ਦੋਹਰਾ:
ਤੇਰੇ ਦੋ ਪੁੱਤਰ ਸਦਾ ਜਗਤ ਵਿਚ ਜੀਉਂਦੇ ਰਹਿਣ।
ਉਸ ਦਾ ਦੁਖ ਨਾ ਮੰਨਾ, ਅਜੇ ਤਾਂ ਤੇਰਾ ਪਤੀ ਵੀ ਜੀਉਂਦਾ ਹੈ ॥੫॥
ਚੌਪਈ:
ਜੋ ਕੋਈ ਇਸਤਰੀ ਉਥੇ (ਅਫ਼ਸੋਸ ਕਰਨ ਲਈ) ਚਲ ਕੇ ਆਉਂਦੀ,
ਤਾਂ ਇਹੀ ਗੱਲ ਸਮਝਾਉਂਦੀ
ਕਿ ਤੇਰੇ ਪੁੱਤਰ ਚਾਰ ਯੁੱਗਾਂ ਤਕ ਜੀਣ
ਅਤੇ ਦੋਹਾਂ ਦਾ ਕਦੇ ਕੋਈ ਦੁਖ ਨਾ ਸੋਚ ॥੬॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੧੫੦ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੫੦॥੨੯੯੫॥ ਚਲਦਾ॥
ਦੋਹਰਾ:
ਰਾਜੌਰੀ ਵਿਚ ਕੁਪਿਤ ਸਿੰਘ ਨਾਂ ਦਾ (ਇਕ) ਰਾਜਾ ਰਹਿੰਦਾ ਸੀ।
ਉਹ ਸਦਾ ਬਹੁਤ ਸ਼ੀਲਵਾਨ ਰਹਿੰਦਾ ਅਤੇ ਉਸ ਨੂੰ ਕਦੇ ਕ੍ਰੋਧ ਨਹੀਂ ਸੀ ਆਉਂਦਾ ॥੧॥
ਚੌਪਈ:
ਉਸ ਦੀ ਇਸਤਰੀ ਦਾ ਨਾਂ ਗੁਮਾਨ ਮਤੀ ਸੀ।
(ਉਸ ਨੂੰ) ਤਿੰਨਾਂ ਲੋਕਾਂ ਵਿਚ ਸੁੰਦਰ ਕਿਹਾ ਜਾਂਦਾ ਸੀ।
ਉਸ ਦਾ ਪਤੀ ਨਾਲ ਬਹੁਤ ਸਨੇਹ ਸੀ
ਅਤੇ ਉਸ ਨੂੰ ਪ੍ਰਾਣਾਂ ਤੋਂ ਵੀ ਪਿਆਰਾ ਸਮਝਦੀ ਸੀ ॥੨॥
ਜਦ ਰਾਜਾ ਯੁੱਧ ਲਈ ਜਾਂਦਾ
ਤਾਂ ਰਾਣੀ ਇਸ ਤਰ੍ਹਾਂ ਕਹਿੰਦੀ,
(ਹੇ ਨਾਥ!) ਮੈਂ ਤੁਹਾਨੂੰ ਛਡ ਕੇ ਘਰ ਨਹੀਂ ਰਹਾਂਗੀ
ਅਤੇ ਪ੍ਰਾਣਨਾਥ ਦੇ ਚਰਨ ਪਕੜੀ ਰਖਾਂਗੀ ॥੩॥
ਜਦ ਰਾਜੇ ਨੂੰ ਕਿਤੇ ਰਣ-ਖੇਤਰ ਵਿਚ ਜਾਣਾ ਪੈਂਦਾ,
ਤਾਂ ਰਾਣੀ ਅਗੇ ਹੋ ਕੇ ਤਲਵਾਰ ਚਲਾਉਂਦੀ ਸੀ।
(ਜਦ ਰਾਜਾ) ਵੈਰੀਆਂ ਨੂੰ ਜਿਤ ਕੇ ਘਰ ਪਰਤਦਾ ਸੀ
(ਤਾਂ ਉਸ ਨਾਲ) ਭਾਂਤ ਭਾਂਤ ਦੇ ਭੋਗ ਕਰਦੀ ਸੀ ॥੪॥
ਇਕ ਦਿਨ ਰਾਜੇ ਨੂੰ ਯੁੱਧ ਵਿਚ ਜਾਣਾ ਪੈ ਗਿਆ
(ਤਾਂ ਉਹ) ਇਸਤਰੀ ਸਮੇਤ ਹਾਥੀ ਉਤੇ ਚੜ੍ਹ ਕੇ ਚਲ ਪਿਆ।
