ਤਦ ਤੂੰ ਮੈਨੂੰ ਜੀਵਨ ਦਾਨ ਦੇਵੇਂਗੀ ॥੨੨੦੦॥
ਸਵੈਯਾ:
(ਚਿਤ੍ਰਲੇਖਾ) ਇਹ ਗੱਲ ਸੁਣ ਕੇ ਇਲ ਬਣ ਗਈ ਅਤੇ ਉਡ ਕੇ ਚਲੀ ਤੇ ਦੁਆਰਿਕਾ ਵਿਚ ਪਹੁੰਚ ਗਈ।
(ਕਵੀ) ਸ਼ਿਆਮ ਕਹਿੰਦੇ ਹਨ, ਜਿਥੇ ਸ੍ਰੀ ਕ੍ਰਿਸ਼ਨ ਜੀ ਦਾ ਪੋਤਰਾ ਰਹਿੰਦਾ ਸੀ, ਲੁਕ ਛਿਪ ਕੇ ਉਸ ਨੂੰ ਗੱਲ ਸੁਣਾ ਦਿੱਤੀ।
ਇਕ ਇਸਤਰੀ ਤੁਹਾਡੇ ਉਤੇ ਮੋਹਿਤ ਹੋ ਗਈ ਹੈ ਅਤੇ ਤੁਹਾਨੂੰ ਲਿਆਉਣ ਲਈ ਮੈਨੂੰ ਭੇਜਿਆ ਹੈ।
ਇਸ ਲਈ ਉਥੇ ਛੇਤੀ ਨਾਲ ਚਲੋ। ਬਲਿਹਾਰੇ ਜਾਵਾਂ, (ਤੁਸੀਂ) ਮਨ ਦੀ ਸਾਰੀ ਦੁਬਿਧਾ ਮਿਟਾ ਦਿਓ ॥੨੨੦੧॥
(ਕਵੀ) ਸ਼ਿਆਮ ਕਹਿੰਦੇ ਹਨ, (ਚਿਤ੍ਰਰੇਖਾ ਨੇ ਇਹ) ਬੋਲ ਸੁਣਾ ਕੇ ਉਸ ਨੇ ਆਪਣਾ ਰੂਪ ਪ੍ਰਤੱਖ ਕਰ ਕੇ ਵਿਖਾ ਦਿੱਤਾ।
ਇਸ (ਅਨਰੁੱਧ) ਦੇ ਮਨ ਵਿਚ ਲੋਚਾ ਪੈਦਾ ਹੋਈ ਕਿ ਜੋ ਇਸਤਰੀ ਮੇਰੇ ਉਤੇ ਮੋਹਿਤ ਹੋ ਗਈ ਹੈ, ਉਸ ਨੂੰ ਜਾ ਕੇ ਵੇਖਾਂ।
ਉਸ ਨੇ ਭੱਥਾ ਲੈ ਕੇ ਲਕ ਨਾਲ ਕਸ ਕੇ ਬੰਨ੍ਹ ਲਿਆ, ਧਨੁਸ਼ ਲੈ ਕੇ ਉਸ ਨੇ ਚਲਣ ਦੀ ਤਿਆਰੀ ਕਰ ਲਈ
ਅਤੇ ਦੂਤੀ ਨੂੰ ਆਪਣੇ ਨਾਲ ਲੈ ਕੇ ਉਸ ਇਸਤਰੀ ਨੂੰ ਲਿਆਉਣ ਲਈ ਤੁਰ ਪਿਆ ॥੨੨੦੨॥
ਦੋਹਰਾ:
ਦੂਤੀ ਨੇ ਆਨੰਦ ਨੂੰ ਵਧਾ ਕੇ ਅਨਰੁੱਧ ਨੂੰ ਨਾਲ ਲੈ ਲਿਆ।
ਜਿਥੇ ਊਖਾ ਦਾ ਨਗਰ ਸੀ, ਉਥੇ ਆ ਪਹੁੰਚੀ ॥੨੨੦੩॥
ਸੋਰਠਾ:
(ਉਸ) ਚਤੁਰ ਇਸਤਰੀ ਨੇ ਸਿਆਣਪ ਨਾਲ ਇਸਤਰੀ ਅਤੇ (ਉਸ ਦੇ) ਪ੍ਰਿਯ ਨੂੰ ਮਿਲਾ ਦਿੱਤਾ।
