ਉਹ ਫਿਰ ਆਪਣੇ ਘਰ ਨਹੀਂ ਜਾਂਦੀ ਹੈ।
ਉਸ ਉਤੇ ਆਸ਼ਕ ਹੋ ਜਾਂਦੀ ਹੈ
ਅਤੇ ਰਾਮ ਨਾਮ ਵਾਂਗ ਉਸ ਦਾ ਸਿਮਰਨ ਕਰਦੀ ਹੈ ॥੯॥
ਦੋਹਰਾ:
ਤੁਹਾਡੇ ਪੁੱਤਰ ਨੂੰ ਜੇ ਨਿੱਤ ਕੋਈ ਇਸਤਰੀ ਜ਼ਰਾ ਜਿੰਨੀ ਵੀ ਵੇਖੇਗੀ,
ਉਹ ਸ੍ਰੀ ਰਾਮ ਦੇ ਨਾਮ ਵਾਂਗ (ਉਸ ਨੂੰ) ਸਦਾ ਚਿਤ ਵਿਚ ਯਾਦ ਰਖੇਗੀ ॥੧੦॥
ਚੌਪਈ:
ਜਦ ਰਾਣੀ ਨੇ ਇਸ ਤਰ੍ਹਾਂ ਸੁਣਿਆ
(ਤਾਂ) ਉਸ ਸ਼ਾਹ ਨੂੰ ਘਰ ਬੁਲਾ ਭੇਜਿਆ।
ਉਸ ਨਾਲ ਭਾਂਤ ਭਾਂਤ ਦੇ ਆਸਣ ਦਿੱਤੇ
ਅਤੇ ਆਪਣੇ ਹਿਰਦੇ ਨਾਲੋਂ ਵਖ ਨਾ ਕੀਤਾ ॥੧੧॥
ਦੋਹਰਾ:
ਤਦ ਤਕ ਰਾਜਾ ਜਲਦੀ ਹੀ ਉਸ ਦੇ ਘਰ ਆ ਗਿਆ।
ਮਨ ਵਿਚ ਦੁਖੀ ਹੋ ਕੇ (ਰਾਣੀ ਨੇ) ਉਸ ਨੂੰ ਮੰਮਟੀ ਉਤੇ ਚੜ੍ਹਾ ਦਿੱਤਾ ॥੧੨॥
ਸ਼ਾਹ ਨੇ ਦੋ ਸੌ ਗਜ਼ ਦੇ (ਬਾਂਸ ਦੇ) ਦੋ ਝੰਡੇ ਮੰਗਾ ਲਏ।
(ਉਨ੍ਹਾਂ) ਨਾਲ ਵੱਡੀਆਂ ਧੁਜਾਵਾਂ ਬੰਨ੍ਹ ਕੇ ਫਿਰ (ਆਪਣੀਆਂ) ਭੁਜਾਵਾਂ ਨੂੰ ਬੰਨ੍ਹ ਲਿਆ ॥੧੩॥
ਮਣ ਕੁ ਰੂੰ ਮੰਗਵਾ ਕੇ (ਉਸ ਨੂੰ) ਸ਼ਰੀਰ ਉਤੇ ਲਪੇਟ ਲਿਆ
ਅਤੇ ਘੋਘਰੇ (ਹਵਾ ਨਾਲ ਭਰਿਆ ਹੋਇਆ ਚੰਮ ਦਾ ਥੈਲਾ) ਬੰਨ੍ਹ ਕੇ ਅਤੇ ਹਵਾ ਦਾ ਰੁਖ ਵੇਖ ਕੇ ਗੁੱਸੇ ਨਾਲ ਕੁਦ ਪਿਆ ॥੧੪॥
ਚੌਪਈ:
ਜਿਉਂ ਜਿਉਂ ਹਵਾ ਦਾ ਝੌਂਕਾ ਆਉਂਦਾ,
(ਉਹ) ਹੌਲੀ ਹੌਲੀ (ਹੇਠਾਂ ਵਲ) ਖਿਸਕਦਾ ਜਾਂਦਾ।
ਦੋਹਾਂ ਝੰਡਿਆਂ ਨੇ ਸ਼ਾਹ ਨੂੰ ਉਡਾਇਆ
ਅਤੇ ਡੂੰਘੀ ਨਦੀ ਵਿਚ ਲਿਆ ਸੁਟਿਆ ॥੧੫॥
(ਉਹ) ਵਿਅਕਤੀ ਘੋਘਰਿਆਂ (ਤੂੰਬਿਆਂ) ਦੇ ਜ਼ੋਰ ਨਾਲ ਨਦੀ ਤਰ ਗਿਆ