ਜਾਂਦਿਆਂ ਹੀ ਘਮਸਾਨ ਯੁੱਧ ਵਿਚ ਜਾ ਪਿਆ
ਅਤੇ ਹੰਕਾਰੀ ਸੂਰਮੇ ਨਚ ਉਠੇ ॥੫॥
ਅੜਿਲ:
(ਰਾਜੇ ਨੇ) ਕ੍ਰੋਧਿਤ ਹੋ ਕੇ ਰਣ-ਭੂਮੀ ਵਿਚ ਭਾਂਤ ਭਾਂਤ ਦੇ ਸੂਰਮੇ ਮਾਰ ਦਿੱਤੇ।
ਕਈ ਤਰ੍ਹਾਂ ਦੇ ਬਾਣ ਚਲਾ ਕੇ ਰਥ ਅਤੇ ਘੋੜੇ ਨਸ਼ਟ ਕਰ ਦਿੱਤੇ।
ਯੁੱਧ ਨੂੰ ਵੇਖ ਕੇ ਸੂਰਮੇ ਅਰੜਾ ਕੇ
ਅਤੇ ਢੋਲ, ਤੂਰ ਅਤੇ ਮ੍ਰਿਦੰਗ-ਮੁਚੰਗ ਵਜਾ ਕੇ ਪੈ ਗਏ ॥੬॥
ਮਨ ਵਿਚ ਅਧਿਕ ਰੋਹ ਪੈਦਾ ਕਰ ਕੇ ਘੋੜਸਵਾਰ ਜਵਾਨ (ਯੁੱਧ-ਭੂਮੀ ਨੂੰ) ਚਲ ਪਏ।
ਕਵਚਾਂ ਨਾਲ ਸਜੀ ਹੋਈ ਸੈਨਾ ਦੋਹਾਂ ਪਾਸਿਆਂ ਤੋਂ ਉਮਗ ਪਈ।
ਜੂਝਣ ਵਾਲਾ ਨਾਦ ਹੋਣ ਲਗਾ ਅਤੇ (ਸੂਰਮੇ) ਵੰਗਾਰ ਕੇ ਆ ਪਏ
ਅਤੇ ਸਾਹਮਣੇ ਹੋ ਕੇ ਲੜਦੇ ਹੋਏ ਸੂਰਮੇ ਟੋਟੇ ਟੋਟੇ ਹੋ ਗਏ ॥੭॥
ਜਲਦੀ ਹੀ ਭਿਆਨਕ ਯੋਧੇ ਕਟ ਕਟ ਕੇ ਧਰਤੀ ਉਤੇ ਆ ਡਿਗੇ।
ਨਾ ਖੰਡੇ ਜਾ ਸਕਣ ਵਾਲੇ ਕਈ ਸੂਰਮੇ ਤਲਵਾਰਾਂ ਨਾਲ ਖਹਿ ਖਹਿ ਕੇ ਖੰਡ ਖੰਡ ਹੋ ਗਏ।
(ਉਹ ਭਾਵੇਂ) ਟੋਟੇ ਟੋਟੇ ਹੋ ਕੇ ਡਿਗੇ, ਪਰ ਮਨ ਨੂੰ (ਯੁੱਧ ਤੋਂ) ਜ਼ਰਾ ਜਿੰਨਾ ਵੀ ਨਹੀਂ ਮੋੜਿਆ।
(ਇੰਜ ਪ੍ਰਤੀਤ ਹੋ ਰਿਹਾ ਸੀ) ਮਾਨੋ ਵਿਧਾਤਾ ਨੇ ਫਿਰ ਪਰਲੋ ਲਿਆ ਦਿੱਤੀ ਹੋਵੇ ॥੮॥
ਜਦ ਰਾਣੀ ਸਹਿਤ ਰਾਜਾ ਗੁੱਸੇ ਨਾਲ ਭਰ ਗਿਆ।
ਤਾਂ ਦੋਹਾਂ ਨੇ ਕਠੋਰ ਕਮਾਨਾਂ ਅਤੇ ਤੀਰ ਹੱਥ ਵਿਚ ਲੈ ਲਏ।
ਦੱਖਣ ਦਿਸ਼ਾ ਵਿਚ ਵੈਰੀ ਨੂੰ ਵੇਖ ਕੇ ਇਸਤਰੀ ਨੇ ਤੀਰ ਚਲਾਇਆ
ਅਤੇ ਇਕੋ ਤੀਰ ਨਾਲ ਵੈਰੀ ਨੂੰ ਚੂਰ ਚੂਰ ਕਰ ਦਿੱਤਾ ॥੯॥
(ਇੰਜ ਲਗ ਰਿਹਾ ਸੀ) ਮਾਨੋ ਜੇਠ ਦੇ ਮਹੀਨੇ ਵਿਚ ਦੋਪਹਿਰ ਦਾ ਸੂਰਜ ਚੜ੍ਹਿਆ ਹੋਵੇ।
(ਜਾਂ) ਮਾਨੋ ਹੜ ਕਾਰਨ ਸਮੁੰਦਰ ਕੰਢਿਆਂ ਨੂੰ ਛਡ ਚਲਿਆ ਹੋਵੇ।