ਊਖਾ ਅਤੇ ਅਨਰੁੱਧ ਨੇ ਮਿਲ ਕੇ ਭੋਗ ਵਿਲਾਸ ਕੀਤਾ ਅਤੇ ਸੁਖ ਪਾਇਆ ॥੨੨੦੪॥
ਸਵੈਯਾ:
(ਉਨ੍ਹਾਂ ਦੋਹਾਂ) ਨਰ ਨਾਰੀ ਨੇ ਹਿਰਦੇ ਵਿਚ ਆਨੰਦ ਨੂੰ ਵਧਾ ਕੇ ਚਾਰ ਪ੍ਰਕਾਰ ਦੇ ਭੋਗ ਕੀਤੇ।
(ਸ਼ਿਆਮ) ਕਵੀ ਕਹਿੰਦੇ ਹਨ ਕਿ ਕੋਕ ਸ਼ਾਸਤ੍ਰ ਵਿਚ (ਭੋਗ ਕਰਨ ਦੇ) ਜਿਤਨੇ ਆਸਨ (ਲਿਖੇ ਹਨ) ਉਹ ਸਾਰੇ ਇਨ੍ਹਾਂ ਨੇ ਕੀਤੇ।
ਕੁਝ ਕੁ ਹਸ ਕੇ ਅਤੇ ਅੱਖਾਂ ਮਟਕਾ ਕੇ ਅਨਰੁੱਧ ਨੇ ਇਸਤਰੀ (ਊਖਾ) ਨਾਲ (ਇਹ) ਗੱਲ ਕੀਤੀ,
ਹੇ ਸੁੰਦਰੀ! ਜਿਵੇਂ ਤੂੰ ਮੇਰੀ ਹੋ ਰਹੀ ਹੈਂ, ਉਸ ਤਰ੍ਹਾਂ ਮੈਂ ਵੀ ਤੁਹਾਡਾ ਹੋ ਰਿਹਾ ਹਾਂ ॥੨੨੦੫॥
ਰਾਜਾ ਬਾਣਾਸੁਰ (ਸਹਸ੍ਰਬਾਹੁ) ਦੀ ਜੋ ਸੁੰਦਰ ਧੁਜਾ (ਝੰਡਾ) ਸੀ, ਉਹ ਧਰਤੀ ਉਤੇ ਡਿਗ ਪਿਆ ਅਤੇ ਰਾਜੇ ਨੇ ਵੇਖ ਲਿਆ।
ਉਸ ਨੇ ਚਿਤ ਵਿਚ ਜਾਣ ਲਿਆ ਕਿ ਰੁਦ੍ਰ ਨੇ ਮੈਨੂੰ ਜੋ ਵਰਦਾਨ ਦਿੱਤਾ ਸੀ, ਉਹ ਪ੍ਰਗਟ ਹੋ ਗਿਆ ਹੈ।
ਉਤਨੇ ਚਿਰ ਵਿਚ ਕਿਸੇ ਇਕ ਨੇ ਆ ਕੇ ਕਹਿ ਦਿੱਤਾ ਕਿ ਤੇਰੀ ਪੁੱਤਰੀ ਦੇ ਭਵਨ ਵਿਚ ਕੋਈ (ਪੁਰਸ਼) ਆਇਆ ਹੈ।
ਰਾਜਾ ਇਹ ਗੱਲ ਸੁਣ ਕੇ ਅਤੇ ਚਿਤ ਵਿਚ ਬਹੁਤ ਕ੍ਰੋਧ ਵਧਾ ਕੇ ਚਲ ਪਿਆ ॥੨੨੦੬॥
ਆਉਂਦਿਆਂ ਹੀ ਹੱਥ ਵਿਚ ਸ਼ਸਤ੍ਰ ਸੰਭਾਲ ਕੇ ਕ੍ਰੋਧਵਾਨ ਹੋਇਆ ਅਤੇ ਚਿਤ ਵਿਚ ਰੋਸ ਵਧਾ ਲਿਆ।
(ਕਵੀ) ਸ਼ਿਆਮ ਕਹਿੰਦੇ ਹਨ, ਪੁੱਤਰੀ ਦੇ ਭਵਨ ਵਿਚ ਸ੍ਰੀ ਕ੍ਰਿਸ਼ਨ ਦੇ ਪੋਤਰੇ ਨਾਲ ਯੁੱਧ ਮਚਾਇਆ।
ਜਦ ਉਹ (ਅਨਰੁੱਧ) ਬੇਹੋਸ਼ ਹੋ ਕੇ ਧਰਤੀ ਉਤੇ ਡਿਗ ਪਿਆ, ਤਦ ਹੀ ਇਸ ਦੇ ਹੱਥ ਵਿਚ ਆ ਗਿਆ।
ਨਗਾਰੇ ਵਜਾ ਕੇ, ਸਾਰਿਆਂ ਨੂੰ (ਆਪਣਾ) ਬਲ ਵਿਖਾ ਕੇ, ਉਸ ਨੂੰ ਲੈ ਕੇ ਰਾਜਾ (ਆਪਣੇ) ਘਰ ਨੂੰ ਚਲਿਆ ॥੨੨੦੭॥
ਸ੍ਰੀ ਕ੍ਰਿਸ਼ਨ ਦੇ ਪੋਤਰੇ ਨੂੰ ਬੰਨ੍ਹ ਕੇ, ਰਾਜਾ (ਆਪਣੇ ਮਹੱਲ ਨੂੰ) ਮੁੜਿਆ। ਉਧਰ ਨਾਰਦ ਨੇ ਜਾ ਕੇ (ਸਾਰੀ ਗੱਲ ਕ੍ਰਿਸ਼ਨ ਨੂੰ) ਸੁਣਾ ਦਿੱਤੀ।
ਹੇ ਕ੍ਰਿਸ਼ਨ! ਬੈਠੇ ਕਿਉਂ ਹੋ, ਆਪਣੀ ਸਾਰੀ ਯਾਦਵੀ ਸੈਨਾ ਤਿਆਰ ਕਰ ਕੇ ਉਠ ਕੇ ਚਲ ਪਵੋ।
ਇਸ ਤਰ੍ਹਾਂ ਦੀ ਗੱਲ ਸੁਣ ਕੇ ਸ੍ਰੀ ਕ੍ਰਿਸ਼ਨ ਆਪਣੇ ਮਨ ਵਿਚ ਬਹੁਤ ਕ੍ਰੋਧ ਵਧਾ ਕੇ ਚਲ ਪਏ।
ਸਾਰਿਆਂ ਨੇ ਕ੍ਰੋਧ ਕਰ ਕੇ ਸ਼ਸਤ੍ਰ ਪਕੜ ਲਏ ਜਿਨ੍ਹਾਂ ਦੀਆਂ ਤਲਵਾਰਾਂ ਦਾ ਤੇਜ ਝਲਿਆ ਨਹੀਂ ਸੀ ਜਾਂਦਾ ॥੨੨੦੮॥
ਦੋਹਰਾ:
(ਨਾਰਦ) ਮੁਨੀ ਦੀ ਗੱਲ ਸੁਣ ਕੇ ਸ੍ਰੀ ਕ੍ਰਿਸ਼ਨ ਨੇ ਸਾਰੀ ਸੈਨਾ ਤਿਅਰ ਕਰ ਲਈ
ਅਤੇ ਜਿਥੇ ਰਾਜਾ (ਬਾਣਾਸੁਰ) ਦਾ ਨਗਰ ਸੀ, ਉਥੇ ਆ ਪਹੁੰਚੇ ॥੨੨੦੯॥
ਸਵੈਯਾ:
ਸ੍ਰੀ ਕ੍ਰਿਸ਼ਨ ਦਾ ਆਉਣਾ ਸੁਣ ਕੇ, ਰਾਜੇ ਨੇ ਮੰਤਰੀਆਂ ਨੂੰ ਪੁਛਿਆ, ਉਨ੍ਹਾਂ ਨੇ ਸਲਾਹ ਦਿੱਤੀ।
ਇਕ ਨੇ ਕਿਹਾ, ਜੋ ਸਾਡੀ ਪੁੱਤਰੀ ਹੈ, ਇਹ ਦੇ ਦਿਓ। (ਪਰ ਉਸ ਦਾ) ਕਿਹਾ (ਰਾਜੇ ਨੇ) ਨਾ ਮੰਨਿਆ।
(ਦੂਜੇ ਨੇ ਕਿਹਾ) ਤੁਸੀਂ ਸ਼ਿਵ ਤੋਂ ਯੁੱਧ ਕਰਨ ਦਾ ਵਰ ਮੰਗ ਲਿਆ ਹੈ। (ਮੈਂ) ਜਾਣਦਾ ਹਾਂ ਕਿ ਤੁਸੀਂ ਮਤਹੀਣਾਂ ਵਾਲਾ ਕੰਮ ਕੀਤਾ ਹੈ।
(ਤੀਜੇ ਨੇ ਕਿਹਾ) ਇਨ੍ਹਾਂ ਨੂੰ ਅਜ ਛਡ ਕੇ ਅਤੇ 'ਕਰ' ਦੇ ਕੇ (ਪਿਛੋਂ ਲਾਹੋ) ਕਿਉਂਕਿ ਸ੍ਰੀ ਕ੍ਰਿਸ਼ਨ ਨੇ (ਇਨ੍ਹਾਂ ਨੂੰ ਲੈ ਜਾਣ ਦਾ) ਪ੍ਰਣ ਕੀਤਾ ਹੋਇਆ ਹੈ ॥੨੧੧੦॥
(ਮੰਤਰੀ ਨੇ ਕਿਹਾ) ਹੇ ਰਾਜਨ! ਮਨੋ, ਤਾਂ ਇਕ ਗੱਲ ਕਹਾਂ ਜੇ ਕੰਨਾਂ ਵਿਚ ਚਿਤ ਨਾਲ ਧਰੋ।
(ਤੁਹਾਨੂੰ) ਪੁੱਤਰੀ ਅਤੇ ਅਨਰੁੱਧ ਨੂੰ ਆਪਣੇ ਨਾਲ ਲੈ ਕੇ ਕ੍ਰਿਸ਼ਨ ਦੇ ਪੈਰਾਂ ਉਤੇ ਪੈ ਜਾਣਾ ਚਾਹੀਦਾ ਹੈ।
ਹੇ ਰਾਜਨ! (ਅਸੀਂ) ਤੁਹਾਡੇ ਚਰਨੀਂ ਪੈਂਦੇ ਹਾਂ, (ਸਾਡੀ ਗੱਲ) ਸੁਣ ਲਵੋ, ਸ਼ਿਆਮ ਨਾਲ ਕਦੇ ਵੀ ਯੁੱਧ ਨਾ ਕਰੋ।
(ਕਵੀ) ਸ਼ਿਆਮ ਕਹਿੰਦੇ ਹਨ, (ਜੇ ਤੁਸੀਂ) ਸ੍ਰੀ ਕ੍ਰਿਸ਼ਨ ਨਾਲ ਨਹੀਂ ਲੜੋਗੇ, ਤਾਂ ਧਰਤੀ ਉਤੇ ਸਦਾ ਰਾਜ ਕਰਦੇ ਰਹੋਗੇ ॥੨੨੧੧॥
ਜਦ ਸ੍ਰੀ ਕ੍ਰਿਸ਼ਨ ਕ੍ਰੋਧਵਾਨ ਹੋ ਕੇ ਰਣ ਵਿਚ 'ਸਾਰੰਗ' ਧਨੁਸ਼ ਨੂੰ ਹੱਥ ਵਿਚ ਲੈ ਲੈਣਗੇ।
ਤੁਸੀਂ ਹੀ ਕਿਉਂ ਨਾ ਦਸੋ, ਕਿਹੜਾ ਬਲਵਾਨ ਧਰਤੀ ਉਤੇ ਪ੍ਰਗਟ ਹੋ ਗਿਆ ਹੈ ਜੋ ਬਲ ਦੇ ਆਧਾਰ ਤੇ (ਉਨ੍ਹਾਂ ਦੇ ਸਾਹਮਣੇ) ਠਹਿਰ ਸਕੇਗਾ।
ਜੇ ਕੋਈ ਹਠ ਪੂਰਵਕ ਉਨ੍ਹਾਂ ਨਾਲ ਲੜਾਈ ਕਰੇਗਾ, ਉਸ ਨੂੰ (ਉਹ) ਛਿਣ ਭਰ ਵਿਚ ਯਮਲੋਕ ਭੇਜ ਦੇਣਗੇ।