮੋਹਿਤ ਹੋ ਕੇ ਡਿਗ ਪਏ।
ਮਾਨੋ ਸੂਰਮੇ ਰਣ ਵਿਚ ਸਾਹਮਣੇ ਭਿੜ ਕੇ (ਡਿਗ ਪਏ ਹੋਣ) ॥੧੦॥
ਜਿਸ ਜਿਸ ਪੁਰਖ ਅਤੇ ਨਾਰੀ ਨੇ ਉਸ ਨੂੰ ਵੇਖਿਆ,
ਉਸ ਉਸ ਨੇ (ਉਸ ਨੂੰ) ਕਾਮਦੇਵ ਦੇ ਰੂਪ ਵਿਚ ਵੇਖਿਆ।
ਸਾਧਾਂ ਨੇ ਸਾਰੀਆਂ ਸਿੱਧੀਆਂ ਦੇ ਰੂਪ ਵਿਚ ਜਾਣਿਆ
ਅਤੇ ਯੋਗੀਆਂ ਨੇ ਯੋਗ ਰੂਪ ਦਾ ਅਨੁਮਾਨ ਕੀਤਾ ॥੧੧॥
(ਉਸ ਦਾ) ਰੂਪ ਵੇਖ ਕੇ ਸਾਰਾ ਰਣਵਾਸ ਲੁਭਾਇਮਾਨ ਹੋ ਗਿਆ ਹੈ।
ਰਾਜੇ ਨੇ ਮਨ ਵਿਚ ਵਿਚਾਰਿਆ ਕਿ ਇਸ ਨੂੰ ਲੜਕੀ (ਵਿਆਹ) ਦਿਆਂ।
ਜਦ ਉਹ ਰਾਜੇ ਦਾ ਜਵਾਈ ਹੋ ਗਿਆ
(ਤਦ) ਮਹਾਨ ਧਨੁਸ਼ਧਾਰੀ ਸੂਰਮੇ ਵਜੋਂ ਪ੍ਰਸਿੱਧ ਹੋਇਆ ॥੧੨॥
(ਉਹ) ਮਹਾਨ ਰੂਪ ਅਤੇ ਅਮਿਤ ਪ੍ਰਤਾਪ ਵਾਲਾ ਸੀ।
(ਇੰਜ ਪ੍ਰਤੀਤ ਹੁੰਦਾ ਸੀ) ਮਾਨੋ (ਉਹ ਜਗਤ ਵਿਚ) ਆਪਣਾ ਜਾਪ ਜਪਵਾਏਗਾ।
ਸ਼ਸਤ੍ਰ ਅਤੇ ਸ਼ਾਸਤ੍ਰ ਵਿਚ ਪ੍ਰਬੀਨ ਅਤੇ ਦਿਬ ਗਿਆਨ ਵਾਲਾ ਸੀ
ਜਿਸ ਦੇ ਸਮਾਨ ਜਗਤ ਵਿਚ ਹੋਰ ਕੋਈ ਪੰਡਿਤ ਨਹੀਂ ਸੀ ॥੧੩॥
ਆਯੂ ਭਾਵੇਂ ਥੋੜੀ ਹੈ ਪਰ ਬੁੱਧੀ ਵਿਸ਼ੇਸ਼ ਹੈ।
ਮਾਨੋ ਕਾਮਦੇਵ ('ਬਿਤਨ') ਨੇ ਇਹ ਰੂਪ ਧਾਰਿਆ ਹੋਵੇ।
ਜਿਸ ਜਿਸ ਨੇ ਉਸ ਦਾ ਰੂਪ ਵੇਖਿਆ,
ਉਹ ਉਹ ਉਸ ਦੀ ਚਮਕ ਨੂੰ ਵੇਖ ਕੇ ਹੈਰਾਨ ਹੋ ਗਿਆ ॥੧੪॥
ਸਵੈਯਾ:
(ਪਾਰਸ ਨਾਥ ਦੇ ਨੇਤਰ) ਮਾਣ ਨਾਲ ਭਰੇ ਹੋਏ ਹਨ, ਜਾਂ ਸਾਣ ਤੇ ਚੜ੍ਹੇ ਹੋਏ ਤੀਰ ਹਨ ਜਾਂ ਮੱਠੀ ਸਾਣ ਉਤੇ ਚਾੜ੍ਹੀ ਹੋਈ ਤਲਵਾਰ ਹੈ ਜੋ ਲਹੂ ਦੀ ਪਿਆਸੀ ਹੈ।
(ਉਸ ਦੇ ਪ੍ਰਾਣ) ਹਰ ਲੈਂਦੇ ਹਨ, ਜਿਸ ਦੀ (ਉਨ੍ਹਾਂ ਉਤੇ) ਨਜ਼ਰ ਪੈਂਦੀ ਹੈ, (ਉਹ) ਫਿਰ ਫਿਰਦੇ ਨਹੀਂ ਅਤੇ ਘਰ ਵਾਪਸ ਨਹੀਂ ਜਾ ਸਕਦੇ।
ਜੋ ਲੋਕ ਪਾਰਸ ਨਾਥ ਨੂੰ ਵੇਖਣ ਆਏ ਹਨ, (ਉਹ) ਘੁੰਮੇਰੀ ਖਾ ਕੇ ਡਿਗ ਪਏ ਹਨ ਮਾਨੋ ਬਰਛੇ ਦੇ ਸਲ੍ਹੇ ਹੋਏ ਹੋਣ।
ਜਿਸ ਨੇ ਵੇਖਿਆ ਹੈ, ਉਹ ਕਾਮ ਦੀ (ਫਾਹੀ ਵਿਚ) ਫਸਿਆ ਧਰਤੀ ਉਤੇ ਡਿਗ ਪਿਆ ਹੈ ਅਤੇ ਉਠਾਇਆਂ ਉਠਦਾ ਨਹੀਂ ਹੈ ॥੧੫॥
ਸੁੰਦਰ (ਨੇਤਰ) ਅੰਮ੍ਰਿਤ ਦੇ ਸਰੋਵਰ ਵਾਂਗ ਸ਼ੋਭਾ ਪਾ ਰਹੇ ਹਨ ਜਾਂ ਮਾਨੋ ਕਾਮ ਦੇ ਖੂਹ ਬਣੇ ਹੋਏ ਹੋਣ।
(ਜਾਂ) ਲਾਜ ਦੇ ਜਹਾਜ਼ ਬਿਰਾਜਮਾਨ ਹਨ, (ਜਾਂ) ਵੇਖਣ ਵਾਲਿਆਂ ਦੇ ਪ੍ਰਾਣ ਲਲਕਾਰਾ ਮਾਰ ਕੇ ਹਰ ਲੈਂਦੇ ਹਨ।
ਮੈਂ ਚੌਹਾਂ ਪਾਸੇ ਪੰਛੀ ਵਾਂਗ ਘੁੰਮਿਆ ਹਾਂ, (ਪਰ) ਇਨ੍ਹਾਂ ਦੇ ਸਮਾਨ ਰੂਪ ਵਾਲਾ ਕੋਈ ਨਹੀਂ ਵੇਖਿਆ।