ਅਤੇ ਝੰਡਿਆਂ (ਬਾਂਸਾਂ) ਦੇ ਸਹਾਰੇ ਉਥੋਂ ਬਚ ਗਿਆ।
ਰੂੰ (ਨਾਲ ਲਿਪਟੇ ਹੋਣ ਕਾਰਨ) ਕੋਈ ਸਟ ਨਾ ਲਗੀ।
(ਇਸ ਤਰ੍ਹਾਂ ਉਹ) ਵਡਭਾਗੀ ਪ੍ਰਾਣ ਬਚਾ ਕੇ ਚਲਾ ਗਿਆ ॥੧੬॥
ਦੋਹਰਾ:
ਰਾਣੀ ਨੇ ਜਦੋਂ ਉਸ ਨੂੰ ਕੰਨਾਂ ਨਾਲ ਜੀਉਂਦਾ ਸੁਣਿਆ,
ਤਾਂ ਉਸ ਦਿਨ (ਉਸ ਲਈ) ਜਗਤ ਵਿਚ ਇਸ ਤੋਂ ਵੱਡੇ ਸੁਖ ਵਾਲੀ (ਹੋਰ) ਕੋਈ ਗੱਲ ਨਹੀਂ ਸੀ ॥੧੭॥
ਚੌਪਈ:
ਸ਼ਾਹ ਨੇ ਕੁਦ ਕੇ ਜੋ ਪ੍ਰਾਣ ਬਚਾਏ ਸਨ,
ਉਸ ਦਾ ਕੁਝ ਵੀ ਭੇਦ ਰਾਜੇ ਨੂੰ ਨਹੀਂ ਮਿਲਿਆ ਸੀ।
ਤਦ ਰਾਣੀ ਦੇ ਮਨ ਵਿਚ ਧੀਰਜ ਹੋਇਆ
ਅਤੇ ਚਿਤ ਵਿਚ ਜੋ ਭਰਮ ਸੀ, (ਉਹ) ਸਾਰਾ ਦੂਰ ਹੋ ਗਿਆ ॥੧੮॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੭੨ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੭੨॥੧੨੭੬॥ ਚਲਦਾ॥
ਦੋਹਰਾ:
ਬਜਵਾਰਾ (ਨਾਂ ਦੇ ਇਕ ਨਗਰ) ਵਿਚ ਕੇਵਲ ਨਾਂ ਦਾ ਇਕ ਬਨੀਆ ਰਹਿੰਦਾ ਸੀ।
ਉਹ ਦਿਨ ਰਾਤ ਪਠਾਣ ਦੇ ਘਰ ਦੇ ਸਾਰੇ ਕੰਮ ਕਰਦਾ ਸੀ ॥੧॥
ਚੌਪਈ:
ਉਸ ਦੇ ਘਰ ਸੁੰਦਰ ਇਸਤਰੀ ਰਹਿੰਦੀ ਸੀ।
ਉਸ ਨੂੰ ਜਗਤ ਪੁਹਪ ਵਤੀ ਕਹਿੰਦਾ ਸੀ।
(ਇਕ) ਬਾਂਕੇ (ਨਾਂ ਦੇ ਵਿਅਕਤੀ) ਨਾਲ ਉਸ ਨੇ ਪ੍ਰੇਮ ਪਾਲ ਲਿਆ
ਅਤੇ ਕੇਵਲ ਨੂੰ ਮਨੋ ਭੁਲਾ ਦਿੱਤਾ ॥੨॥
ਦੋਹਰਾ:
ਇਕ ਦਿਨ ਕੇਵਲ ਕਿਸੇ ਕੰਮ ਲਈ ਘਰ ਗਿਆ।
(ਉਸ ਨੇ) ਕੀ ਵੇਖਿਆ ਕਿ ਉਸ ਦੀ ਆਪਣੀ ਇਸਤ੍ਰੀ ਅਤੇ ਪ੍ਰੇਮੀ ਬਿਰਾਜੇ ਹੋਏ ਹਨ ॥੩॥
ਚੌਪਈ: